ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਗੁਜਰਾਤ ਦੇ ਹਨੋਲ ਤੋਂ ਨੌਜਵਾਨਾਂ, ਮਾਈ ਭਾਰਤ ਅਤੇ ਐੱਨ.ਐੱਸ.ਐੱਸ. ਨਾਲ ‘ਫਿਟ ਇੰਡੀਆ ਸੰਡੇ ਆਨ ਸਾਈਕਲ’ ਦੇ 85ਵੇਂ ਸੰਸਕਰਣ ਦੀ ਦੇਸ਼-ਵਿਆਪੀ ਅਗਵਾਈ ਕੀਤੀ, ਜਿਸ ਦਾ ਮੁੱਖ ਵਿਸ਼ਾ ਰਿਹਾ ‘ਨਸ਼ਾ ਮੁਕਤ ਭਾਰਤ’
Posted On:
09 AUG 2026 3:05PM by PIB Chandigarh
ਮਾਨਯੋਗ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਗੁਜਰਾਤ ਵਿੱਚ ਸਾਈਕਲ 'ਤੇ ਅਧਾਰਿਤ ਫਿਟ ਇੰਡੀਆ ਸੰਡੇ ਦੇ 85ਵੇਂ ਰਾਸ਼ਟਰੀ ਸੰਸਕਰਣ ਦੀ ਅਗਵਾਈ ਕੀਤੀ, ਜਿਸ ਵਿੱਚ ਭਾਗੀਦਾਰਾਂ ਨੇ ‘ਨਸ਼ਾ ਮੁਕਤ ਭਾਰਤ’ ਦੀ ਦਿਸ਼ਾ ਵਿੱਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਤੋਂ ਦੂਰ ਰਹਿਣ ਦਾ ਸਾਂਝਾ ਅਹਿਦ ਲਿਆ ਅਤੇ ਨਾਅਰਾ ਦਿੱਤਾ, ‘ਫਿਟਨੈੱਸ ਨੂੰ ਹਾਂ ਕਹੋ, ਡਰੱਗਜ਼ ਨੂੰ ਨਾ ਕਹੋ।’
ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਵੱਲੋਂ ‘ਫਿਟ ਇੰਡੀਆ’ ਮੁਹਿੰਮ ਦੇ ਅਧੀਨ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਭਾਰਤ ਦੇ ਨੌਜਵਾਨਾਂ ਨੂੰ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਖ਼ਿਲਾਫ਼ ਮੁਹਿੰਮ ਵਿੱਚ ਮੋਹਰੀ ਭੂਮਿਕਾ ਦਿੱਤੀ ਗਈ। ਇਸ ਪਹਿਲਕਦਮੀ ਦਾ ਮਕਸਦ ਨੁਕਸਾਨਦੇਹ ਨਸ਼ਿਆਂ ਦੇ ਹਾਂ ਪੱਖੀ ਬਦਲ ਵਜੋਂ ਫਿਟਨੈੱਸ ਨੂੰ ਉਤਸ਼ਾਹਿਤ ਕਰਨਾ ਅਤੇ ਨੌਜਵਾਨਾਂ ਨੂੰ ਸਿਹਤਮੰਦ ਤੇ ਸਰਗਰਮ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਸੀ।
ਡਾ. ਮਾਂਡਵੀਆ ਨੇ ‘ਸੰਡੇ ਆਨ ਸਾਈਕਲ’ ਨੂੰ ਲੋਕ ਅੰਦੋਲਨ ਦੱਸਦਿਆਂ ਕਿਹਾ, ‘‘ਮੈਨੂੰ ਖ਼ੁਸ਼ੀ ਹੈ ਕਿ ਇਹ ਪਹਿਲਕਦਮੀ ਪ੍ਰਧਾਨ ਮੰਤਰੀ ਦੇ ‘ਫਿਟ ਇੰਡੀਆ ਮੂਵਮੈਂਟ’ ਨੂੰ ਅੱਗੇ ਵਧਾਉਣ ਵਾਲੇ ਇੱਕ ਵੱਡੇ ਅੰਦੋਲਨ ਵਿੱਚ ਬਦਲ ਗਈ ਹੈ। ਦੇਸ਼ ਭਰ ਵਿੱਚ 10,000 ਤੋਂ ਵੱਧ ਥਾਵਾਂ 'ਤੇ ਨੌਜਵਾਨਾਂ ਨੇ ਸਾਈਕਲ ਰਾਹੀਂ ਇਹ ਸੰਦੇਸ਼ ਪਹੁੰਚਾਇਆ ਹੈ...’’
ਡਾ. ਮਾਂਡਵੀਆ ਵੱਲੋਂ ਦਸੰਬਰ 2024 ਵਿੱਚ ਸ਼ੁਰੂ ਕੀਤੇ ਗਏ ‘ਸੰਡੇ ਆਨ ਸਾਈਕਲ' ਪ੍ਰੋਗਰਾਮ ਵਿੱਚ ਭਾਰਤ ਭਰ ਦੇ 30 ਲੱਖ ਤੋਂ ਵੱਧ ਲੋਕ ਹਿੱਸਾ ਲੈ ਚੁੱਕੇ ਹਨ।
ਇਹ ਸ਼ਾਨਦਾਰ ਸਮਾਗਮ ਮੇਜਰ ਧਿਆਨਚੰਦ ਰਾਸ਼ਟਰੀ ਸਟੇਡੀਅਮ ਦਿੱਲੀ ਵਿੱਚ ਕਰਵਾਇਆ ਗਿਆ। ਪ੍ਰੋਗਰਾਮ ਦੀਆਂ ਮੁੱਖ ਖਿੱਚਾਂ ਵਿੱਚੋਂ ਇੱਕ ਸਾਂਝੀ ‘ਨਸ਼ਾ ਮੁਕਤ ਭਾਰਤ’ ਦੀ ਸਹੁੰ ਸੀ, ਜਿਸ ਦੌਰਾਨ 1000 ਤੋਂ ਵੱਧ ਭਾਗੀਦਾਰਾਂ ਨੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਤੋਂ ਮੁਕਤ ਜੀਵਨ ਜਿਊਣ ਅਤੇ ਆਪਣੇ ਪਰਿਵਾਰ, ਦੋਸਤਾਂ ਤੇ ਭਾਈਚਾਰੇ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨ ਦਾ ਸੰਕਲਪ ਲਿਆ।
ਐਤਵਾਰ ਦੀ ਸਵੇਰ ਜਲਦੀ ਹੀ ਫਿਟਨੈੱਸ ਗਤੀਵਿਧੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਸਵੇਰੇ 5:30 ਵਜੇ ਤੱਕ 1,000 ਤੋਂ ਵੱਧ ਨਾਗਰਿਕ ਯੋਗਾ ਅਤੇ ਜ਼ੁੰਬਾ ਸਮੇਤ ਵੱਖ-ਵੱਖ ਫਿਟਨੈੱਸ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਸਮਾਗਮ ਵਾਲੀ ਥਾਂ 'ਤੇ ਪਹੁੰਚ ਚੁੱਕੇ ਸਨ। ਇਸ ਤੋਂ ਬਾਅਦ ਭਾਗੀਦਾਰਾਂ ਨੇ ਵੱਕਾਰੀ ਇੰਡੀਆ ਗੇਟ ਅਤੇ ਕਰਤੱਵਿਆ ਪੱਥ ਦੇ ਆਲ਼ੇ-ਦੁਆਲੇ 5 ਕਿੱਲੋਮੀਟਰ ਦੀ ਸਾਈਕਲ ਯਾਤਰਾ ਕੀਤੀ। ਸਮਾਗਮ ਵਾਲੀ ਥਾਂ 'ਤੇ ਇੱਕ ਵਿਸ਼ੇਸ਼ ਖੇਡ ਖੇਤਰ ਵੀ ਸਥਾਪਿਤ ਕੀਤਾ ਗਿਆ ਸੀ, ਜਿਸ ਵਿੱਚ ਕੈਰਮ, ਸ਼ਤਰੰਜ, ਲੂਡੋ ਅਤੇ ਬੈਡਮਿੰਟਨ ਦੇ ਨਾਲ-ਨਾਲ ਰੱਸਾਕਸ਼ੀ ਅਤੇ ਰੁਕਾਵਟ ਦੌੜ ਵਰਗੀਆਂ ਫਿਟਨੈੱਸ ਗਤੀਵਿਧੀਆਂ ਵੀ ਸ਼ਾਮਲ ਸਨ।
ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਭਾਰਤੀ ਅਦਾਕਾਰ ਅਤੇ ਮਾਡਲ ਸਿਧਾਰਥ ਨਿਗਮ, ਅੰਤਰਰਾਸ਼ਟਰੀ ਸਕੁਐਸ਼ ਖਿਡਾਰੀ, ਜੂਨੀਅਰ ਰਾਸ਼ਟਰੀ ਚੈਂਪੀਅਨ ਤੇ ਵਿਸ਼ਵ ਜੂਨੀਅਰ ਟੀਮ ਦੇ ਕਾਂਸੀ ਤਗਮਾ ਜੇਤੂ ਗੁਰਵੀਰ ਸਿੰਘ, ਆਈ.ਆਰ.ਐੱਸ. ਅਤੇ ਫਿਟ ਇੰਡੀਆ ਦੇ ਰਾਜਦੂਤ ਨਰੇਂਦਰ ਕੁਮਾਰ ਅਤੇ ਫਿਟ ਇੰਡੀਆ ਚੈਂਪੀਅਨ ਤੇ ਪ੍ਰਸਿੱਧ ਜ਼ੁੰਬਾ ਟ੍ਰੇਨਰ ਮੀਨਲ ਪਾਠਕ ਨੇ ਵੀ ਹਿੱਸਾ ਲਿਆ।
ਫ਼ਿਲਮ ਧੂਮ-3 ਵਿੱਚ ਅਦਾਕਾਰੀ ਕਰ ਚੁੱਕੇ ਅਤੇ ਜਿਮਨਾਸਟਿਕ ਵਿੱਚ ਹਿੱਸਾ ਲੈ ਚੁੱਕੇ ਸਿਧਾਰਥ ਨਿਗਮ ਨੇ ਸਾਈਕਲਿੰਗ ਰਾਈਡ ਪੂਰੀ ਕਰਨ ਤੋਂ ਬਾਅਦ ਕਿਹਾ, “ਸਵੇਰੇ 5 ਵਜੇ ਉੱਠ ਕੇ ਪੂਰੀ ਦਿੱਲੀ ਵਿੱਚ ਲੋਕਾਂ ਨੂੰ ਇੰਨੀ ਊਰਜਾ ਅਤੇ ਉਤਸ਼ਾਹ ਨਾਲ ਸਾਈਕਲ ਚਲਾਉਂਦੇ ਦੇਖਣਾ ਇੱਕ ਅਦਭੁਤ ਤਜਰਬਾ ਰਿਹਾ। ‘ਨਸ਼ਾ ਮੁਕਤ ਭਾਰਤ’ ਵਿਸ਼ੇ 'ਤੇ ਅਧਾਰਿਤ ‘ਫਿਟ ਇੰਡੀਆ ਸੰਡੇ ਆਨ ਸਾਈਕਲ’ ਪ੍ਰੋਗਰਾਮ ਇੱਕ ਸ਼ਕਤੀਸ਼ਾਲੀ ਸੁਨੇਹਾ ਦਿੰਦਾ ਹੈ ਕਿ ਸਾਨੂੰ ਨੁਕਸਾਨਦੇਹ ਨਸ਼ਿਆਂ ਦੀ ਬਜਾਏ ਫਿਟਨੈੱਸ, ਸਖ਼ਤ ਮਿਹਨਤ ਅਤੇ ਆਪਣੇ ਟੀਚੇ ਹਾਸਲ ਕਰਨ ਦੀ ਲੱਤ ਲਗਾਉਣਾ ਚਾਹੀਦਾ ਹੈ। ਇੱਕ ਖਿਡਾਰੀ ਦੇ ਰੂਪ ਵਿੱਚ, ਜਿਮਨਾਸਟਿਕ ਨੇ ਮੈਨੂੰ ਸਿਖਾਇਆ ਹੈ ਕਿ ਅਨੁਸ਼ਾਸਨ ਹੀ ਬਿਹਤਰ ਇਨਸਾਨ ਬਣਨ ਦੀ ਕੁੰਜੀ ਹੈ। ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਨਸ਼ੀਲੇ ਪਦਾਰਥਾਂ, ਸਿਗਰਟ ਅਤੇ ਸ਼ਰਾਬ ਤੋਂ ਦੂਰ ਰਹਿਣ, ਆਪਣੇ ਸਰੀਰ ਦਾ ਖ਼ਿਆਲ ਰੱਖਣ ਅਤੇ ਹਰ ਰੋਜ਼ ਘੱਟੋ-ਘੱਟ 30 ਮਿੰਟ ਫਿਟਨੈੱਸ ਲਈ ਸਮਰਪਿਤ ਕਰਨ। ਫਿਟਨੈੱਸ ਦੀ ਡੋਜ਼, ਅੱਧਾ ਘੰਟਾ ਰੋਜ਼।”
ਗੁਰਵੀਰ ਸਿੰਘ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ, “ਫਿਟ ਇੰਡੀਆ ਅਤੇ ਨਸ਼ਾ ਮੁਕਤ ਭਾਰਤ ਨੌਜਵਾਨਾਂ ਨੂੰ ਫਿਟਨੈੱਸ ਵੱਲ ਪ੍ਰੇਰਿਤ ਕਰਨ ਅਤੇ ਨਸ਼ਿਆਂ ਤੋਂ ਦੂਰ ਰੱਖਣ ਲਈ ਬਹੁਤ ਵਧੀਆ ਪਹਿਲਕਦਮੀਆਂ ਹਨ। ਹਰ ਕਿਸੇ ਨੂੰ ਰੋਜ਼ਾਨਾ ਘੱਟੋ-ਘੱਟ 30 ਮਿੰਟ ਸਰੀਰਕ ਗਤੀਵਿਧੀਆਂ ਲਈ ਸਮਰਪਿਤ ਕਰਨੇ ਚਾਹੀਦੇ ਹਨ।” ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੇ ਪ੍ਰਦਰਸ਼ਨ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ, “ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦਾ 39 ਤਗਮਿਆਂ ਦਾ ਪ੍ਰਦਰਸ਼ਨ ਵੀ ਬਹੁਤ ਸ਼ਲਾਘਾਯੋਗ ਹੈ ਅਤੇ ਸਾਡੇ ਖਿਡਾਰੀਆਂ ਨੇ ਦੇਸ਼ ਦਾ ਮਾਣ ਵਧਾਇਆ ਹੈ।”
ਫਿਟ ਇੰਡੀਆ ਸੰਡੇ ਆਨ ਸਾਈਕਲ ਦਾ ਆਯੋਜਨ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਵੱਲੋਂ ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ, ਰਾਹਗੀਰੀ ਫਾਊਂਡੇਸ਼ਨ ਅਤੇ ਮਾਈ ਭਾਰਤ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ।
ਇਹ ਸਾਈਕਲਿੰਗ ਮੁਹਿੰਮ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਇੱਕੋ ਸਮੇਂ ਚਲਾਈ ਜਾਂਦੀ ਹੈ, ਜਿਸ ਵਿੱਚ ਐੱਸ.ਏ.ਆਈ. ਖੇਤਰੀ ਕੇਂਦਰ, ਰਾਸ਼ਟਰੀ ਉੱਤਮਤਾ ਕੇਂਦਰ (ਐੱਨਸੀਓਈ), ਐੱਸ.ਏ.ਆਈ. ਸਿਖਲਾਈ ਕੇਂਦਰ (ਐੱਸਟੀਸੀ), ਖੇਲੋ ਇੰਡੀਆ ਰਾਜ ਉੱਤਮਤਾ ਕੇਂਦਰ (ਕੇਆਈਐੱਸਸੀਈ) ਅਤੇ ਖੇਲੋ ਇੰਡੀਆ ਕੇਂਦਰ (ਕੇਆਈਸੀ) ਸ਼ਾਮਲ ਹਨ, ਨਾਲ ਹੀ ਸਾਈਕਲ ਚਲਾਉਣ ਦੇ ਸ਼ੌਕੀਨਾਂ ਦੇ ਸਮੂਹਾਂ, ਸਕੂਲਾਂ ਅਤੇ ਕਾਲਜਾਂ ਦੇ ਹਜ਼ਾਰਾਂ ਨਮੋ ਫਿਟ ਇੰਡੀਆ ਕਲੱਬ ਵੀ ਇਸ ਵਿੱਚ ਹਿੱਸਾ ਲੈਂਦੇ ਹਨ।






**************
ਆਯੁਸ਼ਮਾਨ ਕੁਮਾਰ
(Release ID: 2297129)
ਵਿਜ਼ੀਟਰ ਕਾਊਂਟਰ : 52