ਫਾਰਮਾਸਿਊਟੀਕਲਸ ਵਿਭਾਗ
9ਵੇਂ ਇੰਡੀਆ ਮੈਡੀਕਲ ਡਿਵਾਈਸ 2026 ਕਾਨਫਰੰਸ ਦਾ 7 ਅਤੇ 8 ਅਗਸਤ, 2026 ਨੂੰ ਆਯੋਜਨ
ਕੇਂਦਰੀ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ “ਆਤਮਨਿਰਭਰ ਮੈਡਟੈਕ: ਵਿਕਸਿਤ ਭਾਰਤ ਵੱਲ ਭਾਰਤ ਦੀ ਯਾਤਰਾ ਨੂੰ ਤੇਜ਼ ਪ੍ਰਦਾਨ ਕਰਨਾ” ਵਿਸ਼ੇ ‘ਤੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ
ਨੀਤੀ ਨਿਰਮਾਤਾ ਅਤੇ ਹਿਤਧਾਰਕ ਭਾਰਤ ਦੇ ਤੇਜ਼ੀ ਨਾਲ ਵਧਦੇ ਮੈਡਟੈਕ ਖੇਤਰ ਦੇ ਭਵਿੱਖ ‘ਤੇ ਵਿਚਾਰ-ਵਟਾਂਦਰਾ ਕਰਨਗੇ
ਕਾਨਫਰੰਸ ਸੈਸ਼ਨ ਵਿੱਚ ਕੰਪੋਨੈਂਟ ਨਿਰਮਾਣ ਤੋਂ ਲੈ ਕੇ ਯੂਨੀਵਰਸਲ ਹੈਲਥ ਕਵਰੇਜ ਲਈ ਨਵੀਨਤਾਕਾਰੀ ਇਲਾਜ ਤੱਕ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕੀਤੀ ਜਾਵੇਗੀ
प्रविष्टि तिथि:
05 AUG 2026 4:14PM by PIB Chandigarh
ਭਾਰਤ ਸਰਕਾਰ ਦੇ ਰਸਾਇਣ ਅਤੇ ਖਾਦ ਮੰਤਰਾਲੇ ਦੇ ਫਾਰਮਾਸਿਊਟੀਕਲ ਵਿਭਾਗ ਫੈਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ (FICCI) ਦੇ ਸਹਿਯੋਗ ਨਾਲ, 7-8 ਅਗਸਤ, 2026 ਨੂੰ ਵਿਗਿਆਨ ਭਵਨ, ਨਵੀਂ ਦਿੱਲੀ ਵਿੱਚ 'ਇੰਡੀਆ ਮੈਡੀਕਲ ਡਿਵਾਈਸ 2026' ਦੇ 9ਵੇਂ ਐਡੀਸ਼ਨ ਦਾ ਆਯੋਜਨ ਕਰੇਗਾ। "ਵਿਕਸਿਤ ਭਾਰਤ ਵੱਲ: ਗੁਣਵੱਤਾ ਵਾਲੇ ਮੈਡੀਕਲ ਡਿਵਾਈਸਾਂ ਦੇ ਗਲੋਬਲ ਹੱਬ ਵਜੋਂ ਭਾਰਤ ਨੂੰ ਅੱਗੇ ਵਧਾਉਣਾ" ਵਿਸ਼ੇ 'ਤੇ ਅਧਾਰਿਤ ਇਸ ਪ੍ਰਮੁੱਖ ਕਾਨਫਰੰਸ ਵਿੱਚ ਨੀਤੀ ਨਿਰਮਾਤਾਵਾਂ, ਇੰਡਸਟਰੀ ਲੀਡਰਸ, ਸਿਹਤ ਸੰਭਾਲ ਪੇਸ਼ੇਵਰਾਂ, ਨਵੀਨਤਾਕਾਰਾਂ, ਖੋਜਕਰਤਾਵਾਂ, ਨਿਵੇਸ਼ਕਾਂ ਅਤੇ ਹੋਰ ਹਿਤਧਾਰਕਾਂ ਨੂੰ ਭਾਰਤ ਦੇ ਤੇਜ਼ੀ ਨਾਲ ਵਧ ਰਹੇ ਮੈਡੀਕਲ ਡਿਵਾਈਸ ਸੈਕਟਰ ਦੇ ਭਵਿੱਖ 'ਤੇ ਵਿਚਾਰ-ਵਟਾਂਦਰਾ ਕਰਨ ਲਈ ਇਕੱਠੇ ਆਉਣਗੇ।
ਸਿਹਤ ਅਤੇ ਪਰਿਵਾਰ ਭਲਾਈ ਅਤੇ ਰਸਾਇਣ ਅਤੇ ਖਾਦ ਰਾਜ ਮੰਤਰੀ ਸ਼੍ਰੀਮਤੀ ਅਨੁਪ੍ਰਿਆ ਪਟੇਲ 7 ਅਗਸਤ, 2026 ਨੂੰ ਕਾਨਫਰੰਸ ਦਾ ਉਦਘਾਟਨ ਕਰਨਗੇ। ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ 8 ਅਗਸਤ, 2026 ਨੂੰ "ਆਤਮਨਿਰਭਰ ਮੈਡਟੈਕ: ਵਿਕਸਿਤ ਭਾਰਤ ਵੱਲ ਭਾਰਤ ਦੀ ਯਾਤਰਾ ਨੂੰ ਤੇਜ਼ੀ ਪ੍ਰਦਾਨ ਕਰਨਾ" ਵਿਸ਼ੇ 'ਤੇ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ। ਇਸ ਪ੍ਰੋਗਰਾਮ ਵਿੱਚ ਫਾਰਮਾਸਿਊਟੀਕਲ ਵਿਭਾਗ ਦੇ ਸਕੱਤਰ ਸ਼੍ਰੀ ਮਨੋਜ ਜੋਸ਼ੀ; ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਸਕੱਤਰ ਸ਼੍ਰੀਮਤੀ ਪੁਣਯ ਸਲੀਲਾ ਸ੍ਰੀਵਾਸਤਵ; ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ (DCGI) ਡਾ. ਰਾਜੀਵ ਸਿੰਘ ਰਘੂਵੰਸ਼ੀ; ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾ. ਐੱਮ. ਸ੍ਰੀਨਿਵਾਸ, ਸੀਨੀਅਰ ਸਰਕਾਰੀ ਅਧਿਕਾਰੀ, ਉਦਯੋਗ ਮਾਹਰ, ਪ੍ਰਮੁੱਖ ਮੈਡੀਕਲ ਡਿਵਾਈਸ ਕੰਪਨੀਆਂ ਦੇ ਸੀਈਓ, ਸਟਾਰਟ-ਅੱਪ, ਸਿੱਖਿਆ ਸ਼ਾਸਤਰੀ ਅਤੇ ਸਿਹਤ ਸੰਭਾਲ ਸੰਸਥਾਵਾਂ ਦੇ ਪ੍ਰਤੀਨਿਧੀ ਵੀ ਸ਼ਾਮਲ ਹੋਣਗੇ।
ਫਾਰਮਾਸਿਊਟੀਕਲ ਵਿਭਾਗ ਦੇ ਸਕੱਤਰ ਸ਼੍ਰੀ ਮਨੋਜ ਜੋਸ਼ੀ ਨੇ ਕਾਨਫਰੰਸ ਤੋਂ ਪਹਿਲਾਂ ਕਿਹਾ, "ਇੰਡੀਆ ਮੈਡੀਕਲ ਡਿਵਾਈਸ 2026 ਭਾਰਤ ਦੀ ਵਧਦੀ ਮੈਡਟੈਕ ਸਮਰੱਥਾਵਾਂ ਨੂੰ ਪ੍ਰਦਰਸ਼ਿਤ ਕਰਨ, ਆਲਮੀ ਭਾਈਵਾਲੀਆਂ ਨੂੰ ਮਜ਼ਬੂਤ ਕਰਨ, ਨਵੀਨਤਾ ਅਤੇ ਗੁਣਵੱਤਾ ਵਾਲੇ ਨਿਰਮਾਣ ਨੂੰ ਉਤਸ਼ਾਹਿਤ ਕਰਨ ਅਤੇ ਭਾਰਤ ਨੂੰ ਗੁਣਵੱਤਾ ਵਾਲੇ ਮੈਡੀਕਲ ਡਿਵਾਈਸਾਂ ਲਈ ਇੱਕ ਭਰੋਸੇਮੰਦ ਗਲੋਬਲ ਹੱਬ ਵਜੋਂ ਸਥਾਪਤ ਕਰਨ ਦਾ ਰਾਹ ਪੱਧਰਾ ਕਰਨ ਲਈ ਇੱਕ ਪ੍ਰਮੁੱਖ ਪਲੈਟਫਾਰਮ ਪ੍ਰਦਾਨ ਕਰੇਗਾ। ਮੈਂ ਸਾਰੇ ਹਿਤਧਾਰਕਾਂ ਨੂੰ ਆਲਮੀ ਪੱਧਰ 'ਤੇ ਪ੍ਰਤੀਯੋਗੀ ਅਤੇ ਨਵੀਨਤਾ-ਸੰਚਾਲਿਤ ਮੈਡਟੈਕ ਈਕੋਸਿਸਟਮ ਦੇ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਵਿੱਚ ਸਾਡੇ ਨਾਲ ਜੁੜਨ ਲਈ ਸੱਦਾ ਦਿੰਦਾ ਹਾਂ।"
FICCI ਮੈਡੀਕਲ ਡਿਵਾਈਸਿਸ ਕਮੇਟੀ ਦੇ ਚੇਅਰਪਰਸਨ ਅਤੇ ਐਬੌਟ ਹੈਲਥਕੇਅਰ ਦੇ ਮੈਨੇਜਿੰਗ ਡਾਇਰੈਕਟਰ ਅਤੇ ਜਨਰਲ ਮੈਨੇਜਰ ਸ਼੍ਰੀ ਤੁਸ਼ਾਰ ਸ਼ਰਮਾ ਨੇ ਉਦਯੋਗ ਜਗਤ ਦੇ ਦ੍ਰਿਸ਼ਟੀਕੋਣ ਨੂੰ ਸਾਂਝਾ ਕਰਦੇ ਹੋਏ ਨੀਤੀ ਨਿਰਮਾਤਾਵਾਂ, ਇੰਡਸਟਰੀ ਲੀਡਰਸ, ਸਿੱਖਿਆ ਸ਼ਾਸਤਰੀਆਂ ਅਤੇ ਸਿਹਤ ਸੇਵਾ ਮਾਹਰਾਂ ਵਿਚਕਾਰ ਨਿਰੰਤਰ ਸਹਿਯੋਗ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ 'ਇੰਡੀਆ ਮੈਡੀਕਲ ਡਿਵਾਈਸ 2026' ਅਰਥਪੂਰਨ ਸੰਵਾਦ ਨੂੰ ਉਤਸ਼ਾਹਿਤ ਕਰਨ, ਸਾਂਝੇਦਾਰੀ ਨੂੰ ਮਜ਼ਬੂਤ ਕਰਨ ਅਤੇ ਭਾਰਤ ਦੇ ਮੈਡੀਕਲ ਡਿਵਾਈਸਿਸ ਈਕੋਸਿਸਟਮ ਦੇ ਵਿਕਾਸ ਨੂੰ ਤੇਜ਼ ਕਰਨ ਲਈ ਇੱਕ ਮਹੱਤਵਪੂਰਨ ਪਲੈਟਫਾਰਮ ਪ੍ਰਦਾਨ ਕਰੇਗਾ।
ਦੋ ਦਿਨਾਂ ਦੇ ਕਾਨਫਰੰਸ ਵਿੱਚ ਮੈਡਟੈਕ ਸੈਕਟਰ ਨੂੰ ਆਕਾਰ ਦੇਣ ਵਾਲੀਆਂ ਮੁੱਖ ਤਰਜੀਹਾਂ 'ਤੇ ਉੱਚ-ਪੱਧਰੀ ਪਲੈਨਰੀ ਸੈਸ਼ਨ, ਥੀਮੈਟਿਕ ਵਿਚਾਰ-ਵਟਾਂਦਰੇ ਅਤੇ ਉਦਯੋਗ ਜਗਤ ਨਾਲ ਸੰਵਾਦ ਹੋਣਗੇ। ਪਹਿਲਾ ਸੈਸ਼ਨ "ਭਾਰਤ ਵਿੱਚ ਮੈਡੀਕਲ ਡਿਵਾਈਸ ਕੰਪੋਨੈਂਟ ਨਿਰਮਾਣ: ਸਥਾਨਿਕੀਕਰਣ ਦੁਆਰਾ ਆਤਮਨਿਰਭਰਤਾ ਨੂੰ ਉਤਸ਼ਾਹਿਤ ਕਰਨਾ" 'ਤੇ ਕੇਂਦ੍ਰਿਤ ਹੋਵੇਗਾ। ਇੱਕ ਵਰਕਸ਼ਾਪ ਵਿੱਚ ਮੈਡੀਕਲ ਡਿਵਾਈਸ ਉਦਯੋਗ ਲਈ ਮੌਜੂਦਾ ਟੈਸਟਿੰਗ ਪ੍ਰਯੋਗਸ਼ਾਲਾ ਬੁਨਿਆਦੀ ਢਾਂਚੇ ਦੀ ਕੁਸ਼ਲ ਵਰਤੋਂ 'ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਦੂਜਾ ਸੈਸ਼ਨ "ਉੱਚ-ਪ੍ਰਭਾਵ ਅਤੇ ਉੱਚ-ਮਾਤਰਾ ਵਾਲੇ ਮੈਡੀਕਲ ਡਿਵਾਈਸਾਂ ਵਿੱਚ ਤਕਨਾਲੋਜੀ ਲੀਡਰਸ਼ਿਪ ਦਾ ਨਿਰਮਾਣ" 'ਤੇ ਕੇਂਦ੍ਰਿਤ ਹੋਵੇਗਾ, ਨਾਲ ਹੀ "ਸਿਹਤ ਸੰਭਾਲ ਵਿੱਚ ਏਆਈ ਦੀ ਵਰਤੋਂ ਅਤੇ ਭਾਰਤ ਦਾ SaMD ਪਾਵਰਹਾਊਸ ਵਜੋਂ ਉਭਾਰਨ" 'ਤੇ ਇੱਕ ਸਮਾਨਾਂਤਰ ਸੈਸ਼ਨ ਵੀ ਹੋਵੇਗਾ। ਤੀਜੇ ਸੈਸ਼ਨ ਵਿੱਚ "ਗੁਣਵੱਤਾ ਵਾਲੇ ਮੈਡੀਕਲ ਡਿਵਾਈਸਾਂ ਲਈ ਕਲੀਨਿਕਲ ਸਬੂਤਾਂ ਨੂੰ ਮਜ਼ਬੂਤ ਕਰਨਾ: ਰੈਗੂਲੇਟਰੀ ਮਾਰਗ ਅਤੇ ਡੇਟਾ ਜਨਰੇਸ਼ਨ" 'ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ, ਨਾਲ ਹੀ "ਭਾਰਤ ਦੇ ਮੈਡੀਕਲ ਡਿਵਾਈਸ ਸੈਕਟਰ ਨੂੰ ਨਿਰਯਾਤ ਪਾਵਰਹਾਊਸ ਵਿੱਚ ਬਦਲਣਾ" ਵਿਸ਼ੇ 'ਤੇ ਚਰਚਾ ਵੀ ਕੀਤੀ ਜਾਵੇਗੀ। ਪਹਿਲੇ ਦਿਨ ਦੀ ਸਮਾਪਤੀ "ਭਾਰਤ ਵਿੱਚ ਮੈਡੀਕਲ ਡਿਵਾਈਸਾਂ ਲਈ ਸੇਵਾ ਅਤੇ ਰੱਖ-ਰਖਾਅ ਈਕੋਸਿਸਟਮ ਨੂੰ ਮਜ਼ਬੂਤ ਕਰਨਾ" 'ਤੇ ਇੱਕ ਰਾਊਂਡ ਟੇਬਲ ਕਾਨਫਰੰਸ ਨਾਲ ਹੋਵੇਗੀ। ਕਾਨਫਰੰਸ ਦੇ ਦੂਜੇ ਦਿਨ "ਆਤਮਨਿਰਭਰ ਮੈਡਟੈਕ: ਵਿਕਸਿਤ ਭਾਰਤ ਵੱਲ ਭਾਰਤ ਦੀ ਯਾਤਰਾ ਨੂੰ ਤੇਜ਼ ਕਰਨਾ" ਵਿਸ਼ੇ ‘ਤੇ ਇੱਕ ਸੈਸ਼ਨ ਹੋਵੇਗਾ, ਜਿਸ ਤੋਂ ਬਾਅਦ ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਨਾਲ ਸੀਈਓ ਦੀ ਵਿਸ਼ੇਸ਼ ਰਾਊਂਡ ਟੇਬਲ ਮੀਟਿੰਗ ਹੋਵੇਗੀ। ਚੌਥਾ ਸੈਸ਼ਨ "ਭਾਰਤ ਵਿੱਚ ਯੂਨੀਵਰਸਲ ਹੈਲਥ ਕਵਰੇਜ (UHC) ਦੇ ਮਾਰਗ ਵਿੱਚ ਨਵੀਨਤਾਕਾਰੀ ਥੈਰੇਪੀਆਂ ਲਈ ਅਦਾਇਗੀ ਵਿਧੀਆਂ" ਵਿਸ਼ੇ ‘ਤੇ ਹੋਵੇਗਾ।
ਇਸ ਕਾਨਫਰੰਸ ਵਿੱਚ ਜੀਈ ਹੈਲਥਕੇਅਰ, ਐਬੌਟ ਹੈਲਥਕੇਅਰ, ਫਿਲਿਪਸ ਇੰਡੀਆ, ਮੈਡਟ੍ਰੌਨਿਕ ਇੰਡੀਆ, ਜੌਨਸਨ ਐਂਡ ਜੌਨਸਨ ਮੈਡਟੈਕ, ਹਿੰਦੁਸਤਾਨ ਸੀਰਿੰਜ ਐਂਡ ਮੈਡੀਕਲ ਡਿਵਾਈਸਿਸ ਲਿਮਿਟੇਡ ਅਤੇ ਕਈ ਹੋਰ ਪ੍ਰਮੁੱਖ ਕੰਪਨੀਆਂ ਦੇ ਨਾਲ-ਨਾਲ ਸਰਕਾਰ, ਸਿਹਤ ਸੰਭਾਲ ਸੰਸਥਾਵਾਂ, ਖੋਜ ਸੰਗਠਨਾਂ ਅਤੇ ਅਕਾਦਮਿਕ ਸੰਸਥਾਵਾਂ ਦੇ ਪ੍ਰਤੀਨਿਧੀ ਵੀ ਹਿੱਸਾ ਲੈਣਗੇ। ਇਹ ਕਾਨਫਰੰਸ ਅਤਿ-ਆਧੁਨਿਕ ਤਕਨਾਲੋਜੀਆਂ ਅਤੇ ਸਟਾਰਟਅੱਪ ਨਵੀਨਤਾਵਾਂ ਨੂੰ ਪ੍ਰਦਰਸ਼ਿਤ ਕਰਨ ਦੇ ਨਾਲ-ਨਾਲ 'ਵਿਕਸਿਤ ਭਾਰਤ @2047' ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਨਵੀਨਤਾ-ਸੰਚਾਲਿਤ, ਆਤਮਨਿਰਭਰ ਅਤੇ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਮੈਡੀਕਲ ਡਿਵਾਈਸ ਈਕੋਸਿਸਟਮ ਦੇ ਨਿਰਮਾਣ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਵੀ ਮਜ਼ਬੂਤ ਕਰੇਗੀ।
*****
ਪੀਸੀ/ਪੀਐੱਮ/ਏਕੇ
(रिलीज़ आईडी: 2295583)
आगंतुक पटल : 6