ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
azadi ka amrit mahotsav

ਹੁਨਰ ਵਿਕਾਸ ਅਤੇ ਉਦਮਤਾ ਮੰਤਰਾਲੇ ਨੇ ਉੱਤਰ ਪ੍ਰਦੇਸ਼ ਸਰਕਾਰ ਦੇ ਸਹਿਯੋਗ ਨਾਲ ਲਖਨਊ ਵਿੱਚ ਪੀਐੱਮ-ਸੇਤੂ ਉਦਯੋਗ ਸੰਮੇਲਨ ਦਾ ਆਯੋਜਨ ਕੀਤਾ


ਜਨਸੰਖਿਆ ਲਾਭਅੰਸ਼ ਤੋਂ ਉਤਪਾਦਕ ਲਾਭਅੰਸ਼ ਤੱਕ: ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਇੱਕ ਵਿਕਸਤ ਭਾਰਤ ਲਈ ਰੱਖਿਆ ਉਦਯੋਗ ਨੂੰ ਪੀਐੱਮ-ਸੇਤੂ ਨਾਲ ਭਾਈਵਾਲੀ ਕਰਨ ਦਾ ਸੱਦਾ ਦਿੱਤਾ

ਉਦਯੋਗਾਂ ਨੂੰ ਸੀਐੱਸਆਰ ਤੋਂ ਅੱਗੇ ਵਧ ਕੇ ਆਈਟੀਆਈ ਦੀ ਜ਼ਿੰਮੇਵਾਰੀ ਲੈਣੀ ਹੋਵੇਗੀ ; ਪੀਐੱਮ-ਸੇਤੂ

ਹੁਨਰ ਵਿਕਾਸ ਅਤੇ ਰੁਜ਼ਗਾਰ ਵਿਚਕਾਰਲੇ ਪਾੜੇ ਨੂੰ ਪੂਰਾ ਕਰਨ ਲਈ ਬਣਾਇਆ ਗਿਆ ਹੈ: ਹੁਨਰ ਵਿਕਾਸ ਅਤੇ ਉਦਮਤਾ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਜਯੰਤ ਚੌਧਰੀ

Posted On: 30 AUG 2026 7:09PM by PIB Chandigarh

ਭਾਰਤ ਸਰਕਾਰ ਦੇ ਹੁਨਰ ਵਿਕਾਸ ਅਤੇ ਉਦਮਤਾ ਮੰਤਰਾਲੇ (ਐੱਮਅੱਸਡੀਈ) ਨੇ ਉੱਤਰ ਪ੍ਰਦੇਸ਼ ਸਰਕਾਰ ਦੇ ਸਹਿਯੋਗ ਨਾਲ ਅੱਜ ਲਖਨਊ ਵਿੱਚ ਪੀਐੱਮ-ਸੇਤੂ  ਉਦਯੋਗ ਸੰਮੇਲਨ ਦਾ ਆਯੋਜਨ ਕੀਤਾ। ਇਸ ਸੰਮੇਲਨ ਵਿੱਚ ਸਰਕਾਰ, ਉਦਯੋਗ, ਬਹੁਪੱਖੀ ਸੰਸਥਾਵਾਂ, ਰੱਖਿਆ ਖੇਤਰ ਦੇ ਜਨਤਕ ਉਪਕਰਮਾਂ , ਸੈਕਟਰ ਸਕਿੱਲ ਕੌਂਸਲਾਂ ਅਤੇ ਹੁਨਰ ਵਿਕਾਸ ਖੇਤਰ ਨਾਲ ਜੁੜੇ ਪ੍ਰਮੁੱਖ ਹਿੱਸੇਦਾਰਾਂ ਦੇ ਸੀਨੀਅਰ ਨੁਮਾਇੰਦਿਆਂ ਨੇ ਹਿੱਸਾ ਲਿਆ। ਸੰਮੇਲਨ ਵਿੱਚ ਕਿੱਤਾਮੁਖੀ ਸਿੱਖਿਆ ਵਿੱਚ ਉਦਯੋਗ ਦੀ ਭਾਗੀਦਾਰੀ ਨੂੰ ਮਜ਼ਬੂਤ ਕਰਨ ਅਤੇ ਉਦਯੋਗਿਕ ਸਿਖਲਾਈ ਸੰਸਥਾਵਾਂ (ਆਈਟੀਆਈ) ਨੂੰ ਵਿਸ਼ਵ ਪੱਧਰੀ ਉੱਤਮਤਾ ਕੇਂਦਰਾਂ ਵਜੋਂ ਵਿਕਸਤ ਕਰਨ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।

ਇਸ ਮੌਕੇ ’ਤੇ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ, ਹੁਨਰ ਵਿਕਾਸ ਅਤੇ ਉਦਮਤਾ ਮੰਤਰਾਲੇ ਅਤੇ ਸਿੱਖਿਆ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਜਯੰਤ ਚੌਧਰੀ, ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਸ਼੍ਰੀ ਬ੍ਰਜੇਸ਼ ਪਾਠਕ ਅਤੇ ਉੱਤਰ ਪ੍ਰਦੇਸ਼ ਸਰਕਾਰ ਵਿੱਚ ਕਿੱਤਾਮੁਖੀ ਸਿੱਖਿਆ, ਹੁਨਰ ਵਿਕਾਸ ਅਤੇ ਉਦਮਤਾ ਵਿਭਾਗ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਕਪਿਲ ਦੇਵ ਅਗਰਵਾਲ ਮੌਜੂਦ ਸਨ। ਹੁਨਰ ਵਿਕਾਸ ਅਤੇ ਉਦਮਤਾ ਮੰਤਰਾਲੇ, ਸਿਖਲਾਈ ਡਾਇਰੈਕਟੋਰੇਟ ਜਨਰਲ (ਡੀਜੀਟੀ), ਰੱਖਿਆ ਮੰਤਰਾਲੇ, ਉੱਤਰ ਪ੍ਰਦੇਸ਼ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਅਤੇ ਉਦਯੋਗ ਜਗਤ ਦੇ ਨੁਮਾਇੰਦਿਆਂ ਨੇ ਵੀ ਚਰਚਾ ਵਿੱਚ ਹਿੱਸਾ ਲਿਆ।

ਸੰਮੇਲਨ ਵਿੱਚ ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ (ਐੱਚਏਐੱਲ), ਭਾਰਤ ਇਲੈਕਟ੍ਰੋਨਿਕਸ ਲਿਮਟਿਡ (ਬੀਈਐੱਲ), ਭਾਰਤ ਡਾਇਨਾਮਿਕਸ ਲਿਮਟਿਡ (ਬੀਡੀਐੱਲ), ਬ੍ਰਹਮੋਸ ਏਅਰੋਸਪੇਸ, ਟਰੂਪ ਕੰਫਰਟਸ ਲਿਮਟਿਡ (ਟੀਸੀਐੱਲ), ਐਡਵਾਂਸਡ ਵੈਪਨਜ਼ ਐਂਡ ਇਕੁਇਪਮੈਂਟ ਇੰਡੀਆ ਲਿਮਟਿਡ (ਏਡਬਲਿਊਈਆਈਐੱਲ), ਗਲਾਈਡਰਜ਼ ਇੰਡੀਆ ਲਿਮਟਿਡ (ਜੀਆਈਐੱਲ), ਅਸ਼ੋਕ ਲੇਲੈਂਡ, ਐੱਨਐੱਸਡੀਸੀ,ਟੀਸੀਆਈਐੱਲ ਅਤੇ ਪੀਟੀਸੀ ਸਮੇਤ ਪ੍ਰਮੁੱਖ ਰੱਖਿਆ ਅਤੇ ਨਿਰਮਾਣ ਸੰਗਠਨਾਂ ਦੇ ਮੁਖੀਆਂ ਨੇ ਹਿੱਸਾ ਲਿਆ। ਵਿਸ਼ਵ ਬੈਂਕ, ਉਦਯੋਗਿਕ ਸੰਘਾਂ ਅਤੇ ਹੋਰ ਰਣਨੀਤਕ ਹਿੱਸੇਦਾਰਾਂ ਦੇ ਨੁਮਾਇੰਦੇ ਵੀ ਸੰਮੇਲਨ ਵਿੱਚ ਸ਼ਾਮਲ ਹੋਏ।

ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੀ ਰਾਜਨਾਥ ਸਿੰਘ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਦਾ ਆਲਮੀ ਨਿਰਮਾਣ ਅਤੇ ਤਕਨਾਲੋਜੀ ਪਾਵਰ-ਹਾਊਸ ਬਣਨ ਦਾ ਸਫ਼ਰ ਉੱਚ ਹੁਨਰਮੰਦ  ਮਨੁੱਖੀ ਸਰੋਤਾਂ ਦੀ ਉਪਲਬਧਤਾ ’ਤੇ ਨਿਰਭਰ ਕਰੇਗਾ। ਉਨ੍ਹਾਂ ਦੱਸਿਆ ਕਿ ਰੱਖਿਆ ਨਿਰਮਾਣ, ਏਅਰੋਸਪੇਸ, ਇਲੈਕਟ੍ਰੋਨਿਕਸ, ਡਰੋਨ, ਰੋਬੋਟਿਕਸ, ਸਟੀਕ ਇੰਜੀਨੀਅਰਿੰਗ ਅਤੇ ਸਵੈ-ਚਾਲਨ ਵਰਗੇ ਖੇਤਰਾਂ ਵਿੱਚ ਤੇਜ਼ੀ ਨਾਲ ਤਕਨੀਕੀ ਵਿਕਾਸ ਹੋ ਰਿਹਾ ਹੈ ਅਤੇ ਇਨ੍ਹਾਂ ਨੂੰ ਭਵਿੱਖ ਲਈ ਤਿਆਰ ਹੁਨਰ ਨਾਲ ਲੈਸ ਕਾਰਜਬਲ ਦੀ ਲੋੜ ਹੈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਵੈ -ਨਿਰਭਰਤਾ ਅਤੇ ਤਕਨੀਕੀ ਅਗਵਾਈ ਲਈ ਭਾਰਤ ਦੀਆਂ ਇੱਛਾਵਾਂ ਨੂੰ ਸਾਕਾਰ ਕਰਨ ਲਈ ਇੱਕ ਮਜ਼ਬੂਤ ਘਰੇਲੂ ਰੱਖਿਆ ਉਦਯੋਗਿਕ ਆਧਾਰ ਅਤੇ ਇੱਕ ਮਜ਼ਬੂਤ ​​ਹੁਨਰ ਵਿਕਾਸ ਪ੍ਰਣਾਲੀ ਦੇ ਨਾਲ-ਨਾਲ ਵਿਕਸਤ ਹੋਣਾ ਲਾਜ਼ਮੀ ਹੈ।

ਰੱਖਿਆ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਉਦਯੋਗਿਕ ਪ੍ਰਣਾਲੀ ਅਤੇ ਰੱਖਿਆ ਲਾਂਘੇ ਦੇ ਤੇਜ਼ੀ ਨਾਲ ਹੋ ਰਹੇ ਵਿਕਾਸ ਦੇ ਕਾਰਨ ਨਿਰਮਾਣ ਅਤੇ ਰੱਖਿਆ ਉਤਪਾਦਨ ਦੇ ਇੱਕ ਪ੍ਰਮੁੱਖ ਕੇਂਦਰ ਵਜੋਂ ਇਸ ਦੇ ਉੱਭਰਨ ’ਤੇ ਚਾਨਣਾ ਪਾਇਆ। ਉਦਯੋਗ-ਅਕਾਦਮਿਕ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਭਵਿੱਖ ਲਈ ਤਿਆਰ ਹੁਨਰ ਨਾਲ ਲੈਸ ਕਰਨ ਲਈ ਉਦਯੋਗ ਅਤੇ ਸਿਖਲਾਈ ਸੰਸਥਾਵਾਂ ਵਿਚਕਾਰ ਸਹਿਯੋਗ ਬੇਹੱਦ ਜ਼ਰੂਰੀ ਹੈ ਅਤੇ ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਅਜਿਹੀਆਂ ਭਾਈਵਾਲੀਆਂ ਸੂਬੇ ਨੂੰ ਸਹੀ ਦਿਸ਼ਾ ਵਿੱਚ ਲੈ ਜਾਣਗੀਆਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਦੀ ਅਗਵਾਈ ਵਿੱਚ ਉੱਤਰ ਪ੍ਰਦੇਸ਼ ਕਈ ਖੇਤਰਾਂ ਵਿੱਚ ਤਬਦੀਲੀ ਲਿਆਉਣ ਵਾਲੇ ਵਿਕਾਸ ਦਾ ਗਵਾਹ ਬਣ ਰਿਹਾ ਹੈ।

ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਹੁਨਰਮੰਦ ਕਾਰਜਬਲ ਦੀ ਉਪਲਬਧਤਾ ਰਾਸ਼ਟਰ ਨਿਰਮਾਣ ਲਈ ਮੁੱਢਲੀ ਲੋੜ ਹੈ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਭਾਰਤ ਦੇ ਜਨਸੰਖਿਆ ਲਾਭਾਂਸ਼ ਨੂੰ ਉਤਪਾਦਕ ਲਾਭਾਂਸ਼ ਵਿੱਚ ਬਦਲਣ ਦੇ ਦ੍ਰਿਸ਼ਟੀਕੋਣ ਨੂੰ ਦੁਹਰਾਇਆ। ਉਨ੍ਹਾਂ ਨੇ ਹੁਨਰ ਵਿਕਾਸ ਪ੍ਰਣਾਲੀ ਨੂੰ ਉਦਯੋਗ ਦੀਆਂ ਲੋੜਾਂ ਦੇ ਅਨੁਕੂਲ ਢਾਲਣ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਹੁਨਰ ਪ੍ਰਮਾਣੀਕਰਣ ( ਸਰਟੀਫਿਕੇਟਾਂ) ਦਾ ਮਹੱਤਵ ਉਦੋਂ ਹੀ ਹੁੰਦਾ ਹੈ ਜਦੋਂ ਉਹ ਸਾਰਥਕ ਰੁਜ਼ਗਾਰ ਪ੍ਰਦਾਨ ਕਰਨ। ਉਨ੍ਹਾਂ ਨੇ ਉਦਯੋਗਾਂ ਨੂੰ  ਪੀਐੱਮ-ਸੇਤੂ  ਨੂੰ ਸਿਰਫ਼ ਇੱਕ ਸਰਕਾਰੀ ਯੋਜਨਾ ਦੀ ਬਜਾਏ ਇੱਕ ਸਹਿਯੋਗੀ ਮਿਸ਼ਨ ਵਜੋਂ ਦੇਖਣ ਦਾ ਸੱਦਾ ਦਿੱਤਾ ਅਤੇ ਉਨ੍ਹਾਂ ਨੂੰ ਅਜਿਹੇ ਕਾਰਜਬਲ ਨੂੰ ਆਕਾਰ ਦੇਣ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ ਜੋ ਅੰਤ ਵਿੱਚ ਉਨ੍ਹਾਂ ਦੇ ਆਪਣੇ ਵਿਕਾਸ ਅਤੇ ਪ੍ਰਤੀਯੋਗਤਾ (ਮੁਕਾਬਲੇਬਾਜ਼ੀ) ਵਿੱਚ ਸਹਾਈ ਹੋਵੇਗਾ।

ਉਨ੍ਹਾਂ ਨੇ ਰੱਖਿਆ ਜਨਤਕ ਖੇਤਰ ਦੇ ਅਦਾਰਿਆਂ (ਡੀਪੀਐੱਸਯੂ) ਅਤੇ ਹੋਰ ਰੱਖਿਆ ਨਾਲ ਸਬੰਧਤ ਸੰਗਠਨਾਂ ਨੂੰ ਪੀਐੱਮ-ਸੇਤੂ ਪਹਿਲਕਦਮੀ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ, ਨਾਲ ਹੀ ਆਈ.ਟੀ.ਆਈ ਵਿੱਚ ਤਬਦੀਲੀ ਲਿਆਉਣ ਅਤੇ ਸਿਖਲਾਈ ਦੇ ਮੌਕਿਆਂ ਨੂੰ ਮਜ਼ਬੂਤ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਅੰਤ ਵਿੱਚ, ਉਨ੍ਹਾਂ ਕਿਹਾ ਕਿ ਪੀਐੱਮ-ਸੇਤੂ ਦੀ ਸਫਲਤਾ ਨੂੰ ਸਥਾਪਿਤ ਮਸ਼ੀਨਾਂ ਦੀ ਗਿਣਤੀ ਨਾਲ ਨਹੀਂ, ਸਗੋਂ ਇਸ ਨਾਲ ਪੈਦਾ ਹੋਏ ਰੁਜ਼ਗਾਰ ਦੇ ਮੌਕਿਆਂ ਅਤੇ ਇਸ ਨਾਲ ਪ੍ਰਭਾਵਿਤ ਹੋਣ ਵਾਲੇ ਸਕਾਰਾਤਮਕ ਜੀਵਨ ਤੋਂ ਮਾਪਿਆ ਜਾਣਾ ਚਾਹੀਦਾ ਹੈ।

ਇਸ ਮੌਕੇ ’ਤੇ ਸ਼੍ਰੀ ਜਯੰਤ ਚੌਧਰੀ ਨੇ ਕਿਹਾ ਕਿ ਪੀਐੱਮ-ਸੇਤੂ ਸਰਕਾਰ, ਉਦਯੋਗ ਅਤੇ ਸਿਖਲਾਈ ਸੰਸਥਾਵਾਂ ਵਿਚਕਾਰ ਇੱਕ ਨਵੇਂ ਭਾਈਵਾਲੀ ਮਾਡਲ ਦੀ ਨੁਮਾਇੰਦਗੀ ਕਰਦਾ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਹ ਪਹਿਲਕਦਮੀ ਆਈ.ਟੀ.ਆਈ. ਕਲੱਸਟਰਾਂ ਦੇ ਵਿਕਾਸ, ਸੰਚਾਲਨ ਅਤੇ ਪ੍ਰਬੰਧਨ ਵਿੱਚ ਉਦਯੋਗਾਂ ਨੂੰ ਸਰਗਰਮ ਭੂਮਿਕਾ ਨਿਭਾਉਣ ਦੇ ਯੋਗ ਬਣਾ ਕੇ ਸਿਖਲਾਈ ਅਤੇ ਰੁਜ਼ਗਾਰ ਵਿਚਕਾਰਲੇ ਪਾੜੇ ਨੂੰ ਪੂਰਾ ਕਰਨ ਲਈ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਦਾ ਉਦੇਸ਼ ਉਦਯੋਗ-ਅਨੁਕੂਲ ਸਿਖਲਾਈ, ਆਧੁਨਿਕ ਬੁਨਿਆਦੀ ਢਾਂਚਾ, ਸਿਖਲਾਈ ਦੇ ਮੌਕੇ ਅਤੇ ਉਦਮਤਾ ਦੇ ਰਾਹ ਪੱਧਰੇ ਕਰਕੇ ਭਵਿੱਖ ਲਈ ਤਿਆਰ ਕਾਰਜਬਲ ਦਾ ਨਿਰਮਾਣ ਕਰਨਾ ਹੈ।

ਆਲਮੀ ਮੁਕਾਬਲੇਬਾਜ਼ੀ ਹਾਸਲ ਕਰਨ ਵਿੱਚ ਰੱਖਿਆ ਖੇਤਰ ਦੇ ਰਣਨੀਤਕ ਮਹੱਤਵ ਬਾਰੇ ਦੱਸਦਿਆਂ ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਤਕਨਾਲੋਜੀ ਅਤੇ ਨਵੀਨਤਾ 'ਤੇ ਉਦਯੋਗ ਦੀ ਨਿਰਭਰਤਾ ਇਸ ਯੋਜਨਾ ਨੂੰ ਸਮੇਂ ਦੇ ਅਨੁਕੂਲ ਅਤੇ ਢੁਕਵੀਂ ਬਣਾਉਂਦੀ ਹੈ। ਉਨ੍ਹਾਂ ਉਦਯੋਗਾਂ ਨੂੰ ਸੀ.ਐੱਸ.ਆਰ. ਪਹਿਲਕਦਮੀਆਂ ਤੋਂ ਅੱਗੇ ਵਧ ਕੇ ਆਈ.ਟੀ.ਆਈ.  ਦੀ ਸਰਗਰਮ ਜ਼ਿੰਮੇਵਾਰੀ ਲੈਣ ਦਾ ਸੱਦਾ ਦਿੱਤਾ ਤਾਂ ਜੋ ਹੁਨਰ ਵਿਕਾਸ ਨੂੰ ਮਜ਼ਬੂਤ ਕੀਤਾ ਜਾ ਸਕੇ।

ਉਪ ਮੁੱਖ ਮੰਤਰੀ ਸ਼੍ਰੀ ਬ੍ਰਜੇਸ਼ ਪਾਠਕ ਨੇ ਭਾਗੀਦਾਰ ਉਦਯੋਗਾਂ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ ਅਤੇ ਇੱਕ ਵਿਕਸਤ ਭਾਰਤ ਦੀ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਪ੍ਰਮੁੱਖ ਚਾਲਕ ਵਜੋਂ ਹੁਨਰ ਵਿਕਾਸ ਪ੍ਰਣਾਲੀ ਨੂੰ ਮਜ਼ਬੂਤ ਕਰਨ ’ਤੇ ਸਰਕਾਰ ਦੇ ਨਿਰੰਤਰ ਧਿਆਨ ਕੇਂਦਰਿਤ ਕਰਨ ’ਤੇ ਜ਼ੋਰ ਦਿੱਤਾ।

ਉੱਤਰ ਪ੍ਰਦੇਸ਼ ਸਰਕਾਰ ਵਿੱਚ ਕਿੱਤਾਮੁਖੀ ਸਿੱਖਿਆ, ਹੁਨਰ ਵਿਕਾਸ ਅਤੇ ਉਦਮਤਾ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਕਪਿਲ ਦੇਵ ਅਗਰਵਾਲ ਨੇ ਕਿਹਾ ਕਿ ਉੱਤਰ ਪ੍ਰਦੇਸ਼ ਤੇਜ਼ੀ ਨਾਲ ਵਧ ਰਹੇ ਉਦਯੋਗਿਕ ਅਤੇ ਨਿਰਮਾਣ ਆਧਾਰ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਆਪਣੇ ਹੁਨਰ ਵਿਕਾਸ ਤੰਤਰ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਸੂਬੇ ਦੇ ਵਿਆਪਕ ਸਰਕਾਰੀ ਆਈ.ਟੀ.ਆਈ.  ਨੈੱਟਵਰਕ ਅਤੇ ਉੱਤਰ ਪ੍ਰਦੇਸ਼ ਵਿੱਚ ਅੱਠ ਪੀਐੱਮ-ਸੇਤੂ ਕਲੱਸਟਰਾਂ ਦੀ ਪਛਾਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਕਿੱਤਾਮੁਖੀ ਸਿਖਲਾਈ ਨੂੰ ਉਦਯੋਗ ਦੀਆਂ ਲੋੜਾਂ ਅਤੇ ਉੱਭਰ ਰਹੀਆਂ ਤਕਨਾਲੋਜੀਆਂ ਦੇ ਅਨੁਕੂਲ ਢਾਲਣ ਦਾ ਇੱਕ ਵਿਲੱਖਣ ਮੌਕਾ ਪ੍ਰਦਾਨ ਕਰਦੀ ਹੈ।

ਭਾਗੀਦਾਰਾਂ ਦਾ ਸਵਾਗਤ ਕਰਦਿਆਂ, ਸਿਖਲਾਈ ਡਾਇਰੈਕਟਰ ਜਨਰਲ ਸ਼੍ਰੀ ਦਿਲੀਪ ਕੁਮਾਰ ਨੇ ਉਦਯੋਗ ਅਤੇ ਹੁਨਰ ਵਿਕਾਸ ਈਕੋਸਿਸਟਮ ਵਿਚਕਾਰ ਡੂੰਘੇ ਅਤੇ ਵਧੇਰੇ ਢਾਂਚਾਗਤ ਸਬੰਧ ਬਣਾਉਣ ਵਿੱਚ ਪੀਐੱਮ-ਸੇਤੂ  ਦੀ ਤਬਦੀਲੀ ਲਿਆਉਣ ਵਾਲੀ ਸਮਰੱਥਾ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਐਂਕਰ ਉਦਯੋਗਿਕ ਭਾਈਵਾਲਾਂ (ਏਆਈਪੀ) ਨੂੰ ਆਈ.ਟੀ.ਆਈ.  ਕਲੱਸਟਰਾਂ ਦੇ ਵਿਕਾਸ ਅਤੇ ਆਧੁਨਿਕੀਕਰਨ ਵਿੱਚ ਸਰਗਰਮੀ ਨਾਲ ਯੋਗਦਾਨ ਪਾਉਣ ਲਈ ਸ਼ਕਤੀਸ਼ਾਲੀ ਬਣਾਉਂਦੀ ਹੈ, ਜਿਸ ਨਾਲ ਸੰਸਥਾਗਤ ਨਤੀਜਿਆਂ ਅਤੇ ਉਦਯੋਗ ਦੀਆਂ ਲੋੜਾਂ ਵਿਚਕਾਰ ਸਿੱਧਾ ਤਾਲਮੇਲ ਯਕੀਨੀ ਹੁੰਦਾ ਹੈ।

ਉੱਤਰ ਪ੍ਰਦੇਸ਼ ਸਰਕਾਰ ਦੇ ਕਿੱਤਾਮੁਖੀ ਸਿੱਖਿਆ, ਹੁਨਰ ਵਿਕਾਸ ਅਤੇ ਉਦਮਤਾ ਵਿਭਾਗ ਦੇ ਪ੍ਰਮੁੱਖ ਸਕੱਤਰ ਡਾ. ਹਰੀ ਓਮ ਨੇ ਕੌਸ਼ਲ ਵਿਕਾਸ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਸੂਬੇ ਵਿੱਚ ਉਪਲਬਧ ਮਹੱਤਵਪੂਰਨ ਮੌਕਿਆਂ ’ਤੇ ਚਾਨਣਾ ਪਾਇਆ ਅਤੇ ਉਦਯੋਗ ਜਗਤ ਦੇ ਆਗੂਆਂ ਨੂੰ ਇਹਨਾਂ ਯਤਨਾਂ ਵਿੱਚ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ। ਹੁਨਰ ਵਿਕਾਸ ਅਤੇ ਉਦਮਤਾ ਮੰਤਰਾਲੇ (ਐੱਮਐੱਸਡੀਈ) ਦੀ ਸੰਯੁਕਤ ਸਕੱਤਰ ਸ਼੍ਰੀਮਤੀ ਮਾਨਸੀ ਸਹਾਏ ਠਾਕੁਰ ਨੇ ਪੀਐੱਮ-ਸੇਤੂ ਦਾ ਇੱਕ ਜਾਣਕਾਰੀ ਭਰਪੂਰ ਸੰਖੇਪ ਜਾਣਕਾਰੀ ਪੇਸ਼ ਕੀਤੀ , ਜਿਸ ਨਾਲ ਦਰਸ਼ਕਾਂ ਨੂੰ ਪ੍ਰੋਗਰਾਮ ਅਤੇ ਇਸ ਦੇ ਦ੍ਰਿਸ਼ਟੀਕੋਣ ਦੀ ਡੂੰਘੀ ਸਮਝ ਹਾਸਲ ਹੋਈ।

ਇਕੱਠ ਨੂੰ ਸੰਬੋਧਨ ਕਰਦਿਆਂ, ਇਨਵੈਸਟ ਯੂ.ਪੀ. ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਵਿਜੇ ਕਰਨ ਆਨੰਦ ਨੇ ਯੋਜਨਾ ਦੇ ਵਿਆਪਕ ਲਾਭਾਂ ’ਤੇ ਜ਼ੋਰ ਦਿੱਤਾ ਅਤੇ ਅਧਿਕਾਰੀਆਂ ਅਤੇ ਹਿੱਸੇਦਾਰਾਂ ਨੂੰ ਇਸ ਦੇ ਲਾਗੂਕਰਨ ਵਿੱਚ ਸਰਗਰਮੀ ਨਾਲ ਭਾਗ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਯੋਜਨਾ ਦੇ ਉਦੇਸ਼ ਨੂੰ ਸਾਕਾਰ ਕਰਨ ਅਤੇ ਰਾਜ ਭਰ ਵਿੱਚ ਇਸ ਦੇ ਪ੍ਰਭਾਵ ਨੂੰ ਵੱਧ ਤੋਂ ਵੱਧ ਕਰਨ ਲਈ ਮਜ਼ਬੂਤ ਭਾਈਵਾਲੀ ਦੀ ਮਹੱਤਤਾ ’ਤੇ ਜ਼ੋਰ ਦਿੱਤਾ।

ਰੱਖਿਆ ਜਨਤਕ ਖੇਤਰ ਦੇ ਅਦਾਰਿਆਂ ਅਤੇ ਰਣਨੀਤਕ ਉਦਯੋਗਾਂ ਦੇ ਨੁਮਾਇੰਦਿਆਂ ਨੇ ਏਅਰੋਸਪੇਸ ਪ੍ਰਣਾਲੀਆਂ, ਜਹਾਜ਼ ਨਿਰਮਾਣ, ਇਲੈਕਟ੍ਰੋਨਿਕਸ ਨਿਰਮਾਣ, ਸਟੀਕ ਇੰਜੀਨੀਅਰਿੰਗ, ਰੱਖਿਆ ਉਤਪਾਦਨ, ਉੱਨਤ ਵੈਲਡਿੰਗ, ਮੈਕਾਟ੍ਰੋਨਿਕਸ ਅਤੇ ਡਰੋਨ ਤਕਨਾਲੋਜੀ ਵਰਗੇ ਖੇਤਰਾਂ ਵਿੱਚ ਹੁਨਰਮੰਦ ਇੰਜੀਨੀਅਰਾਂ ਦੀ ਵੱਧ ਰਹੀ ਮੰਗ 'ਤੇ ਚਾਨਣਾ ਪਾਇਆ । ਉਦਯੋਗ ਜਗਤ ਦੇ ਭਾਗੀਦਾਰਾਂ ਨੇ ਉਦਯੋਗ-ਅਗਵਾਈ ਵਾਲੇ ਹੁਨਰ ਵਿਕਾਸ ਮਾਡਲਾਂ ਰਾਹੀਂ ਇੱਕ ਨਿਰੰਤਰ ਪ੍ਰਤਿਭਾ ਸਪਲਾਈ ਲੜੀ ਬਣਾਉਣ ਲਈ ਸਰਕਾਰ ਨਾਲ ਭਾਈਵਾਲੀ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ।

ਪੀਐੱਮ-ਸੇਤੂ ਯੋਜਨਾ ਦੇ ਤਹਿਤ, ਇੱਕ ਹਬ ਆਈ.ਟੀ.ਆਈ. ਅਤੇ ਚਾਰ ਸਪੋਕ ਆਈ.ਟੀ.ਆਈ. ਵਾਲੇ ਕਲੱਸਟਰ ਪ੍ਰੋਜੈਕਟ 241 ਕਰੋੜ ਰੁਪਏ ਤੱਕ ਦਾ ਨਿਵੇਸ਼ ਆਕਰਸ਼ਿਤ ਕਰ ਸਕਦਾ ਹੈ। ਇਹਨਾਂ ਪ੍ਰੋਜੈਕਟਾਂ ਨੂੰ ਭਾਰਤ ਸਰਕਾਰ ਵੱਲੋਂ 50 %, ਰਾਜ ਸਰਕਾਰਾਂ ਵੱਲੋਂ 33%  ਅਤੇ ਉਦਯੋਗਿਕ ਭਾਈਵਾਲਾਂ ਵੱਲੋਂ 17%  ਦੀ ਫੰਡਿੰਗ ਰਾਹੀਂ ਸਹਾਇਤਾ ਪ੍ਰਾਪਤ ਹੋਵੇਗੀ। ਰਵਾਇਤੀ ਭਾਈਵਾਲੀ ਮਾਡਲ ਦੇ ਉਲਟ, ਪ੍ਰਸਤਾਵਿਤ ਸਪੈਸ਼ਲ ਪਰਪਜ਼ ਵਹੀਕਲ (ਐੱਸਪੀਵੀ) ਸੰਰਚਨਾ ਐਂਕਰ ਉਦਯੋਗਿਕ ਭਾਈਵਾਲਾਂ ਨੂੰ 51% ਮਲਕੀਅਤ ਪ੍ਰਦਾਨ ਕਰਦੀ ਹੈ, ਜਦੋਂ ਕਿ ਕੇਂਦਰ ਅਤੇ ਰਾਜ ਸਰਕਾਰਾਂ ਕੋਲ 24.5% ਮਲਕੀਅਤ ਹੁੰਦੀ ਹੈ, ਜਿਸ ਨਾਲ ਕਲੱਸਟਰ ਵਿਕਾਸ ਅਤੇ ਸੰਚਾਲਨ ਵਿੱਚ ਉਦਯੋਗ ਦੀ ਮਹੱਤਵਪੂਰਨ ਅਗਵਾਈ ਯਕੀਨੀ ਹੁੰਦੀ ਹੈ। ਉੱਤਰ ਪ੍ਰਦੇਸ਼ ਵਿੱਚ ਹੁਣ ਤੱਕ 8 ਕਲੱਸਟਰਾਂ ਵਿੱਚ 32 ਆਈ.ਟੀ.ਆਈ. ਦੀ ਪਛਾਣ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਵਿੱਚੋਂ ਸੱਤ ਅਜੇ ਵੀ ਸਹਿਯੋਗ ਲਈ ਖੁੱਲ੍ਹੇ ਹਨ।

ਸੰਮੇਲਨ ਨੂੰ ਇਹ ਜਾਣਕਾਰੀ ਦਿੱਤੀ ਗਈ ਕਿ ਪੀਐੱਮ-ਸੇਤੂ ਦੇ ਤਹਿਤ ਮਨਜ਼ੂਰਸ਼ੁਦਾ ਉਦਯੋਗਿਕ ਭਾਈਵਾਲੀ ਪ੍ਰਸਤਾਵ ਵਰਤਮਾਨ ਵਿੱਚ ਪੰਜ ਰਾਜਾਂ ਦੇ ਸੱਤ ਕਲੱਸਟਰਾਂ ਵਿੱਚ 1,500 ਕਰੋੜ ਰੁਪਏ ਤੋਂ ਵੱਧ ਦੇ ਵਚਨਬੱਧ ਉਦਯੋਗ-ਅਗਵਾਈ ਵਾਲੇ ਨਿਵੇਸ਼ ਦੀ ਨੁਮਾਇੰਦਗੀ ਕਰਦੇ ਹਨ, ਅਤੇ ਕਈ ਹੋਰ ਪ੍ਰਸਤਾਵ ਵਿਚਾਰ ਅਧੀਨ ਹਨ।

ਇਸ ਸਮਾਗਮ ਦੌਰਾਨ, ਐੱਨ.ਐੱਸ.ਡੀ.ਸੀ ਅਤੇ ਲਖਨਊ ਛਾਉਣੀ ਬੋਰਡ ਨੇ ਸ਼ੌਰਿਆ ਅਕੈਡਮੀ ਦੀ ਸਥਾਪਨਾ ਲਈ  ਇੱਕ ਸਮਝੌਤੇ ’ਤੇ ਦਸਤਖ਼ਤ ਕੀਤੇ, ਜੋ ਹਥਿਆਰਬੰਦ ਬਲਾਂ, ਪੁਲਿਸ ਅਤੇ ਹੋਰ ਵਰਦੀਧਾਰੀ ਸੇਵਾਵਾਂ ਵਿੱਚ ਕਰੀਅਰ ਲਈ ਨੌਜਵਾਨਾਂ ਨੂੰ ਤਿਆਰ ਕਰਨ ਦੇ ਉਦੇਸ਼ ਨਾਲ ਆਪਣੀ ਤਰ੍ਹਾਂ ਦੀ ਪਹਿਲੀ ਪਹਿਲਕਦਮੀ ਹੈ ।

****

ਐੱਸਐੱਚ


(Release ID: 2305367) ਵਿਜ਼ੀਟਰ ਕਾਊਂਟਰ : 4