ਸਹਿਕਾਰਤਾ ਮੰਤਰਾਲਾ
azadi ka amrit mahotsav

ਨੈਸ਼ਨਲ ਕੋਆਪ੍ਰੇਟਿਵ ਟ੍ਰੇਨਿੰਗ ਫ੍ਰੇਮਵਰਕ (NCTF) 2026 ‘ਤੇ ਰਾਸ਼ਟਰੀ ਪੱਧਰ ਦੀ ਏਜੰਡਾ –ਨਿਰਧਾਰਣ ਮਸ਼ਵਰਾ ਮੀਟਿੰਗ ਨਵੀਂ ਦਿੱਲੀ ਵਿਖੇ ਆਯੋਜਿਤ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ‘ਸਹਿਕਾਰ ਸੇ ਸਮ੍ਰਿੱਧੀ’ ਦੇ ਵਿਜ਼ਨ ਦੇ ਅਨੁਸਾਰ NCTF 2026 ਸਹਿਕਾਰੀ ਖੇਤਰ ਦੇ ਹਿਊਮਨ-ਰਿਸੋਰਸ ਈਕੋਸਿਸਟਮ ਨੂੰ ਮਜ਼ਬੂਤ ਕਰੇਗਾ

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਅਗਵਾਈ ਵਿੱਚ ਪੇਸ਼ੇਵਰ, ਕੁਸ਼ਲ ਅਤੇ ਭਵਿੱਖ ਲਈ ਤਿਆਰ ਸਹਿਕਾਰੀ ਸੰਸਥਾਵਾਂ ਦੇ ਨਿਰਮਾਣ ‘ਤੇ ਦਿੱਤਾ ਜਾ ਰਿਹਾ ਹੈ ਜ਼ੋਰ

ਮਸ਼ਵਰਾ ਮੀਟਿੰਗ ਵਿੱਚ ਸਹਿਕਾਰੀ ਸਿਖਲਾਈ ਅਤੇ ਕੌਸ਼ਲ ਵਿਕਾਸ ਲਈ ਇੱਕ ਯੋਜਨਾਬੱਧ, ਗੁਣਵੱਤਾ- ਸੁਨਿਸ਼ਚਿਤ, ਪਹੁੰਚਯੋਗ ਅਤੇ ਨਤੀਜਾਮੁਖੀ ਰਾਸ਼ਟਰੀ ਢਾਂਚਾ ਵਿਕਸਿਤ ਕਰਨ ਦੀ ਵਿਆਪਕ ਦਿਸ਼ਾ ਨਿਰਧਾਰਿਤ ਕੀਤੀ ਗਈ

ਸਹਿਕਾਰੀ ਸਿਖਲਾਈ ਦਾ ਧਿਆਨ ਸਿਰਫ਼ ਸਿਖਲਾਈ ਪ੍ਰੋਗਰਾਮਾਂ ਦੀ ਗਿਣਤੀ ਵਧਾਉਣ ਵੱਲ ਨਹੀਂ, ਸਗੋਂ ਗੁਣਵੱਤਾ ਨਤੀਜੀਆਂ ‘ਤੇ ਹੋਣਾ ਚਾਹੀਦਾ ਹੈ: ਸ਼੍ਰੀ ਕ੍ਰਿਸ਼ਣ ਪਾਲ ਗੁਰਜਰ

NCTF ਦਾ ਉਦੇਸ਼ ਸਹਿਕਾਰੀ ਸਿਖਲਾਈ ਅਤੇ ਸਮਰੱਥਾ ਨਿਰਮਾਣ ਸੰਸਥਾਵਾਂ ਦੇ ਦਰਮਿਆਨ ਤਾਲਮੇਲ, ਗੁਣਵੱਤਾ, ਪ੍ਰਾਸੰਗਿਕਤਾ, ਪਹੁੰਚ ਅਤੇ ਨਿਰੰਤਰਤਾ ਨੂੰ ਹੁਲਾਰਾ ਦੇਣਾ ਹੈ

ਰਾਸ਼ਟਰੀ ਪੱਧਰ ਦੀ ਮਸ਼ਵਰਾ ਮੀਟਿੰਗ ਤੋਂ ਬਾਅਦ ਉੱਤਰ, ਦੱਖਣ, ਪੂਰਬ, ਪੱਛਮ ਅਤੇ ਉੱਤਰ ਪੂਰਬ ਭਾਰਤ ਨੂੰ ਕਵਰ ਕਰਦੇ ਹੋਏ ਪੰਜ ਖੇਤਰੀ ਪੱਧਰ ਦੀਆਂ ਮਸ਼ਵਰਾ ਮੀਟਿੰਗਾਂ ਆਯੋਜਿਤ ਕੀਤੀਆਂ ਜਾਣਗੀਆਂ


Posted On: 25 SEP 2026 6:44PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ‘ਸਹਿਕਾਰ ਸੇ ਸਮ੍ਰਿੱਧੀ’ ਦੇ ਵਿਜ਼ਨ ਨੂੰ ਅੱਗੇ ਵਧਾਉਂਦੇ ਹੋਏ ਅਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਅਗਵਾਈ ਵਿੱਚ ਸਹਿਕਾਰੀ ਖੇਤਰ ਨੂੰ ਮਜ਼ਬੂਤ, ਆਧੁਨਿਕ ਅਤੇ ਪੇਸ਼ੇਵਰ ਬਣਾਉਣ ਅਤੇ ਪੂਰੀ ਸਹਿਕਾਰੀ ਪ੍ਰਣਾਲੀ ਨੂੰ ਮਜ਼ਬੂਤ ਸੰਸਥਾਗਤ ਸਮਰੱਥਾਵਾਂ ਦਾ ਨਿਰਮਾਣ ਕਰਨ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਸਹਿਕਾਰੀ ਖੇਤਰ ਦੇ ਕਰਮਚਾਰੀਆਂ ਅਤੇ ਹਿਤਧਾਰਕਾਂ ਦੀ ਸਿਖਲਾਈ, ਕੌਸ਼ਲ ਵਿਕਾਸ ਅਤੇ ਸਮਰੱਥਾ ਨਿਰਮਾਣ ਨੂੰ ਮਜ਼ਬੂਤ ਕਰਨਾ ਇਸ ਯਤਨ ਦਾ ਇੱਕ ਅਹਿਮ ਹਿੱਸਾ ਹੈ।

ਇਸੇ ਦਿਸ਼ਾ ਵਿੱਚ, ਨੈਸ਼ਨਲ ਕੋਆਪ੍ਰੇਟਿਵ ਟ੍ਰੇਨਿੰਗ ਫ੍ਰੇਮਵਰਕ (NCTF) 2026 ‘ਤੇ ਰਾਸ਼ਟਰੀ ਪੱਧਰੀ ਏਜੰਡਾ ਨਿਰਧਾਰਣ ਮਸ਼ਵਰਾ ਮੀਟਿੰਗ ਦਾ ਆਯੋਜਨ “ਤ੍ਰਿਭੁਵਨ” ਸਹਿਕਾਰੀ ਯੂਨੀਵਰਸਿਟੀ (TSU) ਦੁਆਰਾ ਭਾਰਤ ਸਰਕਾਰ ਦੇ ਸਹਿਕਾਰਾਤ ਮੰਤਰਾਲੇ ਦੇ ਸਹਿਯੋਗ ਨਾਲ 24 ਸਤੰਬਰ 2026 ਨੂੰ ਅਟਲ ਅਕਸ਼ੈ ਊਰਜਾ ਭਵਨ, ਨਵੀਂ ਦਿੱਲੀ ਵਿਖੇ ਕੀਤਾ ਗਿਆ।

ਮਸ਼ਵਰਾ ਮੀਟਿੰਗ ਦਾ ਉਦਘਾਟਨ ਸਹਿਕਾਰਤਾ ਰਾਜ ਮੰਤਰੀ ਸ਼੍ਰੀ ਕ੍ਰਿਸ਼ਣ ਪਾਲ ਗੁਰਜਰ ਨੇ ਕੀਤਾ। ਇਸ ਵਿੱਚ ਸਹਿਕਾਰਤਾ ਮੰਤਰਾਲੇ ਅਤੇ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਤੀਨਿਧੀਆਂ, ਰਾਸ਼ਟਰੀ ਪੱਧਰ ਦੀਆਂ ਕੋਆਪ੍ਰੇਟਿਵ ਫੈੱਡਰੇਸ਼ਨਾਂ, ਰਾਜ ਕੋਆਪ੍ਰੇਟਿਵ ਯੂਨੀਅਨਾਂ, ਸਹਿਕਾਰੀ ਸਿਖਲਾਈ ਸੰਸਥਾਨਾਂ, ਖੇਤਰੀ ਵਿਕਾਸ ਸੰਗਠਨਾਂ, ਯੂਨੀਵਰਸਿਟੀਆਂ ਅਤੇ ਸਹਿਕਾਰੀ ਖੇਤਰ ਵਿੱਚ ਸਿਖਲਾਈ, ਕੌਸ਼ਲ ਵਿਕਾਸ ਅਤੇ ਸਮਰੱਥਾ ਨਿਰਮਾਣ ਨਾਲ ਜੁੜੀਆਂ ਹੋਰ ਸੰਸਥਾਵਾਂ ਨੇ ਹਿੱਸਾ ਲਿਆ। 

ਮਸ਼ਵਰਾ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਕ੍ਰਿਸ਼ਣ ਪਾਲ ਗੁਰਜਰ ਨੇ ਜ਼ੋਰ ਦੇ ਕੇ ਕਿਹਾ ਕਿ ਸਹਿਕਾਰੀ ਸਿਖਲਾਈ ਦਾ ਧਿਆਨ ਸਿਰਫ਼ ਸਿਖਲਾਈ ਪ੍ਰੋਗਰਾਮਾਂ ਦੀ ਗਿਣਤੀ ਵਧਾਉਣ ‘ਤੇ ਨਹੀਂ, ਸਗੋਂ ਗੁਣਵੱਤਾ ਅਤੇ ਨਤੀਜਿਆਂ ‘ਤੇ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਜ਼ਰੂਰਤ ਨੂੰ ਰੇਖਾਂਕਿਤ ਕੀਤਾ ਕਿ ਸਿਖਲਾਈ ਸੰਬਧੀ ਦਖਲਅੰਦਾਜ਼ੀਆਂ ਨਾਲ ਸੰਸਥਾਗਤ ਸਮਰੱਥਾਵਾਂ ਵਧੇਰੇ ਮਜ਼ਬੂਤ ਹੋਣ, ਪੇਸ਼ੇਵਰ ਕੁਸ਼ਲਤਾਵਾਂ ਵਿੱਚ ਸੁਧਾਰ ਹੋਵੇ ਅਤੇ ਸਹਿਕਾਰੀ ਸੰਸਥਾਵਾਂ ਅਤੇ ਉਨ੍ਹਾਂ ਦੇ ਮੈਂਬਰਾਂ ਲਈ ਬਿਹਤਰ ਨਤੀਜੇ ਯਕੀਨੀ ਹੋਣ।

ਇਸ ਮੌਕੇ ‘ਤੇ ‘ਤ੍ਰਿਭੁਵਨ’ ਕੋਆਪ੍ਰੇਟਿਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਐੱਸਪੀ ਸਿੰਘ ਨੇ ‘ਸਹਿਕਾਰ ਸੇ ਸਮ੍ਰਿੱਧੀ’ ਦੇ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਨੈਸ਼ਨਲ ਕੋਆਪ੍ਰੇਟਿਵ ਟ੍ਰੇਨਿੰਗ ਫ੍ਰੇਮਵਰਕ ਦੇ ਇੱਕ ਮਹੱਤਵਪੂਰਨ ਸਹਾਇਕ ਵਜੋਂ ਮਹੱਤਵ ਨੂੰ ਉਜਾਗਰ ਕੀਤਾ।

ਉਨ੍ਹਾਂ ਨੇ ਸਹਿਕਾਰੀ ਸਿਖਲਾਈ ਅਤੇ ਸਮਰੱਥਾ ਨਿਰਮਾਣ ਨਾਲ ਜੁੜੀਆਂ ਸੰਸਥਾਵਾਂ ਦੀਆਂ ਸਮਰੱਥਾਵਾਂ ਨੂੰ ਇੱਕ ਸਾਂਝਾ ਅਤੇ ਭਵਿੱਖ ਦੀਆਂ ਜ਼ਰੂਰਤਾਂ ਦੇ ਅਨੁਸਾਰ ਢਾਂਚੇ ਰਾਹੀਂ ਇਕੱਠੇ ਲਿਆਉਣ ਅਤੇ ਮਜ਼ਬੂਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ, ਜੋ ਵੱਧ ਸਮੇਂ ਤਾਲਮੇਲ, ਗੁਣਵੱਤਾ, ਪ੍ਰਾਸੰਗਿਕਤਾ, ਪਹੁੰਚ ਅਤੇ ਨਿਰੰਤਰਤਾ ਨੂੰ ਯਕੀਨੀ ਬਣਾ ਸਕੇ ਅਤੇ ਵੱਖ-ਵੱਖ ਰਾਜਾਂ ਅਤੇ ਖੇਤਰਾਂ ਦੀਆਂ ਵੱਖ-ਵੱਖ ਲੋੜਾਂ ਪ੍ਰਤੀ ਜਵਾਬਦੇਹ ਵੀ ਬਣਿਆ ਰਹੇ।

ਏਜੰਡਾ–ਨਿਰਧਾਰਣ ਮਸ਼ਵਰਾ ਮੀਟਿੰਗ NCTF ਪ੍ਰਕਿਰਿਆ ਅਧੀਨ ਪ੍ਰਸਤਾਵਿਤ ਦੋ ਰਾਸ਼ਟਰੀ ਪੱਧਰ ਦੀਆਂ ਮਸ਼ਵਰਾ ਮੀਟਿੰਗਾਂ ਵਿੱਚੋਂ ਪਹਿਲੀ ਹੈ। ਇਸ ਤੋਂ ਬਾਅਦ ਉੱਤਰ, ਦੱਖਣ, ਪੂਰਬ, ਪੱਛਮ ਅਤੇ ਉੱਤਰ- ਪੂਰਬ ਭਾਰਤ ਨੂੰ ਕਵਰ ਕਰਦੇ ਹੋਏ ਪੰਜ ਖੇਤਰੀ ਪੱਧਰੀ ਮਸ਼ਵਰਾ ਮੀਟਿੰਗਾਂ ਆਯੋਜਿਤ ਕੀਤੀਆਂ ਜਾਣਗੀਆਂ।

*****

ਏਕੇ/ਏਪੀ/ਏਕੇ


(Release ID: 2315320) ਵਿਜ਼ੀਟਰ ਕਾਊਂਟਰ : 6