ਸਿੱਖਿਆ ਮੰਤਰਾਲਾ
ਰਾਸ਼ਟਰੀ ਸਿੱਖਿਆ ਨੀਤੀ 2020 ਇੱਕ ਸਮਾਵੇਸ਼ੀ, ਕੌਸ਼ਲ-ਕੇਂਦ੍ਰਿਤ, ਅਤੇ ਭਵਿੱਖ ਲਈ ਤਿਆਰ ਸਿੱਖਿਆ ਪ੍ਰਣਾਲੀ ਦੀ ਨੀਂਹ ਰੱਖ ਰਹੀ ਹੈ - ਕੇਂਦਰੀ ਸਿੱਖਿਆ ਰਾਜ ਮੰਤਰੀ
ਡਾ. ਸੁਕਾਂਤਾ ਮਜੂਮਦਾਰ ਨੇ 'ਵਿਕਸਿਤ ਭਾਰਤ 2047' ਦੇ ਦ੍ਰਿਸ਼ਟੀਕੋਣ ਨੂੰ ਹਾਸਿਲ ਕਰਨ ਲਈ ਕੇਂਦਰੀ ਸਪਾਂਸਰਡ ਸਕੀਮਾਂ ਦੇ ਲਾਗੂਕਰਨ ਨੂੰ ਮਜ਼ਬੂਤ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ
ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿੱਖਿਆ ਮੰਤਰੀਆਂ ਦਾ ਦੋ-ਰੋਜ਼ਾ ਸੰਮੇਲਨ ਸੰਪੰਨ
प्रविष्टि तिथि:
23 JUL 2026 8:19PM by PIB Chandigarh
ਕੇਂਦਰੀ ਸਿੱਖਿਆ ਅਤੇ ਉੱਤਰ ਪੂਰਬੀ ਖੇਤਰ ਵਿਕਾਸ ਰਾਜ ਮੰਤਰੀ, ਡਾ. ਸੁਕਾਂਤਾ ਮਜੂਮਦਾਰ ਨੇ ਅੱਜ ਇੱਕ ਸਮਾਵੇਸ਼ੀ, ਕੌਸ਼ਲ-ਕੇਂਦ੍ਰਿਤ ਅਤੇ ਭਵਿੱਖ ਲਈ ਤਿਆਰ ਸਿੱਖਿਆ ਪ੍ਰਣਾਲੀ ਨੂੰ ਆਕਾਰ ਦੇਣ ਵਿੱਚ ਰਾਸ਼ਟਰੀ ਸਿੱਖਿਆ ਨੀਤੀ (ਐਨਈਪੀ) 2020 ਦੀ ਪਰਿਵਰਤਨਸ਼ੀਲ ਭੂਮਿਕਾ 'ਤੇ ਚਾਨਣਾ ਪਾਇਆ। ਉਹ ਨਵੀਂ ਦਿੱਲੀ ਦੇ ਆਈਸੀਏਆਰ-ਰਾਸ਼ਟਰੀ ਖੇਤੀਬਾੜੀ ਵਿਗਿਆਨ ਕੰਪਲੈਕਸ (ਐਨਏਐਸਸੀ) ਵਿਖੇ ਸਿੱਖਿਆ ਮੰਤਰਾਲੇ ਦੇ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ (ਡੀਓਐਸਈਐਲ) ਦੀਆਂ ਕੇਂਦਰੀ ਸਪਾਂਸਰਡ ਯੋਜਨਾਵਾਂ ਦੀ ਸਮੀਖਿਆ ਕਰਨ ਲਈ ਆਯੋਜਿਤ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿੱਖਿਆ ਮੰਤਰੀਆਂ ਦੇ ਦੋ-ਰੋਜ਼ਾ ਸੰਮੇਲਨ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ।


ਡਾ. ਮਜੂਮਦਾਰ ਨੇ ਕੇਂਦਰ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚਕਾਰ ਮਿਲ ਕੇ ਕੰਮ ਕਰਨ ਅਤੇ ਮੌਜੂਦਾ ਚੁਣੌਤੀਆਂ ਨਾਲ ਨਿਪਟਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਤਾਂ ਜੋ ਹਰੇਕ ਬੱਚੇ, ਅਧਿਆਪਕ ਅਤੇ ਸਕੂਲ ਨੂੰ ਆਪਣੀ ਪੂਰੀ ਸਮਰੱਥਾ ਹਾਸਿਲ ਕਰਨ ਲਈ ਸਸ਼ਕਤ ਬਣਾਇਆ ਜਾ ਸਕੇ । ਉਨ੍ਹਾਂ ਕਿਹਾ ਕਿ 'ਵਿਕਸਿਤ ਭਾਰਤ 2047' ਦੇ ਦ੍ਰਿਸ਼ਟੀਕੋਣ ਨੂੰ ਪ੍ਰਾਪਤ ਕਰਨ ਲਈ ਕੇਂਦਰੀ ਸਪਾਂਸਰਡ ਸਕੀਮਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਲਾਗੂਕਰਨ ਜ਼ਰੂਰੀ ਹੈ।
ਮੰਤਰੀ ਮਹੋਦਯ ਨੇ ਬੱਚਿਆਂ, ਖਾਸ ਕਰਕੇ ਹਾਸ਼ੀਏ 'ਤੇ ਧੱਕੇ ਗਏ ਭਾਈਚਾਰਿਆਂ ਦੇ ਬੱਚਿਆਂ ਦੀ ਪੋਸ਼ਣ ਸੰਬੰਧੀ ਤੰਦਰੁਸਤੀ ਨੂੰ ਬਿਹਤਰ ਬਣਾਉਣ ਲਈ 'ਪੀਐੱਮ ਪੋਸ਼ਣ' ਅਤੇ 'ਤਿਥੀ ਭੋਜਨ' ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਿਹਾ ਕਿ ਉਹ ਗੁਣਵੱਤਾ, ਸਮਾਨਤਾ ਅਤੇ ਸਮਾਵੇਸ਼ 'ਤੇ ਨਿਰੰਤਰ ਧਿਆਨ ਕੇਂਦਰਿਤ ਕਰਦੇ ਹੋਏ ਆਪਸੀ ਸਹਿਯੋਗ ਰਾਹੀਂ ਸਕੂਲੀ ਸਿੱਖਿਆ ਨੂੰ ਮਜ਼ਬੂਤ ਕਰਨਾ ਜਾਰੀ ਰੱਖਣ।
ਸੰਮੇਲਨ ਦੇ ਦੂਜੇ ਦਿਨ ‘ਪ੍ਰਗਤੀ’ ਪਲੈਟਫਾਰਮ ਦੇ ਤਹਿਤ ਸਮਗ੍ਰ ਸਿੱਖਿਆ ਅਤੇ ‘ਪੀਐੱਮ ਪੋਸ਼ਣ’ ਦੇ ਪ੍ਰਮੁੱਖ ਹਿੱਸਿਆਂ 'ਤੇ ਕੇਂਦ੍ਰਿਤ ਕੀਤਾ ਗਿਆ । ਇਨ੍ਹਾਂ ਸੈਸ਼ਨਾਂ ਵਿੱਚ ਪੇਸ਼ਕਾਰੀਆਂ ਦਿੱਤੀਆਂ ਗਈਆਂ, ਜਿਸ ਤੋਂ ਬਾਅਦ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿੱਖਿਆ ਮੰਤਰੀਆਂ ਅਤੇ ਅਧਿਕਾਰੀਆਂ ਵੱਲੋਂ ਸੁਝਾਅ ਦਿੱਤੇ ਗਏ। ਇਸ ਤੋਂ ਇਲਾਵਾ, ਕੇਂਦਰੀ ਸਪਾਂਸਰਡ ਸਕੀਮਾਂ ਨੂੰ ਲਾਗੂ ਕਰਨ, ਸਰਵੋਤਮ ਤੌਰ-ਤਰੀਕਿਆਂ ਨੂੰ ਸਾਂਝਾ ਕਰਨ ਅਤੇ ਸਕੂਲੀ ਸਿੱਖਿਆ ਵਿੱਚ ਸਿੱਖਣ ਦੇ ਨਤੀਜਿਆਂ ਵਿੱਚ ਸੁਧਾਰ ਕਰਨ 'ਤੇ ਇੱਕ ਖੁੱਲ੍ਹੀ ਚਰਚਾ ਵੀ ਆਯੋਜਿਤ ਕੀਤੀ ਗਈ।

ਇਸ ਸੰਮੇਲਨ ਨੇ ਕੇਂਦਰ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਅਨੁਭਵ ਸਾਂਝੇ ਕਰਨ, ਲਾਗੂ ਕਰਨ ਦੀਆਂ ਚੁਣੌਤੀਆਂ 'ਤੇ ਵਿਚਾਰ-ਵਟਾਂਦਰਾ ਕਰਨ ਅਤੇ ਕੇਂਦਰੀ ਸਪਾਂਸਰਡ ਸਕੀਮਾਂ ਦੀ ਪ੍ਰਭਾਵਸ਼ਾਲੀ ਡਿਲੀਵਰੀ ਨੂੰ ਹੋਰ ਮਜ਼ਬੂਤ ਕਰਨ ਲਈ ਮੌਕਿਆਂ ਦੀ ਪਛਾਣ ਕਰਨ ਲਈ ਇੱਕ ਮਹੱਤਵਪੂਰਨ ਪਲੈਟਫਾਰਮ ਪ੍ਰਦਾਨ ਕੀਤਾ। ਇਨ੍ਹਾਂ ਵਿਚਾਰ-ਚਰਚਾਵਾਂ ਨੇ ਹਰੇਕ ਵਿਦਿਆਰਥੀ ਲਈ ਬਰਾਬਰ, ਸਮਾਵੇਸ਼ੀ ਅਤੇ ਗੁਣਵੱਤਾਪੂਰਣ ਸਕੂਲੀ ਸਿੱਖਿਆ ਨੂੰ ਯਕੀਨੀ ਬਣਾਉਣ ਅਤੇ 'ਵਿਕਸਿਤ ਭਾਰਤ 2047' ਦੀ ਦਿਸ਼ਾ ਵੱਲ ਪ੍ਰਗਤੀ ਨੂੰ ਤੇਜ਼ ਕਰਨ ਦੇ ਸਮੂਹਿਕ ਸੰਕਲਪ ਨੂੰ ਮੁੜ ਤੋਂ ਦੁਹਰਾਇਆ ਗਿਆ ।
ਸ਼੍ਰੀ ਧੀਰਜ ਸਾਹੂ, ਵਧੀਕ ਸਕੱਤਰ, ਡੀਓਐਸਈਐਲ, ਦੁਆਰਾ ਪੀਐੱਮ ਸ਼੍ਰੀ' ਯੋਜਨਾ 'ਤੇ; ਸ਼੍ਰੀਮਤੀ ਅਰਚਨਾ ਸ਼ਰਮਾ ਅਵਸਥੀ, ਵਧੀਕ ਸਕੱਤਰ, ਡੀਓਐੱਸਈਐਲ, ਦੁਆਰਾ 'ਉੱਲਾਸ' (ਯੂਐਲਐਲਏਐਸ) 'ਤੇ; ਸ਼੍ਰੀਮਤੀ ਏ. ਸ਼੍ਰੀਜਾ, ਆਰਥਿਕ ਸਲਾਹਕਾਰ, ਡੀਓਐੱਸਈਐਲ, ਦੁਆਰਾ ਸਮਾਵੇਸ਼ੀ ਸਿੱਖਿਆ 'ਤੇ; ਸ਼੍ਰੀਮਤੀ ਪ੍ਰਾਚੀ ਪਾਂਡੇ, ਸੰਯੁਕਤ ਸਕੱਤਰ,ਦੁਆਰਾ ਕੌਸਲ ਸਿੱਖਿਆ 'ਤੇ; ਅਤੇ ਸ਼੍ਰੀ ਆਸ਼ੀਸ਼ ਜੋਸ਼ੀ, ਸੰਯੁਕਤ ਸਕੱਤਰ, ਨੇ 'ਪੀਐੱਮ ਪੋਸ਼ਣ' 'ਤੇ ਪੇਸ਼ਕਾਰੀਆਂ ਦਿੱਤੀਆਂ। ਸੰਯੁਕਤ ਸਕੱਤਰ ਡਾ. ਅਮਰਪ੍ਰੀਤ ਦੁੱਗਲ ਅਤੇ ਕੇਂਦਰੀ ਸਿੱਖਿਆ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਵੀ ਸੰਮੇਲਨ ਵਿੱਚ ਹਿੱਸਾ ਲਿਆ।
*****
ਆਰਆਰਟੀਐੱਨ/ਬਲਜੀਤ
(रिलीज़ आईडी: 2289865)
आगंतुक पटल : 4