ਆਯੂਸ਼
azadi ka amrit mahotsav

ਪਰੰਪਰਾ, ਸਬੂਤ ਅਤੇ ਗਲੋਬਲ ਹੈਲਥ ਤੱਕ ਆਯੁਰਵੇਦ


ਵਧਦੀ ਆਯੁਸ਼ ਅਰਥਵਿਵਸਥਾ, ਘਰੇਲੂ ਪੱਧਰ ‘ਤੇ ਅਪਣਾਏ ਜਾਣ ਵਿੱਚ ਵਾਧਾ, ਮੈਡੀਕਲ ਵੈਲਿਊ ਟ੍ਰੈਵਲ ਅਤੇ ਖੋਜ ਆਯੁਰਵੇਦ ਦੇ ਵਿਸ਼ਵਵਿਆਪੀ ਵਿਸਥਾਰ ਦੇ ਨਵੇਂ ਮੌਕੇ ਖੋਲ੍ਹ ਰਹੇ ਹਨ

Posted On: 14 SEP 2026 5:34PM by PIB Chandigarh

ਆਯੁਰਵੇਦ ਵਿਸ਼ਵਵਿਆਪੀ ਸਿਹਤ ਨਾਲ ਜੁੜੀਆਂ ਚਰਚਾਵਾਂ ਵਿੱਚ ਹਾਸ਼ੀਏ ਤੋਂ ਨਿਕਲ ਕੇ ਹੁਣ ਮੁੱਖਧਾਰਾ ਵੱਲ਼ ਵਧ ਰਿਹਾ ਹੈ। ਭਾਰਤ ਦੀ ਵਿਸਤਾਰਿਤ ਆਯੁਸ਼ ਅਰਥਵਿਵਸਥਾ, ਰਵਾਇਤੀ ਚਿਕਿਤਸਾ ਪ੍ਰਣਾਲੀਆਂ ਦੇ ਘਰੇਲੂ ਪੱਧਰ ‘ਤੇ ਵਧਦੇ ਉਪਯੋਗ ਅਤੇ ਵੈੱਲਨੈੱਸ ਅਤੇ ਮੈਡੀਕਲ ਵੈਲਿਊ ਟ੍ਰੈਵਲ ਵਿੱਚ ਵਧਦੀ ਦਿਲਚਸਪੀ ਆਯੁਰਵੇਦ ਲਈ ਨਵੇਂ ਮੌਕੇ ਪੈਦਾ ਕਰ ਰਹੀ ਹੈ। ਇਸ ਦੇ ਨਾਲ ਗਲੋਬਲ ਹੈਲਥ ਭਾਈਚਾਰਾ ਵੀ ਰਵਾਇਤੀ ਚਿਕਿਤਸਾ, ਖੋਜ ਅਤੇ ਸਬੂਤਾਂ ‘ਤੇ ਵਧੇਰੇ ਜ਼ੋਰ ਦੇ ਰਿਹਾ ਹੈ।

ਭਾਰਤ ਵਿੱਚ 23 ਸਤੰਬਰ, 2026 ਨੂੰ 11ਵਾਂ ਆਯੁਰਵੇਦ ਦਿਵਸ ਮਨਾਇਆ ਜਾ ਰਿਹਾ ਹੈ। ਅਜਿਹੇ ਸਮੇਂ ਵਿੱਚ ਇਹ ਮੌਕਾ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਸ ਸਾਲ ਦੀ ਥੀਮ ‘ਸਿਹਤਮੰਦ ਭਵਿੱਖ ਲਈ ਆਯੁਰਵੇਦ” ਹੈ। ਇਹ ਅਜਿਹੇ ਸਮੇਂ ਵਿੱਚ ਆਯੋਜਿਤ ਹੋ ਰਿਹਾ ਹੈ ਜਦੋਂ ਭਾਰਤ ਆਪਣੀਆਂ ਸਦੀਆਂ ਪੁਰਾਣੀ ਗਿਆਨ ਪ੍ਰਣਾਲੀ ਨੂੰ ਆਧੁਨਿਕ ਖੋਜ, ਗੁਣਵੱਤਾ ਮਿਆਰਾਂ ਅਤੇ ਅੰਤਰਰਾਸ਼ਟਰੀ ਸਿਹਤ ਸੇਵਾ ਢਾਂਚਿਆਂ ਨਾਲ ਜੋੜਨ ਦਾ ਯਤਨ ਕਰ ਰਿਹਾ ਹੈ। ਹੁਣ ਚੁਣੌਤੀ ਸਿਰਫ਼ ਆਯੁਰਵੇਦ ਨੂੰ ਦੁਨੀਆ ਤੱਕ ਪਹੁੰਚਾਉਣ ਦੀ ਨਹੀਂ ਹੈ, ਸਗੋਂ ਅਜਿਹੇ ਸਬੂਤ, ਭਰੋਸੇਯੋਗ ਅਤੇ ਸੰਸਥਾਗਤ ਅਧਾਰ ਤਿਆਰ ਕਰਨ ਦੀ ਹੈ, ਜੋ ਇਸ ਦੇ ਜ਼ਿੰਮੇਵਾਰ ਗਲੋਬਲ ਵਿਸਤਾਰ ਨੂੰ ਸਮਰਥਨ ਦੇ ਸਕਣ।

ਪਿਛਲੇ ਇੱਕ ਦਹਾਕੇ ਵਿੱਚ ਆਯੁਸ਼ ਖੇਤਰ ਨੇ ਜ਼ਿਕਰਯੋਗ ਆਰਥਿਕ ਵਿਸਤਾਰ ਦੇਖਿਆ ਹੈ, ਜਿਸ ਨਾਲ ਆਯੁਰਵੇਦ ਦੇ ਵਿਕਾਸ ਅਤੇ ਵਿਆਪਕ ਪ੍ਰਵਾਨਗੀ ਲਈ ਮਜ਼ਬੂਤ ਅਧਾਰ ਤਿਆਰ ਹੋਇਆ ਹੈ। ਆਯੁਸ਼ ਬਜ਼ਾਰ ਵਰ੍ਹੇ 2014 ਵਿੱਚ 2.85 ਅਰਬ ਅਮਰੀਕੀ ਡਾਲਰ ਤੋਂ ਵਧ ਕੇ ਵਰ੍ਹੇ 2023 ਵਿੱਚ 43.4 ਅਰਬ ਅਮਰੀਕੀ ਡਾਲਰ ਹੋ ਗਿਆ, ਜਦਕਿ ਇਸੇ ਮਿਆਦ ਵਿੱਚ ਆਯੁਸ਼ ਨਿਰਯਾਤ 1.09 ਅਰਬ ਅਮਰੀਕੀ ਡਾਲਰ ਤੋਂ ਵਧ ਕੇ 2.16 ਅਰਬ ਅਮਰੀਕੀ ਡਾਲਰ ਹੋ ਗਿਆ। ਸਰਕਾਰ ਦੀਆਂ ਪਹਿਲਕਦਮੀਆਂ ਵਿੱਚ ਐੱਮਐੱਸਐੱਮਈ ਅਤੇ ਸਟਾਰਟਅੱਪਸ ਨੂੰ ਸਸ਼ਕਤ ਬਣਾਉਣ ‘ਤੇ ਵੀ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ, ਜਿਸ ਨਾਲ ਇਸ ਖੇਤਰ ਵਿੱਚ ਉੱਦਮਤਾ, ਨਵੀਨਤਾ ਅਤੇ ਨਿਵੇਸ਼ ਦੇ ਲਈ ਇੱਕ ਵਿਆਪਕ ਈਕੋਸਿਸਟਮ ਵਿਕਸਿਤ ਕਰਨ ਵਿੱਚ ਮਦਦ ਮਿਲੀ ਹੈ।

ਆਯੁਸ਼ ਪ੍ਰਣਾਲੀਆਂ ਦੀ ਘਰੇਲੂ ਪੱਧਰ ‘ਤੇ ਵਧਧੀ ਸਵੀਕ੍ਰਿਤੀ ਇਸ ਵਿਸਤਾਰ ਲਈ ਇੱਕ ਹੋਰ ਮਹੱਤਵਪੂਰਨ ਅਧਾਰ ਪ੍ਰਦਾਨ ਕਰਦੀ ਹੈ। ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦੇ ਅਧੀਨ ਰਾਸ਼ਟਰੀ ਨਮੂਨਾ ਸਰਵੇਖਣ ਦਫ਼ਤਰ (ਐੱਨਐੱਸਐੱਸਓ) ਦੁਆਰਾ ਜੁਲਾਈ 2022 ਤੋਂ ਜੂਨ 2023 ਦੌਰਾਨ ਆਯੁਸ਼ ‘ਤੇ ਕੀਤੇ ਗਏ ਪਹਿਲੇ ਵਿਸ਼ੇਸ਼ ਆਲ-ਇੰਡੀਆ ਸਰਵੇਖਣ ਵਿੱਚ 1,81,298 ਪਰਿਵਾਰਾਂ ਨੂੰ ਸ਼ਾਮਲ ਕੀਤਾ ਗਿਆ, ਜਿਨ੍ਹਾਂ ਵਿੱਚ 1,04,195 ਗ੍ਰਾਮੀਣ ਅਤੇ 77,103 ਸ਼ਹਿਰੀ ਪਰਿਵਾਰ ਸਨ। ਸਰਵੇਖਣ ਵਿੱਚ ਗ੍ਰਾਮੀਣ ਖੇਤਰਾਂ ਵਿੱਚ 94.8 ਪ੍ਰਤੀਸ਼ਤ ਅਤੇ ਸ਼ਹਿਰੀ ਖੇਤਰਾਂ ਵਿੱਚ 96 ਪ੍ਰਤੀਸ਼ਤ ਆਯੁਸ਼ ਜਾਗਰੂਕਤਾ ਦਰਜ਼ ਕੀਤੀ ਗਈ। ਇਸ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਪਿਛਲੇ 365 ਦਿਨਾਂ ਦੌਰਾਨ 46.3 ਪ੍ਰਤੀਸ਼ਤ ਗ੍ਰਾਮੀਣ ਨਿਵਾਸੀਆਂ ਅਤੇ 52.9 ਪ੍ਰਤੀਸ਼ਤ ਸ਼ਹਿਰੀ ਨਿਵਾਸੀਆਂ ਨੇ ਇਲਾਜ ਜਾਂ ਰੋਕਥਾਮ ਲਈ ਆਯੁਸ਼ ਦੀ ਵਰਤੋਂ ਕੀਤੀ ਸੀ। ਇਲਾਜ ਲਈ ਆਯੁਰਵੇਦ ਸਭ ਤੋਂ ਵੱਧ ਉਪਯੋਗ ਕੀਤੇ ਜਾਣ ਵਾਲੀ ਆਯੁਸ਼ ਪ੍ਰਣਾਲੀ ਦੇ ਰੂਪ ਵਿੱਚ ਉਭਰਿਆ, ਜੋ ਇਸ ਦੇ ਮਜ਼ਬੂਤ ਘਰੇਲੂ ਅਧਾਰ ਅਤੇ ਨਿਵਾਰਕ ਸਿਹਤ ਸੰਭਾਲ ਅਤੇ ਵੈੱਲਨੈੱਸ ਵਿੱਚ ਇਸ ਦੇ ਯੋਗਦਾਨ ਦੀਆਂ ਸੰਭਾਵਨਾਵਾਂ ਨੂੰ ਦਰਸਾਉਂਦਾ ਹੈ।

ਭਾਰਤ ਮੈਡੀਕਲ ਵੈਲਿਊ ਟ੍ਰੈਵਲ ਰਾਹੀਂ ਸਮੁੱਚੀ ਸਿਹਤ ਸੰਭਾਲ ਦੀ ਵਧਦੀ ਗਲੋਬਲ ਮੰਗ ਦਾ ਲਾਭ ਚੁੱਕਣ ਦਾ ਵੀ ਯਤਨ ਕਰ ਰਿਹਾ ਹੈ। ਆਯੁਸ਼ ਪ੍ਰਣਾਲੀਆਂ ਦੇ ਤਹਿਤ ਇਲਾਜ ਦੀ ਖੋਜ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਲਈ 27 ਜੁਲਾਈ, 2023 ਨੂੰ ਇੱਕ ਸਮਰਪਿਤ ਆਯੁਸ਼ ਵੀਜ਼ਾ ਸ਼ੁਰੂ ਕੀਤਾ ਗਿਆ। ਸਰਕਾਰ ਨੇ ਆਯੁਰਵੇਦ ਅਤੇ ਹੋਰ ਰਵਾਇਤੀ ਚਿਕਿਤਸਾ ਪ੍ਰਣਾਲੀਆਂ ਦੀਆਂ ਸੰਭਾਵਨਾਵਾਂ ਵਾਲੇ ਟੂਰਿਜ਼ਮ ਸਰਕਟਾਂ ਦੀ ਪਛਾਣ ਕਰਨ ਲਈ ਭਾਰਤ ਟੂਰਿਜ਼ਮ ਵਿਕਾਸ ਨਿਗਮ ਦੇ ਨਾਲ ਵੀ ਸਾਂਝੇਦਾਰੀ ਕੀਤੀ ਹੈ। ਵਰ੍ਹੇ 2022 ਵਿੱਚ 115.6 ਅਰਬ ਅਮਰੀਕੀ ਡਾਲਰ ਦੀ ਅਨੁਮਾਨਿਤ ਗਲੋਬਲ ਮੈਡੀਕਲ ਵੈਲਿਊ ਟ੍ਰੈਵਲ ਮਾਰਕਿਟ ਵਰ੍ਹੇ 2030 ਤੱਕ ਵਧ ਕੇ ਲਗਭਗ 286.1 ਅਰਬ ਅਮਰੀਕੀ ਡਾਲਰ ਹੋਣ ਦਾ ਅਨੁਮਾਨ ਹੈ। ਅਜਿਹੇ ਵਿੱਚ ਆਯੁਰਵੇਦ ਅਤੇ ਹੋਰ ਰਵਾਇਤੀ ਚਿਕਿਤਸਾ ਪ੍ਰਣਾਲੀਆਂ ਸਿਹਤ ਸੇਵਾਵਾਂ, ਵੈੱਲਨੈੱਸ ਸੁਵਿਧਾਵਾਂ ਅਤੇ ਟੂਰਿਜ਼ਮ ਨੂੰ ਇਕੱਠੇ ਜੋੜ ਕੇ ਭਾਰਤ ਦੇ ਮੈਡੀਕਲ ਵੈਲਿਊ ਟ੍ਰੈਵਲ ਅਤੇ ਵੈੱਲਨੈੱਸ ਈਕੋਸਿਸਟਮ ਦਾ ਇੱਕ ਮਹੱਤਵਪੂਰਨ ਕੰਪੋਨੈਂਟ ਬਣ ਸਕਦੀਆਂ ਹਨ।

ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਨੀਤੀਗਤ ਪਹਿਲਕਦਮੀ ਨੀਤੀ ਆਯੋਗ ਦੁਆਰਾ ਜੁਲਾਈ 2026 ਵਿੱਚ “ਆਯੁਰਵੇਦ ਨੂੰ ਗਲੋਬਲ ਬਣਾਉਣ ਲਈ ਰਣਨੀਤਕ ਰੋਡਮੈਪ” ਜਾਰੀ ਕੀਤਾ ਜਾਣਾ ਹੈ। ਵਰ੍ਹੇ 2047 ਤੱਕ ਦੀ ਦੀਰਘਕਾਲੀ ਰੂਪਰੇਖਾ ਦੇ ਰੂਪ ਵਿੱਚ ਤਿਆਰ ਇਹ ਰੈਗੂਲੇਟਰੀ ਫ੍ਰੇਮਵਰਕ ਅਤੇ ਮਿਆਰਾਂ, ਖੋਜ, ਸਿੱਖਿਆ, ਅੰਤਰਰਾਸ਼ਟਰੀ ਸਹਿਯੋਗ, ਨਿਰਯਾਤ, ਬ੍ਰਾਂਡਿੰਗ ਅਤੇ ਮੈਡੀਕਲ ਵੈਲਿਊ ਟ੍ਰੈਵਲ ‘ਤੇ ਕੇਂਦ੍ਰਿਤ ਹੈ। ਇਸ ਵਿੱਚ ਗੁਣਵੱਤਾ ਮਿਆਰਾਂ, ਮਜ਼ਬੂਤ ਬੁਨਿਆਦੀ ਢਾਂਚੇ, ਭਰੋਸੇਯੋਗ ਖੋਜ, ਟ੍ਰੇਂਡ ਪੇਸ਼ੇਵਰਾਂ, ਇਕਸਾਰ ਗੁਣਵੱਤਾ ਵਾਲੇ ਉਤਪਾਦਾਂ ਅਤੇ ਅਜਿਹੇ ਰੈਗੂਲੇਟਰੀ ਢਾਂਚਿਆਂ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਗਿਆ ਹੈ, ਜਿਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਸਮਝਿਆ ਅਤੇ ਮਾਨਤਾ ਦਿੱਤੀ ਜਾ ਸਕੇ। ਇਹ ਰੋਡਮੈਪ ਆਯੁਰਵੇਦ ਦੇ ਜ਼ਿੰਮੇਵਾਰ ਵਿਸਤਾਰ ਅਤੇ ਅੰਤਰਰਾਸ਼ਟਰੀ ਬਜ਼ਾਰਾਂ ਵਿੱਚ ਇਸ ਦੀਆਂ ਸੇਵਾਵਾਂ ਅਤੇ ਉਤਪਾਦਾਂ ਦੇ ਪ੍ਰਤੀ ਵਧੇਰੇ ਵਿਸ਼ਵਾਸ ਪੈਦਾ ਕਰਨ ਲਈ ਜ਼ਰੂਰੀ ਸੰਸਥਾਗਤ ਅਤੇ ਗੁਣਵੱਤਾ ਸਬੰਧੀ ਈਕੋਸਿਸਟਮ ਵਿਕਸਿਤ ਕਰਨ ਦਾ ਯਤਨ ਕਰਦਾ ਹੈ।

ਆਯੁਰਵੇਦ ਨੂੰ ਮਜ਼ਬੂਤ ਕਰਨ ਦੇ ਭਾਰਤ ਦੇ ਯਤਨ ਗਲੋਬਲ ਰਵਾਇਤੀ, ਪੂਰਕ ਅਤੇ ਏਕੀਕ੍ਰਿਤ ਚਿਕਿਤਸਾ ਦੇ ਖੇਤਰ ਵਿੱਚ ਭਾਰਤ ਦੀ ਵਿਆਪਕ ਸ਼ਮੂਲੀਅਤ ਨਾਲ ਵੀ ਨੇੜ੍ਹਤਾ ਨਾਲ ਜੁੜੇ ਹੋਏ ਹਨ। ਡਬਲਿਊਐੱਚਓ ਦੀ ਗਲੋਬਲ ਰਵਾਇਤੀ ਚਿਕਿਤਸਾ ਰਣਨੀਤੀ 2025-2034, ਜਿਸ ਨੂੰ 2025 ਵਿੱਚ 78ਵੀਂ ਵਿਸ਼ਵ ਸਿਹਤ ਸਭਾ ਦੁਆਰਾ ਅਪਣਾਇਆ ਗਿਆ, ਸਬੂਤਾਂ ਨੂੰ ਮਜ਼ਬੂਤ ਕਰਨ, ਸੁਰੱਖਿਆ ਅਤੇ ਰੈਗੂਲੇਸ਼ਨ ਨੂੰ ਯਕੀਨੀ ਬਣਾਉਣ, ਰਵਾਇਤੀ ਚਿਕਿਤਸਾ ਨੂੰ ਸਿਹਤ ਪ੍ਰਣਾਲੀਆਂ ਵਿੱਚ ਏਕੀਕ੍ਰਿਤ ਕਰਨ ਅਤੇ ਵੱਖ-ਵੱਖ ਖੇਤਰਾਂ ਵਿੱਚ ਇਸ ਦੇ ਵਿਆਪਕ ਯੋਗਦਾਨ ਨੂੰ ਵੱਧ ਤੋਂ ਵੱਧ ਕਰਨ ਲਈ ਇੱਕ ਗਲੋਬਲ ਫ੍ਰੇਮਵਰਕ ਪ੍ਰਦਾਨ ਕਰਦੀ ਹੈ।

ਇਸ ਵਿਸ਼ਵਵਿਆਪੀ ਯਤਨ ਵਿੱਚ ਭਾਰਤ ਨੇ ਮਹੱਤਵਪੂਰਨ  ਭੂਮਿਕਾ ਨਿਭਾਈ ਹੈ। ਗੁਜਰਾਤ ਦੇ ਜਾਮਨਗਰ ਵਿੱਚ ਡਬਲਿਊਐੱਚਓ ਗਲੋਬਲ ਟ੍ਰੈਡੀਸ਼ਨਲ ਮੈਡੀਸਿਨ ਸੈਂਟਰ ਦੀ ਸਥਾਪਨਾ ਵਰ੍ਹੇ 2022 ਵਿੱਚ ਕੀਤੀ ਗਈ ਸੀ ਅਤੇ ਭਾਰਤ ਇਸ ਦਾ ਪ੍ਰਮੁੱਖ ਨਿਵੇਸ਼ਕ ਹੈ। ਭਾਰਤ ਨੇ ਕੇਂਦਰ ਦੀ ਸਥਾਪਨਾ, ਬੁਨਿਆਦੀ ਢਾਂਚੇ ਅਤੇ ਸੰਚਾਲਨ ਲਈ ਅਨੁਮਾਨਿਤ 250 ਮਿਲੀਅਨ ਅਮਰੀਕੀ ਡਾਲਰ ਦੀ ਵਚਨਬੱਧਤਾ ਜਤਾਈ ਹੈ। ਇਹ ਕੇਂਦਰ ਸਬੂਤ ਅਤੇ ਗਿਆਨ, ਡੇਟਾ ਅਤੇ ਵਿਸ਼ਲੇਸ਼ਣ, ਸਥਿਰਤਾ ਅਤੇ ਸਮਾਨਤਾ ਅਤੇ ਨਵੀਨਤਾ ਅਤੇ ਤਕਨਾਲੋਜੀ ਵਰਗੇ ਖੇਤਰਾਂ ‘ਤੇ ਕੇਂਦ੍ਰਿਤ ਹੈ।

ਰਵਾਇਤੀ ਚਿਕਿਤਸਾ ‘ਤੇ ਆਯੋਜਿਤ ਡਬਲਿਊਐੱਚਓ ਦੇ ਦੋ ਗਲੋਬਲ ਸਮਿਟਾਂ ਵਿੱਚ ਵੀ ਭਾਰਤ ਦੀ ਭੂਮਿਕਾ ਸਪਸ਼ਟ ਤੌਰ ‘ਤੇ ਸਾਹਮਣੇ ਆਈ। ਪਹਿਲਾ ਸਮਿਟ ਅਗਸਤ 2023 ਵਿੱਚ ਗਾਂਧੀਨਗਰ ਵਿੱਚ ਡਬਲਿਊਐੱਚਓ ਅਤੇ ਭਾਰਤ ਸਰਕਾਰ ਦੀ ਸਹਿ-ਮੇਜ਼ਬਾਨੀ ਵਿੱਚ ਆਯੋਜਿਤ ਕੀਤਾ ਗਿਆ, ਜਿਸ ਦੇ ਨਤੀਜੇ ਵਜੋਂ ਗੁਜਰਾਤ ਘੋਸ਼ਣਾ-ਪੱਤਰ ਸਾਹਮਣੇ ਆਇਆ। ਦੂਜਾ ਸਮਿਟ 17 ਤੋਂ 19 ਦਸੰਬਰ, 2025 ਤੱਕ ਨਵੀਂ ਦਿੱਲੀ ਵਿੱਚ “ਲੋਕਾਂ ਅਤੇ ਧਰਤੀ ਲਈ ਸੰਤੁਲਨ ਬਹਾਲ ਕਰਨਾ: ਭਲਾਈ ਦਾ ਵਿਗਿਆਨ ਅਤੇ ਅਭਿਆਸ” ਵਿਸ਼ੇ ਦੇ ਤਹਿਤ ਆਯੋਜਿਤ ਕੀਤਾ ਗਿਆ। ਇਸ ਵਿੱਚ ਸਬੂਤ, ਸਿਹਤ ਪ੍ਰਣਾਲੀ ਵਿੱਚ ਏਕੀਕਰਣ, ਰੈਗੂਲੇਸ਼ਨ, ਜੈਵ ਵਿਭਿੰਨਤਾ, ਸਵਦੇਸ਼ੀ ਗਿਆਨ, ਬੌਧਿਕ ਸੰਪਦਾ ਅਤੇ ਨਵੀਨਤਾ ਸਮੇਤ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਸਮਿਟ ਦੇ ਨਤੀਜੇ ਵਜੋਂ ਦਿੱਲੀ ਘੋਸ਼ਣਾ-ਪੱਤਰ ਅਤੇ ਡਬਲਿਊਐੱਚਓ ਦੀ ਗਲੋਬਲ ਰਵਾਇਤੀ ਚਿਕਿਤਸਾ ਰਣਨੀਤੀ 2025-2034 ਦੇ ਲਾਗੂਕਰਨ ਲਈ ਸਮਾਰਟ-ਵਿਸ਼ੇਸ਼ (ਸਪੇਸੇਫਿਕ), ਮਾਪਣਯੋਗ (ਮੇਜਰੇਬਲ), ਹਾਸਲ ਕਰਨ ਯੋਗ (ਅਚੀਵੇਬਲ), ਪ੍ਰਾਸੰਗਿਕ (ਰੈਲੀਵੈਂਟ) ਅਤੇ ਸਮਾਂਬੱਧ (ਟਾਈਮ-ਬਾਊਂਡ)-ਵਚਨਬੱਧਤਾਵਾਂ ਸਾਹਮਣੇ ਆਈਆਂ।

ਇੱਕ ਹੋਰ ਮਹੱਤਵਪੂਰਨ ਵਿਕਾਸ ਵਿਸ਼ਵਵਿਆਪੀ ਸਿਹਤ ਵਰਗੀਕਰਣ ਢਾਂਚਿਆਂ ਵਿੱਚ ਆਯੁਰਵੇਦ, ਸਿੱਧ ਅਤੇ ਯੂਨਾਨੀ ਚਿਕਿਤਸਾ ਪ੍ਰਣਾਲੀਆਂ ਨੂੰ ਸ਼ਾਮਲ ਕੀਤਾ ਜਾਣਾ ਹੈ। ਜਨਵਰੀ 2024 ਵਿੱਚ, ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੇ ਆਈਸੀਡੀ-11 ਦੇ ਰਵਾਇਤੀ ਚਿਕਿਤਸਾ ਮੌਡਿਊਲ-2 ਨੂੰ ਸ਼ੁਰੂ ਕੀਤਾ, ਜਿਸ ਵਿੱਚ ਇਨ੍ਹਾਂ ਚਿਕਿਤਸਾ ਪ੍ਰਣਾਲੀਆਂ ਨਾਲ ਸਬੰਧਿਤ ਰੋਗ ਕੋਡ ਸ਼ਾਮਲ ਹਨ। ਇਸ ਨਾਲ ਇਨ੍ਹਾਂ ਪ੍ਰਣਾਲੀਆਂ ਨਾਲ ਸਬੰਧਿਤ ਸਥਿਤੀਆਂ ਦਾ ਅੰਤਰਰਾਸ਼ਟਰੀ ਪੱਧਰ ‘ਤੇ ਤੁਲਨਾਤਮਕ ਢਾਂਚੇ ਰਾਹੀਂ ਦਸਤਾਵੇਜ਼ੀਕਰਣ ਅਤੇ ਰਿਪੋਰਟਿੰਗ ਸੰਭਵ ਹੋ ਸਕੇਗੀ। ਡਬਲਿਊਐੱਚਓ ਨੇ ਸਪਸ਼ਟ ਕੀਤਾ ਹੈ ਕਿ ਇਸ ਤਰ੍ਹਾਂ ਦਾ ਸਮਾਵੇਸ਼ ਕਿਸੇ ਰਵਾਇਤੀ ਚਿਕਿਤਸਾ ਪ੍ਰਣਾਲੀ ਦੀ ਵਿਗਿਆਨਕ ਵੈਧਤਾ ਅਤੇ ਪ੍ਰਭਾਵਸ਼ੀਲਤਾ ਦਾ ਸਮਰਥਨ ਨਹੀਂ ਮੰਨਿਆ ਜਾਂਦਾ ਹੈ। ਦਖਲਅੰਦਾਜ਼ੀਆਂ ਦੇ ਵਰਗੀਕਰਣ ਦੀ ਦਿਸ਼ਾ ਵਿੱਛ ਵੀ ਕੰਮ ਜਾਰੀ ਹੈ ਅਤੇ ਭਾਰਤ ਅਤੇ ਡਬਲਿਊਐੱਚਓ ਆਯੁਰਵੇਦ, ਸਿੱਧ ਅਤੇ ਯੂਨਾਨੀ ਚਿਕਿਤਸਾ ਲਈ ਦਖਲਅੰਦਾਜ਼ੀ ਕੋਡ ਵਿਕਸਿਤ ਕਰਨ ‘ਤੇ ਮਿਲ ਕੇ ਕੰਮ ਕਰ ਰਹੇ ਹਨ।

ਆਯੁਰਵੇਦ ਦੇ ਭਵਿੱਖ ਦੇ ਵਿਕਾਸ ਦੇ ਕੇਂਦਰ ਵਿੱਚ ਭਰੋਸੇਯੋਗ ਵਿਗਿਆਨਕ ਸਬੂਤਾਂ ਦਾ ਸਿਰਜਣ ਹੈ। ਆਯੁਸ਼ ਮੰਤਰਾਲੇ ਦਾ ਆਯੁਸ਼ ਰਿਸਰਚ ਪੋਰਟਲ ਆਯੁਸ਼ ਚਿਕਿਤਸਾ ਪ੍ਰਣਾਲੀਆਂ ਨਾਲ ਸਬੰਧਿਤ ਖੋਜ ਲਈ ਸਰਕਾਰ ਦੇ ਅਧਿਕਾਰਤ ਭੰਡਾਰ ਵਜੋਂ ਕੰਮ ਕਰਦਾ ਹੈ ਅਤੇ ਵਰਤਮਾਨ ਵਿੱਚ ਇਸ ਵਿੱਚ 43,000 ਤੋਂ ਵੱਧ ਖੋਜ ਐਂਟਰੀਆਂ ਉਪਲਬਧ ਹਨ। ਖੋਜ ਦਾ ਇਹ ਵਧਦਾ ਅਧਾਰ ਆਯੁਰਵੇਦ ਦੀ ਬਿਹਤਰ ਵਿਗਿਆਨਕ ਸਮਝ ਵਿਕਸਿਤ ਕਰਨ ਅਤੇ ਭਰੋਸੇਯੋਗ ਮਾਪਦੰਡਾਂ, ਸੇਵਾਵਾਂ ਅਤੇ ਉਤਪਾਦਾਂ ਦੇ ਵਿਕਾਸ ਵਿੱਚ ਯੋਗਦਾਨ ਦੇ ਸਕਦਾ ਹੈ। ਨਾਲ ਹੀ, ਆਯੁਰਵੇਦ ਦੇ ਵਿਸ਼ੇਸ਼ ਸਿਧਾਂਤਾਂ ਅਤੇ ਗਿਆਨ ਪ੍ਰਣਾਲੀਆਂ ਦੀ ਸੰਭਾਲ ਇਸ ਦੇ ਜ਼ਿੰਮੇਵਾਰ ਅਤੇ ਟਿਕਾਊ ਵਿਕਾਸ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਬਣੀ ਹੋਈ ਹੈ।

ਇਸ ਤਰ੍ਹਾਂ ਉਭਰਦੀ ਤਸਵੀਰ ਇੱਕ ਅਜਿਹੀ ਭਾਰਤੀ ਰਵਾਇਤੀ ਸਿਹਤ ਪ੍ਰਣਾਲੀ ਦੀ ਹੈ, ਜੋ ਵਿਸ਼ਵਵਿਆਪੀ ਸ਼ਮੂਲੀਅਤ ਦੇ ਇੱਕ ਨਵੇਂ ਪੜਾਅ ਵਿੱਚ ਪ੍ਰਵੇਸ਼ ਕਰ ਰਹੀ ਹੈ। ਤੇਜ਼ੀ ਨਾਲ ਵਿਸਤਾਰਿਤ ਹੁੰਦੀ ਆਯੁਸ਼ ਅਰਥਵਿਵਸਥਾ, ਘਰੇਲੂ ਪੱਧਰ ‘ਤੇ ਵਧਦੀ ਸਵੀਕ੍ਰਿਤੀ, ਮੈਡੀਕਲ ਵੈਲਿਊ ਟ੍ਰੈਵਲ ਦੇ ਖੇਤਰ ਵਿੱਚ ਨਵੇਂ ਮੌਕੇ, ਮਜ਼ਬੂਤ ਅੰਤਰਰਾਸ਼ਟਰੀ ਸਹਿਯੋਗ, ਗਲੋਬਲ ਵਰਗੀਕਰਣ ਢਾਂਚੇ ਅਤੇ ਖੋਜ ਅਤੇ ਗੁਣਵੱਤਾ ਮਿਆਰਾਂ ‘ਤੇ ਵਧਦਾ ਜ਼ੋਰ-ਇਹ ਸਾਰੇ ਮਿਲ ਕੇ ਆਯੁਰਵੇਦ ਦੇ ਲਈ ਨਵੇਂ ਮੌਕਿਆਂ ਦੇ ਦੁਆਰ ਖੋਲ੍ਹ ਰਹੇ ਹਨ।

ਦੇਸ਼ ਦਾ 11ਵਾਂ ਆਯੁਰਵੇਦ ਦਿਵਸ ਮਨਾਏ ਜਾਣ ਦੇ ਮੌਕੇ ‘ਤੇ “ਸਿਹਤਮੰਦ ਭਵਿੱਖ ਲਈ ਆਯੁਰਵੇਦ” ਦੀ ਥੀਮ ਨਿਵਾਰਕ ਸਿਹਤ ਸੰਭਾਲ, ਭਲਾਈ ਅਤੇ ਟਿਕਾਊ ਜੀਵਨਸ਼ੈਲੀ ਵਿੱਚ ਆਯੁਰਵੇਦ ਦੇ ਸੰਭਾਵਿਤ ਯੋਗਦਾਨ ਨੂੰ ਰੇਖਾਂਕਿਤ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ। ਨਾਲ ਹੀ, ਗਲੋਬਲ ਪੱਧਰ ‘ਤੇ ਆਯੁਰਵੇਦ ਦੀ ਭਵਿੱਖ ਦੀ ਯਾਤਰਾ ਤੇਜ਼ੀ ਨਾਲ ਸਬੂਤ, ਨਵੀਨਤਾ, ਗੁਣਵੱਤਾ, ਪੇਸ਼ੇਵਰ ਸਮਰੱਥਾ ਅਤੇ ਜ਼ਿੰਮੇਵਾਰ ਵਿਸ਼ਵੀਕਰਣ ‘ਤੇ ਨਿਰਭਰ ਕਰੇਗੀ। ਇਸ ਨਾਲ ਸਿਹਤ ਅਤੇ ਵੈੱਲਨੈੱਸ ਦੇ ਨਿਰੰਤਰ ਵਿਕਸਿਤ ਹੁੰਦੇ ਲੈਂਡਸਕੇਪ ਵਿੱਚ ਆਯੁਰਵੇਦ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ।

*************

ਐੱਸਆਰ/ਐੱਸਵੀ/ਐੱਸਜੀ/ਸ਼ੀਨਮ


(Release ID: 2310484) ਵਿਜ਼ੀਟਰ ਕਾਊਂਟਰ : 3