ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਕਨੌਮਿਕ ਟਾਈਮਜ਼ ਵਰਲਡ ਲੀਡਰਜ਼ ਫੋਰਮ 2026 ਨੂੰ ਸੰਬੋਧਨ ਕੀਤਾ
ਦੁਨੀਆ ਭਾਰਤ ਨੂੰ ਵਿਕਾਸ ਅਤੇ ਉਮੀਦ ਦੇ ਇੱਕ ਚਮਕਦੇ ਸਿਤਾਰੇ ਦੇ ਰੂਪ ਵਿੱਚ ਦੇਖਦੀ ਹੈ: ਪ੍ਰਧਾਨ ਮੰਤਰੀ
ਭਾਰਤ ਨੀਤੀਗਤ ਪੱਧਰ ’ਤੇ ਅਗਲੀ ਪੀੜ੍ਹੀ ਦੇ ਸੁਧਾਰ ਲਾਗੂ ਕਰ ਰਿਹਾ ਹੈ, ਸ਼ਾਸਨ ਵਿੱਚ ਵੀ ਸੁਧਾਰ ਕੀਤੇ ਜਾ ਰਹੇ ਹਨ: ਪ੍ਰਧਾਨ ਮੰਤਰੀ
ਪਹਿਲਾਂ ਉਤਪਾਦਨ ਵਧਾਉਣ ’ਤੇ ਸਜ਼ਾ ਮਿਲਦੀ ਸੀ ਪਰ ਅੱਜ, ਸਾਡੀ ਸਰਕਾਰ ਉਤਪਾਦਨ ਵਧਾਉਣ ਲਈ ਪ੍ਰੋਤਸਾਹਨ ਦੇ ਰਹੀ ਹੈ
ਭਾਰਤ ਵਿੱਚ ਸਿਆਸੀ ਸਥਿਰਤਾ ਅਤੇ ਨੀਤੀਆਂ ਵਿੱਚ ਨਿਰੰਤਰਤਾ ਹੈ: ਪ੍ਰਧਾਨ ਮੰਤਰੀ
ਪਹਿਲਾਂ ਨਿਯਮਾਂ ਦਾ ਤਰੀਕਾ ਸੀ ‘ਜਦੋਂ ਤੱਕ ਇਜਾਜ਼ਤ ਨਹੀਂ ਮਿਲਦੀ, ਉਦੋਂ ਤੱਕ ਮਨਾਹੀ’, ਅਸੀਂ ਇਸ ਨੂੰ ਬਦਲ ਕੇ ‘ਜਦੋਂ ਤੱਕ ਮਨਾਹੀ ਨਾ ਹੋਵੇ, ਉਦੋਂ ਤੱਕ ਇਜਾਜ਼ਤ’ ਕਰ ਰਹੇ ਹਾਂ: ਪ੍ਰਧਾਨ ਮੰਤਰੀ
ਸਰਕਾਰ ਅਤੇ ਨਾਗਰਿਕਾਂ ਵਿਚਕਾਰ ਰਿਸ਼ਤਾ ਸ਼ੱਕ ’ਤੇ ਨਹੀਂ, ਸਗੋਂ ਭਰੋਸੇ ’ਤੇ ਅਧਾਰਿਤ ਹੋਣਾ ਚਾਹੀਦਾ ਹੈ: ਪ੍ਰਧਾਨ ਮੰਤਰੀ
ਅਸੀਂ ਅਜਿਹੀਆਂ ਨੀਤੀਆਂ ਬਣਾ ਰਹੇ ਹਾਂ ਜੋ ਜਨਤਾ, ਵਿਕਾਸ ਅਤੇ ਤਰੱਕੀ ਦੇ ਪੱਖ ਵਿੱਚ ਹੋਣ: ਪ੍ਰਧਾਨ ਮੰਤਰੀ"
Posted On:
21 AUG 2026 10:22PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇਕਨੌਮਿਕ ਟਾਈਮਜ਼ ਵਰਲਡ ਲੀਡਰਜ਼ ਫੋਰਮ 2026 ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਹਾਜ਼ਰ ਸ਼ਖ਼ਸੀਅਤਾਂ, ਨੀਤੀ ਨਿਰਮਾਤਾਵਾਂ ਅਤੇ ਵਪਾਰਕ ਆਗੂਆਂ ਦਾ ਸਵਾਗਤ ਕਰਦਿਆਂ ਇਸ ਵੱਕਾਰੀ ਸੰਮੇਲਨ ਵਿੱਚ ਹਿੱਸਾ ਲੈਣ ’ਤੇ ਡੂੰਘੀ ਖ਼ੁਸ਼ੀ ਪ੍ਰਗਟ ਕੀਤੀ। ਸ਼੍ਰੀ ਮੋਦੀ ਨੇ ਇਸ ਸਾਲ ਦੇ ਵਿਸ਼ੇ 'ਸਾਂਝਾ ਭਵਿੱਖ' ਦੇ ਮਹੱਤਵ ਅਤੇ ਪ੍ਰਾਸੰਗਿਕਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਹਾਲੀਆ ਸਾਲਾਂ ਦੇ ਵਿਸ਼ਵ ਉਤਾਰ-ਚੜ੍ਹਾਵਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸਾਰੇ ਦੇਸ਼ਾਂ ਦਾ ਭਵਿੱਖ ਆਪਸ ਵਿੱਚ ਜੁੜਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਹਮੇਸ਼ਾ ਇਸੇ ਭਾਵਨਾ ਨਾਲ ਅੱਗੇ ਵਧਿਆ ਹੈ। ਇਹੋ ਕਾਰਨ ਹੈ ਕਿ ਭਾਰਤ ਦੀ ਜੀ-20 ਪ੍ਰਧਾਨਗੀ ਦੌਰਾਨ ਮੰਤਰ 'ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ' ਸੀ। ਸ਼੍ਰੀ ਮੋਦੀ ਨੇ ਕਿਹਾ, “ਸਾਂਝੇ ਭਵਿੱਖ ਦੀ ਇਹ ਭਾਵਨਾ ਅਤੇ ਇਸ ਨਾਲ ਜੁੜੀ ਜ਼ਿੰਮੇਵਾਰੀ 21ਵੀਂ ਸਦੀ ਦੀ ਦੁਨੀਆ ਦੀਆਂ ਕਈ ਸਮੱਸਿਆਵਾਂ ਦਾ ਹੱਲ ਕਰਦੀ ਹੈ।“"
"ਪ੍ਰਧਾਨ ਮੰਤਰੀ ਨੇ ਵਿਕਾਸ, ਹਥਿਆਰ ਦੇ ਰੂਪ ਵਿੱਚ ਸਾਧਨਾਂ ਦੀ ਵਰਤੋਂ ਅਤੇ ਵਧਦੇ ਅਵਿਸ਼ਵਾਸ ’ਤੇ ਗਲੋਬਲ ਚਿੰਤਾਵਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰਾ ਭਾਰਤ ਨੂੰ ਵਿਕਾਸ ਅਤੇ ਉਮੀਦ ਦੇ ਇੱਕ ਚਮਕਦੇ ਸਿਤਾਰੇ ਦੇ ਰੂਪ ਵਿੱਚ ਦੇਖ ਰਿਹਾ ਹੈ। ਉਨ੍ਹਾਂ ਨੇ 25 ਕਰੋੜ ਨਾਗਰਿਕਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਣ ਅਤੇ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਪ੍ਰਮੁੱਖ ਆਰਥਿਕਤਾ ਦਾ ਦਰਜਾ ਬਣਾਏ ਰੱਖਣ ਵਿੱਚ ਭਾਰਤ ਦੀ ਸਫ਼ਲਤਾ ਨੂੰ ਉਜਾਗਰ ਕੀਤਾ। ਸ਼੍ਰੀ ਮੋਦੀ ਨੇ ਆਜ਼ਾਦੀ ਦਿਹਾੜੇ ਦੇ ਆਪਣੇ ਭਾਸ਼ਣ ਵਿੱਚ ਐਲਾਨੀ ‘ਸਪਤ ਧਾਰਾ’ (ਨਿਰਮਾਣ, ਤਕਨਾਲੋਜੀ ਅਤੇ ਗਰੀਨ ਇਕੌਨਮੀ ਸਮੇਤ ਸੱਤ ਪ੍ਰਮੁੱਖ ਖੇਤਰਾਂ) ’ਤੇ ਸਰਕਾਰ ਦੇ ਧਿਆਨ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਅੱਜ ਨੀਤੀਗਤ ਪੱਧਰ ’ਤੇ ਅਗਲੀ ਪੀੜ੍ਹੀ ਦੇ ਸੁਧਾਰ ਕਰ ਰਿਹਾ ਹੈ। ਸ਼ਾਸਨ ਦੇ ਪੱਧਰ ’ਤੇ ਸੁਧਾਰ ਲਿਆਂਦਾ ਜਾ ਰਿਹਾ ਹੈ ਅਤੇ ਜੀਵਨ ਨੂੰ ਆਸਾਨ ਬਣਾਉਣ ਲਈ ਸੁਧਾਰ ਲਾਗੂ ਕੀਤੇ ਜਾ ਰਹੇ ਹਨ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, “ਸੁਧਾਰ ਸਾਡੇ ਲਈ ਕੋਈ ਮਜਬੂਰੀ ਨਹੀਂ ਹਨ। ਇਹ ਸਾਡੀ ਸਰਬਉੱਚ ਵਚਨਬੱਧਤਾ ਅਤੇ ਦ੍ਰਿੜ੍ਹ ਵਿਸ਼ਵਾਸ ਹੈ।“"
ਪ੍ਰਧਾਨ ਮੰਤਰੀ ਨੇ ਮੌਜੂਦਾ ਆਰਥਿਕ ਮਾਹੌਲ ਦੀ ਤੁਲਨਾ ਅਤੀਤ ਦੀਆਂ ਪਾਬੰਦੀਸ਼ੁਦਾ ਨੀਤੀਆਂ ਨਾਲ ਕਰਦਿਆਂ ਲਾਇਸੈਂਸ ਰਾਜ ਦੀ ਪ੍ਰੋਡਕਸ਼ਨ ਲਿੰਕਡ ਪਨਿਸ਼ਮੈਂਟ (ਪੀਐੱਲਪੀ) ਦੀ ਧਾਰਨਾ ਨੂੰ ਮਜ਼ਾਕੀਆ ਅੰਦਾਜ਼ ਵਿੱਚ ਸਮਝਾਇਆ। ਉਨ੍ਹਾਂ ਨੇ ਕਿਹਾ ਕਿ ਉਸ ਦੌਰ ਵਿੱਚ ਕੰਪਨੀਆਂ ਨੂੰ ਨਿਰਧਾਰਿਤ ਸੀਮਾ ਤੋਂ ਵੱਧ ਉਤਪਾਦਨ ਕਰਨ ’ਤੇ ਸਜ਼ਾ ਦਿੱਤਾ ਜਾਂਦੀ ਸੀ ਅਤੇ ਮਾਲ ਨਸ਼ਟ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ। ਉਨ੍ਹਾਂ ਨੇ ਪਿਛਲੀਆਂ ਸਰਕਾਰਾਂ ਦੀ ਉਸ ਮਾਨਸਿਕਤਾ ਦੀ ਆਲੋਚਨਾ ਕੀਤੀ ਜੋ ਜਾਣਬੁੱਝ ਕੇ ਘਾਟ ਬਣਾਏ ਰੱਖਦੇ ਸੀ ਤਾਂ ਜੋ ਨਾਗਰਿਕ ਉਨ੍ਹਾਂ ’ਤੇ ਨਿਰਭਰ ਰਹਿਣ। ਇਸ ਨਾਲ ਰੁਜ਼ਗਾਰ ਸਿਰਜਣ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਸ਼੍ਰੀ ਮੋਦੀ ਨੇ ਕਿਹਾ, “ਇਸ ਮਾਨਸਿਕਤਾ ਵਾਲੇ ਲੋਕ ਹਮੇਸ਼ਾ ਚਾਹੁੰਦੇ ਸਨ ਕਿ ਜ਼ਰੂਰੀ ਚੀਜ਼ਾਂ ਦੀ ਭਾਰੀ ਘਾਟ ਬਣੀ ਰਹੇ। ਨਾਗਰਿਕਾਂ ਨੂੰ ਘਾਟ ਵਿੱਚ ਰੱਖਣਾ ਉਨ੍ਹਾਂ ਦੀ ਸੋਚੀ-ਸਮਝੀ ਨੀਤੀ ਸੀ।“"
ਸ਼ਾਸਨ ਦੇ ਦ੍ਰਿਸ਼ਟੀਕੋਣ ਵਿੱਚ ਆਏ ਬਦਲਾਅ ’ਤੇ ਚਾਨਣਾ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਵਿਨਾਸ਼ਕਾਰੀ ਪੀਐੱਲਪੀ ਮਾਡਲ ਦੀ ਤੁਲਨਾ ਮੌਜੂਦਾ ਪ੍ਰੋਡਕਸ਼ਨ ਲਿੰਕਡ ਇੰਸੈਂਟਿਵ (ਪੀਐੱਲਆਈ) ਯੋਜਨਾ ਨਾਲ ਕੀਤੀ। ਉਨ੍ਹਾਂ ਨੇ ਅੰਕੜਿਆਂ ਦੇ ਸਹਾਰੇ ਸਪੱਸ਼ਟ ਕੀਤਾ ਕਿ ਕਿਵੇਂ ਸੋਚ ਵਿੱਚ ਸੁਧਾਰ ਨਾਲ ਆਰਥਿਕ ਨਤੀਜੇ ਬਦਲ ਜਾਂਦੇ ਹਨ। ਉਨ੍ਹਾਂ ਨੇ ਪੀਐੱਲਆਈ ਯੋਜਨਾ ਦੀ ਸਫ਼ਲਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਨੇ 2.5 ਲੱਖ ਕਰੋੜ ਰੁਪਏ ਦਾ ਅਸਲ ਨਿਵੇਸ਼ ਆਕਰਸ਼ਿਤ ਕੀਤਾ, 22 ਲੱਖ ਕਰੋੜ ਰੁਪਏ ਦਾ ਉਤਪਾਦਨ ਅਤੇ ਵਿਕਰੀ ਕੀਤੀ, 15 ਲੱਖ ਕਰੋੜ ਰੁਪਏ ਦਾ ਨਿਰਯਾਤ ਕੀਤਾ ਅਤੇ 14 ਲੱਖ ਤੋਂ ਵੱਧ ਰੁਜ਼ਗਾਰ ਪੈਦਾ ਕੀਤੇ ਹਨ। ਸ਼੍ਰੀ ਮੋਦੀ ਨੇ ਕਿਹਾ, “ਜਿੱਥੇ ਪੁਰਾਣੇ ਲਾਇਸੈਂਸ ਰਾਜ ਦੇ ਸਜ਼ਾ ਮਾਡਲ ਨੇ ਬੇਰੁਜ਼ਗਾਰੀ ਵਧਾਈ, ਉੱਥੇ ਹੀ ਅੱਜ ਸਾਡਾ ਪ੍ਰੋਤਸਾਹਨ ਮਾਡਲ ਲੱਖਾਂ ਨਵੇਂ ਰੁਜ਼ਗਾਰ ਪੈਦਾ ਕਰ ਰਿਹਾ ਹੈ।“"
ਪ੍ਰਧਾਨ ਮੰਤਰੀ ਨੇ ਦੇਸ਼ ਦੇ ਤੇਜ਼ ਵਿਕਾਸ ਦਾ ਸਿਹਰਾ ਸਿਆਸੀ ਸਥਿਰਤਾ ਅਤੇ ਨੀਤੀਆਂ ਦੀ ਨਿਰੰਤਰਤਾ ਨੂੰ ਦਿੰਦਿਆਂ ਸ਼ਾਸਨ ਪੱਧਰ ਦੇ ਸੁਧਾਰਾਂ ’ਤੇ ਕੇਂਦ੍ਰਿਤ ਇੱਕ ਸਪੱਸ਼ਟ ਰੋਡਮੈਪ ਪੇਸ਼ ਕੀਤਾ। ਉਨ੍ਹਾਂ ਨੇ ‘ਇਜਾਜ਼ਤ ਨਹੀਂ ਮਿਲਣ ਤੱਕ ਮਨਾਹੀ’ ਦੇ ਪੁਰਾਣੇ ਰਵੱਈਏ ਦੀ ਜਗ੍ਹਾ ਅਪਣਾਏ ਗਏ ‘ਮਨਾਹੀ ਨਹੀਂ ਹੋਣ ਤੱਕ ਇਜਾਜ਼ਤ’ ਦੇ ਆਧੁਨਿਕ ਦ੍ਰਿਸ਼ਟੀਕੋਣ ਨੂੰ ਸਮਝਾਇਆ ਜਿਸ ਨਾਲ ਵਾਰ-ਵਾਰ ਨੌਕਰਸ਼ਾਹੀ ਦੀ ਇਜਾਜ਼ਤ ਲੈਣ ਦੀ ਜ਼ਰੂਰਤ ਬਹੁਤ ਘੱਟ ਹੋ ਗਈ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, ‘ਸਰਕਾਰ ਅਤੇ ਨਾਗਰਿਕਾਂ ਵਿਚਕਾਰ ਰਿਸ਼ਤੇ ਦਾ ਮੂਲ ਅਧਾਰ ਡੂੰਘਾ ਵਿਸ਼ਵਾਸ ਹੋਣਾ ਚਾਹੀਦਾ ਹੈ, ਸ਼ੱਕ ਨਹੀਂ।’"
ਇਸ ਨਵੀਂ ਸੋਚ ਨੂੰ ਦਰਸਾਉਣ ਵਾਲੇ ਵਿਧਾਨਿਕ ਸੁਧਾਰਾਂ ਦਾ ਵੇਰਵਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਜਨ ਵਿਸ਼ਵਾਸ ਬਿੱਲ ਦਾ ਜ਼ਿਕਰ ਕੀਤਾ। ਇਸ ਬਿੱਲ ਰਾਹੀਂ ਕਈ ਛੋਟੇ-ਮੋਟੇ ਅਪਰਾਧਾਂ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਬਾਹਰ ਕਰਕੇ ਕੈਦ ਦੀ ਸਜ਼ਾ ਦੀ ਜਗ੍ਹਾ ਆਰਥਿਕ ਜੁਰਮਾਨੇ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਨੇ ਉਦਯੋਗਾਂ ’ਤੇ ਬੋਝ ਘੱਟ ਕਰਨ ਲਈ 40,000 ਤੋਂ ਵੱਧ ਅਨੁਪਾਲਣਾਂ ਨੂੰ ਹਟਾਉਣ ਅਤੇ 1,500 ਤੋਂ ਵੱਧ ਪੁਰਾਣੇ ਕਾਨੂੰਨਾਂ ਨੂੰ ਖ਼ਤਮ ਕਰਨ ਦੀ ਗੱਲ ਵੀ ਕੀਤੀ। ਸ਼੍ਰੀ ਮੋਦੀ ਨੇ ਕਿਹਾ, ‘ਜਦੋਂ ਅਸੀਂ ਇਨ੍ਹਾਂ ਸਾਰੇ ਵੱਡੇ ਸੁਧਾਰਾਂ ਨੂੰ ਇੱਕ ਨਾਲ ਦੇਖਦੇ ਹਾਂ, ਤਾਂ ਸਾਨੂੰ ਅੰਦਾਜ਼ਾ ਮਿਲਦਾ ਹੈ ਕਿ ਸਾਡੇ ਵਪਾਰ ਦੇ ਉੱਪਰੋਂ ਕਿੰਨਾ ਵੱਡਾ ਬੋਝ ਘੱਟ ਹੋ ਗਿਆ ਹੈ।’"
ਸਿਆਸੀ ਵਿਰੋਧ ਦੇ ਬਾਵਜੂਦ ਕਾਨੂੰਨੀ ਢਾਂਚੇ ਨੂੰ ਆਧੁਨਿਕ ਬਣਾਉਣ ਦੇ ਸਰਕਾਰ ਦੇ ਨਿਰੰਤਰ ਯਤਨ ਦੀ ਸ਼ਲਾਘਾ ਕਰਦਿਆਂ, ਪ੍ਰਧਾਨ ਮੰਤਰੀ ਨੇ ਮਾਨਸੂਨ ਸੈਸ਼ਨ ਦੌਰਾਨ ‘ਬੈਂਕਰਜ਼ ਬੁੱਕ ਐਵੀਡੈਂਸ ਬਿੱਲ’ ਦੇ ਪਾਸ ਹੋਣ ’ਤੇ ਖ਼ੁਸ਼ੀ ਪ੍ਰਗਟ ਕੀਤੀ। ਉਨ੍ਹਾਂ ਨੇ ਦੱਸਿਆ ਕਿ 19ਵੀਂ ਸਦੀ ਦੇ ਬ੍ਰਿਟਿਸ਼ ਕਾਨੂੰਨ ਦੀ ਜਗ੍ਹਾ ਡਿਜੀਟਲ ਬੈਂਕਿੰਗ ਰਿਕਾਰਡ ਨੂੰ ਕਾਨੂੰਨੀ ਮਾਨਤਾ ਦੇਣ ਵਾਲਾ ਆਧੁਨਿਕ ਕਾਨੂੰਨ ਲਿਆਉਣ ਨਾਲ ਜਟਿਲਤਾਵਾਂ ਬਹੁਤ ਘੱਟ ਹੋਣਗੀਆਂ ਅਤੇ ਵਪਾਰ ਕਰਨ ਦੀ ਸੁਗਮਤਾ ਨੂੰ ਹੁਲਾਰਾ ਮਿਲੇਗਾ। ਸ਼੍ਰੀ ਮੋਦੀ ਨੇ ਕਿਹਾ, "ਇਸ ਨਾਲ ਕਾਨੂੰਨੀ ਮੁਸ਼ਕਲਾਂ ਘੱਟ ਹੋਣਗੀਆਂ, ਪ੍ਰਣਾਲੀ ਵਿੱਚ ਵਿਆਪਕ ਪਾਰਦਰਸ਼ਤਾ ਵਧੇਗੀ ਅਤੇ ਈਜ਼ ਆਫ਼ ਡੂਇੰਗ ਬਿਜ਼ਨਸ ਵਿੱਚ ਕਾਫ਼ੀ ਸੁਧਾਰ ਹੋਵੇਗਾ।
ਮਨੁੱਖੀ-ਕੇਂਦ੍ਰਿਤ ਸ਼ਾਸਨ ਦੇ ਬੇਹੱਦ ਮਹੱਤਵ ’ਤੇ ਜ਼ੋਰ ਦਿੰਦਿਆਂ, ਪ੍ਰਧਾਨ ਮੰਤਰੀ ਨੇ ਭਾਰਤੀ ਰੇਲ ਵਿੱਚ ਵੱਡੇ ਪੱਧਰ ’ਤੇ ਕੀਤੇ ਗਏ ਸੁਰੱਖਿਆ ਸੁਧਾਰਾਂ ਦਾ ਜ਼ਿਕਰ ਕੀਤਾ। ਇਨ੍ਹਾਂ ਵਿੱਚ 6,500 ਤੋਂ ਵੱਧ ਸਟੇਸ਼ਨਾਂ ਅਤੇ 10,000 ਲੈਵਲ ਕਰੌਸਿੰਗਾਂ ’ਤੇ ਇਲੈਕਟ੍ਰੋਨਿਕ ਇੰਟਰਲੌਕਿੰਗ ਲਗਾਉਣਾ ਸ਼ਾਮਲ ਹੈ। ਮਿਸ਼ਨ ਮੋਡ ਵਿੱਚ ਲਗਭਗ 9,000 ਬਿਨਾਂ ਕਰਮਚਾਰੀਆਂ ਵਾਲੀਆਂ ਕਰਾਸਿੰਗਾਂ ਨੂੰ ਹਟਾਉਣ ਨਾਲ 2014 ਤੋਂ ਪਹਿਲਾਂ ਦੇ ਮੁਕਾਬਲੇ ਟ੍ਰੇਨ ਦੁਰਘਟਨਾਵਾਂ ਵਿੱਚ 90 ਪ੍ਰਤੀਸ਼ਤ ਤੱਕ ਦੀ ਕਮੀ ਆਈ ਹੈ। ਇਸ ’ਤੇ ਸ਼੍ਰੀ ਮੋਦੀ ਨੇ ਕਿਹਾ, "ਸਿਸਟਮ ਅਜਿਹੇ ਬਣਾਏ ਜਾਣੇ ਚਾਹੀਦੇ ਹਨ ਜਿਨ੍ਹਾਂ ਵਿੱਚ ਹਰੇਕ ਇਨਸਾਨ ਦੀ ਜ਼ਿੰਦਗੀ ਅਤੇ ਉਨ੍ਹਾਂ ਦੇ ਕੀਮਤੀ ਸਮੇਂ ਪ੍ਰਤੀ ਪੂਰੀ ਸੰਵੇਦਨਸ਼ੀਲਤਾ ਹੋਵੇ।""
ਪ੍ਰਧਾਨ ਮੰਤਰੀ ਨੇ ਆਧੁਨਿਕ ਸ਼ਾਸਨ ਦੀ ਇੱਕ ਵੱਡੀ ਮਿਸਾਲ ਵਜੋਂ ਰੇਲਵੇ ਵਿੱਚ ਸਫ਼ਾਈ ’ਤੇ ਆਏ ਜ਼ਬਰਦਸਤ ਬਦਲਾਅ ਦਾ ਜ਼ਿਕਰ ਕਰਦਿਆਂ ਕਿਹਾ ਕਿ 2014 ਤੋਂ ਹੁਣ ਤੱਕ ਟ੍ਰੇਨਾਂ ਵਿੱਚ 3.6 ਲੱਖ ਤੋਂ ਵੱਧ ਬਾਇਓ-ਟੌਇਲਟ ਲਗਾਏ ਜਾ ਚੁੱਕੇ ਹਨ, ਜਿਸ ਨਾਲ ਪਟੜੀਆਂ ’ਤੇ ਮਨੁੱਖੀ ਮਲ ਦੀ ਸਮੱਸਿਆ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਗਿਆ ਹੈ। ਸ਼੍ਰੀ ਮੋਦੀ ਨੇ ਕਿਹਾ, "ਇਹ ਵੱਡਾ ਬਦਲਾਅ ਸਿਰਫ਼ ਸਫ਼ਾਈ ਤੱਕ ਸੀਮਤ ਨਹੀਂ ਹੈ; ਇਹ ਅਸਲ ਵਿੱਚ ਯਾਤਰੀਆਂ ਦੀ ਸ਼ਾਨ, ਸਫ਼ਾਈ ਅਤੇ ਆਧੁਨਿਕ ਸ਼ਾਸਨ ਨਾਲ ਜੁੜਿਆ ਹੋਇਆ ਹੈ।""
ਸਮੇਂ ਦੀ ਪਾਬੰਦੀ ਨੂੰ ਸ਼ਾਸਨ ਦੀ ਗੁਣਵੱਤਾ ਦੇ ਇੱਕ ਮਹੱਤਵਪੂਰਨ ਮਾਪਦੰਡ ਵਜੋਂ ਉਜਾਗਰ ਕਰਦਿਆਂ, ਪ੍ਰਧਾਨ ਮੰਤਰੀ ਨੇ ਦਿੱਲੀ-ਮੇਰਠ ਨਮੋ ਭਾਰਤ ਰੈਪਿਡ ਰੇਲ ਅਤੇ ਦਿੱਲੀ ਮੈਟਰੋ ਦਾ ਜ਼ਿਕਰ ਕੀਤਾ, ਜੋ ਨਿਊਯਾਰਕ, ਹਾਂਗਕਾਂਗ ਅਤੇ ਪੈਰਿਸ ਦੀਆਂ ਪ੍ਰਣਾਲੀਆਂ ਦਾ ਮੁਕਾਬਲਾ ਕਰਦਿਆਂ 99.9 ਪ੍ਰਤੀਸ਼ਤ ਸਮੇਂ ’ਤੇ ਚੱਲਣ ਦਾ ਸ਼ਾਨਦਾਰ ਰਿਕਾਰਡ ਬਣਾਏ ਹੋਏ ਹਨ। ਸ਼੍ਰੀ ਮੋਦੀ ਨੇ ਕਿਹਾ, "ਇਹ ਸਿਰਫ਼ ਮੈਟਰੋ ਅਤੇ ਨਮੋ ਰੈਪਿਡ ਰੇਲ ਦੇ ਸਮੇਂ ’ਤੇ ਚੱਲਣ ਦੀ ਕਹਾਣੀ ਨਹੀਂ ਹੈ; ਇਹ ਤੇਜ਼ੀ ਨਾਲ ਬਦਲਦੇ ਭਾਰਤ ਦੀ ਮਾਣਮੱਤੀ ਪਛਾਣ ਹੈ।""
ਨੀਤੀਗਤ ਸੁਧਾਰਾਂ ’ਤੇ ਧਿਆਨ ਕੇਂਦ੍ਰਿਤ ਕਰਦਿਆਂ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਰਕਾਰ ਦੇਸ਼ ’ਤੇ ਪਾਬੰਦੀ ਵਾਲੇ ਨਿਯਮ ਥੋਪਣ ਦੀ ਬਜਾਏ, ਦੇਸ਼ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਅਜਿਹੀਆਂ ਨੀਤੀਆਂ ਬਣਾਉਂਦੀ ਹੈ ਜੋ ਅਗਾਂਹਵਧੂ ਸੋਚ ਰੱਖਣ ਵਾਲੀਆਂ, ਲੋਕਾਂ ਦੇ ਹਿੱਤ ਵਿੱਚ ਅਤੇ ਵਿਕਾਸ ਨੂੰ ਹੁਲਾਰਾ ਦੇਣ ਵਾਲੀਆਂ ਹੋਣ। ਉਨ੍ਹਾਂ ਨੇ ਉਸ ਅਜੀਬ ਸਥਿਤੀ ਦਾ ਜ਼ਿਕਰ ਕੀਤਾ ਜਦੋਂ ਭਾਰਤ ਦੇ ਆਪਣੇ ਨਾਗਰਿਕਾਂ ਲਈ ਦੇਸ਼ ਦਾ ਨਕਸ਼ਾ ਬਣਾਉਣਾ ਗੈਰ-ਕਾਨੂੰਨੀ ਸੀ ਅਤੇ ਦੱਸਿਆ ਕਿ ਕਿਵੇਂ ਭੂ-ਸਥਾਨਕ ਡੇਟਾ ਦੇ ਨਿਯਮਾਂ ਵਿੱਚ ਢਿੱਲ ਦੇਣ ਨਾਲ ਸਟਾਰਟਅੱਪਸ ਦੇ ਵਿਕਾਸ ਵਿੱਚ ਜ਼ਬਰਦਸਤ ਤੇਜ਼ੀ ਆਈ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, "ਨੀਤੀਆਂ ਪੂਰੀ ਤਰ੍ਹਾਂ ਦੇਸ਼ ਅਤੇ ਉੱਥੋਂ ਦੇ ਲੋਕਾਂ ਦੀਆਂ ਅਸਲ ਜ਼ਰੂਰਤਾਂ ਦੇ ਹਿਸਾਬ ਨਾਲ ਹੀ ਬਣਾਈਆਂ ਜਾਣੀਆਂ ਚਾਹੀਦੀਆਂ ਹਨ।""
ਪਾਬੰਦੀਆਂ ਨੂੰ ਹਟਾਉਣ ਦੇ ਅਸਰ ਨੂੰ ਦੱਸਦਿਆਂ, ਪ੍ਰਧਾਨ ਮੰਤਰੀ ਨੇ ਖੇਤੀ, ਰੱਖਿਆ ਅਤੇ ਕੰਟੈਂਟ ਬਣਾਉਣ ਵਰਗੇ ਖੇਤਰਾਂ ਵਿੱਚ ਭਾਰਤ ਦੇ ਡਰੋਨ ਉਦਯੋਗ ਦੇ ਜ਼ਬਰਦਸਤ ਵਾਧੇ ਦਾ ਜ਼ਿਕਰ ਕੀਤਾ; ਇਹ ਸਭ ਪਹਿਲਾਂ ਦੇ ਸਖ਼ਤ ਨਿਯਮਾਂ ਅਧੀਨ ਬਿਲਕੁਲ ਵੀ ਸੰਭਵ ਨਹੀਂ ਸੀ। ਸ਼੍ਰੀ ਮੋਦੀ ਨੇ ਕਿਹਾ, "ਅਸੀਂ ਡਰੋਨ ਉਡਾਉਣ ਨੂੰ ਪੂਰੀ ਤਰ੍ਹਾਂ ਪਾਬੰਦੀਆਂ ਤੋਂ ਆਜ਼ਾਦ ਕੀਤਾ ਅਤੇ ਅੱਜ ਭਾਰਤ ਦਾ ਡਰੋਨ ਉਦਯੋਗ ਅਭੂਤਪੂਰਵ ਉਚਾਈਆਂ ਛੂਹ ਰਿਹਾ ਹੈ।"
ਪ੍ਰਧਾਨ ਮੰਤਰੀ ਨੇ ਸਰਹੱਦ ’ਤੇ ਬੁਨਿਆਦੀ ਢਾਂਚੇ ਨੂੰ ਕਮਜ਼ੋਰੀ ਦੀ ਬਜਾਏ ਇੱਕ ਵੱਡੀ ਰਣਨੀਤਕ ਤਾਕਤ ਵਜੋਂ ਦੇਖਣ ਲਈ ਕਿਹਾ। ਉਨ੍ਹਾਂ ਨੇ ਮਾਣ ਨਾਲ ਦੱਸਿਆ ਕਿ ਸੀਮਾ ਸੜਕ ਸੰਗਠਨ (ਬੀਆਰਓ) ਨੇ ਇਕੱਲੇ 2024 ਅਤੇ 2025 ਵਿੱਚ ਦੇਸ਼ ਨੂੰ 250 ਇਨਫ੍ਰਾਸਟ੍ਰਕਚਰ ਪ੍ਰੋਜੈਕਟ ਸਮਰਪਿਤ ਕੀਤੇ। ਸ਼੍ਰੀ ਮੋਦੀ ਨੇ ਕਿਹਾ, "ਜਦੋਂ ਰੱਖਿਆਤਮਕ ਸੋਚ ਮੌਲਿਕ ਰੂਪ ਵਿੱਚ ਬਦਲ ਗਈ, ਤਾਂ ਸਰਹੱਦ ’ਤੇ ਇਨਫ੍ਰਾਸਟ੍ਰਕਚਰ ਦੀ ਪੂਰੀ ਤਸਵੀਰ ਵੀ ਤੇਜ਼ੀ ਨਾਲ ਬਦਲ ਗਈ।
ਬਹੁਤ ਹੀ ਜ਼ਿਆਦਾ ਪਾਬੰਦੀਸ਼ੁਦਾ ਖੇਤਰਾਂ ਵਿੱਚ ਮਹੱਤਵਪੂਰਨ ਢਾਂਚਾਗਤ ਸੁਧਾਰਾਂ ਨੂੰ ਉਜਾਗਰ ਕਰਦਿਆਂ, ਪ੍ਰਧਾਨ ਮੰਤਰੀ ਨੇ 'ਸ਼ਾਂਤੀ ਬਿੱਲ' ਦੀ ਗੱਲ ਕੀਤੀ, ਜਿਸ ਨੇ ਪਰਮਾਣੂ ਊਰਜਾ ਨੂੰ ਨਿੱਜੀ ਖੇਤਰ ਲਈ ਸਫ਼ਲਤਾਪੂਰਵਕ ਖੋਲ੍ਹ ਦਿੱਤਾ ਅਤੇ 40 ਤੋਂ ਵੱਧ ਅਸਲਾ ਕਾਰਖ਼ਾਨਿਆਂ ਦੇ 7 ਆਧੁਨਿਕ ਕਾਰਪੋਰੇਟ ਕੰਪਨੀਆਂ ਵਿੱਚ ਬਦਲਣ ਦੇ ਇਤਿਹਾਸਕ ਬਦਲਾਅ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਰਾਸ਼ਟਰ ਦੀ ਆਤਮ-ਨਿਰਭਰਤਾ ਨੂੰ ਗਤੀ ਦੇਣ ਅਤੇ 2014 ਦੀ ਤੁਲਨਾ ਵਿੱਚ ਰੱਖਿਆ ਨਿਰਯਾਤ ਨੂੰ 55 ਗੁਣਾ ਵਧਾਉਣ ਦਾ ਸਿਹਰਾ ਇਨ੍ਹਾਂ ਸਾਹਸੀ ਕਦਮਾਂ ਨੂੰ ਦਿੱਤਾ। ਸ਼੍ਰੀ ਮੋਦੀ ਨੇ ਕਿਹਾ, "ਅੱਜ ਭਾਰਤ ਆਪਣੀਆਂ ਰੱਖਿਆ ਜ਼ਰੂਰਤਾਂ ਲਈ ਵੀ ਤੇਜ਼ੀ ਨਾਲ ਆਤਮ-ਨਿਰਭਰ ਬਣ ਰਿਹਾ ਹੈ ਅਤੇ ਸਾਡਾ ਰੱਖਿਆ ਨਿਰਯਾਤ ਵਿਆਪਕ ਰੂਪ ਵਿੱਚ ਵਧਿਆ ਹੈ।""
ਰੋਜ਼ਾਨਾ ਜ਼ਿੰਦਗੀ ਵਿੱਚ 'ਈਜ਼ ਆਫ਼ ਲਿਵਿੰਗ' (ਜੀਵਨ ਨੂੰ ਆਸਾਨ ਬਣਾਉਣ ਵਾਲੇ) ਸੁਧਾਰਾਂ ਦੇ ਸਹਿਜ ਸਮਾਵੇਸ਼ ’ਤੇ ਵਿਚਾਰ ਪ੍ਰਗਟ ਕਰਦਿਆਂ, ਪ੍ਰਧਾਨ ਮੰਤਰੀ ਨੇ ਧਿਆਨ ਦਿਵਾਇਆ ਕਿ ਡਿਜੀਟਲ ਤਰੱਕੀ—ਭਾਵੇਂ ਕਰਿਆਨੇ ਦਾ ਸਾਮਾਨ ਆਰਡਰ ਕਰਨਾ ਹੋਵੇ, ਕਿਊਆਰ ਕੋਡ ਸਕੈਨ ਕਰਨਾ ਹੋਵੇ ਜਾਂ ਤੁਰੰਤ ਇੱਕ-ਦੂਜੇ ਨੂੰ ਪੈਸੇ ਟ੍ਰਾਂਸਫਰ ਕਰਨਾ ਹੋਵੇ—ਆਮ ਭਾਰਤੀ ਜੀਵਨ ਦਾ ਇੱਕ ਸਾਧਾਰਨ ਪਰ ਕ੍ਰਾਂਤੀਕਾਰੀ ਹਿੱਸਾ ਬਣ ਚੁੱਕੀ ਹੈ। ਸ਼੍ਰੀ ਮੋਦੀ ਨੇ ਕਿਹਾ, "ਇਹ ਅਦਭੁਤ ਚੀਜ਼ਾਂ ਤਾਂ ਕਮਾਲ ਦੀਆਂ ਹਨ ਹੀ ਪਰ ਹੁਣ ਇਹ ਭਾਰਤ ਦੇ ਆਮ ਆਦਮੀ ਦੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਗਈਆਂ ਹਨ।""
ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤੀ ਮੱਧ ਵਰਗ ਨੇ ਜੋ ਵੱਡੇ ਬਦਲਾਅ ਦੇਖੇ ਹਨ, ਉਹ ਕਈ ਵਿਕਸਿਤ ਦੇਸ਼ਾਂ ਵਿੱਚ ਵੀ ਹੁਣ ਤੱਕ ਇੱਕ ਦੂਰ ਦਾ ਸੁਪਨਾ ਹੀ ਹਨ। ਸ਼੍ਰੀ ਮੋਦੀ ਨੇ ਕਿਹਾ, "ਭਾਰਤ ਵਿੱਚ ਕੀਤੇ ਗਏ ਸੁਧਾਰਾਂ ਦੀ ਵਜ੍ਹਾ ਨਾਲ ਲੋਕਾਂ ਦੀ ਜ਼ਿੰਦਗੀ ਵਿੱਚ ਜੋ ਜ਼ਬਰਦਸਤ ਬਦਲਾਅ ਆਇਆ ਹੈ, ਉਹ ਅੱਜ ਵੀ ਕਈ ਵਿਕਸਿਤ ਦੇਸ਼ਾਂ ਵਿੱਚ ਇੱਕ ਦੂਰ ਦਾ ਸੁਪਨਾ ਬਣਿਆ ਹੋਇਆ ਹੈ।
"ਭਾਰਤ ਦੀ ਡਿਜੀਟਲ ਕ੍ਰਾਂਤੀ ਦੇ ਮੁੱਖ ਅਧਾਰਾਂ ਦਾ ਜ਼ਿਕਰ ਕਰਦਿਆਂ, ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦੇਸ਼ ਵਿੱਚ ਦੁਨੀਆ ਦਾ ਸਭ ਤੋਂ ਸਸਤਾ ਡੇਟਾ ਅਤੇ ਸਭ ਤੋਂ ਤੇਜ਼ੀ ਨਾਲ 5ਜੀ ਰੋਲਆਊਟ ਹੋ ਰਿਹਾ ਹੈ। ਉਨ੍ਹਾਂ ਨੇ 'ਆਧਾਰ' ਨੂੰ ਮੋਬਾਈਲ ਅਤੇ ਬੈਂਕਿੰਗ ਸੇਵਾਵਾਂ ਨਾਲ ਜੋੜਨ ਦੀ ਸ਼ਲਾਘਾ ਕੀਤੀ, ਜਿਸ ਨਾਲ ਆਸਾਨੀ ਨਾਲ ਈ-ਕੇਵਾਈਸੀ ਅਤੇ ਡਿਜੀਟਲ ਪ੍ਰਮਾਣੀਕਰਨ ਹੋ ਸਕਦਾ ਹੈ ਅਤੇ ਬੈਂਕ ਖਾਤਾ ਖੋਲ੍ਹਣ ਤੋਂ ਲੈ ਕੇ ਆਮਦਨ ਕਰ ਰਿਟਰਨ ਦਾਖਲ ਕਰਨ ਤੱਕ ਸਭ ਕੁਝ ਬਦਲ ਗਿਆ ਹੈ। ਸ਼੍ਰੀ ਮੋਦੀ ਨੇ ਕਿਹਾ, "ਅੱਜ ਜੇਕਰ ਤੁਹਾਨੂੰ ਬੈਂਕ ਖਾਤਾ ਖੋਲ੍ਹਣਾ ਹੈ, ਤਾਂ ਸਰਕਾਰ ਸਿੱਧਾ ਬੈਂਕ ਨੂੰ ਹੀ ਤੁਹਾਡੇ ਕੋਲ ਲੈ ਆਈ ਹੈ।""
ਟੈਲੀਮੈਡੀਸਨ ਦੇ ਵੱਡੇ ਅਸਰ ਨੂੰ ਦਿਖਾਉਂਦਿਆਂ, ਪ੍ਰਧਾਨ ਮੰਤਰੀ ਨੇ ਈ-ਸੰਜੀਵਨੀ ਪਲੇਟਫ਼ਾਰਮ ਦੀ ਸ਼ਲਾਘਾ ਕੀਤੀ। ਇਸ ਪਲੇਟਫ਼ਾਰਮ ਨੇ ਲਗਭਗ 50 ਕਰੋੜ ਟੈਲੀ-ਕੰਸਲਟੇਸ਼ਨਸ (ਡਾਕਟਰ ਤੋਂ ਔਨਲਾਈਨ ਸਲਾਹ) ਨੂੰ ਸੰਭਵ ਬਣਾਇਆ ਹੈ ਅਤੇ ਉਨ੍ਹਾਂ ਮਰੀਜ਼ਾਂ ਤੱਕ ਜ਼ਰੂਰੀ ਹੈਲਥਕੇਅਰ ਸੇਵਾਵਾਂ ਸਿੱਧਾ ਉਨ੍ਹਾਂ ਦੀ ਸਕ੍ਰੀਨ ’ਤੇ ਪਹੁੰਚਾਈਆਂ ਹਨ, ਜਿਨ੍ਹਾਂ ਨੂੰ ਪਹਿਲਾਂ ਇਸ ਲਈ ਲੰਮੀ ਦੂਰੀ ਤੈਅ ਕਰਨੀ ਪੈਂਦੀ ਸੀ। ਸ਼੍ਰੀ ਮੋਦੀ ਨੇ ਕਿਹਾ, "ਅੱਜ ਡਾਕਟਰ ਆਸਾਨੀ ਨਾਲ ਮਰੀਜ਼ਾਂ ਦੇ ਘਰ ’ਤੇ, ਸਿੱਧਾ ਉਨ੍ਹਾਂ ਦੀ ਸਕ੍ਰੀਨ ’ਤੇ ਮੌਜੂਦ ਹਨ।
ਦੇਸ਼ ਵਿੱਚ ਯਾਤਰਾ ਦੇ ਅਨੁਭਵ ਨੂੰ ਆਧੁਨਿਕ ਬਣਾਉਣ ਦੀ ਸ਼ਲਾਘਾ ਕਰਦਿਆਂ, ਪ੍ਰਧਾਨ ਮੰਤਰੀ ਨੇ ਹਵਾਈ ਅੱਡਿਆਂ ’ਤੇ 'ਡਿਜੀ ਯਾਤਰਾ' ਦੀ ਵੱਡੇ ਪੱਧਰ ’ਤੇ ਵਰਤੋਂ ਅਤੇ ਹਾਈਵੇਅ ’ਤੇ 'ਫਾਸਟੈਗ' ਲਾਗੂ ਕਰਨ ਦਾ ਜ਼ਿਕਰ ਕੀਤਾ, ਜਿਸ ਨਾਲ ਬਿਨਾਂ ਰੁਕੇ ਅਤੇ ਆਸਾਨੀ ਨਾਲ ਯਾਤਰਾ ਕਰਨਾ ਸੰਭਵ ਹੋਇਆ ਹੈ। ਸ਼੍ਰੀ ਮੋਦੀ ਨੇ ਕਿਹਾ, "ਇਸ ਨਾਲ ਸਮੇਂ ਦੀ ਭਾਰੀ ਬਚਤ ਹੋ ਰਹੀ ਹੈ, ਜ਼ਿੰਦਗੀ ਕਾਫ਼ੀ ਆਸਾਨ ਹੋ ਰਹੀ ਹੈ ਅਤੇ ਕਰੋੜਾਂ ਲੋਕ ਸੁਰੱਖਿਅਤ ਰੂਪ ਵਿੱਚ ਆਪਣੀ ਤਰੱਕੀ ’ਤੇ ਧਿਆਨ ਦੇ ਪਾ ਰਹੇ ਹਨ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ ਵਿੱਚ ਅਸਲ ਬਦਲਾਅ ਲਈ ਅਜਿਹੇ ਫ਼ੈਸਲੇ ਲੈਣ ਦੀ ਜ਼ਰੂਰਤ ਹੈ ਜਿਨ੍ਹਾਂ ਦਾ ਅਸਰ ਲੰਮੇ ਸਮੇਂ ਤੱਕ ਰਹੇ, ਨਾ ਕਿ ਅਜਿਹੇ ਫ਼ੈਸਲੇ ਜੋ ਸਿਰਫ਼ ਤੁਰੰਤ ਚੋਣ ਫ਼ਾਇਦਾ ਪਹੁੰਚਾਉਣ। ਸ਼੍ਰੀ ਮੋਦੀ ਨੇ ਕਿਹਾ, "ਦੇਸ਼ ਨੂੰ ਬੁਨਿਆਦੀ ਤੌਰ ’ਤੇ ਬਦਲਣ ਵਾਲੇ ਫ਼ੈਸਲੇ ਉਹ ਹੁੰਦੇ ਹਨ ਜਿਨ੍ਹਾਂ ਦਾ ਅਸਰ ਜ਼ਮੀਨ ’ਤੇ ਸਾਫ਼ ਦਿਸਦਾ ਹੈ ਅਤੇ ਜੋ ਵਰਤਮਾਨ ਅਤੇ ਭਵਿੱਖ, ਦੋਵਾਂ ਨੂੰ ਧਿਆਨ ਵਿੱਚ ਰੱਖ ਕੇ ਲਏ ਜਾਂਦੇ ਹਨ।""
ਇਸ ਟਿਕਾਊ ਦ੍ਰਿਸ਼ਟੀਕੋਣ ਦੀ ਉਦਾਹਰਨ ਦਿੰਦਿਆਂ, ਪ੍ਰਧਾਨ ਮੰਤਰੀ ਨੇ 'ਪੀਐੱਮ ਕੁਸੁਮ' ਯੋਜਨਾ ਅਤੇ 'ਪੀਐੱਮ ਸੂਰਯ ਘਰ ਮੁਫ਼ਤ ਬਿਜਲੀ' ਯੋਜਨਾ ਦਾ ਜ਼ਿਕਰ ਕੀਤਾ, ਜਿਨ੍ਹਾਂ ਤੋਂ ਕਿਸਾਨਾਂ ਅਤੇ ਮੱਧ ਵਰਗ ਨੂੰ ਲੰਮੇ ਸਮੇਂ ਤੱਕ ਬਹੁਤ ਫ਼ਾਇਦਾ ਮਿਲਦਾ ਹੈ। ਉਨ੍ਹਾਂ ਨੇ ਕਿਹਾ ਕਿ ਮੁਫ਼ਤ ਬਿਜਲੀ ਦਾ ਐਲਾਨ ਕਰਨ ਨਾਲ ਭਾਵੇਂ ਵੱਡੀਆਂ ਸੁਰਖ਼ੀਆਂ ਬਣਦੀਆਂ, ਪਰ ਸਰਕਾਰ ਨੇ 50 ਲੱਖ ਤੋਂ ਵੱਧ ਪਰਿਵਾਰਾਂ ਲਈ ਛੱਤ ’ਤੇ ਸੋਲਰ ਪਲਾਂਟ ਨੂੰ ਸਬਸਿਡੀ ਦੇਣ ਦਾ ਸਸ਼ਕਤ ਮਾਰਗ ਚੁਣਿਆ। ਸ਼੍ਰੀ ਮੋਦੀ ਨੇ ਕਿਹਾ, "ਅਸੀਂ ਹਰ ਘਰ ਦੀ ਛੱਤ ’ਤੇ ਸੋਲਰ ਪੈਨਲ ਲਗਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ, ਤਾਂ ਜੋ ਵੱਡੇ ਪੱਧਰ ’ਤੇ ਟਿਕਾਊ ਊਰਜਾ ਮਿਲ ਸਕੇ।
ਪ੍ਰਧਾਨ ਮੰਤਰੀ ਨੇ 'ਸੂਰਯ ਘਰ' ਯੋਜਨਾ ਦੇ ਡੂੰਘੇ ਸਮਾਜਿਕ-ਆਰਥਿਕ ਅਸਰ ਬਾਰੇ ਦੱਸਦਿਆਂ ਕਿਹਾ ਕਿ ਇਸ ਨਾਲ ਪਰਿਵਾਰ ਨਾ ਸਿਰਫ਼ ਆਪਣੇ ਬਿਜਲੀ ਦੇ ਬਿਲ ਖ਼ਤਮ ਕਰ ਰਹੇ ਹਨ, ਸਗੋਂ ਗ੍ਰਿਡ ਨੂੰ ਵਾਧੂ ਬਿਜਲੀ ਵੇਚ ਕੇ ਕਮਾਈ ਵੀ ਕਰ ਰਹੇ ਹਨ। ਇਸ ਨਾਲ ਉਹ ਆਧੁਨਿਕ ਉਪਕਰਨ ਖ਼ਰੀਦ ਪਾ ਰਹੇ ਹਨ ਅਤੇ ਇਹ ਵੀ ਯਕੀਨੀ ਹੋ ਰਿਹਾ ਹੈ ਕਿ ਬਿਜਲੀ ਜਾਣ ਦੀ ਵਜ੍ਹਾ ਨਾਲ ਬੱਚਿਆਂ ਦੀ ਨੀਂਦ ਵਿੱਚ ਪਰੇਸ਼ਾਨੀ ਨਾ ਪਵੇ। ਸ਼੍ਰੀ ਮੋਦੀ ਨੇ ਕਿਹਾ, "ਚੋਣਾਂ ਹੋਣ ਜਾਂ ਨਾ ਹੋਣ, ਇਹ 'ਸੂਰਯ ਘਰ' ਅਤੇ ਇਸ ਦੀ ਰੋਸ਼ਨੀ ਦੇਸ਼ ਦੇ ਪਰਿਵਾਰਾਂ ਨੂੰ ਸਾਲਾਂ-ਸਾਲ ਫ਼ਾਇਦਾ ਪਹੁੰਚਾਉਂਦੀ ਰਹੇਗੀ।
ਨੌਜਵਾਨਾਂ, ਮਹਿਲਾਵਾਂ, ਕਿਸਾਨਾਂ ਅਤੇ ਮੱਧ ਵਰਗ ਲਈ 'ਈਜ਼ ਆਫ਼ ਲਿਵਿੰਗ' (ਜੀਵਨ ਨੂੰ ਆਸਾਨ ਬਣਾਉਣ) ਅਤੇ 'ਈਜ਼ ਆਫ਼ ਡੂਇੰਗ ਬਿਜ਼ਨਸ' (ਕਾਰੋਬਾਰ ਨੂੰ ਆਸਾਨ ਬਣਾਉਣ) ਦੇ ਲਗਾਤਾਰ ਵਿਸਤਾਰ ਦਾ ਵਾਅਦਾ ਕਰਦਿਆਂ, ਪ੍ਰਧਾਨ ਮੰਤਰੀ ਨੇ ਭਰੋਸਾ ਦਿਵਾਇਆ ਕਿ ਪ੍ਰਸ਼ਾਸਨ ਦੀ 'ਰਿਫੌਰਮ ਐਕਸਪ੍ਰੈੱਸ' (ਸੁਧਾਰ ਦੀ ਗਤੀ) 'ਵਿਕਸਤ ਭਾਰਤ' ਦਾ ਟੀਚਾ ਹਾਸਲ ਕਰਨ ਲਈ ਤੇਜ਼ੀ ਨਾਲ ਅੱਗੇ ਵਧੇਗੀ। ਦੇਸ਼ ਦੀ ਮਜ਼ਬੂਤੀ ਦੇ ਡੂੰਘੇ ਆਲਮੀ ਅਸਰ ’ਤੇ ਜ਼ੋਰ ਦਿੰਦਿਆਂ, ਉਨ੍ਹਾਂ ਨੇ ਪੂਰਾ ਭਰੋਸਾ ਪ੍ਰਗਟਾਇਆ ਕਿ ਦੇਸ਼ ਦੀ ਤਰੱਕੀ ਦਾ ਰਾਹ ਸੁਰੱਖਿਅਤ ਹੋਣ ਨਾਲ ਅੰਤਰਰਾਸ਼ਟਰੀ ਭਾਈਚਾਰੇ ਵਿੱਚ ਵੀ ਜ਼ਬਰਦਸਤ ਸਥਿਰਤਾ ਆਵੇਗੀ। ਇਸ ਤੋਂ ਬਾਅਦ ਉਨ੍ਹਾਂ ਨੇ ਪ੍ਰੋਗਰਾਮ ਦੇ ਪ੍ਰਬੰਧਕਾਂ ਦਾ ਦਿਲੋਂ ਧੰਨਵਾਦ ਕਰਦਿਆਂ ਆਪਣਾ ਭਾਸ਼ਣ ਖ਼ਤਮ ਕੀਤਾ। ਸ਼੍ਰੀ ਮੋਦੀ ਨੇ ਕਿਹਾ, "ਭਾਰਤ ਜਿੰਨਾ ਜ਼ਿਆਦਾ ਸਥਿਰ ਅਤੇ ਉਸ ਦਾ ਭਵਿੱਖ ਜਿੰਨਾ ਸੁਰੱਖਿਅਤ ਹੋਵੇਗਾ, ਦੁਨੀਆ ਨੂੰ ਸੁਰੱਖਿਆ ਦਾ ਅਹਿਸਾਸ ਦੇਣ ਦੀ ਓਨੀ ਹੀ ਜ਼ਿਆਦਾ ਸ਼ਕਤੀ ਇੱਥੋਂ ਪੈਦਾ ਹੋਵੇਗੀ।""
************
ਐੱਮਜੇਪੀਐੱਸ/ਐੱਸਐੱਸ/ਪੀਆਰਕੇ
(Release ID: 2302688)
ਵਿਜ਼ੀਟਰ ਕਾਊਂਟਰ : 25
Read this release in:
Malayalam
,
Odia
,
English
,
Urdu
,
हिन्दी
,
Assamese
,
Manipuri
,
Bengali
,
Gujarati
,
Telugu
,
Kannada