ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਨੈਸ਼ਨਲ ਜ਼ੂਲੌਜੀਕਲ ਪਾਰਕ ਦੁਆਰਾ ਆਮ ਲੋਕਾਂ ਵਿੱਚ ਵਿਗਿਆਨ ਅਤੇ ਜੈਵ ਵਿਭਿੰਨਤਾ ਸੰਭਾਲ ਬਾਰੇ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਪੰਛੀਆਂ, ਤਿਤਲੀਆਂ ਅਤੇ ਡ੍ਰੈਗਨਫਲਾਈਜ਼ ਦੇ ਨਿਰੀਖਣ ਲਈ ਐਤਵਾਰ ਨੂੰ ਵਿਸ਼ੇਸ਼ ਟੂਰ ਦਾ ਆਯੋਜਨ
Posted On:
06 SEP 2026 7:16PM by PIB Chandigarh
ਨਵੀਂ ਦਿੱਲੀ ਸਥਿਤ ਨੈਸ਼ਨਲ ਜ਼ੂਆਲੋਜੀਕਲ ਪਾਰਕ (NZP) ਨੇ ਜੈਵ ਵਿਭਿੰਨਤਾ ਦੀ ਨਿਗਰਾਨੀ, ਪੰਛੀਆਂ, ਤਿਤਲੀਆਂ ਅਤੇ ਡ੍ਰੈਗਨਫਲਾਈਜ਼ ਦੇ ਦਸਤਾਵੇਜ਼ੀਕਰਣ ਅਤੇ ਜੰਗਲੀ ਜੀਵ ਸੰਭਾਲ ਬਾਰੇ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਜਨਤਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਤੀਜੀ 'ਬਟਰਫਲਾਈ ਐਂਡ ਡ੍ਰੈਗਨਫਲਾਈ ਵਾਕ @NZP' ਅਤੇ 13ਵੀਂ 'ਸੰਡੇ ਬਰਡ ਵਾਕ @NZP' ਦਾ ਆਯੋਜਨ ਕੀਤਾ। ਇਹ ਵਿਸ਼ੇਸ਼ ਸੈਰ ਅੱਜ ਸਵੇਰੇ 6:45 ਵਜੇ ਤੋਂ 10:30 ਵਜੇ ਤੱਕ ਆਯੋਜਿਤ ਕੀਤੀ ਗਈ। ਇਸ ਮੌਕੇ ‘ਤੇ ਤਿਤਲੀ ਅਤੇ ਡ੍ਰੈਗਨਫਲਾਈ ਮਾਹਰ ਸ਼੍ਰੀ ਸੰਜੈ ਤਿਵਾਰੀ ਅਤੇ ਸ਼੍ਰੀ ਸੀ. ਬੀ. ਮੌਰਿਆ ਨੇ ਲੋਕਾਂ ਨੂੰ ਵਿਸ਼ੇਸ਼ ਮਾਰਗਦਰਸ਼ਨ ਪ੍ਰਦਾਨ ਕੀਤਾ। ਇਸ ਮੌਕੇ ਵਲੰਟੀਅਰਾਂ ਨੇ ਵੀ ਸੈਰ ਵਿੱਚ ਸਰਗਰਮੀ ਨਾਲ ਹਿੱਸਾ ਲਿਆ।
ਇਸ ਪ੍ਰੋਗਰਾਮ ਦੇ ਮੌਕੇ ‘ਤੇ ਪੰਛੀ ਅਤੇ ਤਿਤਲੀ ਪ੍ਰੇਮੀਆਂ, ਕੁਦਰਤ ਪ੍ਰੇਮੀਆਂ, ਵਿਦਿਆਰਥੀਆਂ, ਜੰਗਲੀ ਜੀਵ ਫੋਟੋਗ੍ਰਾਫ਼ਰਾਂ ਅਤੇ ਜੈਵ ਵਿਭਿੰਨਤਾ ਸੰਭਾਲ ਵਿੱਚ ਦਿਲਚਸਪੀ ਰੱਖਣ ਵਾਲੇ ਨਾਗਰਿਕਾਂ ਤੋਂ ਉਤਸ਼ਾਹਜਨਕ ਹੁੰਗਾਰਾ ਮਿਲਿਆ। ਇਸ ਦੌਰੇ ਵਿੱਚ ਕੁੱਲ 16 ਲੋਕਾਂ ਨੇ ਹਿੱਸਾ ਲਿਆ। ਪ੍ਰੋਗਰਾਮ ਵਿੱਚ ਨੈਸ਼ਨਲ ਜ਼ੂਲੌਜੀਕਲ ਪਾਰਕ ਦੇ ਡਾਇਰੈਕਟਰ, ਹੋਰ ਅਧਿਕਾਰੀ ਅਤੇ ਵਿਸ਼ਾ ਮਾਹਰ ਵੀ ਸ਼ਾਮਲ ਹੋਏ। ਉਨ੍ਹਾਂ ਨੇ ਪੂਰੇ ਪ੍ਰੋਗਰਾਮ ਦੌਰਾਨ ਭਾਗੀਦਾਰਾਂ ਦਾ ਮਾਰਗਦਰਸ਼ਨ ਕੀਤਾ ਅਤੇ ਉਨ੍ਹਾਂ ਦੇ ਨਾਲ ਗੱਲਬਾਤ ਕੀਤੀ। ਦੌਰੇ ਦੌਰਾਨ, ਭਾਗੀਦਾਰਾਂ ਨੇ 44 ਪ੍ਰਜਾਤੀਆਂ ਦੇ 700 ਤੋਂ ਵੱਧ ਪੰਛੀਆਂ ਦੇ ਨਾਲ-ਨਾਲ ਤਿਤਲੀਆਂ ਦੀਆਂ 4 ਪ੍ਰਜਾਤੀਆਂ, ਇੱਕ ਡ੍ਰੈਗਨਫਲਾਈ ਅਤੇ ਇੱਕ ਡੈਮਸੈਲਫਲਾਈ ਪ੍ਰਜਾਤੀ ਨੂੰ ਦੇਖਿਆ ਅਤੇ ਉਨ੍ਹਾਂ ਦਾ ਦਸਤਾਵੇਜ਼ੀਕਰਣ ਕੀਤਾ। ਤਿਤਲੀਆਂ ਅਤੇ ਡ੍ਰੈਗਨਫਲਾਈ ਦੀ ਘੱਟ ਗਿਣਤੀ ਦਰਜ ਹੋਣ ਦਾ ਪ੍ਰਮੁੱਖ ਕਾਰਨ ਰੁਕ-ਰੁਕ ਕੇ ਪੈ ਰਹੇ ਮੀਂਹ ਨੂੰ ਮੰਨਿਆ ਗਿਆ।
ਬਰਡ ਵਾਕ ਦੀ ਇੱਕ ਪ੍ਰਮੁੱਖ ਵਿਸ਼ੇਸ਼ਤਾ 300 ਤੋਂ ਵੱਧ ਪੇਂਟੇਡ ਸਟੌਰਕਸ ਦੀ ਮੌਜੂਦਗੀ ਵੀ ਰਹੀ। ਇਹ ਪੰਛੀ ਅਗਸਤ ਦੇ ਦੂਜੇ ਹਫ਼ਤੇ ਵਿੱਚ ਨੈਸ਼ਨਲ ਜ਼ੂਲੌਜੀਕਲ ਪਾਰਕ ਪਹੁੰਚੇ ਅਤੇ ਤਲਾਅ ਦੇ ਆਲੇ ਦੁਆਲੇ ਸਥਿਤ ਰੁੱਖਾਂ ‘ਤੇ ਆਲ੍ਹਣੇ ਬਣਾਉਣੇ ਲੱਗੇ। ਪੇਂਟੇਡ ਸਟੌਰਕ ਦਾ ਇੱਥੇ ਆਉਣਾ ਅਤੇ ਆਲ੍ਹਣੇ ਬਣਾਉਣਾ ਪਾਰਕ ਦੀਆਂ ਗਿੱਲੀਆਂ ਜ਼ਮੀਨਾਂ ਅਤੇ ਰੁੱਖਾਂ ਨਾਲ ਢੱਕੇ ਖੇਤਰਾਂ ਦੀ ਈਕੋਲੌਜੀਕਲ ਮਹੱਤਵ ਦਾ ਮਹੱਤਵਪੂਰਨ ਸੰਕੇਤ ਹੈ। ਆਲ੍ਹਣੇ ਬਣਾਉਣ ਅਤੇ ਪ੍ਰਜਨਨ ਦੀ ਇਹ ਗਤੀਵਿਧੀ ਸੈਲਾਨੀਆਂ, ਸਿਖਿਆਰਥੀਆਂ, ਵਲੰਟੀਅਰਾਂ ਅਤੇ ਨਾਗਰਿਕ ਵਿਗਿਆਨੀਆਂ ਨੂੰ ਪੰਛੀਆਂ ਦੇ ਕੁਦਰਤੀ ਵਿਵਹਾਰ ਅਤੇ ਉਨ੍ਹਾਂ ਦੀ ਪ੍ਰਜਨਨ ਈਕੋਲੌਜੀ ਨੂੰ ਨੇੜਿਓਂ ਦੇਖਣ ਅਤੇ ਸਮਝਣ ਦਾ ਮਹੱਤਵਪੂਰਨ ਮੌਕਾ ਵੀ ਪ੍ਰਦਾਨ ਕਰਦੀ ਹੈ।
ਸ਼੍ਰੀ ਸੀ. ਬੀ. ਮੌਰਿਆ ਨੇ ਪੰਛੀਆਂ, ਤਿਤਲੀਆਂ ਅਤੇ ਡ੍ਰੈਗਨਫਲਾਈਜ਼ ਦੇ ਈਕੋਲੌਜੀ, ਵਿਵਹਾਰ ਅਤੇ ਸੰਭਾਲ ਸਬੰਧੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਪੋਲਿਨਰੇਟਰ, ਕੁਦਰਤੀ ਕੀਟ ਨਿਯੰਤਰਕਾਂ ਅਤੇ ਈਕੋਸਿਸਟਮ ਦੀ ਸਿਹਤ ਦੇ ਸੂਚਕਾਂ ਵਜੋਂ ਇਨ੍ਹਾਂ ਜੀਵਾਂ ਦੀ ਮਹੱਤਵਪੂਰਵਨ ਭੂਮਿਕਾ ‘ਤੇ ਚਾਨਣਾ ਪਾਇਆ। ਇਸ ਪ੍ਰੋਗਰਾਮ ਨੇ ਭਾਗੀਦਾਰਾਂ ਨੂੰ ਕੁਦਰਤ ਨਾਲ ਜੁੜਨ, ਵੱਖ-ਵੱਖ ਪ੍ਰਜਾਤੀਆਂ ਦੀ ਪਛਾਣ ਕਰਨ ਦੇ ਹੁਨਰ ਨੂੰ ਬਿਹਤਰ ਬਣਾਉਣ ਅਤੇ ਜੈਵ ਵਿਭਿੰਨਤਾ ਅਤੇ ਉਸ ਦੀ ਸੰਭਾਲ ਪ੍ਰਤੀ ਡੂੰਘੀ ਸਮਝ ਵਿਕਸਿਤ ਕਰਨ ਦਾ ਮੌਕਾ ਪ੍ਰਦਾਨ ਕੀਤਾ।
ਇਸ ਮੌਕੇ 'ਤੇ ਨੈਸ਼ਨਲ ਜ਼ੂਲੌਜੀਕਲ ਪਾਰਕ ਦੇ ਡਾਇਰੈਕਟਰ ਡਾ. ਸੰਜੀਤ ਕੁਮਾਰ ਨੇ ਭਾਗੀਦਾਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕਿ ਅਜਿਹੇ ਕੁਦਰਤੀ ਦੌਰੇ ਦੇ ਕਈ ਮਹੱਤਵਪੂਰਨ ਲਾਭ ਹਨ। ਇਸ ਨਾਲ ਖੇਤਰ ਵਿੱਚ ਪ੍ਰਜਾਤੀਆਂ ਦੀ ਪਛਾਣ ਕਰਨ ਦੀ ਸਮਰਥਾ ਮਜ਼ਬੂਤ ਹੁੰਦੀ ਹੈ, ਖੁਰਾਕ ਤੰਤਰ ਦੀ ਸਮਝ ਬਿਹਤਰ ਹੁੰਦੀ ਹੈ, ਜੈਵ ਵਿਭਿੰਨਤਾ ਦੇ ਦਸਤਾਵੇਜ਼ੀਕਰਣ ਵਿੱਚ ਯੋਗਦਾਨ ਮਿਲਦਾ ਹੈ ਅਤੇ ਜੰਗਲੀ ਜੀਵ ਅਤੇ ਜੈਵ ਵਿਭਿੰਨਤਾ ਸੰਭਾਲ ਪ੍ਰਤੀ ਡੂੰਘੀ ਸਮਝ ਵਿਕਸਿਤ ਹੁੰਦੀ ਹੈ। ਪ੍ਰੋਗਰਾਮ ਦੀ ਸਮਾਪਤੀ ਇੰਟਰਐਕਟਿਵ ਚਰਚਾ, ਭਾਗੀਦਾਰਾਂ ਤੋਂ ਫੀਡਬੈਕ ਲੈਣ ਦੇ ਸੈਸ਼ਨ ਅਤੇ ਮਾਹਰਾਂ ਅਤੇ ਚਿੜੀਆਘਰ ਦੇ ਅਧਿਕਾਰੀਆਂ ਨਾਲ ਸਮੂਹ ਫੋਟੋ ਨਾਲ ਹੋਇਆ।
ਹਰ ਐਤਵਾਰ ਆਯੋਜਿਤ ਹੋਣ ਵਾਲੇ ਇਸ ਨੇਚਰ ਵਾਕ ਵਿੱਚ ਭਾਗੀਦਾਰਾਂ ਨੂੰ ਬਿਹਤਰ ਅਤੇ ਗੁਣਵੱਤਾਪੂਰਨ ਸਿੱਖਣ ਦਾ ਤਜ਼ੁਰਬਾ ਪ੍ਰਦਾਨ ਕਰਨ ਲਈ ਹਰੇਕ ਸੈਸ਼ਨ ਵਿੱਚ 20 ਤੋਂ 25 ਲੋਕਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਇਸ ਵਿੱਚ ਹਿੱਸਾ ਲੈਣ ਲਈ ਪਹਿਲਾਂ ਰਜਿਸਟ੍ਰੇਸ਼ਨ ਲਾਜ਼ਮੀ ਹੈ ਅਤੇ ਐਂਟਰੀ 'ਪਹਿਲਾਂ ਆਓ, ਪਹਿਲਾਂ ਪਾਓ' ਦੇ ਅਧਾਰ 'ਤੇ ਦਿੱਤੀ ਜਾਂਦੀ ਹੈ। ਦਿਲਚਸਪ ਲੋਕ ਨਿਰਧਾਰਿਤ ਗੂਗਲ ਫਾਰਮ ਰਾਹੀਂ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਹ ਫਾਰਮ ਹਰ ਹਫ਼ਤੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਖੁੱਲ੍ਹਾ ਰਹਿੰਦਾ ਹੈ। ਰਜਿਸਟ੍ਰੇਸ਼ਨ ਦਾ ਲਿੰਕ ਨੈਸ਼ਨਲ ਜ਼ੂਲੌਜੀਕਲ ਪਾਰਕ, ਨਵੀਂ ਦਿੱਲੀ ਦੀ ਅਧਿਕਾਰਤ ਵੈੱਬਸਾਈਟ ਅਤੇ ' NZP ਸਾਥੀ' ਮੋਬਾਈਲ ਐਪ 'ਤੇ ਉਪਲਬਧ ਰਹਿੰਦਾ ਹੈ।
ਆਉਣ ਵਾਲੇ ਕੁਦਰਤੀ ਦੌਰੇ ਦੌਰਾਨ ਤੀਜੀ 'ਸੰਡੇ ਇੰਸੇਕਟ ਐਂਡ ਸਪਾਈਡਰ ਵਾਕ' ਅਤੇ 14ਵੀਂ 'ਸੰਡੇ ਬਰਡ ਵਾਕ' ਐਤਵਾਰ, 20 ਸਤੰਬਰ, 2026 ਨੂੰ ਆਯੋਜਿਤ ਕੀਤੀ ਜਾਵੇਗੀ।

*****
ਵੀਐੱਮ/ਟੀਵਾਈ/ਅਹਿਮਦ ਖ਼ਾਨ
(Release ID: 2307499)
ਵਿਜ਼ੀਟਰ ਕਾਊਂਟਰ : 17