ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਮਨ ਕੀ ਬਾਤ ਦੀ 138ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

Posted On: 27 SEP 2026 11:40AM by PIB Chandigarh

ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ।

‘ਮਨ ਕੀ ਬਾਤ’ ਦੇ ਸਤੰਬਰ ਮਹੀਨੇ ਵਿੱਚ ਇੱਕ ਵਾਰ ਫਿਰ ਤੁਹਾਨੂੰ ਮਿਲਣ ਦਾ ਮੌਕਾ ਮਿਲ ਰਿਹਾ ਹੈ। ਮੈਂ ਦੇਸ਼ ਦੇ ਸਾਰੇ ਲੋਕਾਂ ਦਾ ਸਵਾਗਤ ਕਰਦਾ ਹਾਂ। ‘ਮਨ ਕੀ ਬਾਤ’ ਵਿੱਚ ਅਸੀਂ ਦੇਸ਼ਵਾਸੀਆਂ ਦੇ ਸਕਾਰਾਤਮਕ ਯਤਨਾਂ ਨੂੰ ਮੰਚ ਦਿੰਦੇ ਹਾਂ। ਦੇਸ਼ ਦੀਆਂ ਪ੍ਰਾਪਤੀਆਂ ਦੀ ਗੱਲ ਕਰਦੇ ਹਾਂ। ਭਾਰਤ ਦੀ ਅਜਿਹੀ ਹੀ ਇੱਕ ਵੱਡੀ ਇਤਿਹਾਸਕ ਪ੍ਰਾਪਤੀ ਨੂੰ ਇੱਕ ਦਿਨ ਬਾਅਦ 10 ਸਾਲ ਪੂਰੇ ਹੋਣ ਜਾ ਰਹੇ ਹਨ। ਇਹ ਪ੍ਰਾਪਤੀ ਹੈ ‘ਸਰਜੀਕਲ ਸਟ੍ਰਾਈਕ’ ਦੀ। ਦਸ ਸਾਲ ਪਹਿਲਾਂ 28-29 ਸਤੰਬਰ, 2016 ਨੂੰ ਭਾਰਤੀ ਫੌਜ ਨੇ ਪਾਕਿਸਤਾਨ ਵਿੱਚ ਅੱਤਵਾਦੀ ਟਿਕਾਣਿਆਂ ’ਤੇ ਸਰਜੀਕਲ ਸਟ੍ਰਾਈਕ ਕੀਤੀ ਸੀ। ਕੰਟਰੋਲ ਰੇਖਾ ਦੇ ਦੂਜੇ ਪਾਰ ਜਾ ਕੇ ਸਾਡੇ ਬਹਾਦਰ ਜਵਾਨਾਂ ਨੇ ਜਿਸ ਤਰ੍ਹਾਂ ਅੱਤਵਾਦ ਦੇ ਖ਼ਿਲਾਫ਼ ਕਾਰਵਾਈ ਕੀਤੀ ਸੀ, ਉਹ ਦੇਖ ਕੇ ਦੁਨੀਆ ਹੈਰਾਨ ਸੀ। ਸਰਜੀਕਲ ਸਟ੍ਰਾਈਕ ਨੇ ਪੂਰੀ ਦੁਨੀਆ ਦੇ ਸਾਹਮਣੇ ਡੰਕੇ ਦੀ ਚੋਟ ’ਤੇ ਅੱਤਵਾਦ ਦੇ ਖ਼ਿਲਾਫ਼ ਭਾਰਤ ਦੀ ਨੀਤੀ ਦੀ ਇੱਕ ਨਵੀਂ ਮਿਸਾਲ ਪੇਸ਼ ਕੀਤੀ ਸੀ। ਅੱਤਵਾਦੀ ਹਮਲਿਆਂ ਕਾਰਨ ਭਾਰਤ ਨੇ ਲੰਬੇ ਸਮੇਂ ਤੱਕ ਜੋ ਦਰਦ ਝੱਲਿਆ ਸੀ, ‘ਸਰਜੀਕਲ ਸਟ੍ਰਾਈਕ’ ਉਸ ਪੀੜ ਦੇ ਖ਼ਿਲਾਫ਼ ਸਾਡੀ ਫ਼ੈਸਲਾਕੁੰਨ ਪ੍ਰਤੀਕਿਰਿਆ ਸੀ। ਪਿਛਲੇ ਇੱਕ ਦਹਾਕੇ ਵਿੱਚ, ਬਾਲਾਕੋਟ ਦੀ ਏਅਰ ਸਟ੍ਰਾਈਕ ਤੋਂ ਲੈ ਕੇ ‘ਆਪਰੇਸ਼ਨ ਸਿੰਦੂਰ’ ਤੱਕ ਭਾਰਤ ਨੇ ਵਾਰ-ਵਾਰ ਇਹ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਜੇਕਰ ਅੱਤਵਾਦੀ ਭਾਰਤ ਵੱਲ ਅੱਖ ਚੁੱਕਣਗੇ, ਤਾਂ ਉਸ ਦਾ ਕਰਾਰਾ ਜਵਾਬ ਦਿੱਤਾ ਜਾਵੇਗਾ।

ਸਾਥੀਓ,

ਅੱਤਵਾਦੀ ਹਮਲਿਆਂ ਨੇ ਭਾਰਤ ਦੇ ਲੰਬੇ ਸਮੇਂ ਤੱਕ ਸੱਟ ਮਾਰੀ ਹੈ। ਇੱਕ ਸਮਾਂ ਸੀ ਜਦੋਂ ਭਾਰਤ ਵਿੱਚ ਲੜੀਵਾਰ ਧਮਾਕੇ ਹੋਣਾ ਬਹੁਤ ਆਮ ਗੱਲ ਹੋ ਗਈ ਸੀ। ਸਤੰਬਰ ਦੇ ਇਸ ਮਹੀਨੇ ਵਿੱਚ, ਯਾਨੀ 13 ਸਤੰਬਰ, 2008 ਨੂੰ ਦਿੱਲੀ ਵਿੱਚ ਹੋਏ ਲੜੀਵਾਰ ਧਮਾਕਿਆਂ ਵਿੱਚ ਅਨੇਕਾਂ ਬੇਕਸੂਰ ਲੋਕ ਮਾਰੇ ਗਏ ਸਨ। ਇਸ ਤੋਂ ਕੁਝ ਹਫ਼ਤਿਆਂ ਬਾਅਦ ਹੀ ਮੁੰਬਈ ਵਿੱਚ 26/11 ਦਾ ਇੰਨਾ ਵੱਡਾ ਹਮਲਾ ਹੋਇਆ ਸੀ।

ਸਾਥੀਓ,

ਪਹਿਲਾਂ ਵੀ ਹਰ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ’ਤੇ ਕਾਰਵਾਈ ਦੀ ਮੰਗ ਹੁੰਦੀ ਸੀ, ਪਰ ਉਸ ’ਤੇ ਓਨਾ ਧਿਆਨ ਨਹੀਂ ਦਿੱਤਾ ਜਾਂਦਾ ਸੀ। ਸਮਾਂ ਬੀਤਣ ਦਾ ਇੰਤਜ਼ਾਰ ਕੀਤਾ ਜਾਂਦਾ ਸੀ। ਹੁਣ ਅੱਜ ਦਾ ਭਾਰਤ ਅੱਤਵਾਦ ਦੇ ਖ਼ਿਲਾਫ਼ ਜ਼ੀਰੋ-ਟੋਲਰੈਂਸ ਨੀਤੀ ਲੈ ਕੇ ਚੱਲ ਰਿਹਾ ਹੈ ਅਤੇ ਅਸੀਂ ਇਸ ਦੇ ਨਤੀਜੇ ਵੀ ਦੇਖ ਰਹੇ ਹਾਂ।

ਸਾਥੀਓ,

ਇਸ ਸਾਲ 9/11 ਦੇ ਅੱਤਵਾਦੀ ਹਮਲੇ ਨੂੰ ਵੀ 25 ਸਾਲ ਹੋਏ ਹਨ। ਅਮਰੀਕਾ ਦੇ ਵਰਲਡ ਟ੍ਰੇਡ ਸੈਂਟਰ ਵਿੱਚ ਜਿਨ੍ਹਾਂ ਬੇਕਸੂਰ ਲੋਕਾਂ ਨੇ ਆਪਣੀ ਜਾਨ ਗੁਆਈ ਸੀ, ਉਨ੍ਹਾਂ ਵਿੱਚ ਅਮਰੀਕਾ ਤੋਂ ਬਾਅਦ ਸਭ ਤੋਂ ਜ਼ਿਆਦਾ ਲੋਕ ਭਾਰਤ ਦੇ ਸਨ। ਮੈਨੂੰ ਯਾਦ ਹੈ, 2014 ਵਿੱਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਜਦੋਂ ਮੈਂ ਅਮਰੀਕਾ ਗਿਆ ਸੀ, ਤਾਂ ਨਿਊਯਾਰਕ ਵਿੱਚ ਮੈਂ ਇਨ੍ਹਾਂ ਬੇਕਸੂਰ ਨਾਗਰਿਕਾਂ ਨੂੰ ਆਪਣੀ ਸ਼ਰਧਾਂਜਲੀ ਦੇਣ ਪਹੁੰਚਿਆ ਸੀ। ਅਤੇ ਅੱਜ ਇੱਕ ਵਾਰ ਫਿਰ ਮੈਂ ਭਾਰਤ ਦੇ ਕਰੋੜਾਂ ਨਾਗਰਿਕਾਂ ਵੱਲੋਂ ਪੀੜਤ ਪਰਿਵਾਰਾਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕਰਦਾ ਹਾਂ।

ਮੇਰੇ ਪਿਆਰੇ ਦੇਸ਼ਵਾਸੀਓ,

ਇਨ੍ਹਾਂ ਦਿਨਾਂ 'ਚ ਦੇਸ਼ ਦੀ ਇੱਕ ਬਹੁਤ ਵੱਡੀ ਤਸਵੀਰ ਤਿਆਰ ਹੋ ਰਹੀ ਹੈ। ਇਸ ਤਸਵੀਰ ਵਿੱਚ ਤੁਸੀਂ ਵੀ ਹੋ, ਤੁਹਾਡਾ ਪਰਿਵਾਰ ਵੀ ਹੈ, ਤੁਹਾਡੇ ਆਂਢ-ਗੁਆਂਢ ਦੇ ਲੋਕ ਵੀ ਹਨ। ਮੈਂ ਗੱਲ ਕਰ ਰਿਹਾ ਹਾਂ ਭਾਰਤ ਦੀ ਜਨਗਣਨਾ ਦੀ। ਦੇਸ਼ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਇਸ ਦਾ ਪਹਿਲਾ ਪੜਾਅ ਲਗਭਗ ਪੂਰਾ ਹੋ ਚੁੱਕਾ ਹੈ। 32 ਕਰੋੜ ਤੋਂ ਵੱਧ ਪਰਿਵਾਰਾਂ ਦੀ ਜਾਣਕਾਰੀ ਦਰਜ ਕੀਤੀ ਜਾ ਚੁੱਕੀ ਹੈ। ਇਨ੍ਹਾਂ ਦਿਨਾਂ 'ਚ ਲੱਦਾਖ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਉੱਤਰਾਖੰਡ ਦੇ ਔਖੇ ਅਤੇ ਬਰਫ਼ੀਲੇ ਇਲਾਕਿਆਂ ਵਿੱਚ ਵੀ ਇਹ ਕੰਮ ਚੱਲ ਰਿਹਾ ਹੈ। ਉੱਥੋਂ ਕਈ ਪ੍ਰੇਰਣਾਦਾਇਕ ਤਜ਼ਰਬੇ ਸਾਡੇ ਸਾਹਮਣੇ ਆਏ ਹਨ। ਉੱਤਰਾਖੰਡ ਵਿੱਚ ਜਨਗਣਨਾ ਦੀ ਸ਼ੁਰੂਆਤ ਚਮੋਲੀ ਦੇ ਮਾਣਾ ਪਿੰਡ ਤੋਂ ਹੋਈ। ਮਾਣਾ ਨੂੰ ਦੇਸ਼ ਦਾ ਪਹਿਲਾ ਪਿੰਡ ਕਿਹਾ ਜਾਂਦਾ ਹੈ। ਮਾਣਾ ਵਿੱਚ ਸਭ ਤੋਂ ਪਹਿਲਾਂ 83 ਸਾਲਾ ਪੂਰਨਿਮਾ ਰਾਵਤ ਜੀ ਤੋਂ ਇਸ ਦੀ ਸ਼ੁਰੂਆਤ ਹੋਈ। ਉੱਤਰਕਾਸ਼ੀ ਦੇ ਬਗੋਰੀ ਪਿੰਡ ਵਿੱਚ ਹੋਮਸਟੇਅ ਚਲਾਉਣ ਵਾਲੇ ਹਰਦੇਵ ਸਿੰਘ ਰਾਣਾ ਜੀ ਨੇ ਡਿਜੀਟਲ ਮਾਧਿਅਮ ਰਾਹੀਂ ਆਪਣੀ ਜਾਣਕਾਰੀ ਖੁਦ ਦਰਜ ਕੀਤੀ।

ਸਾਥੀਓ,

ਜਨਗਣਨਾ ਸਾਡੇ ਸਾਰਿਆਂ ਦਾ ਰਾਸ਼ਟਰੀ ਫ਼ਰਜ਼ ਹੈ। ਮੈਂ 15 ਅਗਸਤ ਨੂੰ ਵੀ ਦੇਸ਼ਵਾਸੀਆਂ ਨੂੰ ਅਪੀਲ ਕੀਤੀ ਸੀ ਕਿ ਇਸ ਲਈ ਆਪਣਾ ਸਮਾਂ ਜ਼ਰੂਰ ਕੱਢਣ। ਜਨਗਣਨਾ ਲਈ ਆਪਣੀ ਜਾਣਕਾਰੀ ਖੁਦ ਦਰਜ ਕਰਨ ਦੀ ਇਹ ਸਹੂਲਤ ਬਹੁਤ ਸੌਖੀ ਹੈ। ਤੁਸੀਂ ਆਪਣੇ ਮੋਬਾਈਲ ਤੋਂ ਹੀ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਣਕਾਰੀ ਦਰਜ ਕਰਵਾ ਸਕਦੇ ਹੋ। ਇਹ ਸਹੂਲਤ ਹਿੰਦੀ ਸਮੇਤ 16 ਭਾਸ਼ਾਵਾਂ ਵਿੱਚ ਉਪਲਬਧ ਹੈ। ਸਾਥੀਓ, ਇਸ ਦੇ ਲਈ ਤੁਹਾਨੂੰ ਜਨਗਣਨਾ ਦੇ ਆਨਲਾਈਨ ਪੋਰਟਲ ’ਤੇ ਜਾਣਾ ਹੁੰਦਾ ਹੈ। ਇਹ ਪੋਰਟਲ ਹੈ se.census.gov.in। ਇਸ ਪੋਰਟਲ ’ਤੇ ਜਾ ਕੇ ਤੁਸੀਂ ਆਪਣੇ ਮੋਬਾਈਲ ਨੰਬਰ ਨਾਲ ਲਾਗਇਨ ਕਰੋ, ਆਪਣਾ ਸਥਾਨ ਦਰਜ ਕਰੋ, ਆਪਣੇ ਪਰਿਵਾਰ ਨਾਲ ਜੁੜੀ ਜਾਣਕਾਰੀ ਭਰੋ ਅਤੇ ਉਸ ਨੂੰ ਜਮ੍ਹਾਂ ਕਰ ਦਿਓ। ਇਸ ਪੂਰੀ ਪ੍ਰਕਿਰਿਆ ਵਿੱਚ ਲਗਭਗ 15 ਤੋਂ 20 ਮਿੰਟ ਦਾ ਸਮਾਂ ਲੱਗਦਾ ਹੈ। ਇਸ ਲਈ ਤੁਹਾਨੂੰ ਕੋਈ ਦਸਤਾਵੇਜ਼ ਵੀ ਅਪਲੋਡ ਨਹੀਂ ਕਰਨਾ ਹੈ। ਜਾਣਕਾਰੀ ਜਮ੍ਹਾਂ ਕਰਨ ਤੋਂ ਬਾਅਦ ਤੁਹਾਨੂੰ ਇੱਕ ਵਿਸ਼ੇਸ਼ ਆਈਡੀ ਮਿਲੇਗੀ। ਜਦੋਂ ਗਣਨਾ ਕਰਮਚਾਰੀ ਤੁਹਾਡੇ ਘਰ ਆਉਣ, ਤਾਂ ਤੁਸੀਂ ਉਨ੍ਹਾਂ ਨੂੰ ਇਹ ਆਈਡੀ ਦੱਸ ਸਕਦੇ ਹੋ। ਤੁਹਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਦੀ ਪੁਸ਼ਟੀ ਹੋਣ ਤੋਂ ਬਾਅਦ ਉਹ ਜਨਗਣਨਾ ਦਾ ਹਿੱਸਾ ਬਣ ਜਾਵੇਗੀ। ਸਾਥੀਓ, ਹੁਣ ਤੱਕ ਮੋਬਾਈਲ ਰਾਹੀਂ 2 ਕਰੋੜ 60 ਲੱਖ ਤੋਂ ਵੱਧ ਲੋਕ ਜਨਗਣਨਾ ਪੋਰਟਲ ’ਤੇ ਆਪਣੀ ਜਾਣਕਾਰੀ ਭਰ ਚੁੱਕੇ ਹਨ, ਸਵੈ-ਗਣਨਾ ਕਰ ਚੁੱਕੇ ਹਨ। ਤੁਹਾਡਾ ਵੀ ਇਸ ਵਿੱਚ ਥੋੜ੍ਹਾ ਜਿਹਾ ਸਮਾਂ ਖਰਚ ਹੋਵੇਗਾ, ਪਰ ਦੇਸ਼ ਲਈ ਇਹ ਬਹੁਤ ਮਹੱਤਵਪੂਰਨ ਹੈ, ਕਿਉਂਕਿ ਤੁਹਾਡੀ ਸਹੀ ਜਾਣਕਾਰੀ, ਤੁਹਾਡੇ ਪਰਿਵਾਰ ਦੀ ਸਹੀ ਜਾਣਕਾਰੀ, ਦੇਸ਼ ਦੇ ਭਵਿੱਖ ਦੀ ਸਹੀ ਤਸਵੀਰ ਤਿਆਰ ਕਰਨ ਵਿੱਚ ਮਦਦ ਕਰਦੀ ਹੈ।

ਮੇਰੇ ਪਿਆਰੇ ਦੇਸ਼ਵਾਸੀਓ,

ਅੱਜ 27 ਸਤੰਬਰ ਦੀ ਇਹ ਮਿਤੀ ਇੱਕ ਖ਼ਾਸ ਕਾਰਨ ਕਰਕੇ ਹੋਰ ਵੀ ਵਿਸ਼ੇਸ਼ ਹੋ ਗਈ ਹੈ। ਅੱਜ ਇੱਕ ਅਜਿਹੀ ਮਹਾਨ ਹਸਤੀ ਦੀ 100ਵੀਂ ਜਨਮ ਜਯੰਤੀ ਹੈ, ਜਿਨ੍ਹਾਂ ਨੇ ਸੱਭਿਆਚਾਰ, ਸਮਾਜ ਅਤੇ ਰਾਸ਼ਟਰ ਲਈ ਆਪਣਾ ਪੂਰਾ ਜੀਵਨ ਸਮਰਪਿਤ ਕਰ ਦਿੱਤਾ ਸੀ। ਮੈਂ ਗੱਲ ਕਰ ਰਿਹਾ ਹਾਂ, ‘ਵਿਸ਼ਵ ਹਿੰਦੂ ਪ੍ਰੀਸ਼ਦ’ ਦੇ ਸਾਬਕਾ ਅੰਤਰਰਾਸ਼ਟਰੀ ਕਾਰਜਕਾਰੀ ਪ੍ਰਧਾਨ ਸਤਿਕਾਰਯੋਗ ਸਵਰਗਵਾਸੀ ਅਸ਼ੋਕ ਸਿੰਘਲ ਜੀ ਦੀ। 27 ਸਤੰਬਰ, 1926 ਨੂੰ ਅੱਜ ਦੇ ਹੀ ਦਿਨ ਆਗਰਾ ਵਿੱਚ ਉਨ੍ਹਾਂ ਦਾ ਜਨਮ ਹੋਇਆ ਸੀ। ਉਨ੍ਹਾਂ ਨੇ ਸਮਾਜ ਵਿੱਚ ਰਹਿ ਕੇ ਤਪੱਸਵੀਆਂ ਵਰਗਾ ਜੀਵਨ ਬਤੀਤ ਕੀਤਾ। ਉਨ੍ਹਾਂ ਨੇ ਰਾਮ ਜਨਮਭੂਮੀ ਅੰਦੋਲਨ ਨੂੰ ਜੋ ਦਿਸ਼ਾ ਦਿੱਤੀ, ਜੋ ਊਰਜਾ ਦਿੱਤੀ, ਅੱਜ ਉਸੇ ਦਾ ਨਤੀਜਾ ਹੈ ਕਿ ਅਸੀਂ ਅਯੋਧਿਆ ਵਿੱਚ ਸ਼ਾਨਦਾਰ ਮੰਦਰ ਨੂੰ ਸਾਕਾਰ ਰੂਪ ਵਿੱਚ ਦੇਖ ਰਹੇ ਹਾਂ। ਮੇਰਾ ਤਾਂ ਬਹੁਤ ਵੱਡਾ ਸੁਭਾਗ ਰਿਹਾ ਹੈ। ਮੈਂ ਨਾ ਸਿਰਫ਼ ਉਨ੍ਹਾਂ ਦੇ ਉਸ ਜੀਵਨ ਨੂੰ ਨੇੜਿਓਂ ਦੇਖਿਆ, ਸਗੋਂ ਮੈਨੂੰ ਉਨ੍ਹਾਂ ਦੇ ਨਾਲ ਇਸ ਮਿਸ਼ਨ ਨਾਲ ਜੁੜਨ ਦਾ ਵੀ ਮੌਕਾ ਮਿਲਿਆ। ਜਦੋਂ ਮੈਂ ਰਾਮ ਮੰਦਰ ਵਿੱਚ ਪ੍ਰਾਣ ਪ੍ਰਤਿਸ਼ਠਾ ਦੇ ਅਨੁਸ਼ਠਾਨ ਵਿੱਚ ਸ਼ਾਮਲ ਹੋ ਰਿਹਾ ਸੀ, ਤਦ ਵੀ ਮੈਨੂੰ ਵਾਰ-ਵਾਰ ਅਸ਼ੋਕ ਜੀ ਦੀ ਯਾਦ ਆਉਣਾ ਬਹੁਤ ਸੁਭਾਵਿਕ ਸੀ।

ਸਾਥੀਓ,

ਅਸ਼ੋਕ ਜੀ ਬਾਰੇ ਅਜਿਹੀਆਂ ਕਿੰਨੀਆਂ ਹੀ ਗੱਲਾਂ ਹਨ, ਜਿਨ੍ਹਾਂ ਦੀ ਓਨੀ ਚਰਚਾ ਨਹੀਂ ਹੁੰਦੀ। ਰਾਮ ਮੰਦਰ ਅੰਦੋਲਨ ਦੇ ਨਾਲ ਹੀ ਉਨ੍ਹਾਂ ਨੇ ਸਮਾਜਿਕ ਭੇਦਭਾਵ ਅਤੇ ਅਸਮਾਨਤਾ ਦੇ ਖ਼ਿਲਾਫ਼ ਵੀ ਇੱਕ ਵੱਡੀ ਲੜਾਈ ਲੜੀ ਸੀ। ਉਨ੍ਹਾਂ ਦਾ ਜਨਮ ਇੱਕ ਬਹੁਤ ਹੀ ਸਮਰੱਥ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਇੱਕ ਸਿਵਲ ਸੇਵਾ ਅਧਿਕਾਰੀ ਸਨ। ਉਨ੍ਹਾਂ ਦੇ ਭੈਣ-ਭਰਾਵਾਂ ਵਿੱਚ ਵੀ ਜ਼ਿਆਦਾਤਰ ਲੋਕ ਵੱਡੇ-ਵੱਡੇ ਅਹੁਦਿਆਂ ’ਤੇ ਰਹੇ। ਉਹ ਖੁਦ ਵੀ ਆਈਆਈਟੀ ਬੀਐੱਚਯੂ ਤੋਂ ਗ੍ਰੈਜੂਏਟ ਸਨ। ਪਰ ਇਨ੍ਹਾਂ ਸਭ ਦੇ ਬਾਵਜੂਦ ਉਨ੍ਹਾਂ ਨੇ ਸਮਾਜ ਅਤੇ ਸੱਭਿਆਚਾਰ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ। ਇਹੀ ਮਹਾਨ ਲੋਕਾਂ ਦੀ ਪਛਾਣ ਹੁੰਦੀ ਹੈ। ਅੱਜ ਮੈਂ ਉਨ੍ਹਾਂ ਦੀ ਜਨਮ ਸ਼ਤਾਬਦੀ ਦੇ ਮੌਕੇ ’ਤੇ ਉਨ੍ਹਾਂ ਦੇ ਕਰੋੜਾਂ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਨੂੰ ਨਮਨ ਕਰਦਾ ਹਾਂ। ਆਪਣੇ ਵੱਲੋਂ ਭਾਵ-ਭਿੰਨੀ ਸ਼ਰਧਾਂਜਲੀ ਭੇਟ ਕਰਦਾ ਹਾਂ।

ਮੇਰੇ ਪਿਆਰੇ ਦੇਸ਼ਵਾਸੀਓ,

ਇਸ ਸਾਲ ਦੀ ਸ਼ੁਰੂਆਤ ਅਸੀਂ ਸਵੈ-ਮਾਣ ਦੇ ਇੱਕ ਮਹਾਪੁਰਬ ਨਾਲ ਕੀਤੀ ਸੀ। ਇਹ ਦਿਹਾੜਾ ਸੀ “ਸੋਮਨਾਥ ਸਵੈ-ਮਾਣ ਪਰਵ”। ਅੱਜ ਤੋਂ ਇੱਕ ਹਜ਼ਾਰ ਸਾਲ ਪਹਿਲਾਂ, 1026 ਵਿੱਚ ਮੁਹੰਮਦ ਗਜ਼ਨੀ ਨੇ ਪਹਿਲੀ ਵਾਰ ਸੋਮਨਾਥ ਮੰਦਰ ਨੂੰ ਢਾਹਿਆ ਸੀ। ਪਰ ਜੋ ਲੋਕ ਸੋਮਨਾਥ ਨੂੰ ਤੋੜ ਕੇ ਭਾਰਤ ਦੀ ਪਛਾਣ ਮਿਟਾਉਣ ਆਏ ਸਨ, ਅੱਜ ਉਨ੍ਹਾਂ ਦੀ ਕੋਈ ਹੋਂਦ ਵੀ ਨਹੀਂ ਹੈ ਅਤੇ ਸੋਮਨਾਥ ਮੰਦਰ ਪੂਰੀ ਸ਼ਾਨੋ-ਸ਼ੌਕਤ ਨਾਲ ਵਿਸ਼ਾਲ ਸਮੁੰਦਰ ਦੇ ਕੰਢੇ ਭਾਰਤ ਨੂੰ ਅਮਰਤਾ ਦਾ ਆਸ਼ੀਰਵਾਦ ਦੇ ਰਿਹਾ ਹੈ। ਇਸੇ ਲਈ ਅਸੀਂ ਪੂਰੇ ਮਾਣ ਨਾਲ ਇਸ ਸਾਲ ‘ਸੋਮਨਾਥ ਸਵੈ-ਮਾਣ ਪਰਵ’ ਮਨਾਇਆ।

ਸਾਥੀਓ,

ਇਹ ਚਰਚਾ ਮੈਂ ਅੱਜ ‘ਮਨ ਕੀ ਬਾਤ’ ਵਿੱਚ ਮੁੜ ਕਿਉਂ ਕਰ ਰਿਹਾ ਹਾਂ—ਇਸ ਦੀ ਵੀ ਇੱਕ ਖ਼ਾਸ ਵਜ੍ਹਾ ਹੈ। 1026 ਈਸਵੀ ਵਿੱਚ ਜਦੋਂ ਗਜ਼ਨੀ ਵੱਲੋਂ ਸੋਮਨਾਥ ਨੂੰ ਢਾਹਿਆ ਗਿਆ ਸੀ, ਉਸੇ ਸਾਲ ਗੁਜਰਾਤ ਦੇ ਹੀ ਮੋਢੇਰਾ ਵਿੱਚ ਪ੍ਰਸਿੱਧ ਸੂਰਯ ਮੰਦਰ ’ਤੇ ਵੀ ਹਮਲਾ ਹੋਇਆ ਸੀ, ਉਸ ਨੂੰ ਤੋੜਿਆ ਗਿਆ ਸੀ। ਯਾਨੀ ਮੋਢੇਰਾ ਮੰਦਰ ਨੂੰ ਢਾਹੇ ਜਾਣ ਨੂੰ ਵੀ ਇਸ ਸਾਲ ਇੱਕ ਹਜ਼ਾਰ ਸਾਲ ਹੋ ਗਏ ਹਨ, ਜਦਕਿ ਉਸ ਸਮੇਂ ਇਸ ਮੰਦਰ ਨੂੰ ਬਣੇ ਸਿਰਫ਼ ਇੱਕ ਹੀ ਸਾਲ ਹੋਇਆ ਸੀ। 1025 ਵਿੱਚ ਇਸ ਮੰਦਰ ਦਾ ਨਿਰਮਾਣ ਰਾਜਾ ਭੀਮਦੇਵ ਨੇ ਕਰਵਾਇਆ ਸੀ।

ਸਾਥੀਓ

ਤੁਸੀਂ ਉਸ ਕਾਲਖੰਡ ਬਾਰੇ ਸੋਚੋ, ਜਦੋਂ ਇੰਨਾ ਵੱਡਾ ਹਮਲਾ ਹੋਇਆ ਹੋਵੇ, ਸੋਮਨਾਥ ਮੰਦਰ ਵਰਗੇ ਆਸਥਾ ਦੇ ਇੰਨੇ ਵੱਡੇ ਕੇਂਦਰ ਨੂੰ ਤੋੜਿਆ ਗਿਆ ਹੋਵੇ ਅਤੇ ਕਈ ਥਾਵਾਂ ’ਤੇ ਵੀ ਹਮਲੇ ਹੋਏ ਹੋਣ ਤਾਂ ਕਿਸੇ ਵੀ ਸਮਾਜ ਜਾਂ ਸ਼ਾਸਨ ਦਾ ਮਨੋਬਲ ਟੁੱਟ ਸਕਦਾ ਸੀ। ਪਰ ਰਾਜਾ ਭੀਮਦੇਵ ਪਹਿਲੇ ਨੇ ਨਾ ਸਿਰਫ਼ ਗਜ਼ਨੀ ਦਾ ਮੁਕਾਬਲਾ ਕੀਤਾ ਸੀ, ਸਗੋਂ ਕੁਝ ਹੀ ਸਮੇਂ ਵਿੱਚ ਮੋਢੇਰਾ ਸੂਰਯ ਮੰਦਰ ਦਾ ਮੁੜ ਨਿਰਮਾਣ ਵੀ ਕਰਵਾ ਦਿੱਤਾ। ਇਸੇ ਜੀਵਨ-ਸ਼ਕਤੀ ਦੇ ਕਾਰਨ ਸੋਮਨਾਥ ਮੰਦਰ ਦਾ ਵੀ ਵਾਰ-ਵਾਰ ਢਾਹੇ ਜਾਣ ਦੇ ਬਾਵਜੂਦ ਮੁੜ ਨਿਰਮਾਣ ਹੁੰਦਾ ਰਿ

ਸਾਥੀਓ,

ਮੋਢੇਰਾ ਸੂਰਯ ਮੰਦਰ ’ਤੇ ਵੀ ਬਾਅਦ ਦੇ ਕਾਲਖੰਡ ਵਿੱਚ ਹਮਲੇ ਰੁਕੇ ਨਹੀਂ। ਬਾਅਦ ਵਿੱਚ ਅਲਾਉੱਦੀਨ ਖਿਲਜੀ ਨੇ ਇੱਕ ਵਾਰ ਫਿਰ ਵਾਸਤੂਕਲਾ ਦੇ ਇਸ ਸ਼ਾਨਦਾਰ ਮੰਦਰ ਨੂੰ ਤੋੜ ਦਿੱਤਾ ਸੀ। ਪਰ ਸਾਥੀਓ, ਅਸੀਂ ਭਾਰਤ ਦੇ ਲੋਕ ਸੂਰਜ ਦੀ ਉਪਾਸਨਾ ਸਿਰਫ਼ ਵਾਸਤੂ ਅਤੇ ਮੰਦਰਾਂ ਰਾਹੀਂ ਹੀ ਨਹੀਂ ਕਰਦੇ। ਸਾਡੀ ਸੂਰਜ ਉਪਾਸਨਾ ਦਾ ਇੱਕ ਅਰਥ ਇਹ ਵੀ ਹੁੰਦਾ ਹੈ—ਪ੍ਰਕਾਸ਼, ਊਰਜਾ, ਵਿਗਿਆਨ ਅਤੇ ਨਿਰੰਤਰਤਾ ਦੀ ਪ੍ਰੇਰਣਾ। ਇਸੇ ਲਈ ਮੋਢੇਰਾ ਅੱਜ ਨਾ ਸਿਰਫ਼ ਸੂਰਯ ਮੰਦਰ ਲਈ ਜਾਣਿਆ ਜਾਂਦਾ ਹੈ, ਸਗੋਂ ਗੁਜਰਾਤ ਦਾ ਇਹ ਪਿੰਡ ਦੇਸ਼ ਦਾ ਪਹਿਲਾ ਸੂਰਯ ਗ੍ਰਾਮ, ਸੋਲਰ ਵਿਲੇਜ ਬਣ ਚੁੱਕਾ ਹੈ। ਮੋਢੇਰਾ ਅੱਜ ਪੂਰੀ ਤਰ੍ਹਾਂ ਸੌਰ ਊਰਜਾ ਨਾਲ ਚੱਲਦਾ ਹੈ ਅਤੇ ਇਸ ਨੇ ਦੇਸ਼ ਦੇ ਸਾਹਮਣੇ ਟਿਕਾਊਪਣ ਦੀ ਇੱਕ ਮਿਸਾਲ ਪੇਸ਼ ਕੀਤੀ ਹੈ। ਮੋਢੇਰਾ ਵਿੱਚ ਸੈਲਾਨੀਆਂ ਲਈ ਕਈ ਆਕਰਸ਼ਣਾਂ ਅਤੇ ਸਹੂਲਤਾਂ ਦੀ ਸ਼ੁਰੂਆਤ ਵੀ ਹੋਈ ਹੈ। ਜਨਵਰੀ ਵਿੱਚ ਮਕਰ ਸੰਕ੍ਰਾਂਤੀ ਤੋਂ ਬਾਅਦ ਉੱਥੇ 'ਮੋਢੇਰਾ ਨ੍ਰਿਤਯ ਮਹੋਤਸਵ' ਦਾ ਆਯੋਜਨ ਵੀ ਹੁੰਦਾ ਹੈ। ਇਸ ਵਿੱਚ ਭਾਰਤ ਦੇ ਸੱਭਿਆਚਾਰਕ ਅਤੇ ਸ਼ਾਸਤਰੀ ਨ੍ਰਿਤ ਦੀ ਅਦਭੁਤ ਪੇਸ਼ਕਾਰੀ ਹੁੰਦੀ ਹੈ। ਮੈਂ ਚਾਹਾਂਗਾ, ਤੁਸੀਂ ਸਾਰੇ ਵੀ ਇੱਕ ਵਾਰ ਮੋਢੇਰਾ ਜ਼ਰੂਰ ਜਾਓ ਅਤੇ ਭਾਰਤ ਦੀ ਇਸ ਮਾਣਮੱਤੀ ਵਿਰਾਸਤ ਦੇ ਦਰਸ਼ਨ ਕਰੋ।

ਸਾਥੀਓ,

ਅਤੀਤ ਨਾਲ ਸਾਡਾ ਜੁੜਾਅ ਅੱਜ ਵੀ ਬਹੁਤ ਜੀਵੰਤ ਹੈ। ਇਸ ਦੇ ਪਿੱਛੇ ਉਨ੍ਹਾਂ ਲੋਕਾਂ ਦਾ ਸਮਰਪਣ ਅਤੇ ਮਿਹਨਤ ਹੈ, ਜੋ ਇਸ ਨੂੰ ਹੋਰ ਡੂੰਘਾ ਬਣਾ ਰਹੇ ਹਨ। ਤਾਮਿਲਨਾਡੂ ਵਿੱਚ ਤਿਰੁਚਿਰਾਪੱਲੀ ਦੇ ਮਨੱਪਾਰਈ ਵਿੱਚ ਅਜਿਹਾ ਹੀ ਇੱਕ ਵਿਲੱਖਣ ਯਤਨ ਹੋ ਰਿਹਾ ਹੈ। ਇੱਕ ਕਾਲਜ ਵਿੱਚ ਤਾਮਿਲ ਅਧਿਐਨ ਵਿਭਾਗ ਨਾਲ ਜੁੜੇ ਏ. ਸੇਲਵਰਾਜੂ ਜੀ ਇਸ ਨੂੰ ਅੱਗੇ ਵਧਾ ਰਹੇ ਹਨ। ਇੱਕ ਲੈਕਚਰ ਦੌਰਾਨ ਉਨ੍ਹਾਂ ਨੂੰ ਆਪਣੇ ਇੱਕ ਵਿਦਿਆਰਥੀ ਤੋਂ ਕੁਝ ਪ੍ਰਾਚੀਨ ਮੂਰਤੀਆਂ ਬਾਰੇ ਜਾਣਕਾਰੀ ਮਿਲੀ ਸੀ। ਇਸ ਵਿਸ਼ੇ ’ਤੇ ਚਰਚਾ ਤੋਂ ਬਾਅਦ ਉਨ੍ਹਾਂ ਨੇ ਮੌਕੇ ’ਤੇ ਜਾਣ ਦੀ ਯੋਜਨਾ ਬਣਾਈ। ਇਸ ਦੌਰੇ ਦੌਰਾਨ ਉਨ੍ਹਾਂ ਨੂੰ ਵੱਖ-ਵੱਖ ਥਾਵਾਂ ’ਤੇ ਕਈ ਮੂਰਤੀਆਂ ਅਤੇ ਪ੍ਰਾਚੀਨ ਮੰਦਰ ਮਿਲੇ। ਅਤੀਤ ਨਾਲ ਜੁੜਨ ਦਾ ਇਹ ਇੱਕ ਦਿਲਚਸਪ ਯਤਨ ਹੈ। ਇਸ ਤਰ੍ਹਾਂ ਅਸੀਂ ਆਪਣੀ ਵਿਰਾਸਤ ਨੂੰ ਹੋਰ ਬਿਹਤਰ ਢੰਗ ਨਾਲ ਜਾਣ ਸਕਦੇ ਹਾਂ। ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਵੀ ਅਜਿਹੇ ਯਤਨ ਕੀਤੇ ਜਾ ਸਕਦੇ ਹਨ। ਇਹ ਸਾਨੂੰ ਆਪਣੇ ਇਤਿਹਾਸ ਨੂੰ ਨੇੜਿਓਂ ਦੇਖਣ ਅਤੇ ਸਮਝਣ ਦਾ ਮੌਕਾ ਦਿੰਦੇ ਹਨ।

ਮੇਰੇ ਪਿਆਰੇ ਦੇਸ਼ਵਾਸੀਓ,

ਕੁਝ ਹੀ ਦਿਨਾਂ ਬਾਅਦ 2 ਅਕਤੂਬਰ ਹੈ—ਪੂਜਨੀਕ ਬਾਪੂ ਦੀ ਜਯੰਤੀ ਦਾ ਦਿਨ। ਬਾਪੂ ਨੇ ਸਾਨੂੰ ਜੀਵਨ ਦੇ ਬਹੁਤ ਸਾਰੇ ਮੰਤਰ ਦਿੱਤੇ ਹਨ। ਸਫ਼ਾਈ ਵੀ ਉਨ੍ਹਾਂ ਵਿੱਚੋਂ ਇੱਕ ਹੈ। ਅਸੀਂ ਅਕਸਰ ਆਪਣੇ ਆਲੇ-ਦੁਆਲੇ ਸਫ਼ਾਈ ਨਾਲ ਜੁੜੇ ਅਨੇਕ ਯਤਨ ਦੇਖਦੇ ਹਾਂ। ਇਹ ਯਤਨ ਬਹੁਤ ਪ੍ਰੇਰਣਾਦਾਇਕ ਅਤੇ ਉਤਸ਼ਾਹ ਵਧਾਉਣ ਵਾਲੇ ਹਨ। ਸੋਸ਼ਲ ਮੀਡੀਆ ’ਤੇ ਵੀ ਅਜਿਹੀਆਂ ਤਸਵੀਰਾਂ, ਅਜਿਹੇ ਵੀਡੀਓ, ਅਜਿਹੀਆਂ ਰੀਲਾਂ ਵਾਰ-ਵਾਰ ਸਾਡਾ ਧਿਆਨ ਖਿੱਚਦੀਆਂ ਹਨ। ਹਾਲ ਹੀ ਦੇ ਦਿਨਾਂ ਵਿੱਚ ਮੈਂ ਅਜਿਹੇ ਕਈ ਯਤਨ ਦੇਖੇ ਹਨ। ਕਿਤੇ ਮੱਧ ਪ੍ਰਦੇਸ਼ ਵਿੱਚ ਕੁਝ ਨੌਜਵਾਨ ਨਦੀ ਦੀ ਸਫ਼ਾਈ ਦਾ ਕੰਮ ਕਰ ਰਹੇ ਹਨ। ਉਨ੍ਹਾਂ ਦੇ ਛੋਟੇ ਜਿਹੇ ਯਤਨ ਨਾਲ ਪੂਰਾ ਸਮਾਜ ਜੁੜ ਰਿਹਾ ਹੈ। ਇਸੇ ਤਰ੍ਹਾਂ ਆਂਧਰਾ ਪ੍ਰਦੇਸ਼ ਵਿੱਚ ਨੌਜਵਾਨ ਪੁਰਾਣੀਆਂ ਬਾਉਲੀਆਂ ਅਤੇ ਖੂਹਾਂ ਦੀ ਸਫ਼ਾਈ ਕਰ ਰਹੇ ਹਨ। ਇਸ ਨਾਲ ਸਾਡੀਆਂ ਪੁਰਾਣੀਆਂ ਵਿਰਾਸਤਾਂ ਨੂੰ ਮੁੜ ਸੰਵਾਰਨ ਦਾ ਕੰਮ ਹੋ ਰਿਹਾ ਹੈ। ਮੁੰਬਈ ਵਿੱਚ ਕੁਝ ਨੌਜਵਾਨ ਸਮੁੰਦਰੀ ਤੱਟਾਂ ਨੂੰ ਸਾਫ਼ ਰੱਖਣ ਦੀ ਪਹਿਲ ਕਰ ਰਹੇ ਹਨ। ਹਰ ਹਫ਼ਤੇ ਕਿਸੇ ਨਾ ਕਿਸੇ ਸਮੁੰਦਰੀ ਤੱਟ ’ਤੇ ਸੈਂਕੜੇ ਨੌਜਵਾਨ ਸਾਥੀ ਇਕੱਠੇ ਹੋ ਰਹੇ ਹਨ, ਸਫ਼ਾਈ ਰਾਹੀਂ ਸੇਵਾ ਕਰ ਰਹੇ ਹਨ। ਇੱਥੇ ਦਿੱਲੀ ਵਿੱਚ ਬੱਚੇ ਅਤੇ ਨੌਜਵਾਨ ਲੋਕਾਂ ਨੂੰ ਕੂੜਾ ਵੱਖ-ਵੱਖ ਰੱਖਣ ਅਤੇ ਆਪਣੇ ਆਲੇ-ਦੁਆਲੇ ਸਫ਼ਾਈ ਰੱਖਣ ਲਈ ਜਾਗਰੂਕ ਕਰ ਰਹੇ ਹਨ। ਪੱਛਮੀ ਬੰਗਾਲ ਵਿੱਚ ਨੌਜਵਾਨ ਵਿਦਿਆਰਥੀਆਂ ਅਤੇ ਸਥਾਨਕ ਲੋਕਾਂ ਦੇ ਨਾਲ ਮਿਲ ਕੇ ਪਿਕਨਿਕ ਸਥਾਨਾਂ ਅਤੇ ਬਾਜ਼ਾਰਾਂ ਦੀ ਸਫ਼ਾਈ ਕਰ ਰਹੇ ਹਨ।

ਸਾਥੀਓ,

ਇਨ੍ਹਾਂ ਸਾਰੇ ਯਤਨਾਂ ਵਿੱਚ ਇੱਕ ਗੱਲ ਬਹੁਤ ਸਹਿਜਤਾ ਨਾਲ ਦਿਖਾਈ ਦਿੰਦੀ ਹੈ। ਕਿਤੇ ਸ਼ੁਰੂਆਤ ਇੱਕ ਵਿਅਕਤੀ ਨੇ ਕੀਤੀ, ਫਿਰ ਉਸ ਦੇ ਨਾਲ ਕੁਝ ਹੋਰ ਲੋਕ ਆ ਗਏ, ਕਾਰਵਾਂ ਵਧਦਾ ਗਿਆ—ਇਹੀ ਤਾਂ ਲੋਕ ਭਾਗੀਦਾਰੀ ਹੈ। ਬਾਪੂ ਪ੍ਰਤੀ ਸਾਡੀ ਸਭ ਤੋਂ ਸੁੰਦਰ ਸ਼ਰਧਾਂਜਲੀ ਵੀ ਸਫ਼ਾਈ ਹੀ ਹੈ।

ਮੇਰੇ ਪਿਆਰੇ ਦੇਸ਼ਵਾਸੀਓ,

ਅਸੀਂ ਵਾਤਾਵਰਣ ਦੀ ਰਾਖੀ ਕਰਦੇ ਹਾਂ ਤਾਂ ਅਸੀਂ ਸਿਰਫ਼ ਰੁੱਖ-ਬੂਟਿਆਂ ਜਾਂ ਜੀਵ-ਜੰਤੂਆਂ ਨੂੰ ਹੀ ਨਹੀਂ ਬਚਾਉਂਦੇ, ਅਸੀਂ ਉਸ ਪੂਰੀ ਜੀਵਨ-ਵਿਵਸਥਾ ਨੂੰ ਮਜ਼ਬੂਤ ਕਰਦੇ ਹਾਂ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋ ਰਹੇ ਕੁਝ ਯਤਨ ਇਸ ਭਾਵਨਾ ਨੂੰ ਬਹੁਤ ਸੁੰਦਰ ਢੰਗ ਨਾਲ ਸਾਹਮਣੇ ਲਿਆ ਰਹੇ ਹਨ।

ਸਾਥੀਓ,

ਅਸਮ ਵਿੱਚ ਸੋਨਾਈ ਰੂਪਾਈ ਵਾਈਲਡਲਾਈਫ ਸੈਂਚੁਰੀ ਹੈ। ਇੱਕ ਸਮਾਂ ਸੀ ਜਦੋਂ ਇੱਥੇ ਹਾਥੀਆਂ ਦਾ ਵਸੇਬਾ ਹੁੰਦਾ ਸੀ, ਪਰ ਹੌਲੀ-ਹੌਲੀ ਜੰਗਲ ਦੀ ਜ਼ਮੀਨ ’ਤੇ ਮਨੁੱਖੀ ਦਖ਼ਲ ਵਧਦਾ ਗਿਆ, ਜਿਸ ਕਾਰਨ ਹਾਥੀਆਂ ਨੇ ਇਸ ਇਲਾਕੇ ਤੋਂ ਦੂਰੀ ਬਣਾ ਲਈ। ਤਿੰਨ ਸਾਲ ਪਹਿਲਾਂ ਇਸ ਜ਼ਮੀਨ ਨੂੰ ਕਬਜ਼ੇ ਤੋਂ ਮੁਕਤ ਕਰਵਾਇਆ ਗਿਆ ਅਤੇ ਹੁਣ ਇਸ ਦੇ ਅਦਭੁਤ ਨਤੀਜੇ ਸਾਹਮਣੇ ਆਏ ਹਨ। ਹਾਥੀ ਇੱਥੇ ਮੁੜ ਵਾਪਸ ਆ ਗਏ ਹਨ। ਜਿਸ ਇਲਾਕੇ ਵਿੱਚ ਸਾਲਾਂ ਤੋਂ ਉਨ੍ਹਾਂ ਦੀ ਚਹਿਲ-ਪਹਿਲ ਨਹੀਂ ਸੀ, ਅੱਜ ਉੱਥੇ ਫਿਰ ਹਾਥੀਆਂ ਦੇ ਝੁੰਡ ਦਿਖਾਈ ਦੇ ਰਹੇ ਹਨ।

ਸਾਥੀਓ,

ਅਸਮ ਵਿੱਚ ਹੀ ਇੱਕ ਹੋਰ ਸੁੰਦਰ ਯਤਨ ਹੋਇਆ ਹੈ। ਇਹ ਯਤਨ ਇੱਕ ਬਹੁਤ ਛੋਟੇ ਜਿਹੇ ਜੀਵ, ਪਿਗਮੀ ਹੌਗ ਨੂੰ ਬਚਾਉਣ ਦਾ ਹੈ। ਇੱਕ ਸਮਾਂ ਸੀ ਜਦੋਂ ਇਸ ਦੀ ਹੋਂਦ ’ਤੇ ਸੰਕਟ ਮੰਡਰਾਉਣ ਲੱਗਾ ਸੀ। ਤਦ ਸਿਰਫ਼ 6 ਪਿਗਮੀ ਹੌਗ ਦੇ ਲਈ ਇੱਕ ਸੰਭਾਲ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਉਨ੍ਹਾਂ ਨੂੰ ਮੁੜ ਜੰਗਲਾਂ ਵਿੱਚ ਵਸਾਇਆ ਗਿਆ। ਉਨ੍ਹਾਂ ਦੇ ਰਹਿਣ ਲਈ ਘਾਹ ਦੇ ਮੈਦਾਨਾਂ ਨੂੰ ਵੀ ਸੰਵਾਰਿਆ ਗਿਆ। ਅੱਜ ਇਸ ਪ੍ਰੋਗਰਾਮ ਦੀ ਵਜ੍ਹਾ ਨਾਲ ਪਿਗਮੀ ਹੌਗ ਦੀ ਗਿਣਤੀ 190 ਤੋਂ ਵੱਧ ਹੋ ਚੁੱਕੀ ਹੈ।

ਸਾਥੀਓ,

ਕੁਦਰਤ ਦੇ ਨਾਲ ਸਾਡਾ ਰਿਸ਼ਤਾ ਸਿਰਫ਼ ਉਸ ਨੂੰ ਸੰਭਾਲਣ ਤੱਕ ਸੀਮਤ ਨਹੀਂ ਹੈ। ਕਈ ਵਾਰ ਅਸੀਂ ਕੁਦਰਤ ਨੂੰ ਸੰਭਾਲਦੇ ਹਾਂ ਤਾਂ ਉਹੀ ਕੁਦਰਤ ਸਾਡੇ ਜੀਵਨ ਦਾ ਸਹਾਰਾ ਬਣ ਜਾਂਦੀ ਹੈ। ਪੱਛਮੀ ਬੰਗਾਲ ਦੇ ਸੁੰਦਰਬਨ ਵਿੱਚ ਕੁਝ ਔਰਤਾਂ ਇਸੇ ਰਿਸ਼ਤੇ ਦੀ ਪ੍ਰੇਰਣਾਦਾਇਕ ਮਿਸਾਲ ਪੇਸ਼ ਕਰ ਰਹੀਆਂ ਹਨ। ਝਾਰਖਾਲੀ ਦੀਆਂ ਇਹ ਔਰਤਾਂ ਮੈਂਗਰੋਵ ਦੇ ਜੰਗਲ ਤਿਆਰ ਕਰ ਰਹੀਆਂ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਉਹ ਔਰਤਾਂ ਹਨ, ਜਿਨ੍ਹਾਂ ਦੇ ਪਤੀਆਂ ਦੀ ਟਾਈਗਰ ਹਮਲੇ ਵਿੱਚ ਜਾਨ ਚਲੀ ਗਈ ਸੀ। ਪਤੀ ਨੂੰ ਗੁਆਉਣ ਤੋਂ ਬਾਅਦ ਉਨ੍ਹਾਂ ਨੂੰ ਸੁੰਦਰਬਨ ਤੋਂ ਹੀ ਰੋਜ਼ੀ-ਰੋਟੀ ਦਾ ਸਹਾਰਾ ਮਿਲਿਆ। ਉਨ੍ਹਾਂ ਵੱਲੋਂ ਲਗਾਏ ਗਏ ਮੈਂਗਰੋਵ ਅੱਜ ਪਿੰਡਾਂ ਲਈ ਇੱਕ ਕੁਦਰਤੀ ਸੁਰੱਖਿਆ-ਕਵਚ ਬਣ ਰਹੇ ਹਨ ਅਤੇ ਇਨ੍ਹਾਂ ਨੂੰ ਲਗਾ ਕੇ ਇਨ੍ਹਾਂ ਔਰਤਾਂ ਦੀ ਕਮਾਈ ਵੀ ਹੋ ਰਹੀ ਹੈ। ਸਾਥੀਓ, ਅਸੀਂ ਵਾਤਾਵਰਣ ਨੂੰ ਸੰਭਾਲੀਏ, ਕੁਦਰਤ ਦੇ ਸੰਤੁਲਨ ਦਾ ਸਨਮਾਨ ਕਰੀਏ ਅਤੇ ਉਸ ਦੀ ਭਿੰਨਤਾ ਨੂੰ ਸੁਰੱਖਿਅਤ ਰੱਖੀਏ। ਸਾਡਾ ਹਰ ਅਜਿਹਾ ਯਤਨ ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਸਾਡੀ ਜ਼ਿੰਮੇਵਾਰੀ ਹੈ।

ਮੇਰੇ ਪਿਆਰੇ ਦੇਸ਼ਵਾਸੀਓ,

ਹਾਲ ਹੀ ਵਿੱਚ ਦੇਸ਼ ਦੇ ਲੱਖਾਂ ਨੌਜਵਾਨਾਂ ਨੇ ਨਸ਼ੇ ਦੇ ਵਿਰੁੱਧ, ਡਰੱਗਜ਼ ਦੇ ਖ਼ਿਲਾਫ਼, ਇੱਕ ਬਹੁਤ ਮਹੱਤਵਪੂਰਨ ਸੰਕਲਪ ਲਿਆ ਹੈ। ਨੌਜਵਾਨਾਂ ਨੇ ਖੁਦ ਵੀ ਨਸ਼ੇ ਤੋਂ ਦੂਰ ਰਹਿਣ ਦੀ ਸਹੁੰ ਚੁੱਕੀ ਹੈ ਅਤੇ ਇਸ ਸੁਨੇਹੇ ਨੂੰ ਦੂਜਿਆਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਵੀ ਲਈ ਹੈ—ਇਹ ਸਭ ‘ਨਸ਼ਾ ਮੁਕਤ ਯੁਵਾ ਅਭਿਆਨ’ ਦੇ ਤਹਿਤ ਹੋ ਰਿਹਾ ਹੈ। ਇਹ ਅਭਿਆਨ 100 ਹਫ਼ਤਿਆਂ ਤੱਕ ਚੱਲੇਗਾ। ਇਸ ਵਿੱਚ ਮਾਈ ਭਾਰਤ ਦੇ ਵਲੰਟੀਅਰ ਸ਼ਾਮਲ ਹਨ। ਐੱਨਐੱਸਐੱਸ ਨਾਲ ਜੁੜੇ ਸਾਡੇ ਨੌਜਵਾਨ ਵੀ ਇਸ ਦਾ ਹਿੱਸਾ ਹਨ, ਸਕੂਲ-ਕਾਲਜ ਅਤੇ ਯੂਨੀਵਰਸਿਟੀਆਂ ਵੀ ਨਾਲ ਆਏ ਹਨ ਅਤੇ ਅਨੇਕ ਸਮਾਜਿਕ ਅਤੇ ਅਧਿਆਤਮਿਕ ਸੰਸਥਾਵਾਂ ਵੀ ਇਸ ਨਾਲ ਜੁੜੀਆਂ ਹਨ। ਪਿਛਲੇ ਕੁਝ ਦਿਨਾਂ ਵਿੱਚ ਹੀ ਦੇਸ਼ ਭਰ ਵਿੱਚ ਹਜ਼ਾਰਾਂ ਸੰਕਲਪ ਸਮਾਗਮ ਅਤੇ ਜਾਗਰੂਕਤਾ ਦੇ ਪ੍ਰੋਗਰਾਮ ਹੋਏ ਹਨ।

ਸਾਥੀਓ,

ਇਸ ਅਭਿਆਨ ਵਿੱਚ ਇੱਕ ਗੱਲ ਮੈਨੂੰ ਵਿਸ਼ੇਸ਼ ਤੌਰ ’ਤੇ ਚੰਗੀ ਲੱਗੀ—‘ਨਸ਼ਾ ਮੁਕਤੀ ਦਾ ਸੁਨੇਹਾ’। ਸਾਡੇ ਨੌਜਵਾਨ ਖੁਦ ਆਪਣੀ ਭਾਸ਼ਾ ਵਿੱਚ, ਆਪਣੇ ਢੰਗ ਨਾਲ ਇਸ ਸੁਨੇਹੇ ਨੂੰ ਅੱਗੇ ਵਧਾ ਰਹੇ ਹਨ। ਮੈਂ ‘ਮਨ ਕੀ ਬਾਤ’ ਵਿੱਚ ਵੀ ਨੌਜਵਾਨ ਸਾਥੀਆਂ ਨੂੰ ਅਪੀਲ ਕੀਤੀ ਸੀ ਕਿ ਉਹ ਆਪਣੀ ਰਚਨਾਤਮਕਤਾ ਰਾਹੀਂ ਇਸ ਅਭਿਆਨ ਨਾਲ ਜੁੜਨ ਅਤੇ ਮੈਨੂੰ ਖੁਸ਼ੀ ਹੈ ਕਿ ਹਜ਼ਾਰਾਂ ਨੌਜਵਾਨ ਇਸ ਸੱਦੇ ’ਤੇ ਅੱਗੇ ਆਏ ਹਨ। ਮਾਈ ਭਾਰਤ ’ਤੇ ਗਾਣ, ਨਾਅਰੇ ਲਿਖਣ ਅਤੇ ਨੁੱਕੜ ਨਾਟਕ ਵਰਗੀਆਂ ਵੱਖ-ਵੱਖ ਪ੍ਰਤੀਯੋਗਤਾਵਾਂ ਹੋਈਆਂ ਹਨ। ਇਸੇ ਤਰ੍ਹਾਂ, ਸੋਸ਼ਲ ਮੀਡੀਆ ’ਤੇ ਸਾਡੇ ਨੌਜਵਾਨ ‘#ਨਸ਼ਾ ਮੁਕਤ ਯੁਵਾ’ ਦੇ ਨਾਲ ਆਪਣੀ ਰਚਨਾਤਮਕ ਸਮੱਗਰੀ ਸਾਂਝੀ ਕਰ ਰਹੇ ਹਨ। ਯਾਨੀ, ਸੁਨੇਹਾ ਵੀ ਨੌਜਵਾਨਾਂ ਦਾ ਹੈ, ਮਾਧਿਅਮ ਵੀ ਨੌਜਵਾਨਾਂ ਦਾ ਹੈ ਅਤੇ ਇਸ ਨੂੰ ਅੱਗੇ ਲੈ ਜਾਣ ਦੀ ਊਰਜਾ ਵੀ ਨੌਜਵਾਨਾਂ ਦੀ ਹੀ ਹੈ। ਆਉਣ ਵਾਲੇ ਦਿਨਾਂ ਵਿੱਚ ਇਸ ਅਭਿਆਨ ਦੇ ਤਹਿਤ ਸਿਹਤ ਜਾਂਚ ਅਤੇ ਧਿਆਨ ਕੈਂਪ ਵਰਗੀਆਂ ਗਤੀਵਿਧੀਆਂ ਵੀ ਹੋਣਗੀਆਂ।

ਸਾਥੀਓ,

ਜਲਦ ਹੀ ਸਾਡੇ ਅਨੇਕ ਪੁਰਬ ਅਤੇ ਤਿਉਹਾਰ ਵੀ ਆਉਣ ਵਾਲੇ ਹਨ। ਇਸ ਵਾਰ ਤਿਉਹਾਰਾਂ ਦੀਆਂ ਖੁਸ਼ੀਆਂ ਦੇ ਵਿਚਕਾਰ ਅਸੀਂ ਆਪਣੇ ਆਲੇ-ਦੁਆਲੇ ਵੀ ਨਜ਼ਰ ਮਾਰੀਏ। ਜੇਕਰ ਕੋਈ ਨੌਜਵਾਨ ਕਿਸੇ ਗਲਤ ਆਦਤ ਵੱਲ ਵਧ ਰਿਹਾ ਹੈ ਤਾਂ ਉਸ ਨਾਲ ਗੱਲ ਕਰੋ। ਜੇਕਰ ਕੋਈ ਨਸ਼ੇ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਉਸ ਦਾ ਸਾਥ ਦਿਓ। ਨਸ਼ਾ ਮੁਕਤ ਯੁਵਾ, ਵਿਕਸਿਤ ਭਾਰਤ ਦੇ ਇਸ ਸੰਕਲਪ ਨੂੰ ਅਸੀਂ ਸਾਰੇ ਮਿਲ ਕੇ ਅੱਗੇ ਵਧਾਈਏ।

ਮੇਰੇ ਪਿਆਰੇ ਦੇਸ਼ਵਾਸੀਓ,

ਲਾਲ ਕਿਲ੍ਹੇ ਤੋਂ ਮੈਂ ਇਸ ਵਾਰ ਖੇਡਾਂ ਲਈ ਪ੍ਰਤਿਭਾ ਖੋਜ ਅਭਿਆਨ ਦਾ ਐਲਾਨ ਕੀਤਾ ਹੈ। ਭਾਰਤ ਲਗਾਤਾਰ ਬਿਹਤਰੀਨ ਪ੍ਰਦਰਸ਼ਨ ਕਰਦਾ ਰਹੇ, ਇਸ ਲਈ ਪਿੰਡਾਂ ਅਤੇ ਕਸਬਿਆਂ ਤੱਕ ਪਹੁੰਚ ਕੇ ਖੇਡ ਪ੍ਰਤਿਭਾ ਨੂੰ ਖੋਜਣਾ ਜ਼ਰੂਰੀ ਹੈ। ਉੱਥੇ ਹੀ ਕਈ ਅਜਿਹੇ ਲੋਕ ਵੀ ਹਨ, ਜਿਨ੍ਹਾਂ ਨੇ ਇਸੇ ਕੰਮ ਲਈ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ ਹੈ। ਉਨ੍ਹਾਂ ਦਾ ਇੱਕ ਹੀ ਜਨੂਨ ਹੁੰਦਾ ਹੈ—ਪ੍ਰਤਿਭਾ ਨੂੰ ਖੋਜਣਾ ਅਤੇ ਉਸ ਨੂੰ ਤਰਾਸ਼ਣਾ। ਸਾਡੇ ਪੰਜਾਬ ਵਿੱਚ ਇਹੀ ਕੰਮ ਰਜਿੰਦਰ ਸਿੰਘ ਜੀ ਕਰ ਰਹੇ ਹਨ। ਰਜਿੰਦਰ ਸਿੰਘ ਜੀ ਅਜਿਹੇ ਇੱਕ ਵਿਅਕਤੀ ਹਨ, ਜਿਨ੍ਹਾਂ ਦੇ ਨਾਮ ਨਾਲ ‘ਸੀਨੀਅਰ’ ਵੀ ਜੁੜਿਆ ਹੋਇਆ ਹੈ। ਉਹ 1980 ਦੀਆਂ ਓਲੰਪਿਕ ਖੇਡਾਂ ਵਿੱਚ ਹਾਕੀ ਵਿੱਚ ਸੋਨ ਤਮਗਾ ਜਿੱਤਣ ਵਾਲੀ ਟੀਮ ਦਾ ਹਿੱਸਾ ਸਨ। 1982 ਦੇ ਵਿਸ਼ਵ ਕੱਪ ਵਿੱਚ ਛਾਏ ਰਹੇ ਸਨ। 2001 ਵਿੱਚ ਭਾਰਤ ਨੇ ਪਹਿਲੀ ਵਾਰ ਪੁਰਸ਼ ਜੂਨੀਅਰ ਵਿਸ਼ਵ ਕੱਪ ਦਾ ਖ਼ਿਤਾਬ ਜਿੱਤਿਆ ਸੀ। ਉੱਥੇ ਹੀ 2003 ਵਿੱਚ ਦੇਸ਼ ਨੇ ਸੀਨੀਅਰ ਏਸ਼ੀਆ ਕੱਪ ਦੇ ਖ਼ਿਤਾਬ ’ਤੇ ਕਬਜ਼ਾ ਕੀਤਾ ਸੀ। ਇਨ੍ਹਾਂ ਦੋਵਾਂ ਹੀ ਟੂਰਨਾਮੈਂਟਾਂ ਵਿੱਚ ਉਹ ਕੋਚ ਦੀ ਭੂਮਿਕਾ ਵਿੱਚ ਸਨ। ਹੁਣ ਉਹ ਰਾਊਂਡ ਗਲਾਸ ਹਾਕੀ ਅਕੈਡਮੀ ਦੇ ਜ਼ਰੀਏ ਆਪਣੇ ਜਨੂਨ ਨੂੰ ਅੱਗੇ ਲੈ ਕੇ ਜਾ ਰਹੇ ਹਨ। ਉਨ੍ਹਾਂ ਦੇ ਯਤਨਾਂ ਨਾਲ ਪਿੰਡਾਂ ਵਿੱਚ ਨਵੀਆਂ ਹਾਕੀ ਐਸਟਰੋ-ਟਰਫ਼ ਵਿਛਾਈਆਂ ਜਾ ਰਹੀਆਂ ਹਨ। ਰਜਿੰਦਰ ਜੀ ਦਾ ਧਿਆਨ ਬਿਲਕੁਲ ਸਪੱਸ਼ਟ ਹੈ। ਅਜਿਹੇ ਪਿੰਡਾਂ ਵਿੱਚ ਬੱਚਿਆਂ ਦੀ ਪਛਾਣ ਕਰਨਾ, ਜਿੱਥੇ ਬਿਹਤਰੀਨ ਕੋਚਿੰਗ ਦੀਆਂ ਸਹੂਲਤਾਂ ਘੱਟ ਹਨ। ਅਜਿਹੇ ਯਤਨਾਂ ਨਾਲ ਕਈ ਖਿਡਾਰੀ ਭਾਰਤ ਦੇ ਜੂਨੀਅਰ ਅਤੇ ਸੀਨੀਅਰ ਪੱਧਰ ’ਤੇ ਆਪਣੀ ਥਾਂ ਬਣਾ ਰਹੇ ਹਨ। ਰਜਿੰਦਰ ਸਿੰਘ ਜੀ ਦੇ ਇਸ ਸਮਰਪਣ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ, ਉਹ ਘੱਟ ਹੈ।

ਮੇਰੇ ਪਿਆਰੇ ਦੇਸ਼ਵਾਸੀਓ,

ਆਂਵਲਾ ਸਾਡੇ ਸਾਰਿਆਂ ਲਈ ਬਹੁਤ ਜਾਣਿਆ-ਪਛਾਣਿਆ ਹੈ। ਜ਼ਿਆਦਾਤਰ ਘਰਾਂ ਵਿੱਚ ਇਸ ਤੋਂ ਬਣੇ ਅਚਾਰ ਅਤੇ ਮੁਰੱਬੇ ਦੀ ਵਰਤੋਂ ਹੁੰਦੀ ਹੈ। ਬਹੁਤ ਸਾਰੇ ਲੋਕ ਆਂਵਲੇ ਦਾ ਰਸ ਪਸੰਦ ਕਰਦੇ ਹਨ ਅਤੇ ਸਰਦੀਆਂ ਵਿੱਚ ਚਵਨਪ੍ਰਾਸ਼ ਸਾਡੀ ਰੋਜ਼ਮਰ੍ਹਾ ਦਾ ਇੱਕ ਅਹਿਮ ਹਿੱਸਾ ਬਣ ਜਾਂਦਾ ਹੈ। ਸਾਡੇ ਵੱਡੇ-ਵਡੇਰੇ ਤਾਂ ਪੀੜ੍ਹੀਆਂ ਤੋਂ ਆਂਵਲੇ ਦੇ ਗੁਣਾਂ ਬਾਰੇ ਦੱਸਦੇ ਆਏ ਹਨ।

ਸਾਥੀਓ,

ਇਹੀ ਆਂਵਲਾ ਅੱਜ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਵਿੱਚ ਨਵੀਆਂ ਸੰਭਾਵਨਾਵਾਂ ਦਾ ਮਾਧਿਅਮ ਬਣ ਰਿਹਾ ਹੈ। ਪ੍ਰਤਾਪਗੜ੍ਹ ਅਤੇ ਆਂਵਲੇ ਦਾ ਰਿਸ਼ਤਾ ਬਹੁਤ ਪੁਰਾਣਾ ਹੈ। ਪੀੜ੍ਹੀਆਂ ਤੋਂ ਇੱਥੋਂ ਦੇ ਕਿਸਾਨ ਆਂਵਲੇ ਦੀ ਖੇਤੀ ਕਰ ਰਹੇ ਹਨ। ਆਂਵਲੇ ਨੇ ਪ੍ਰਤਾਪਗੜ੍ਹ ਨੂੰ ਇੱਕ ਮਜ਼ਬੂਤ ਪਛਾਣ ਦਿੱਤੀ ਹੈ ਅਤੇ ਹੁਣ ਇਹੀ ਪੁਰਾਣੀ ਪਛਾਣ ਇੱਥੋਂ ਦੇ ਕਿਸਾਨਾਂ ਅਤੇ ਮਹਿਲਾਵਾਂ ਲਈ ਨਵੇਂ ਮੌਕੇ ਲੈ ਕੇ ਆ ਰਹੀ ਹੈ। ‘ਵਨ ਡਿਸਟ੍ਰਿਕਟ ਵਨ ਪ੍ਰੋਡਕਟ’ ਯਾਨੀ ਓਡੀਓਪੀ ਦੇ ਮਾਧਿਅਮ ਰਾਹੀਂ ਇੱਥੇ ਆਂਵਲੇ ਨਾਲ ਜੁੜੇ ਸਥਾਨਕ ਉੱਦਮਾਂ ਨੂੰ ਉਤਸ਼ਾਹ ਮਿਲਿਆ ਹੈ। ਅੱਜ ਪ੍ਰਤਾਪਗੜ੍ਹ ਵਿੱਚ ਆਂਵਲਾ ਪ੍ਰੋਸੈਸਿੰਗ ਨਾਲ ਜੁੜੀਆਂ ਲਗਭਗ 100 ਇਕਾਈਆਂ ਕੰਮ ਕਰ ਰਹੀਆਂ ਹਨ ਅਤੇ ਇਸ ਵਿੱਚ ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ਮਹਿਲਾਵਾਂ ਵੀ ਵੱਡੀ ਭੂਮਿਕਾ ਨਿਭਾ ਰਹੀਆਂ ਹਨ। ਅਜਿਹਾ ਹੀ ਇੱਕ ਸਮੂਹ ਹੈ—ਦੇਵਗੜ੍ਹ ਕਮਾਸੀ ਪਿੰਡ ਦਾ। ਸਾਵਿਤ੍ਰੀ ਫੂਲੇ ਸਵੈ-ਸਹਾਇਤਾ ਸਮੂਹ ਨਾਲ ਜੁੜੀਆਂ ਮਹਿਲਾਵਾਂ ਆਂਵਲੇ ਤੋਂ ਕੈਂਡੀ, ਮੁਰੱਬਾ ਅਤੇ ਜੂਸ ਬਣਾ ਰਹੀਆਂ ਹਨ। ਓਡੀਓਪੀ ਦੇ ਤਹਿਤ ਨਵੇਂ ਬਾਜ਼ਾਰਾਂ ਤੱਕ ਪਹੁੰਚ ਵਧਣ ਨਾਲ ਉਨ੍ਹਾਂ ਦੀ ਆਮਦਨ ਵਿੱਚ ਵੀ ਵਾਧਾ ਹੋਇਆ ਹੈ। ਇਸੇ ਤਰ੍ਹਾਂ ਇੱਕ ਪਿੰਡ ਵਿੱਚ ਵਿੰਧਿਆਵਾਸਿਨੀ ਸਵੈ-ਸਹਾਇਤਾ ਸਮੂਹ ਹੈ। ਇਸ ਸਮੂਹ ਦੀਆਂ ਮਹਿਲਾਵਾਂ ਆਂਵਲੇ ਦਾ ਅਚਾਰ, ਪਾਚਨ ਪਾਊਡਰ ਅਤੇ ਅਜਿਹੀਆਂ ਕਈ ਚੀਜ਼ਾਂ ਤਿਆਰ ਕਰ ਰਹੀਆਂ ਹਨ। ਇਨ੍ਹਾਂ ਮਹਿਲਾਵਾਂ ਨੂੰ ਪ੍ਰੋਸੈਸਿੰਗ ਲਈ ਮਸ਼ੀਨਰੀ ਮਿਲੀ, ਕਰਜ਼ੇ ਦੀ ਸਹੂਲਤ ਮਿਲੀ। ਸਥਾਨਕ ਵਪਾਰ ਮੇਲੇ ਨਾਲ ਜੁੜਨ ਦਾ ਮੌਕਾ ਵੀ ਮਿਲਿਆ ਅਤੇ ਦੇਖਦੇ ਹੀ ਦੇਖਦੇ ਉਨ੍ਹਾਂ ਦੀ ਆਮਦਨ ਕਾਫ਼ੀ ਵਧ ਗਈ।

ਸਾਥੀਓ,

ਸਾਡੇ ਦੇਸ਼ ਦੇ ਹਰ ਖੇਤਰ ਵਿੱਚ ਅਜਿਹੀ ਕੋਈ ਨਾ ਕੋਈ ਵਿਸ਼ੇਸ਼ਤਾ ਜ਼ਰੂਰ ਹੈ। ਕਿਤੇ ਕੋਈ ਖ਼ਾਸ ਫ਼ਲ ਹੈ, ਕਿਤੇ ਕੋਈ ਰਵਾਇਤੀ ਕਲਾ ਹੈ, ਤਾਂ ਕਿਤੇ ਕੋਈ ਅਨੋਖਾ ਹੁਨਰ ਹੈ। ‘ਵਨ ਡਿਸਟ੍ਰਿਕਟ ਵਨ ਪ੍ਰੋਡਕਟ’ ਇਨ੍ਹਾਂ ਹੀ ਵਿਸ਼ੇਸ਼ਤਾਵਾਂ ਨੂੰ ਅੱਗੇ ਵਧਾਉਣ ਦਾ ਅਭਿਆਨ ਹੈ। ਸਾਡਾ ਯਤਨ ਇਹੀ ਹੋਣਾ ਚਾਹੀਦਾ ਹੈ ਕਿ ਸਾਡੇ ਪਿੰਡਾਂ ਅਤੇ ਛੋਟੇ ਸ਼ਹਿਰਾਂ ਦੀ ਇਹ ਪਛਾਣ ਸਿਰਫ਼ ਸਥਾਨਕ ਬਾਜ਼ਾਰ ਤੱਕ ਸੀਮਤ ਨਾ ਰਹੇ। ਇਹ ਦੇਸ਼ ਦੇ ਹੋਰ ਹਿੱਸਿਆਂ ਤੱਕ ਪਹੁੰਚੇ ਅਤੇ ਦੁਨੀਆ ਦੇ ਬਾਜ਼ਾਰਾਂ ਤੱਕ ਵੀ ਪਹੁੰਚੇ। ਇਸ ਨਾਲ ‘ਵੋਕਲ ਫ਼ਾਰ ਲੋਕਲ’ ਅਭਿਆਨ ਨੂੰ ਵੀ ਬਲ ਮਿਲਦਾ ਹੈ। ਇਹ ਦੇਸ਼ ਨੂੰ ਆਤਮਨਿਰਭਰ ਬਣਾਉਣ ਦੀ ਵੀ ਪ੍ਰੇਰਣਾ ਦਿੰਦਾ ਹੈ। ਆਉਣ ਵਾਲੇ ਤਿਉਹਾਰਾਂ ਵਿੱਚ ਵੀ ਸਾਨੂੰ ‘ਵੋਕਲ ਫ਼ਾਰ ਲੋਕਲ’ ਵਾਲੇ ਮੰਤਰ ਨੂੰ ਕਦੇ ਵੀ ਭੁੱਲਣਾ ਨਹੀਂ ਹੈ।

ਮੇਰੇ ਪਿਆਰੇ ਦੇਸ਼ਵਾਸੀਓ,

ਸਤੰਬਰ ਦਾ ਇਹ ਮਹੀਨਾ ਕੁਪੋਸ਼ਣ ਦੇ ਖ਼ਿਲਾਫ਼ ਲੜਾਈ ਨੂੰ ਸਮਰਪਿਤ ਹੈ। ਪੋਸ਼ਣ ਮਾਹ ਵਿੱਚ ਵੱਖ-ਵੱਖ ਖੇਤਰਾਂ ਨਾਲ ਜੁੜੇ ਲੋਕ ਅਤੇ ਸੰਸਥਾਵਾਂ ਇਸ ਨੇਕ ਕਾਰਜ ਲਈ ਇੱਕਜੁੱਟ ਹੁੰਦੀਆਂ ਹਨ। ਕੁਪੋਸ਼ਣ ਦਾ ਮੁਕਾਬਲਾ ਕਰਨ ਲਈ ਇਸ ਸਾਲ ਕਈ ਸ਼ਲਾਘਾਯੋਗ ਪਹਿਲਕਦਮੀਆਂ ਕੀਤੀਆਂ ਗਈਆਂ ਹਨ। ਛੱਤੀਸਗੜ੍ਹ ਨੇ ‘ਹਰ ਘਰ ਮੁਨਗਾ-ਘਰ-ਘਰ ਮੁਨਗਾ’ ਇਹ ਅਭਿਆਨ ਸ਼ੁਰੂ ਕੀਤਾ ਹੈ। ਇਸ ਵਿੱਚ ਲੋਕਾਂ ਨੂੰ ਪੌਸ਼ਟਿਕ ਮੁਨਗਾ ਯਾਨੀ ਮੋਰਿੰਗਾ ਨੂੰ ਆਪਣੇ ਖਾਣ-ਪੀਣ ਵਿੱਚ ਸ਼ਾਮਲ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਗੁਜਰਾਤ ਨੇ ਵੀ ‘ਵਾਂਗੀ ਮੁਕਾਬਲੇ’ ਯਾਨੀ ਬਾਜਰੇ ਤੋਂ ਬਣੇ ਪਕਵਾਨਾਂ ਦੀ ਪ੍ਰਤੀਯੋਗਤਾ ਸ਼ੁਰੂ ਕੀਤੀ ਹੈ। ਇਸ ਪਹਿਲਕਦਮੀ ਰਾਹੀਂ ਸਸਤੇ ਅਤੇ ਪੌਸ਼ਟਿਕ ਸਥਾਨਕ ਖਾਣ-ਪੀਣ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਹੁਣ ਤੱਕ ਦੋ ਲੱਖ ਤੋਂ ਵੱਧ ਲੋਕ ਇਸ ਪ੍ਰਤੀਯੋਗਤਾ ਵਿੱਚ ਹਿੱਸਾ ਲੈ ਚੁੱਕੇ ਹਨ। ਮਹਾਰਾਸ਼ਟਰ ਵੀ ਇਸ ਦਿਸ਼ਾ ਵਿੱਚ ਸ਼ਲਾਘਾਯੋਗ ਯਤਨ ਕਰ ਰਿਹਾ ਹੈ। ਉੱਥੇ ਅਧਿਆਪਕ, ਆਂਗਣਵਾੜੀ ਕਾਰਕੁੰਨ ਅਤੇ ਬੱਚਿਆਂ ਦੇ ਮਾਤਾ-ਪਿਤਾ ਜਾਗਰੂਕਤਾ ਅਭਿਆਨ ਨਾਲ ਜੁੜ ਰਹੇ ਹਨ। ਮਿਜ਼ੋਰਮ ਵਿੱਚ ਵੀ ਇਸ ਸਾਲ ਲੋਕਾਂ ਨੇ ਮਿਲ ਕੇ ਪੋਸ਼ਣ ਵਾਟਿਕਾਵਾਂ ਦੀ ਦੇਖਭਾਲ ਲਈ ਇੱਕ ਅਭਿਆਨ ਸ਼ੁਰੂ ਕੀਤਾ ਹੈ। ਇਹ ਮਿਜ਼ੋ ਸਮਾਜ ਦੀ ‘ਤਲੋ-ਮੜ-ਯਨਾ’ ਦੀ ਪਰੰਪਰਾ ਦੇ ਅਨੁਸਾਰ ਹੈ। ਇਸ ਦਾ ਅਰਥ ਹੈ ‘ਨਿਸ਼ਕਾਮ ਸੇਵਾ ਅਤੇ ਦੂਜਿਆਂ ਦੀ ਮਦਦ ਵਿੱਚ ਹਮੇਸ਼ਾ ਅੱਗੇ ਰਹਿਣਾ’। ਅਜਿਹੇ ਯਤਨ ਬੇਹੱਦ ਸ਼ਲਾਘਾਯੋਗ ਹਨ। ਮੈਨੂੰ ਆਂਗਣਵਾੜੀ ਕੇਂਦਰਾਂ ਨਾਲ ਜੁੜੇ ਉਨ੍ਹਾਂ ਸਾਰੇ ਲੋਕਾਂ ’ਤੇ ਵੀ ਮਾਣ ਹੈ ਜੋ ਇਸ ਤਰ੍ਹਾਂ ਦੀ ਪਹਿਲਕਦਮੀ ਦਾ ਹਿੱਸਾ ਰਹੇ ਹਨ। ਇਹ ਆਂਗਣਵਾੜੀ ਕੇਂਦਰ ਹੁਣ ‘ਪੋਸ਼ਣ ਟ੍ਰੈਕਰ’ ਨਾਲ ਡਿਜੀਟਲ ਤੌਰ ’ਤੇ ਜੁੜ ਗਏ ਹਨ। ਲਗਭਗ 9 ਕਰੋੜ ਲਾਭਪਾਤਰੀ ਇਸ ਵਿੱਚ ਰਜਿਸਟਰਡ ਹੋ ਚੁੱਕੇ ਹਨ। ਇਸ ਨਾਲ ਬੱਚਿਆਂ, ਗਰਭਵਤੀ ਮਹਿਲਾਵਾਂ ਅਤੇ ਦੁੱਧ ਪਿਆਉਣ ਵਾਲੀਆਂ ਮਾਵਾਂ ਦੀ ਬਿਹਤਰ ਦੇਖਭਾਲ ਸੰਭਵ ਹੋਈ ਹੈ। ਸਾਨੂੰ ਕੁਪੋਸ਼ਣ ਦੇ ਖ਼ਿਲਾਫ਼ ਇਸ ਲੜਾਈ ਨੂੰ ਇਸੇ ਤਰ੍ਹਾਂ ਅੱਗੇ ਲੈ ਕੇ ਜਾਣਾ ਹੈ। ਸਾਨੂੰ ਆਪਣੇ ਸਮਾਜ ਨੂੰ ਕੁਪੋਸ਼ਣ ਤੋਂ ਪੂਰੀ ਤਰ੍ਹਾਂ ਮੁਕਤ ਕਰਨਾ ਹੈ।

ਸਾਥੀਓ,

ਅਸੀਂ ਸਾਰਿਆਂ ਨੇ ਇਸ ਮਹੀਨੇ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਗਣੇਸ਼ ਉਤਸਵ ਮਨਾਇਆ ਹੈ। ਦੇਸ਼ ਭਰ ਵਿੱਚ ਪੂਰੇ ਭਗਤੀ-ਭਾਵ ਨਾਲ ਗਣਪਤੀ ਬੱਪਾ ਦਾ ਸਵਾਗਤ ਕੀਤਾ ਗਿਆ। ਇਹ ਪਾਵਨ ਮੌਕਾ ਪੂਰੇ ਵਾਤਾਵਰਣ ਨੂੰ ਉਤਸ਼ਾਹ ਅਤੇ ਜੋਸ਼ ਨਾਲ ਭਰ ਦਿੰਦਾ ਹੈ।

ਸਾਥੀਓ,

ਵਿਘਨਹਰਤਾ ਭਗਵਾਨ ਸ੍ਰੀ ਗਣੇਸ਼ ਗਿਆਨ, ਬੁੱਧੀ ਅਤੇ ਸ਼ੁਭ ਕਾਰਜਾਂ ਦੇ ਆਰੰਭ ਦੇ ਪ੍ਰਤੀਕ ਹਨ। ਉਨ੍ਹਾਂ ਪ੍ਰਤੀ ਡੂੰਘੀ ਸ਼ਰਧਾ ਸਿਰਫ਼ ਭਾਰਤ ਵਿੱਚ ਹੀ ਨਹੀਂ ਹੈ। ਜਿਵੇਂ ਸ਼੍ਰੀਮਾਨ ਪੰਥੌਨ ਥੀਰਖਾਨੋਨ ਜੀ, ਉਨ੍ਹਾਂ ਦੀ ਹੀ ਗੱਲ ਲੈ ਲਓ। ਉਹ ਵੈਸੇ ਤਾਂ ਥਾਈਲੈਂਡ ਦੇ ਹਨ। ਇੱਥੇ ਭਗਵਾਨ ਸ੍ਰੀ ਗਣੇਸ਼ ਦੀ ਪੂਜਾ ‘ਫ਼ਰਾ ਫ਼ਿਕਾਨੇਤ’ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਅਤੇ ਜਦੋਂ ਉਹ 19 ਸਾਲ ਦੇ ਸਨ, ਤਦ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਭਗਵਾਨ ਸ੍ਰੀ ਗਣੇਸ਼ ਦੀ ਇੱਕ ਤਸਵੀਰ ਭੇਂਟ ਕੀਤੀ ਸੀ। ਇੱਥੋਂ ਹੀ ਉਨ੍ਹਾਂ ਵਿੱਚ ਅਦਭੁਤ ਭਗਤੀ ਜਾਗ੍ਰਿਤ ਹੋਈ। ਉਹ ਭਗਵਾਨ ਸ੍ਰੀ ਗਣੇਸ਼ ਨਾਲ ਜੁੜੀਆਂ ਪਰੰਪਰਾਵਾਂ ਦੇ ਅਧਿਐਨ ਵਿੱਚ ਚਾਰ ਦਹਾਕਿਆਂ ਤੋਂ ਵੀ ਵੱਧ ਸਮਾਂ ਬਿਤਾ ਚੁੱਕੇ ਹਨ। ਉਨ੍ਹਾਂ ਨੇ ਭਾਰਤ ਅਤੇ ਨੇਪਾਲ ਸਮੇਤ ਏਸ਼ੀਆ ਦੇ ਕਈ ਦੇਸ਼ਾਂ ਦੀ ਯਾਤਰਾ ਕੀਤੀ ਹੈ। ਮਹਾਰਾਸ਼ਟਰ ਨਾਲ ਉਨ੍ਹਾਂ ਦਾ ਵਿਸ਼ੇਸ਼ ਲਗਾਅ ਰਿਹਾ ਹੈ। ਅਸ਼ਟਵਿਨਾਇਕ ਪਰੰਪਰਾ ਬਾਰੇ ਜਾਣਨ ਤੋਂ ਬਾਅਦ ਉਹ ਕਈ ਵਾਰ ਇੱਥੇ ਆ ਚੁੱਕੇ ਹਨ। ਉਨ੍ਹਾਂ ਦੇ ਯਤਨਾਂ ਨਾਲ ਥਾਈਲੈਂਡ ਦੇ ਸ਼ਰਧਾਲੂਆਂ ਵਿੱਚ ਵੀ ਅਸ਼ਟਵਿਨਾਇਕ ਯਾਤਰਾ ਹਰਮਨਪਿਆਰੀ ਹੋ ਚੁੱਕੀ ਹੈ। ਸਾਲ 2002 ਵਿੱਚ ਉਨ੍ਹਾਂ ਨੇ ਉੱਤਰੀ ਥਾਈਲੈਂਡ ਦੇ ਚਿਆਂਗ ਮਾਈ ਵਿੱਚ ਗਣੇਸ਼ ਹਿਮਾਲ ਮਿਊਜ਼ੀਅਮ ਦੀ ਸਥਾਪਨਾ ਕੀਤੀ। ਅੱਜ ਇਸ ਵਿੱਚ 10 ਹਜ਼ਾਰ ਤੋਂ ਵੱਧ ਗਣੇਸ਼ ਦੀਆਂ ਮੂਰਤੀਆਂ ਹਨ। ਅਜਾਇਬਘਰ ਵਿੱਚ ਉਨ੍ਹਾਂ ਭਗਤਾਂ ਲਈ ਅਸ਼ਟਵਿਨਾਇਕ ਦੀਆਂ ਮੂਰਤੀਆਂ ਵੀ ਮੌਜੂਦ ਹਨ, ਜੋ ਭਾਰਤ ਨਹੀਂ ਆ ਸਕਦੇ। ਇੱਥੇ ਹਰ ਐਤਵਾਰ ਸਵੇਰੇ ਲਗਭਗ 10 ਵਜੇ ਗਣੇਸ਼ ਜੀ ਦੀ ਪੂਜਾ-ਅਰਚਨਾ ਕੀਤੀ ਜਾਂਦੀ ਹੈ। ਗਣਪਤੀ ਨਾਲ ਜੁੜੇ ਵਿਸ਼ੇਸ਼ ਮੌਕਿਆਂ ’ਤੇ ਵੀ ਅਨੁਸ਼ਠਾਨ ਹੁੰਦੇ ਹਨ। ਇਹ ਦੱਸਦਾ ਹੈ ਕਿ ਭਾਰਤ ਦੀ ਆਸਥਾ, ਕਲਾ ਅਤੇ ਸੱਭਿਆਚਾਰਕ ਪਰੰਪਰਾਵਾਂ ਦੂਜੇ ਦੇਸ਼ਾਂ ਵਿੱਚ ਵੀ ਕਿਵੇਂ ਹਰਮਨਪਿਆਰੀਆਂ ਹੋ ਰਹੀਆਂ ਹਨ। ਮੇਰੀ ਕਾਮਨਾ ਹੈ, ਗਣਪਤੀ ਬੱਪਾ ਦਾ ਆਸ਼ੀਰਵਾਦ ਸਾਰਿਆਂ ’ਤੇ ਹਮੇਸ਼ਾ ਬਣਿਆ ਰਹੇ।

ਸਾਥੀਓ,

‘ਮਨ ਕੀ ਬਾਤ’ ਦੇ ਹਰ ਐਪੀਸੋਡ ਤੋਂ ਬਾਅਦ ਮੈਨੂੰ ਅਨੇਕ ਵਿਸ਼ਿਆਂ ’ਤੇ ਤੁਹਾਡੇ ਸੁਨੇਹੇ ਮਿਲਦੇ ਰਹਿੰਦੇ ਹਨ। ਤੁਸੀਂ ਇਸੇ ਤਰ੍ਹਾਂ ਪ੍ਰੇਰਣਾ ਨਾਲ ਭਰੀਆਂ ਗਾਥਾਵਾਂ ਭੇਜਦੇ ਰਹੋ। ਜਦੋਂ ਤੁਸੀਂ ਆਪਣੇ ਆਲੇ-ਦੁਆਲੇ ਹੋ ਰਹੇ ਅਜਿਹੇ ਯਤਨਾਂ ਦੀ ਸ਼ਲਾਘਾ ਕਰਦੇ ਹੋ, ਤਾਂ ਉਨ੍ਹਾਂ ਦਾ ਉਤਸ਼ਾਹ ਹੋਰ ਵਧ ਜਾਂਦਾ ਹੈ। ‘ਮਨ ਕੀ ਬਾਤ’ ਦੇ ਮਾਧਿਅਮ ਰਾਹੀਂ ਉਨ੍ਹਾਂ ਬਾਰੇ ਜਾਣ ਕੇ ਦੇਸ਼ ਦੇ ਦੂਜੇ ਹਿੱਸਿਆਂ ਦੇ ਲੋਕ ਵੀ ਪ੍ਰੇਰਿਤ ਹੁੰਦੇ ਹਨ। ਇਹ ਯਾਤਰਾ ਇਸੇ ਤਰ੍ਹਾਂ ਤੁਹਾਡੇ ਸਹਿਯੋਗ ਨਾਲ ਨਿਰੰਤਰ ਅੱਗੇ ਵਧਦੀ ਰਹੇ। ਆਉਣ ਵਾਲੇ ਤਿਉਹਾਰਾਂ ਨੂੰ ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨਾਲ ਪੂਰੇ ਆਨੰਦ ਅਤੇ ਉਤਸ਼ਾਹ ਨਾਲ ਮਨਾਓ। ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਸ਼ੁਭਕਾਮਨਾਵਾਂ ਦਿੰਦਾ ਹਾਂ।

ਬਹੁਤ-ਬਹੁਤ ਧੰਨਵਾਦ।

ਨਮਸਕਾਰ।

**** 

ਐੱਮਜੇਪੀਐੱਸ/ਐੱਸਐੱਸ/ਐੱਸਟੀ/ਵੀਕੇ


(Release ID: 2315551) ਵਿਜ਼ੀਟਰ ਕਾਊਂਟਰ : 5