ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਕੇਂਦਰੀ ਵਾਤਾਵਰਣ ਮੰਤਰੀ ਨੇ ਹਰਿਆਣਾ ਦੇ ਮੁੱਖ ਮੰਤਰੀ ਦੇ ਨਾਲ ਰਾਜ ਦੀ ਹਵਾ ਪ੍ਰਦੂਸ਼ਣ ਕਾਰਜ ਯੋਜਨਾ ਦੀ ਸਮੀਖਿਆ ਕੀਤੀ
ਸ਼੍ਰੀ ਭੂਪੇਂਦਰ ਯਾਦਵ ਨੇ ਐੱਨਸੀਆਰ ਵਿੱਚ ਹਵਾ ਪ੍ਰਦੂਸ਼ਣ ਨੂੰ ਸਮਾਂਬੱਧ ਢੰਗ ਨਾਲ ਰੋਕਣ ਲਈ ਨਿਯਮਾਂ ਦੀ ਸਖਤੀ ਨਾਲ ਪਾਲਣਾ, ਤੇਜੀ ਨਾਲ ਅਮਲ ਅਤੇ ਪੂਰੇ ਸਮਾਜ ਨੂੰ ਨਾਲ ਲੈ ਕੇ ਚੱਲਣ ਦੇ ਨਜ਼ਰੀਏ ‘ਤੇ ਜ਼ੋਰ ਦਿੱਤਾ
प्रविष्टि तिथि:
24 JUL 2026 10:21PM by PIB Chandigarh
ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ ਅੱਜ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਨੀ ਅਤੇ ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਦਿੱਲੀ-ਐੱਨਸੀਆਰ ਵਿੱਚ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਦੇ ਉਦੇਸ਼ ਨਾਲ ਚੱਲ ਰਹੇ ਉਪਾਵਾਂ ਦੀ ਤਰੱਕੀ ਦਾ ਮੁਲਾਂਕਣ ਕਰਨ ਲਈ ਇੱਕ ਵਿਸਤ੍ਰਿਤ ਸਮੀਖਿਆ ਬੈਠਕ ਕੀਤੀ। ਬੈਠਕ ਦੌਰਾਨ ਮੰਤਰੀ ਨੇ ਸਰਦੀਆਂ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਦੂਸ਼ਣ ਦੇ ਪੱਧਰ ਵਿੱਚ ਕਮੀ ਲਿਆਉਣ ਲਈ ਤੇਜ਼ੀ ਨਾਲ ਕੰਮ ਕਰਨ, ਵੱਖ-ਵੱਖ ਏਜੰਸੀਆਂ ਦਰਮਿਆਨ ਬਿਹਤਰ ਤਾਲਮੇਲ ਅਤੇ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਬੈਠਕ ਵਿੱਚ ਹਰਿਆਣਾ ਦੇ ਵਾਤਾਵਰਣ ਅਤੇ ਜੰਗਲਾਤ ਮੰਤਰੀ ਸ਼੍ਰੀ ਰਾਓ ਨਰਬੀਰ ਸਿੰਘ ਵੀ ਮੌਜੂਦ ਸਨ।

ਸਮੇਂ ਸਿਰ ਕਾਰਵਾਈ ਦੀ ਮਹੱਤਤਾ ਬਾਰੇ ਦੱਸਦੇ ਹੋਏ ਸ਼੍ਰੀ ਭੂਪੇਂਦਰ ਯਾਦਵ ਨੇ ਕਿਹਾ ਕਿ ਸਰਦੀਆਂ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਦੇ ਸਮੇਂ ਦੀ ਪੂਰੀ ਵਰਤੋਂ ਕਰਕੇ ਪ੍ਰਦੂਸ਼ਣ ਨੂੰ ਰੋਕਣ ਦੇ ਉਪਾਵਾਂ ਨੂੰ ਮਿਸ਼ਨ ਮੋਡ ਵਿੱਚ ਲਾਗੂ ਕੀਤਾ ਜਾਣਾ ਚਾਹੀਦਾ ਹੈ। ਦਿੱਲੀ-ਐੱਨਸੀਆਰ ਦੀ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਲਈ ਸਮੇਂ ਸਿਰ ਕੰਮ ਪੂਰਾ ਕਰਨਾ, ਬਿਹਤਰ ਤਾਲਮੇਲ ਅਤੇ ਸਖਤੀ ਨਾਲ ਨਿਯਮਾਂ ਨੂੰ ਲਾਗੂ ਕਰਨਾ ਬਹੁਤ ਜ਼ਰੂਰੀ ਹੈ।
ਸੜਕਾਂ ਦੀ ਧੂੜ ਨੂੰ ਘਟਾਉਣ ਦੇ ਉਪਾਵਾਂ ਦੀ ਸਮੀਖਿਆ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਮੌਨਸੂਨ ਦੌਰਾਨ ਸੜਕਾਂ ਦੀ ਮੁਰੰਮਤ ਕਰਨ ਅਤੇ ਸਥਾਨਕ ਕਿਸਮ ਦੀਆਂ ਝਾੜੀਆਂ/ਘਾਹ ਲਗਾ ਕੇ ਹਰਿਆਲੀ ਵਧਾਉਣ ਦਾ ਕੰਮ ਤਰਜੀਹੀ ਅਧਾਰ ‘ਤੇ ਕੀਤਾ ਜਾਵੇ। ਨਾਲ ਹੀ, ਟੋਇਆਂ ਦੀ ਪਛਾਣ ਅਤੇ ਮੁਰੰਮਤ, ਫੁਟਪਾਥ ਅਤੇ ਪੈਦਲ ਚੱਲਣ ਦੇ ਰਸਤੇ ਬਣਾਉਣ, ਸੜਕ ਦੇ ਕੰਢੇ ਹਰਿਆਲੀ ਲਗਾਉਣ ਅਤੇ ਸੜਕਾਂ ਦੀ ਚੰਗੀ ਤਰ੍ਹਾਂ ਨਾਲ ਸਫਾਈ ਕਰਨ ਵੱਲ ਖਾਸ ਧਿਆਨ ਦਿੱਤਾ ਜਾਵੇ।
ਸ਼੍ਰੀ ਯਾਦਵ ਨੇ ਕਿਹਾ ਕਿ ਮਕੈਨੀਕਲ ਰੋਡ ਸਵੀਪਿੰਗ ਮਸ਼ੀਨਾਂ (MRSMs) ਨੂੰ ਤਾਇਨਾਤ ਕਰਨ ਵਿੱਚ ਜੋ ਵੀ ਖਾਮੀਆਂ ਹਨ, ਉਨ੍ਹਾਂ ਨੂੰ ਇਸ ਵਰ੍ਹੇ ਸਤੰਬਰ ਤੱਕ ਦੂਰ ਕਰ ਲਿਆ ਜਾਵੇ। ਉਨ੍ਹਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਸਾਰੇ MRSMs ਨੂੰ ਜੀਓ-ਟੈਗ ਕੀਤਾ ਜਾਵੇ ਤਾਂ ਜੋ ਸੜਕ ਦੀ ਸਫਾਈ ਦੇ ਕੰਮ ਦੀ ਰੀਅਲ-ਟਾਈਮ ਨਿਗਰਾਨੀ ਅਤੇ ਜਵਾਬਦੇਹੀ ਬਿਹਤਰ ਹੋ ਸਕੇ।
ਇਲੈਕਟ੍ਰਿਕ ਮੋਬੀਲਿਟੀ ਦੀ ਸਥਿਤੀ ਦੀ ਸਮੀਖਿਆ ਕਰਦੇ ਹੋਏ ਮੰਤਰੀ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਹਰਿਆਣਾ ਵਿੱਚ ਐੱਨਸੀਆਰ ਦੀਆਂ ਨਗਰ ਨਿਗਮਾਂ ਵਿੱਚ ਇਲੈਕਟ੍ਰਿਕ ਬੱਸਾਂ ਨੂੰ ਤਾਇਨਾਤ ਕਰਨ ਦਾ ਕੰਮ ਤੇਜ਼ੀ ਨਾਲ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਮੌਜੂਦਾ ਬੇੜੇ ਵਿੱਚ ਕਾਫੀ ਕਮੀਆਂ ਹਨ। ਉਨ੍ਹਾਂ ਨੇ ਸਮੀਖਿਆ ਦੇ ਦਾਇਰੇ ਵਿੱਚ ਆਉਣ ਵਾਲੇ ਸੱਤ ਨਗਰ ਨਿਗਮ ਦੇ ਖੇਤਰਾਂ ਵਿੱਚ ਤੇਜ਼ੀ ਨਾਲ ਈਵੀ ਚਾਰਜਿੰਗ ਸਟੇਸ਼ਨ ਲਗਾਉਣ ਲਈ ਹਰਿਆਣਾ ਸਰਕਾਰ ਨੂੰ ਵਧਾਈ ਦਿੱਤੀ।
ਵਰਤੋਂ ਕਰਨ ਤੋਂ ਬਾਅਦ ਬੇਕਾਰ ਹੋ ਚੁੱਕੀਆਂ ਗੱਡੀਆਂ (End-of-Life -ਈਓਐੱਲ) ਦੇ ਮਾਮਲੇ ਬਾਰੇ ਸ਼੍ਰੀ ਯਾਦਵ ਨੇ ਅਧਿਕਾਰੀਆਂ ਨੂੰ ਐੱਨਸੀਆਰ ਦੇ ਬਾਹਰ ਯੋਗ ਈਓਐੱਲ ਵਾਹਨਾਂ ਦੇ ਟ੍ਰਾਂਸਫਰ ਲਈ ਨੋ ਓਬਜੈਕਸ਼ਨ ਸਰਟੀਫਿਕੇਟਸ (NOCs) ਜਾਰੀ ਕਰਨ ਵਿੱਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ, ਨਾਲ ਹੀ ਨਾਲ ਪੁਰਾਣੇ ਅਤੇ ਨਾਮੁਨਾਸਬ ਵਾਹਨਾਂ (unfit vehicles) ਨੂੰ ਵਿਗਿਆਨਕ ਢੰਗ ਨਾਲ ਸਕ੍ਰੈਪ ਕਰਨ ਨੂੰ ਹੁਲਾਰਾ ਦੇਣ ਦੀ ਗੱਲ ਕਹੀ। ਉਨ੍ਹਾਂ ਨੇ ਪਰਿਵਰਤਨ ਸਕੀਮ (Parivartan Scheme) ਦੇ ਤਹਿਤ ਪੁਰਾਣੇ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਨੂੰ ਇਲੈਕਟ੍ਰਿਕ ਵਾਹਨਾਂ ਨਾਲ ਤੇਜ਼ੀ ਨਾਲ ਬਦਲਣ ਦੀ ਵੀ ਮੰਗ ਕੀਤੀ।

ਮੰਤਰੀ ਨੇ ਬੇਨਤੀ ਕੀਤੀ ਕਿ ‘ਨੋ ਪੀਯੂਸੀਸੀ, ਨੋ ਫਿਊਲ’ ("No PUCC, No Fuel") ਪਹਿਲਕਦਮੀ ਦੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂਕਰਨ ਲਈ ਸਾਰੇ ਫਿਊਲ ਸਟੇਸ਼ਨਾਂ ‘ਤੇ ਆਟੋਮੈਟਿਕ ਨੰਬਰ ਪਲੇਟ ਰਿਕਗਨਿਸ਼ਨ (ANPR) ਕੈਮਰੇ ਲਗਾਏ ਜਾਣ। ਸ਼ਹਿਰੀ ਟ੍ਰੈਫਿਕ ਮੈਨੇਜਮੈਂਟ ਨੂੰ ਬਿਹਤਰ ਬਣਾਉਣ ਦੀ ਲੋੜ ‘ਤੇ ਜ਼ੋਰ ਦਿੰਦੇ ਹੋਏ ਸ਼੍ਰੀ ਯਾਦਵ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਮਿਸ਼ਨ ਮੋਡ ਵਿੱਚ ਟ੍ਰੈਫਿਕ ਜਾਮ ਵਾਲੇ ਹੌਟਸਪੌਟਸ ਦੀ ਪਛਾਣ ਕਰਨ ਅਤੇ ਜਲਦੀ ਤੋਂ ਜਲਦੀ ਉਨ੍ਹਾਂ ਨੂੰ ਠੀਕ ਕਰਨ ਲਈ ਢੁਕਵੇਂ ਉਪਾਅ ਲਾਗੂ ਕਰਨ।
ਉਦਯੋਗਿਕ ਪ੍ਰਦੂਸ਼ਣ ਨਿਯੰਤਰਣ ਉਪਾਵਾਂ ਦੀ ਸਮੀਖਿਆ ਕਰਦੇ ਹੋਏ ਸ਼੍ਰੀ ਯਾਦਵ ਨੇ ਉਦਯੋਗਿਕ ਇਕਾਈਆਂ ਵਿੱਚ ਔਨਲਾਈਨ ਨਿਰੰਤਰ ਨਿਕਾਸੀ ਨਿਗਰਾਨੀ ਪ੍ਰਣਾਲੀਆਂ (OCEMS) ਅਤੇ ਹਵਾ ਪ੍ਰਦੂਸ਼ਣ ਨਿਯੰਤਰਣ ਉਪਕਰਣਾਂ (APCDs) ਦੀ ਸਥਾਪਨਾ ਵਿੱਚ ਤੇਜ਼ੀ ਲਿਆਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।
ਮੰਤਰੀ ਨੇ ਨਿਰਮਾਣ ਅਤੇ ਢਾਹੁਣ (C&D) ਵੇਸਟ ਮੈਨੇਜਮੈਂਟ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਨਿਰਦੇਸ਼ ਦਿੱਤਾ ਕਿ ਸੀਐਂਡਡੀ ਵੇਸਟ ਲਈ ਸੈਕੰਡਰੀ ਕਲੈਕਸ਼ਨ ਸੈਂਟਰ ਸਥਾਪਿਤ ਕਰਨ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਪੁਰਾਣੇ ਕਚਰੇ ਨੂੰ ਹਟਾਉਣ ਦਾ ਕੰਮ ਯੁੱਧ ਪੱਧਰ ‘ਤੇ ਕੀਤਾ ਜਾਣਾ ਚਾਹੀਦਾ ਹੈ। ਨਗਰ ਪਾਲਿਕਾ ਦੇ ਠੋਸ ਕਚਰੇ (MSW) ਅਤੇ ਬਾਇਓਮਾਸ ਜਲਾਉਣ ਦੀ ਸਮੱਸਿਆ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਯਾਦਵ ਨੇ ਇਸ ਲਈ ਸਪੈਸ਼ਲ ਟਾਸਕ ਫੋਰਸ ਬਣਾਉਣ ਦੀ ਗੱਲ ਕਹੀ। ਉਨ੍ਹਾਂ ਨੇ ਕਚਰਾ ਇਧਰ-ਉਧਰ ਸੁੱਟਣ ਅਤੇ ਖੁੱਲ੍ਹੇ ਵਿੱਚ ਕਚਰਾ ਜਲਾਉਣ ਦੀ ਸਮੱਸਿਆ ਨੂੰ ਖਤਮ ਕਰਨ ਲਈ ਨਗਰ ਪਾਲਿਕਾ ਦੇ ਠੋਸ ਕਚਰੇ ਅਤੇ ਬਾਇਓਮਾਸ ਨੂੰ 100% ਇਕੱਠਾ ਕਰਨ ਦੀ ਗੱਲ ਕਹੀ।
ਪਰਾਲੀ ਸਾੜਨ ਦੇ ਮੁੱਦੇ ਬਾਰੇ, ਸ਼੍ਰੀ ਯਾਦਵ ਨੇ ਰਾਜ ਸਰਕਾਰ ਨੂੰ ਫਸਲ ਰਹਿੰਦ-ਖੂੰਹਦ ਪ੍ਰਬੰਧਨ (CRM) ਮਸ਼ੀਨਰੀ ਦੀ ਖਰੀਦ ਵਿੱਚ ਕਮੀਆਂ ਨੂੰ ਦੂਰ ਕਰਨ ਅਤੇ ਕਸਟਮ ਹਾਇਰਿੰਗ ਸੈਂਟਰ ਸਥਾਪਿਤ ਕਰਨ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਸੀਆਰਐੱਮ ਉਪਕਰਣਾਂ ਦੀ ਪ੍ਰਭਾਵਸ਼ਾਲੀ ਵਰਤੋਂ ਨੂੰ ਹੁਲਾਰਾ ਦੇਣ ਲਈ ਗਹਿਨ ਸੂਚਨਾ, ਸਿੱਖਿਆ ਅਤੇ ਸੰਚਾਰ (IEC) ਅਭਿਆਨਾਂ ਅਤੇ ਕਿਸਾਨ ਟ੍ਰੇਨਿੰਗ ਪ੍ਰੋਗਰਾਮਾਂ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਮੰਤਰੀ ਨੇ ਸੁਝਾਅ ਦਿੱਤਾ ਕਿ ਸਥਾਨਕ ਚੁਣੇ ਹੋਏ ਪ੍ਰਤੀਨਿਧੀ ਗ੍ਰਾਮ ਪੰਚਾਇਤਾਂ ਦੇ ਨਾਲ ਮਿਲ ਕੇ ਪਰਾਲੀ ਸਾੜਨ ਵਾਲੇ ਹੌਟਸਪੌਟ ਦੀ ਪਛਾਣ ਕਰਨ। ਉਨ੍ਹਾਂ ਨੇ ਜ਼ਿਲ੍ਹਾ ਕਲੈਕਟਰਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਉਦਯੋਗਿਕ ਇਕਾਈਆਂ ਦਾ ਸਰਵੇਖਣ ਕਰਨ ਅਤੇ ਡਿਮਾਂਡ-ਸਪਲਾਈ ਦੇ ਕੁਸ਼ਲ ਪ੍ਰਬੰਧਨ ਨੂੰ ਸੁਵਿਧਾਜਨਕ ਬਣਾਉਣ ਲਈ ਫਸਲ ਦੀ ਰਹਿੰਦ-ਖੂੰਹਦ ਦੇ ਭੰਡਾਰਣ ਅਤੇ ਖਪਤ ਦੀਆਂ ਉਨ੍ਹਾਂ ਦੀਆਂ ਸਮਰੱਥਾਵਾਂ ਦਾ ਡਿਜੀਟਾਈਜ਼ੇਸ਼ਨ ਕਰਨ। ਰਾਜ ਦੇ ਅਧਿਕਾਰੀਆਂ ਨੂੰ ਇਹ ਵੀ ਸਲਾਹ ਦਿੱਤੀ ਗਈ ਕਿ ਉਹ ਫਸਲ ਦੀ ਰਹਿੰਦ-ਖੂੰਹਦ ਨੂੰ ਬੰਨਣ ਵਾਲੀਆਂ ਮਸ਼ੀਨਾਂ (balers) ਦੀ ਉਚਿਤ ਉਪਲਬਧਤਾ ਨੂੰ ਯਕੀਨੀ ਬਣਾਉਣ।

ਜਨਤਕ ਭਾਗੀਦਾਰੀ ਅਤੇ ਸੰਸਥਾਵਾਂ ਦਰਮਿਆਨ ਆਪਸੀ ਤਾਲਮੇਲ ਨਾਲ ਕੰਮ ਕਰਨ ਦੀ ਅਹਿਮੀਅਤ ਦੱਸਦੇ ਹੋਏ ਸ਼੍ਰੀ ਯਾਦਵ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਨਾਲ ਅਸਰਦਾਰ ਢੰਗ ਨਾਲ ਤਦ ਹੀ ਨਿਪਟਿਆ ਜਾ ਸਕਦਾ ਹੈ ਜਦੋਂ ‘ਪੂਰੀ ਸਰਕਾਰ’ ਅਤੇ ‘ਪੂਰਾ ਸਮਾਜ’ ਮਿਲ ਕੇ ਕੰਮ ਕਰਨ। ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਸੈਨੀ ਨੇ ਰਾਜ ਸਰਕਾਰ ਦੇ ਅਧਿਕਾਰੀਆਂ ਨੂੰ ਬੈਠਕ ਵਿੱਚ ਚਰਚਾ ਕੀਤੇ ਗਏ ਵੱਖ-ਵੱਖ ਉਪਾਵਾਂ ‘ਤੇ ਸਮੇਂ ਸਿਰ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ। ਉਨ੍ਹਾਂ ਨੇ ਇਸ ਮਾਮਲੇ ਵਿੱਚ ਕੇਂਦਰੀ ਮੰਤਰੀ ਨੂੰ ਉਨ੍ਹਾਂ ਦੇ ਵਡਮੁੱਲੇ ਮਾਰਗਦਰਸ਼ਨ ਲਈ ਧੰਨਵਾਦ ਦਿੱਤਾ।
ਇਸ ਬੈਠਕ ਵਿੱਚ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਸਕੱਤਰ; ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (CAQM) ਦੇ ਚੇਅਰਪਰਸਨ; ਅਤੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਅਤੇ ਹਰਿਆਣਾ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਇੱਥੇ ਕੇਂਦਰੀ ਪ੍ਰਦੂਸ਼ਣ ਨਿਯੰਤਰਣ ਬੋਰਡ (CPCB) ਅਤੇ ਹਰਿਆਣਾ ਰਾਜ ਪ੍ਰਦੂਸ਼ਣ ਨਿਯੰਤਰਣ ਬੋਰਡ (HSPCB) ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ।
*****
ਵੀਐੱਮ/ਏਕੇ
(रिलीज़ आईडी: 2289570)
आगंतुक पटल : 8