ਪ੍ਰਧਾਨ ਮੰਤਰੀ ਦਫਤਰ
ਮੈਸੂਰ ਵਿੱਚ ਸਵਾਮੀ ਵਿਵੇਕਾਨੰਦ ਕਲਚਰਲ ਯੂਥ ਸੈਂਟਰ –ਵਿਵੇਕ ਸਮਾਰਕ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
प्रविष्टि तिथि:
01 AUG 2026 7:19PM by PIB Chandigarh
ਐੱਲਰਿਗੂ ਨੰਨਾ ਨਮਸਕਾਰਗਲੁ।
ਰਾਮਕ੍ਰਿਸ਼ਨ ਮਠ ਅਤੇ ਰਾਮਕ੍ਰਿਸ਼ਨ ਮਿਸ਼ਨ ਬੇਲੂਰ ਮਠ ਦੇ ਪ੍ਰਧਾਨ ਪਰਮ ਪੂਜਨੀਕ ਸਵਾਮੀ ਗੌਤਮਾਨੰਦ ਜੀ ਮਹਾਰਾਜ, ਸ਼੍ਰੀ ਰਾਮਕ੍ਰਿਸ਼ਨ ਆਸ਼ਰਮ, ਮੈਸੂਰ ਦੇ ਪ੍ਰਧਾਨ ਪੂਜਨੀਕ ਸਵਾਮੀ ਮੁਕਤਿਦਾਨੰਦ ਜੀ, ਰਾਮਕ੍ਰਿਸ਼ਨ ਮਠ ਅਤੇ ਰਾਮਕ੍ਰਿਸ਼ਨ ਮਿਸ਼ਨ ਦੇ ਟਰੱਸਟੀ ਪੂਜਨੀਕ ਸਵਾਮੀ ਯਾਦਵੇਂਦ੍ਰਾਨੰਦ ਜੀ, ਰਾਜਪਾਲ ਸ਼੍ਰੀ ਥਾਵਰਚੰਦ ਗਹਿਲੋਤ ਜੀ, ਮੁੱਖ ਮੰਤਰੀ ਸ਼੍ਰੀ ਡੀ.ਕੇ. ਸ਼ਿਵਕੁਮਾਰ ਜੀ, ਸੰਸਦ ਮੈਂਬਰ ਯਦੁਵੀਰ ਕ੍ਰਿਸ਼ਣਦੱਤ ਚਾਮਰਾਜ ਵਾਡਿਆਰ ਜੀ, ਵਿਧਾਇਕ ਵਿਜਯੇਂਦਰ ਯੇਦੀਯੁਰੱਪਾ ਜੀ, ਕੇ. ਹਰੀਸ਼ ਗੌੜਾ ਜੀ, ਹੋਰ ਮਾਣਯੋਗ ਹਸਤੀਆਂ, ਪੂਜਨੀਕ ਸੰਤ ਜਨ ਅਤੇ ਭਰਾਵੋ ਤੇ ਭੈਣੋ।
ਸਭ ਤੋਂ ਪਹਿਲਾਂ ਮੈਂ ਮੈਸੂਰ ਦੀ ਅਧਿਸ਼ਠਾਤਰੀ ਦੇਵੀ ਮਾਂ ਚਾਮੁੰਡੇਸ਼ਵਰੀ ਨੂੰ ਪ੍ਰਣਾਮ ਕਰਦਾ ਹਾਂ। ਹੁਣੇ ਦੋ ਦਿਨ ਪਹਿਲਾਂ ਹੀ ਅਸੀਂ ਸਾਰਿਆਂ ਗੁਰੂ ਪੂਰਨਿਮਾ ਵੀ ਮਨਾਈ ਹੈ। ਤੁਸੀਂ ਸਾਰੇ ਜਾਣਦੇ ਹੋ ਕਿ ਮੇਰੀ ਯਾਤਰਾ ਜਿੱਥੋਂ ਸ਼ੁਰੂ ਹੋਈ ਅਤੇ ਅੱਜ ਮੈਂ ਜਿੱਥੇ ਹਾਂ, ਉਸ ਵਿੱਚ ਰਾਮਕ੍ਰਿਸ਼ਨ ਮਿਸ਼ਨ ਦਾ ਬਹੁਤ ਮਹੱਤਵਪੂਰਨ ਯੋਗਦਾਨ ਹੈ। ਮੈਂ ਤਿੰਨ ਮਹੀਨੇ ਪਹਿਲਾਂ ਹਾਵੜਾ ਵਿੱਚ ਬੇਲੂਰ ਮਠ ਗਿਆ ਸੀ। ਸਾਰੇ ਪੂਜਨੀਕ ਸੰਤਾਂ ਨਾਲ ਸਤਸੰਗ ਕਰਨ ਦਾ ਮੌਕਾ ਮਿਲਿਆ ਸੀ। ਮੇਰਾ ਸੁਭਾਗ ਹੈ ਕਿ ਅੱਜ ਮੈਨੂੰ ਫਿਰ ਮੈਸੂਰ ਵਿੱਚ ਸ਼੍ਰੀ ਰਾਮਕ੍ਰਿਸ਼ਨ ਆਸ਼ਰਮ ਨਾਲ ਜੁੜੇ ਸੰਤਾਂ ਨਾਲ, ਮੇਰੇ ਗੁਰ ਭਾਈਆਂ ਨਾਲ ਮਿਲਣ ਦਾ, ਉਨ੍ਹਾਂ ਤੋਂ ਆਸ਼ੀਰਵਾਦ ਲੈਣ ਦਾ ਮੌਕਾ ਮਿਲਿਆ ਹੈ। ਤੁਹਾਡੀ ਸਾਰਿਆਂ ਦੀ ਹਾਜ਼ਰੀ ਕਰਕੇ ਅੱਜ ਮੈਸੂਰ ਦੀ ਇਸ ਪਵਿੱਤਰ ਧਰਤੀ 'ਤੇ ਮੈਨੂੰ ਇੱਕ ਵੱਖਰੀ ਹੀ ਊਰਜਾ ਦਾ ਅਹਿਸਾਸ ਹੋ ਰਿਹਾ ਹੈ। ਮੈਂ ਤੁਹਾਡੇ ਸਭ ਸੰਤਾਂ ਦੇ ਚਰਨਾਂ ਵਿੱਚ ਸਾਦਰ ਪ੍ਰਣਾਮ ਕਰਦਾ ਹਾਂ।
ਸਾਥੀਓ,
ਮੈਸੂਰ ਭਾਰਤ ਦੀ ਸਦੀਵੀ ਸੰਸਕ੍ਰਿਤਕ ਚੇਤਨਾ ਦਾ ਕੇਂਦਰ ਰਿਹਾ ਹੈ। ਇੱਥੋਂ ਦੇ ਮੰਦਰ, ਇੱਥੋਂ ਦੀਆਂ ਪਰੰਪਰਾਵਾਂ ਅਤੇ ਤਿਉਹਾਰ, ਮੈਸੂਰ ਦਾ ਦਸਹਿਰਾ, ਇੱਥੋਂ ਦੇ ਸ਼ਾਨਦਾਰ ਮਹਿਲ, ਇਸ ਦਾ ਸੰਗੀਤ ਅਤੇ ਸਾਹਿਤ—ਭਾਰਤ ਦੀ ਵਿਰਾਸਤ ਇਸ ਸ਼ਹਿਰ ਦੇ ਕਣ-ਕਣ ਵਿੱਚ ਸਮਾਏ ਹੋਏ ਹਨ। ਅਤੇ ਇਹ ਦੇਖ ਕੇ ਬਹੁਤ ਸੰਤੁਸ਼ਟੀ ਹੁੰਦੀ ਹੈ। ਇਸ ਸ਼ਹਿਰ ਨੇ ਇਸ ਵਿਰਾਸਤ ਨੂੰ ਉਸੇ ਕੁਸ਼ਲਤਾ ਨਾਲ ਸੰਭਾਲਿਆ ਵੀ ਹੈ ਅਤੇ ਸੰਵਾਰਿਆ ਵੀ ਹੈ। ਸ਼੍ਰੀ ਰਾਮਕ੍ਰਿਸ਼ਨ ਆਸ਼ਰਮ ਅਤੇ ਸਵਾਮੀ ਵਿਵੇਕਾਨੰਦ ਜੀ ਦੀਆਂ ਯਾਦਾਂ ਵੀ ਮੈਸੂਰ ਦੀ ਵਿਰਾਸਤ ਦਾ ਹੀ ਇੱਕ ਸਮ੍ਰਿੱਧ ਹਿੱਸਾ ਹਨ। ਕੁਝ ਸਮਾਂ ਪਹਿਲਾਂ ਮੈਂ ਉਸ ਇਤਿਹਾਸਕ ਭਵਨ ਵਿੱਚ ਵੀ ਗਿਆ ਸੀ, ਜਿੱਥੇ ਸਵਾਮੀ ਵਿਵੇਕਾਨੰਦ ਜੀ ਨੇ ਆਪਣੇ ਪ੍ਰਵਾਸ ਦੌਰਾਨ ਕੁਝ ਸਮਾਂ ਬਿਤਾਇਆ ਸੀ। ਕਰਨਾਟਕ ਦੇ ਕਿੰਨੇ ਹੀ ਵਿਦਵਾਨ ਅਤੇ ਬੁੱਧੀਜੀਵੀ ਇਸ ਸਥਾਨ ਨਾਲ ਜੁੜੇ ਰਹੇ ਹਨ। ਰਾਸ਼ਟਰਕਵੀ ਕੁਵੇਮਪੂ ਵਰਗੇ ਮਹਾਪੁਰਖ ਜਦੋਂ ਮੈਸੂਰ ਵਿੱਚ ਸਨ, ਉਨ੍ਹਾਂ ਦਾ ਵੀ ਸ਼੍ਰੀ ਰਾਮਕ੍ਰਿਸ਼ਨ ਆਸ਼ਰਮ ਨਾਲ ਡੂੰਘਾ ਨਾਤਾ ਸੀ। ਅੱਜ ਸਵਾਮੀ ਵਿਵੇਕਾਨੰਦ ਸੰਸਕ੍ਰਿਤਕ ਯੁਵਾ ਕੇਂਦਰ, ਭਾਵ ਵਿਵੇਕ ਸਮਾਰਕ ਦੇ ਉਦਘਾਟਨ ਰਾਹੀਂ ਅਸੀਂ ਇਸ ਮਿਸ਼ਨ ਨੂੰ ਨਵਾਂ ਵਿਸਥਾਰ ਦੇ ਰਹੇ ਹਾਂ। ਇਸ ਲਈ ਮੈਂ ਸ਼੍ਰੀ ਰਾਮਕ੍ਰਿਸ਼ਨ ਆਸ਼ਰਮ ਅਤੇ ਇਸ ਨਾਲ ਜੁੜੇ ਸਾਰੇ ਵਿਦਵਾਨਾਂ ਨੂੰ ਤਹਿ ਦਿਲੋਂ ਵਧਾਈ ਦਿੰਦਾ ਹਾਂ।
ਸਾਥੀਓ,
ਵਿਅਕਤੀ ਤੋਂ ਹਸਤੀ ਦਾ ਨਿਰਮਾਣ ਇਕਦਮ ਨਹੀਂ ਹੁੰਦਾ। ਇਸ ਲਈ ਸਾਨੂੰ ਜੀਵਨ ਦੀਆਂ ਅਣਗਿਣਤ ਪ੍ਰੀਖਿਆਵਾਂ ਦੇਣੀਆਂ ਪੈਂਦੀਆਂ ਹਨ। ਸਾਧਨਾ ਕਰਨੀ ਪੈਂਦੀ ਹੈ, ਤਪ ਕਰਨਾ ਪੈਂਦਾ ਹੈ, ਆਪਣੇ ਆਪ ਨੂੰ ਤਪਾਉਣਾ ਪੈਂਦਾ ਹੈ, ਖਪਾਉਣਾ ਪੈਂਦਾ ਹੈ। ਪ੍ਰਸਿੱਧੀ ਮਿਲਣ ਤੋਂ ਬਾਅਦ ਤਾਂ ਸੰਸਾਰ ਪਿੱਛੇ ਖੜ੍ਹਾ ਹੋ ਜਾਂਦਾ ਹੈ। ਪਰ ਤਪ ਦੇ ਸਮੇਂ ਮਹਾਨ ਹਸਤੀਆਂ ਨੂੰ ਪਛਾਣਨਾ ਸੌਖਾ ਨਹੀਂ ਹੁੰਦਾ। ਜੋ ਸਾਧਕ ਨੂੰ ਉਸ ਦੀ ਤਪੱਸਿਆ ਦੇ ਸਮੇਂ ਪਛਾਣਦਾ ਹੈ, ਉਹ ਉਸ ਦੀ ਸਿੱਧੀ ਦਾ ਭਾਗੀਦਾਰ ਵੀ ਬਣਦਾ ਹੈ।
ਇਸ ਲਈ ਭਰਾਵੋ ਅਤੇ ਭੈਣੋ,
ਸਵਾਮੀ ਵਿਵੇਕਾਨੰਦ ਜੀ ਦੇ ਜੀਵਨ ਵਿੱਚ ਮੈਸੂਰ ਦਾ ਇੰਨਾ ਮਹੱਤਵਪੂਰਨ ਯੋਗਦਾਨ ਸੀ। ਲਗਭਗ 130 ਸਾਲ ਪਹਿਲਾਂ ਸਵਾਮੀ ਜੀ ਇੱਕ ਨੌਜਵਾਨ ਸੰਨਿਆਸੀ ਦੇ ਰੂਪ ਵਿੱਚ ਘੁੰਮਦੇ-ਘੁਮਾਉਂਦੇ ਮੈਸੂਰ ਆਏ ਸਨ। ਉਸ ਵੇਲੇ ਉਨ੍ਹਾਂ ਦੀ ਪ੍ਰਸਿੱਧੀ ਅਜਿਹੀ ਨਹੀਂ ਸੀ। ਪਰ ਉਨ੍ਹਾਂ ਦੇ ਵਿਚਾਰ ਓਨੇ ਹੀ ਉੱਚੇ ਸਨ। ਉਸ ਸਮੇਂ ਜਿਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਪਛਾਣਿਆ, ਜੋ ਉਨ੍ਹਾਂ ਨਾਲ ਜੁੜੇ, ਉਨ੍ਹਾਂ ਵਿੱਚੋਂ ਇੱਕ ਪ੍ਰਮੁੱਖ ਨਾਮ ਮੈਸੂਰ ਦੇ ਤਤਕਾਲੀ ਮਹਾਰਾਜਾ ਦਾ ਵੀ ਸੀ। ਜਦੋਂ ਸਵਾਮੀ ਵਿਵੇਕਾਨੰਦ ਜੀ ਅਮਰੀਕਾ ਵਿੱਚ ਸਨ, ਤਾਂ ਉਨ੍ਹਾਂ ਨੇ ਉੱਥੋਂ ਮੈਸੂਰ ਦੇ ਤਤਕਾਲੀ ਮਹਾਰਾਜਾ ਨੂੰ ਇੱਕ ਪੱਤਰ ਲਿਖਿਆ ਸੀ। ਉਸ ਵਿੱਚ ਉਨ੍ਹਾਂ ਨੇ ਖੁਦ ਮਹਾਰਾਜਾ ਦੇ ਸਹਿਯੋਗ ਦਾ ਜ਼ਿਕਰ ਕੀਤਾ ਸੀ।
ਸਾਥੀਓ,
ਸਵਾਮੀ ਵਿਵੇਕਾਨੰਦ ਜੀ ਨੇ ਭਾਰਤੀ ਚੇਤਨਾ ਨੂੰ ਧਾਰਨ ਕੀਤਾ ਸੀ। ਉਨ੍ਹਾਂ ਨੇ ਉਨ੍ਹਾਂ ਸ਼ਾਸਤਰਾਂ ਨੂੰ ਧਾਰਨ ਕੀਤਾ ਸੀ ਜੋ ਕਹਿੰਦੇ ਹਨ— "ਪਰੰ ਪਰੋਪਕਾਰਾਰਥੰ ਯੋ ਜੀਵਤੀ ਸ ਜੀਵਤੀ"। ਭਾਵ, ਅਸਲ ਵਿੱਚ ਉਹੀ ਜਿਊਂਦਾ ਹੈ, ਜੋ ਦੂਜਿਆਂ ਲਈ ਜਿਊਂਦਾ ਹੈ। ਇਸੇ ਮੰਤਰ 'ਤੇ ਚਲਦਿਆਂ ਮੈਸੂਰ ਦੇ ਇਸ ਸ਼੍ਰੀ ਰਾਮਕ੍ਰਿਸ਼ਨ ਆਸ਼ਰਮ ਨੇ ਪਿਛਲੇ ਸਾਲ ਆਪਣੇ ਸੌ ਸਾਲ ਪੂਰੇ ਕੀਤੇ ਹਨ। ਸਿੱਖਿਆ ਅਤੇ ਸਿਹਤ ਨਾਲ ਸਬੰਧਤ ਸੇਵਾਵਾਂ ਹੋਣ ਜਾਂ ਕੁਦਰਤੀ ਆਫ਼ਤਾਂ ਦੌਰਾਨ ਰਾਹਤ ਕਾਰਜ—ਸ਼੍ਰੀ ਰਾਮਕ੍ਰਿਸ਼ਨ ਆਸ਼ਰਮ ਨੇ ਸਵਾਮੀ ਵਿਵੇਕਾਨੰਦ ਜੀ ਦੀ ਵਿਰਾਸਤ ਨੂੰ ਜੀਵੰਤ ਰੱਖਿਆ ਹੈ। ਮੈਨੂੰ ਵਿਸ਼ਵਾਸ ਹੈ ਕਿ ਵਿਵੇਕ ਸਮਾਰਕ ਸਾਧਕਾਂ ਅਤੇ ਸ਼ਰਧਾਲੂਆਂ ਲਈ ਆਤਮਿਕ ਉੱਨਤੀ ਦਾ ਇੱਕ ਤੀਰਥ ਬਣੇਗਾ। ਸਵਾਮੀ ਵਿਵੇਕਾਨੰਦ ਜੀ ਦੀ ਪ੍ਰੇਰਣਾ ਸੀ— "ਸ਼ਿਵ ਗਿਆਨੇ ਜੀਵ ਸੇਵਾ"। ਭਾਵ ਜੀਵ ਦੀ ਸੇਵਾ ਹੀ ਸ਼ਿਵ ਦੀ ਸੇਵਾ ਹੈ। ਅਸੀਂ ਇਸ ਵਿਵੇਕ ਸਮਾਰਕ ਵਿੱਚ ਅਜਿਹੇ ਨੌਜਵਾਨ ਤਿਆਰ ਕਰਨੇ ਹਨ, ਜਿਨ੍ਹਾਂ ਲਈ ਸਮਾਜ ਅਤੇ ਰਾਸ਼ਟਰ ਦਾ ਹਿੱਤ, ਗਰੀਬ ਅਤੇ ਵਾਂਝਿਆਂ ਦਾ ਦੁੱਖ, ਆਪਣੇ ਸੁੱਖ-ਦੁੱਖ ਤੋਂ ਵੀ ਉੱਪਰ ਹੋਵੇ। ਜਿਨ੍ਹਾਂ ਨੌਜਵਾਨਾਂ ਲਈ ਰਾਸ਼ਟਰ ਨੂੰ ਪਹਿਲ ਹੀ ਸਰਵਉੱਚ ਮੰਤਰ ਹੋਵੇ ਅਤੇ ਮਾਂ ਭਾਰਤੀ ਦੀ ਸੇਵਾ ਹੀ ਜਿਨ੍ਹਾਂ ਦੇ ਜੀਵਨ ਦਾ ਟੀਚਾ ਹੋਵੇ।
ਸਾਥੀਓ,
ਸਵਾਮੀ ਵਿਵੇਕਾਨੰਦ ਜੀ ਨੌਜਵਾਨਾਂ ਦੀ ਸਿੱਖਿਆ ਨੂੰ ਰਾਸ਼ਟਰ ਨਿਰਮਾਣ ਦਾ ਮਜ਼ਬੂਤ ਆਧਾਰ ਮੰਨਦੇ ਸਨ। ਉਨ੍ਹਾਂ ਨੇ ਖੁਦ ਦੇਖਿਆ ਸੀ ਕਿ ਦੁਨੀਆ ਦੇ ਦੇਸ਼ ਆਪਣੇ ਨੌਜਵਾਨਾਂ ਨੂੰ ਕਿਵੇਂ ਸਿੱਖਿਅਤ ਬਣਾ ਰਹੇ ਹਨ। ਪਰ ਬਦਕਿਸਮਤੀ ਨਾਲ ਉਸ ਵੇਲੇ ਭਾਰਤ ਗੁਲਾਮ ਸੀ। ਭਾਰਤ ਦੇ ਨੌਜਵਾਨ ਵੀ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਜਕੜੇ ਹੋਏ ਸਨ। ਉਸ ਦੌਰ ਤੋਂ ਲੈ ਕੇ ਅੱਜ ਤੱਕ ਭਾਰਤ ਦੇ ਨੌਜਵਾਨਾਂ ਨੇ ਇੱਕ ਲੰਮਾ ਸਫ਼ਰ ਤੈਅ ਕੀਤਾ ਹੈ। ਭਾਰਤ ਦਾ ਉਹ ਨੌਜਵਾਨ ਜੋ ਕਦੇ ਜ਼ੰਜੀਰਾਂ ਵਿੱਚ ਬੱਝਿਆ ਹੋਇਆ ਸੀ, ਅੱਜ ਉਹੀ ਨੌਜਵਾਨ ਦੁਨੀਆ ਦੇ ਵਿਕਾਸ ਨੂੰ ਗਤੀ ਦੇ ਰਿਹਾ ਹੈ।
* ਅੱਜ ਭਾਰਤ ਦੀ ਅਰਥਵਿਵਸਥਾ ਸਭ ਤੋਂ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ।
* ਕਿਸ ਦੀ ਵਜ੍ਹਾ ਨਾਲ? ਭਾਰਤ ਦੇ ਨੌਜਵਾਨਾਂ ਦੀ ਸਮਰੱਥਾ ਨਾਲ।
* ਅੱਜ ਭਾਰਤ ਵਿੱਚ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ ਹੈ।
* ਕਿਸ ਦੀ ਵਜ੍ਹਾ ਨਾਲ? ਭਾਰਤ ਦੇ ਨੌਜਵਾਨਾਂ ਦੀ ਸਮਰੱਥਾ ਨਾਲ।
* ਅੱਜ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੋਬਾਈਲ ਫ਼ੋਨ ਨਿਰਮਾਤਾ ਬਣ ਚੁੱਕਾ ਹੈ।
* ਕਿਸ ਦੀ ਵਜ੍ਹਾ ਨਾਲ? ਭਾਰਤ ਦੇ ਨੌਜਵਾਨਾਂ ਦੀ ਸਮਰੱਥਾ ਨਾਲ।
* ਅੱਜ ਭਾਰਤ ਵੱਲੋਂ ਵਿਕਸਿਤ ਕੀਤੇ ਗਏ ਡਿਜੀਟਲ ਹੱਲ ਦੁਨੀਆ ਦੇ ਅਨੇਕਾਂ ਦੇਸ਼ਾਂ ਲਈ ਪ੍ਰੇਰਣਾ ਬਣ ਰਹੇ ਹਨ।
* ਕਿਸ ਦੀ ਵਜ੍ਹਾ ਨਾਲ? ਭਾਰਤ ਦੇ ਨੌਜਵਾਨਾਂ ਦੀ ਸਮਰੱਥਾ ਨਾਲ।
* ਅੱਜ ਭਾਰਤ ਸੈਮੀਕੰਡਕਟਰ ਨਿਰਮਾਣ ਦੀ ਨਵੀਂ ਯਾਤਰਾ 'ਤੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।
* ਕਿਸ ਦੀ ਵਜ੍ਹਾ ਨਾਲ? ਭਾਰਤ ਦੇ ਨੌਜਵਾਨਾਂ ਦੀ ਸਮਰੱਥਾ ਨਾਲ।
* ਅੱਜ ਭਾਰਤ ਏਆਈ, ਡੀਪ ਟੈਕ, ਪੁਲਾੜ ਤਕਨਾਲੋਜੀ ਅਤੇ ਨਵੀਨਤਾ ਦੇ ਨਵੇਂ ਅਧਿਆਇ ਲਿਖ ਰਿਹਾ ਹੈ।
* ਕਿਸ ਦੀ ਵਜ੍ਹਾ ਨਾਲ? ਭਾਰਤ ਦੇ ਨੌਜਵਾਨਾਂ ਦੀ ਸਮਰੱਥਾ ਨਾਲ।
ਹੁਣੇ ਕੁਝ ਹੀ ਦਿਨ ਪਹਿਲਾਂ ਅਸੀਂ ਦੇਖਿਆ ਹੈ ਕਿ ਭਾਰਤ ਦੇ ਨੌਜਵਾਨਾਂ ਨੇ ਪੁਲਾੜ ਖੇਤਰ ਵਿੱਚ ਕਮਾਲ ਕਰ ਦਿੱਤਾ ਹੈ। ਪਹਿਲੀ ਵਾਰ ਨੌਜਵਾਨਾਂ ਵੱਲੋਂ ਬਣਾਈ ਗਈ ਇੱਕ ਨਿੱਜੀ ਕੰਪਨੀ ਦਾ ਰਾਕੇਟ ਪੁਲਾੜ ਤੱਕ ਪਹੁੰਚਿਆ ਹੈ। ਅੱਜ ਕੋਈ ਵੀ ਖੇਤਰ ਹੋਵੇ, ਭਾਰਤ ਦਾ ਨੌਜਵਾਨ ਆਪਣੀ ਸਮਰੱਥਾ ਅਤੇ ਯੋਗਤਾ ਦਾ ਪ੍ਰਦਰਸ਼ਨ ਕਰ ਰਿਹਾ ਹੈ। ਅਸੀਂ ਸਾਰੇ ਆਪਣੇ ਆਲੇ-ਦੁਆਲੇ ਦੇਖ ਰਹੇ ਹਾਂ ਕਿ ਅੱਜ ਛੋਟੇ ਤੋਂ ਛੋਟੇ ਕਾਰੋਬਾਰ ਨਾਲ ਜੁੜਿਆ ਨੌਜਵਾਨ ਵੀ ਭਾਰਤ ਦੀ ਡਿਜੀਟਲ ਅਰਥਵਿਵਸਥਾ ਨੂੰ ਅੱਗੇ ਵਧਾ ਰਿਹਾ ਹੈ। ਉਹ ਮੁਦਰਾ ਲੋਨ ਰਾਹੀਂ ਨਵੀਂ ਸ਼ੁਰੂਆਤ ਕਰ ਰਿਹਾ ਹੈ। ਉਹ ਦੇਸ਼ ਦੀ ਸਟਾਰਟਅੱਪ ਕ੍ਰਾਂਤੀ ਦੀ ਅਗਵਾਈ ਕਰ ਰਿਹਾ ਹੈ। ਆਤਮਨਿਰਭਰ ਭਾਰਤ ਦਾ ਅਭਿਆਨ ਹੋਵੇ ਜਾਂ ਮੇਕ ਇਨ ਇੰਡੀਆ ਦਾ ਅਭਿਆਨ, ਇਨ੍ਹਾਂ ਦੀ ਸਫ਼ਲਤਾ ਦੇ ਪਿੱਛੇ ਭਾਰਤ ਦੇ ਨੌਜਵਾਨਾਂ ਦੀ ਹੀ ਤਾਕਤ ਹੈ।
ਸਾਥੀਓ,
ਕਿਸੇ ਵੀ ਦੇਸ਼ ਵਿੱਚ ਨੌਜਵਾਨਾਂ ਦੀ ਸਮਰੱਥਾ ਉਦੋਂ ਹੀ ਉਸ ਰਾਸ਼ਟਰ ਦੀ ਤਾਕਤ ਬਣਦੀ ਹੈ, ਜਦੋਂ ਉਨ੍ਹਾਂ ਨੂੰ ਸਹੀ ਮੌਕੇ ਮਿਲਣ, ਜਦੋਂ ਉਨ੍ਹਾਂ ਨੂੰ ਸਹੀ ਦਿਸ਼ਾ ਮਿਲੇ ਅਤੇ ਜਦੋਂ ਉਨ੍ਹਾਂ ਨੂੰ ਆਪਣੀ ਹੀ ਧਰਤੀ 'ਤੇ ਵੱਡੇ ਸੁਪਨੇ ਦੇਖਣ ਅਤੇ ਉਨ੍ਹਾਂ ਨੂੰ ਪੂਰਾ ਕਰਨ ਦਾ ਭਰੋਸਾ ਮਿਲੇ। ਅਤੇ ਇਸ ਵਿੱਚ ਸਾਡੀਆਂ ਸਿੱਖਿਆ ਸੰਸਥਾਵਾਂ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਮੈਨੂੰ ਖ਼ੁਸ਼ੀ ਹੈ ਕਿ ਅੱਜ ਭਾਰਤ ਵਿੱਚ ਸਿੱਖਿਆ ਸੰਸਥਾਵਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਪਿਛਲੇ 12 ਸਾਲਾਂ ਵਿੱਚ 650 ਤੋਂ ਵੱਧ ਨਵੀਆਂ ਯੂਨੀਵਰਸਿਟੀਆਂ ਬਣੀਆਂ ਹਨ। ਪਿਛਲੇ 12 ਸਾਲਾਂ ਵਿੱਚ ਲਗਭਗ 14 ਹਜ਼ਾਰ ਨਵੇਂ ਕਾਲਜ ਬਣੇ ਹਨ। 4 ਹਜ਼ਾਰ ਤੋਂ ਵੱਧ ਨਵੀਆਂ ਆਈਟੀਆਈ ਸਥਾਪਿਤ ਕੀਤੀਆਂ ਗਈਆਂ ਹਨ। 9 ਨਵੇਂ ਆਈਆਈਐੱਮ, 7 ਨਵੇਂ ਆਈਆਈਟੀ ਅਤੇ 13 ਨਵੇਂ ਏਮਜ਼ ਵੀ ਸਥਾਪਿਤ ਕੀਤੇ ਗਏ ਹਨ। ਅੱਜ ਦੇਸ਼ ਵਿੱਚ ਐੱਮਬੀਬੀਐੱਸ ਦੀਆਂ ਸੀਟਾਂ ਲਗਭਗ 1 ਲੱਖ 40 ਹਜ਼ਾਰ ਹੋ ਚੁੱਕੀਆਂ ਹਨ। ਮੈਡੀਕਲ ਕਾਲਜਾਂ ਦੀ ਗਿਣਤੀ ਵਧ ਕੇ 823 ਹੋ ਗਈ ਹੈ।
ਸਾਥੀਓ,
ਇੱਕ ਪਾਸੇ ਅਸੀਂ ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਆਧੁਨਿਕ ਬਣਾ ਰਹੇ ਹਾਂ। ਇਸ ਦੇ ਨਾਲ ਹੀ ਸਿੱਖਿਆ ਪ੍ਰਣਾਲੀ ਨੂੰ ਵੀ ਆਧੁਨਿਕ ਲੋੜਾਂ ਦੇ ਅਨੁਸਾਰ ਢਾਲਿਆ ਜਾ ਰਿਹਾ ਹੈ। ਰਾਸ਼ਟਰੀ ਸਿੱਖਿਆ ਨੀਤੀ ਭਾਰਤ ਦੇ ਨੌਜਵਾਨਾਂ ਨੂੰ 21ਵੀਂ ਸਦੀ ਦੇ ਅਨੁਕੂਲ ਤਿਆਰ ਕਰਨ ਦਾ ਇੱਕ ਮਾਧਿਅਮ ਬਣ ਰਹੀ ਹੈ।
ਸਾਥੀਓ,
ਸਕੂਲੀ ਸਿੱਖਿਆ ਵਿੱਚ ਵੀ ਵੱਡੇ ਪੱਧਰ 'ਤੇ ਕੰਮ ਹੋਇਆ ਹੈ। ਦੇਸ਼ ਭਰ ਵਿੱਚ 14 ਹਜ਼ਾਰ ਤੋਂ ਵੱਧ ਪੀਐੱਮ ਸ਼੍ਰੀ ਸਕੂਲ ਵਿਕਸਿਤ ਕੀਤੇ ਗਏ ਹਨ। ਸਿੱਖਿਆ ਸਿਰਫ਼ ਕਿਤਾਬਾਂ ਤੱਕ ਹੀ ਸੀਮਤ ਨਾ ਰਹੇ, ਬੱਚਿਆਂ ਵਿੱਚ ਨਵੀਨਤਾ ਅਤੇ ਵਿਗਿਆਨਕ ਸੋਚ ਵਿਕਸਿਤ ਹੋਵੇ, ਇਸ ਲਈ 10 ਹਜ਼ਾਰ ਤੋਂ ਵੱਧ ਅਟਲ ਟਿੰਕਰਿੰਗ ਲੈਬਜ਼ ਸਥਾਪਿਤ ਕੀਤੀਆਂ ਗਈਆਂ ਹਨ।
ਸਾਥੀਓ,
ਸਵਾਮੀ ਵਿਵੇਕਾਨੰਦ ਜੀ ਰਾਸ਼ਟਰ ਦੀ ਉੱਨਤੀ ਲਈ ਸਿੱਖਿਆ ਦੇ ਨਾਲ-ਨਾਲ ਸਮਾਨਤਾ ਨੂੰ ਵੀ ਓਨਾ ਹੀ ਮਹੱਤਵ ਦਿੰਦੇ ਸਨ। ਸਿੱਖਿਆ ਵਿੱਚ ਭੇਦਭਾਵ ਨਾ ਹੋਵੇ, ਮੌਕਿਆਂ ਵਿੱਚ ਭੇਦਭਾਵ ਨਾ ਹੋਵੇ—ਅੱਜ ਇਹ ਦੇਸ਼ ਦਾ ਵਿਜ਼ਨ ਬਣ ਗਿਆ ਹੈ। ਅੱਜ ਧੀਆਂ ਵੀ ਸੈਨਿਕ ਸਕੂਲਾਂ ਵਿੱਚ ਦਾਖ਼ਲਾ ਲੈ ਰਹੀਆਂ ਹਨ। ਐੱਨਡੀਏ ਵਿੱਚ ਧੀਆਂ ਰਾਸ਼ਟਰ ਲਈ ਯੋਗਦਾਨ ਦੇ ਰਹੀਆਂ ਹਨ। ਅੱਜ ਮੈਡੀਕਲ ਅਤੇ ਇੰਜੀਨੀਅਰਿੰਗ ਵਰਗੀ ਪੜ੍ਹਾਈ ਮਾਤ ਭਾਸ਼ਾ ਵਿੱਚ ਕਰਨ ਦੀ ਵੀ ਸਹੂਲਤ ਉਪਲਬਧ ਹੋ ਗਈ ਹੈ। ਇਸ ਨਾਲ ਭਾਸ਼ਾ ਦੇ ਆਧਾਰ 'ਤੇ ਮੌਕਿਆਂ ਵਿੱਚ ਹੋਣ ਵਾਲੇ ਭੇਦਭਾਵ 'ਤੇ ਰੋਕ ਲੱਗ ਰਹੀ ਹੈ।
ਸਾਥੀਓ,
ਨੌਜਵਾਨ ਸ਼ਕਤੀ ਦਾ ਤੰਦਰੁਸਤ, ਅਨੁਸ਼ਾਸਿਤ ਅਤੇ ਆਤਮ-ਵਿਸ਼ਵਾਸ ਨਾਲ ਭਰਪੂਰ ਹੋਣਾ ਵੀ ਓਨਾ ਹੀ ਜ਼ਰੂਰੀ ਹੈ। ਜਿਹੜੇ ਦੇਸ਼ ਖੇਡਾਂ ਨੂੰ ਮਹੱਤਵ ਦਿੰਦੇ ਹਨ, ਉੱਥੇ ਦੇ ਨੌਜਵਾਨਾਂ ਵਿੱਚ ਇਹ ਤਿੰਨੇ ਗੁਣ ਤੇਜ਼ੀ ਨਾਲ ਵਿਕਸਿਤ ਹੁੰਦੇ ਹਨ। ਇਸ ਲਈ ਅੱਜ ਖੇਡਾਂ ਨੂੰ ਰਾਸ਼ਟਰ ਨਿਰਮਾਣ ਦੀ ਇੱਕ ਮਹੱਤਵਪੂਰਨ ਧਾਰਾ ਵਜੋਂ ਦੇਖਿਆ ਜਾ ਰਿਹਾ ਹੈ। ਖੇਲੋ ਇੰਡੀਆ ਯੂਥ ਗੇਮਜ਼, ਯੂਨੀਵਰਸਿਟੀ ਗੇਮਜ਼, ਪੈਰਾ ਗੇਮਜ਼ ਅਤੇ ਵਿੰਟਰ ਗੇਮਜ਼ ਵਰਗੇ ਆਯੋਜਨਾਂ ਨੇ ਦੇਸ਼ ਭਰ ਦੇ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੰਚ ਦਿੱਤਾ ਹੈ। ਅੱਜ ਦੇਸ਼ ਭਰ ਵਿੱਚ ਆਧੁਨਿਕ ਖੇਡ ਬੁਨਿਆਦੀ ਢਾਂਚੇ ਦਾ ਵਿਸਥਾਰ ਹੋ ਰਿਹਾ ਹੈ, ਖੇਲੋ ਇੰਡੀਆ ਸੈਂਟਰਾਂ ਰਾਹੀਂ ਸਹੂਲਤਾਂ ਵਧ ਰਹੀਆਂ ਹਨ ਅਤੇ ਪਿੰਡਾਂ ਤੋਂ ਲੈ ਕੇ ਛੋਟੇ ਸ਼ਹਿਰਾਂ ਤੱਕ ਨਵੀਆਂ ਪ੍ਰਤਿਭਾਵਾਂ ਦੀ ਪਛਾਣ ਕੀਤੀ ਜਾ ਰਹੀ ਹੈ।
ਅਤੇ ਸਾਥੀਓ,
ਅੱਜ ਇਸ ਅਭਿਆਨ ਦੇ ਨਤੀਜੇ ਵੀ ਸਪੱਸ਼ਟ ਤੌਰ 'ਤੇ ਦਿਖਾਈ ਦੇ ਰਹੇ ਹਨ। ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਵਿੱਚ ਭਾਰਤ ਦਾ ਪ੍ਰਦਰਸ਼ਨ ਲਗਾਤਾਰ ਬਿਹਤਰ ਹੁੰਦਾ ਜਾ ਰਿਹਾ ਹੈ। ਸਾਡੇ ਖਿਡਾਰੀ ਨਵੇਂ-ਨਵੇਂ ਕੀਰਤੀਮਾਨ ਸਥਾਪਿਤ ਕਰ ਰਹੇ ਹਨ ਅਤੇ ਸਾਡੀਆਂ ਧੀਆਂ ਦੇਸ਼ ਦਾ ਮਾਣ ਵਧਾ ਰਹੀਆਂ ਹਨ।
ਸਾਥੀਓ,
ਸਵਾਮੀ ਵਿਵੇਕਾਨੰਦ ਜੀ ਦੀ ਤਰ੍ਹਾਂ ਵਿਵੇਕ ਸਮਾਰਕ ਵੀ ਸਾਨੂੰ ਵੱਡੇ ਮਨੋਰਥ ਲਈ ਕੰਮ ਕਰਨ ਦੀ ਪ੍ਰੇਰਣਾ ਦਿੰਦਾ ਹੈ। ਅਜਿਹੇ ਪਵਿੱਤਰ ਸਥਾਨ ਤੋਂ ਮੈਂ ਆਪਣੇ ਨੌਜਵਾਨਾਂ ਨੂੰ ਕੋਈ ਅਪੀਲ ਕਰਨਾ ਚਾਹੁੰਦਾ ਹਾਂ।
ਸਾਥੀਓ,
ਮੈਸੂਰ ਨੂੰ ਅਕਸਰ ਭਾਰਤ ਦੇ ਸਭ ਤੋਂ ਸਾਫ਼-ਸੁਥਰੇ ਸ਼ਹਿਰਾਂ ਵਿੱਚ ਸਥਾਨ ਮਿਲਿਆ ਹੈ। ਇਸ ਲਈ ਮੈਂ ਇੱਥੋਂ ਦੇ ਲੋਕਾਂ ਨੂੰ ਦਿਲੋਂ ਵਧਾਈ ਦਿੰਦਾ ਹਾਂ। ਕੀ ਇਸ ਮੌਕੇ 'ਤੇ ਅਸੀਂ ਇਹ ਸੰਕਲਪ ਲੈ ਸਕਦੇ ਹਾਂ ਕਿ ਭਵਿੱਖ ਵਿੱਚ ਵੀ ਸਫ਼ਾਈ ਦੇ ਸੰਕਲਪ ਨੂੰ ਲਗਾਤਾਰ ਹੋਰ ਮਜ਼ਬੂਤ ਕਰਦੇ ਰਹਾਂਗੇ। ਸਾਨੂੰ ਇੱਥੋਂ ਦੀਆਂ ਕੁਦਰਤੀ ਸਰੋਤਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਸਾਨੂੰ ਵਾਤਾਵਰਨ ਨਾਲ ਜੁੜੇ ਸੰਕਲਪ ਲੈਣੇ ਚਾਹੀਦੇ ਹਨ। ਸਾਨੂੰ ਪਾਣੀ ਦੀ ਹਰ ਇੱਕ ਬੂੰਦ ਬਚਾਉਣ ਲਈ ਮਿਸ਼ਨ ਮੋਡ ਵਿੱਚ ਕੰਮ ਕਰਨਾ ਹੋਵੇਗਾ।
ਸਾਥੀਓ,
ਅੱਜ ਹੀ ਇੱਥੇ ‘ਵਾਲਮੀਕੀ ਰਾਮਾਇਣ’ ਦੇ ਕੰਨੜ ਅਨੁਵਾਦ ਦਾ ਵੀ ਲੋਕ ਅਰਪਣ ਕੀਤਾ ਗਿਆ ਹੈ। ਮੈਂ ਕੰਨੜ ਭਾਸ਼ਾ ਨਾਲ ਸਬੰਧਤ ਇੱਕ ਅਪੀਲ ਵੀ ਕਰਨਾ ਚਾਹੁੰਦਾ ਹਾਂ। ਕਰਨਾਟਕ ਮਹਾਨ ਲੇਖਕਾਂ ਅਤੇ ਕਵੀਆਂ ਦੀ ਧਰਤੀ ਹੈ। ਕੰਨੜ ਭਾਸ਼ਾ ਬੋਲਣ ਵਾਲੇ ਲੋਕ ਹਮੇਸ਼ਾ ਤੋਂ ਹੀ ਪੜ੍ਹਨ ਦੀ ਸੰਸਕ੍ਰਿਤੀ ਲਈ ਜਾਣੇ ਜਾਂਦੇ ਹਨ। ਸਮਾਰਟਫ਼ੋਨ ਦੇ ਇਸ ਯੁੱਗ ਵਿੱਚ ਇਸ ਸੁਭਾਅ ਨੂੰ ਹੋਰ ਹੁਲਾਰਾ ਮਿਲਣਾ ਚਾਹੀਦਾ ਹੈ। ਕੀ ਅਸੀਂ ਨੌਜਵਾਨ ਪੀੜ੍ਹੀ ਨੂੰ ਕੰਨੜ ਸਾਹਿਤ ਨਾਲ ਡੂੰਘਾਈ ਨਾਲ ਜੁੜਨ ਲਈ ਪ੍ਰੇਰਿਤ ਕਰ ਸਕਦੇ ਹਾਂ?
ਸਾਥੀਓ,
ਮੈਸੂਰ ਆਪਣੇ ਰੇਸ਼ਮ, ਚੰਦਨ ਅਤੇ ਦਸਤਕਾਰੀ ਲਈ ਪ੍ਰਸਿੱਧ ਹੈ। ਜਦੋਂ ਵੀ ਅਸੀਂ ਕਿਸੇ ਨੂੰ ਕੋਈ ਤੋਹਫ਼ਾ ਦੇਈਏ, ਤਾਂ ਕੀ ਅਸੀਂ ਇਹ ਯਕੀਨੀ ਬਣਾ ਸਕਦੇ ਹਾਂ ਕਿ ਉਹ ਕਿਸੇ ਭਾਰਤੀ ਦੇ ਹੱਥਾਂ ਅਤੇ ਪਸੀਨੇ ਨਾਲ ਬਣੀ ਹੋਈ ਚੀਜ਼ ਹੋਵੇ? ਇਸ ਨਾਲ ਸਾਡੀ ਸੰਸਕ੍ਰਿਤੀ ਨੂੰ ਹੁਲਾਰਾ ਮਿਲੇਗਾ ਅਤੇ ਨਾਲ ਹੀ ਇੱਕ ਹੋਰ ਪਰਿਵਾਰ ਨੂੰ ਆਰਥਿਕ ਸਹਾਇਤਾ ਵੀ ਮਿਲੇਗੀ।
ਸਾਥੀਓ,
ਸਵਾਮੀ ਵਿਵੇਕਾਨੰਦ ਜੀ ਨੇ ਜਿਸ ਤਰ੍ਹਾਂ ਦੇ ਭਾਰਤ ਦਾ ਸੁਪਨਾ ਦੇਖਿਆ ਸੀ, ਉਸ ਨੂੰ ਸਾਕਾਰ ਕਰਨ ਦੀ ਜ਼ਿੰਮੇਵਾਰੀ ਅੱਜ ਦੀ ਪੀੜ੍ਹੀ 'ਤੇ ਹੈ। ਮੈਨੂੰ ਵਿਸ਼ਵਾਸ ਹੈ ਕਿ ਵਿਵੇਕ ਸਮਾਰਕ ਇਸ ਲਈ ਇੱਕ ਊਰਜਾ ਸਰੋਤ ਵਜੋਂ ਕੰਮ ਕਰੇਗਾ। ਮੈਂ ਇੱਕ ਵਾਰ ਫਿਰ ਇੱਥੇ ਇਕੱਠੇ ਹੋਏ ਪੂਜਨੀਕ ਸੰਤ ਜਨਾਂ, ਗੁਰ ਭਾਈਆਂ ਅਤੇ ਮੈਸੂਰ ਦੇ ਲੋਕਾਂ ਨੂੰ ਨਮਨ ਕਰਦਿਆਂ ਆਪਣੇ ਬੋਲਾਂ ਨੂੰ ਵਿਸ਼ਰਾਮ ਦਿੰਦਾ ਹਾਂ।
ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।
**************
ਐਮਜੇਪੀਐਸ/ਐਸਐਸ/ਐਸਐਸ/ਡੀਕੇ
(रिलीज़ आईडी: 2293208)
आगंतुक पटल : 3