ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਨੇ ਕੋਡੈਕਸ ਐਲੀਮੈਂਟੇਰੀਅਸ ਕਮਿਸ਼ਨ ਦੇ 49ਵੇਂ ਸੈਸ਼ਨ ਵਿੱਚ ਖੁਰਾਕ ਮਿਆਰਾਂ ਦੇ ਖੇਤਰ ਵਿੱਚ ਆਪਣੀ ਗਲੋਬਲ ਅਗਵਾਈ ਦੀ ਭੂਮਿਕਾ ਨੂੰ ਹੋਰ ਮਜ਼ਬੂਤ ਕੀਤਾ
ਸੁੱਕੇ ਧਨੀਆ ਬੀਜਾਂ ਅਤੇ ਤਾਜ਼ੇ ਕੜੀ ਪੱਤਿਆਂ ਦੀ ਮਿਆਰਾਂ ਸਮੇਤ ਭਾਰਤ ਦੀ ਅਗਵਾਈ ਕਰਨ ਵਾਲੇ ਸੱਤ ਕੋਡੈਕਸ ਦਸਤਾਵੇਜ਼ ਅਪਣਾਏ ਗਏ; ਕਮਿਸ਼ਨ ਨੇ ਕਾਜੂ ਦੀ ਗਿਰੀ ਲਈ ਕੋਡੈਕਸ ਮਿਆਰ ਵਿਕਸਿਤ ਕਰਨ ਦੇ ਭਾਰਤ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ
प्रविष्टि तिथि:
14 JUL 2026 6:15PM by PIB Chandigarh
ਸਵਿਟਜ਼ਰਲੈਂਡ ਦੇ ਜਿਨੇਵਾ ਵਿੱਚ 6 ਤੋਂ 10 ਜੁਲਾਈ, 2026 ਤੱਕ ਆਯੋਜਿਤ ਕੋਡੈਕਸ ਐਲੀਮੈਂਟੇਰੀਅਸ ਕਮਿਸ਼ਨ (ਸੀਏਸੀ-49) ਦੇ 49ਵੇਂ ਸੈਸ਼ਨ ਵਿੱਚ ਭਾਰਤ ਨੇ ਮਹੱਤਵਪੂਰਨ ਉਪਲਬਧੀਆਂ ਹਾਸਲ ਕੀਤੀਆਂ। ਕਮਿਸ਼ਨ ਨੇ ਭਾਰਤ ਦੀ ਪ੍ਰਧਾਨਗੀ ਅਤੇ ਸਹਿ-ਪ੍ਰਧਾਨਗੀ ਹੇਠ ਵਿਕਸਿਤ ਕੀਤੀਆਂ ਗਈਆਂ ਸੱਤ ਕੋਡੈਕਸ ਮਿਆਰਾਂ ਅਤੇ ਦਿਸ਼ਾ-ਨਿਰਦੇਸ਼ਾਂ ਨੂੰ ਅਪਣਾਇਆ, ਜਿਸ ਨਾਲ ਵਿਗਿਆਨ-ਅਧਾਰਿਤ ਅੰਤਰਰਾਸ਼ਟਰੀ ਖੁਰਾਕ ਮਿਆਰਾਂ ਦੇ ਵਿਕਾਸ ਵਿੱਚ ਭਾਰਤ ਦਾ ਯੋਗਦਾਨ ਹੋਰ ਵਧਿਆ ਹੈ। ਇੱਕ ਹੋਰ ਵੱਡੀ ਉਪਲਬਧੀ ਦੇ ਰੂਪ ਵਿੱਚ, ਕਮਿਸ਼ਨ ਨੇ ਕਾਜੂ ਦੀ ਗਿਰੀ (ਕੈਸ਼ਯੂ ਕਰਨਲਸ) ਲਈ ਕੋਡੈਕਸ ਮਿਆਰ ਵਿਕਸਿਤ ਕਰਨ ਦੇ ਭਾਰਤ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ।


ਭਾਰਤ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਿਟੀ (ਐੱਫਐੱਸਐੱਸਏਆਈ) ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਰਜਿਤ ਪੁੰਹਾਨੀ ਦੀ ਅਗਵਾਈ ਹੇਠ ਭਾਰਤੀ ਵਫ਼ਦ ਨੇ ਐੱਫਐੱਸਐੱਸਏਆਈ ਅਤੇ ਸਪਾਈਸੇਜ ਬੋਰਡ ਦੇ ਤਕਨੀਕੀ ਮਾਹਿਰਾਂ ਦੇ ਨਾਲ ਮਿਲ ਕੇ ਕਮਿਸ਼ਨ ਦੇ ਵਿਚਾਰ-ਵਟਾਂਦਰੇ ਵਿੱਚ ਸਰਗਰਮੀ ਨਾਲ ਹਿੱਸਾ ਲਿਆ।
ਕਮਿਸ਼ਨ ਨੇ ਸੁੱਕੇ ਧਨੀਆ ਬੀਜਾਂ ਅਤੇ ਤਾਜ਼ੇ ਕੜੀ ਪੱਤਿਆਂ ਲਈ ਕੋਡੈਕਸ ਮਿਆਰਾਂ ਨੂੰ ਅਪਣਾਇਆ, ਜਿਨ੍ਹਾਂ ਨੂੰ ਭਾਰਤ ਦੀ ਪ੍ਰਧਾਨਗੀ ਹੇਠ ਵਿਕਸਿਤ ਕੀਤਾ ਗਿਆ। ਸੁੱਕੇ ਧਨੀਆ ਬੀਜਾਂ ਲਈ ਮਿਆਰ ਦੁਨੀਆ ਦੇ ਸਭ ਤੋਂ ਵੱਧ ਵਪਾਰ ਕੀਤੇ ਜਾਣ ਵਾਲੇ ਮਸਾਲਿਆਂ ਵਿੱਚੋਂ ਇੱਕ ਦੇ ਵਪਾਰ ਨੂੰ ਅਸਾਨ ਬਣਾਏਗਾ, ਜਦੋਂ ਕਿ ਤਾਜ਼ੇ ਕੜੀ ਪੱਤਿਆਂ ਲਈ ਮਿਆਰ ਖੇਤਰੀ ਤੌਰ ‘ਤੇ ਮਹੱਤਵਪੂਰਨ ਕੁਲੀਨਰੀ ਹਰਬਸ ਲਈ ਇੱਕ ਅੰਤਰਰਾਸ਼ਟਰੀ ਮਿਆਰ ਪ੍ਰਦਾਨ ਕਰਦਾ ਹੈ।
ਸੀਏਸੀ-49 ਨੇ ਭਾਰਤ ਦੀ ਸਹਿ-ਪ੍ਰਧਾਨਗੀ ਹੇਠ ਵਿਕਸਿਤ ਕੀਤੇ ਗਏ ਪੰਜ ਕੋਡੈਕਸ ਦਸਤਾਵੇਜ਼ਾਂ ਨੂੰ ਵੀ ਅਪਣਾਇਆ। ਇਨ੍ਹਾਂ ਵਿੱਚ ਵਨੀਲਾ ਅਤੇ ਵੱਡੀ ਇਲਾਇਚੀ ਦੇ ਲਈ ਕੋਡੈਕਸ ਮਿਆਰ ਸ਼ਾਮਲ ਹਨ, ਜੋ ਇਨ੍ਹਾਂ ਗਲੋਬਲ ਪੱਧਰ ‘ਤੇ ਵਪਾਰ ਕੀਤੀਆਂ ਜਾਣ ਵਾਲੀਆਂ ਵਸਤੂਆਂ ਲਈ ਗੁਣਵੱਤਾ ਲਈ ਇੱਕ ਸਮਾਨ ਅੰਤਰਰਾਸ਼ਟਰੀ ਨਿਯਮ ਤੈਅ ਕਰਦੇ ਹਨ; ਖੁਰਾਕ ਉਤਪਾਦਨ ਅਤੇ ਪ੍ਰੋਸੈੱਸਿੰਗ ਵਿੱਚ ਪਾਣੀ ਦੀ ਸੁਰੱਖਿਅਤ ਵਰਤੋਂ ਅਤੇ ਮੁੜ ਵਰਤੋਂ ਲਈ ਦਿਸ਼ਾ-ਨਿਰਦੇਸ਼ ਦੇ ਅਨੁਬੰਧ, ਜੋ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਪਾਣੀ ਦੇ ਟਿਕਾਊ ਪ੍ਰਬੰਧਨ ਨੂੰ ਹੁਲਾਰਾ ਦਿੰਦੇ ਹਨ; ਚਿਕਨ ਮਾਂਸ ਵਿੱਚ ਕੈਂਪੀਲੋਬੈਕਟਰ ਅਤੇ ਸਾਲਮੋਨੇਲਾ ਨੂੰ ਕੰਟਰੋਲ ਕਰਨ ਲਈ ਦਿਸ਼ਾ-ਨਿਰਦੇਸ਼ ਜੋ ਪੋਲਟਰੀ ਨਾਲ ਜੁੜੀਆਂ ਭੋਜਨ ਤੋਂ ਹੋਣ ਵਾਲੀਆਂ ਬਿਮਾਰੀਆਂ ਨੂੰ ਘੱਟ ਕਰਨ ਦੇ ਉਪਾਵਾਂ ਨੂੰ ਮਜ਼ਬੂਤ ਕਰਦੇ ਹਨ; ਅਤੇ ਪ੍ਰੀ-ਪੈਕੇਜਡ ਖੁਰਾਕ ਪਦਾਰਥਾਂ ਦੀ ਲੇਬਲਿੰਗ ਲਈ ਆਮ ਮਿਆਰ ਦੇ ਤਹਿਤ ਸੰਯੁਕਤ ਪੇਸ਼ਕਾਰੀ ਅਤ ਮਲਟੀਪੈਕ ਫਾਰਮੈਟ ਨਾਲ ਸਬੰਧਿਤ ਪ੍ਰਾਵਧਾਨ, ਜੋ ਖੁਰਾਕ ਲੇਬਲਿੰਗ ਦੀਆਂ ਜ਼ਰੂਰਤਾਂ ਵਿੱਚ ਵਧੇਰੇ ਸਪਸ਼ਟਤਾ ਅਤੇ ਇਕਸਾਰਤਾ ਪ੍ਰਦਾਨ ਕਰਦੇ ਹਨ।
ਸੀਏਸੀ-49 ਵਿੱਚ ਭਾਰਤ ਦੀ ਇੱਕ ਮਹੱਤਵਪੂਰਨ ਉਪਲਬਧੀ ਇਹ ਰਹੀ ਕਿ ਕਮਿਸ਼ਨ ਨੇ ‘ਪ੍ਰੋਸੈੱਸਡ ਫ੍ਰੂਟਸ ਐਂਡ ਵੈਜੀਟੇਬਲਸ’ ‘ਤੇ ਕੋਡੈਕਸ ਕਮੇਟੀ (ਸੀਸੀਪੀਐੱਫਵੀ) ਦੇ ਤਹਿਤ ਕਾਜੂ ਦੀ ਗਿਰੀ ਲਈ ਕੋਡੈਕਸ ਮਿਆਰ ਵਿਕਸਿਤ ਕਰਨ ਲਈ ਭਾਰਤ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ। ਦੁਨੀਆ ਭਰ ਵਿੱਚ ਸਭ ਤੋਂ ਜ਼ਿਆਦਾ ਵਪਾਰ ਹੋਣ ਵਾਲੇ ਟ੍ਰੀ ਨਟਸ ਵਿੱਚੋਂ ਇੱਕ ਲਈ, ਇੱਕੋ ਜਿਹੇ ਅੰਤਰਰਾਸ਼ਟਰੀ ਗੁਣਵੱਤਾ ਅਤੇ ਸੁਰੱਖਿਆ ਮਿਆਰਾਂ ਦੀ ਜ਼ਰੂਰਤ ਨੂੰ ਸਮਝਦੇ ਹੋਏ, ਕੋਡੈਕਸ ਦੇ ਮੈਂਬਰਾਂ ਨੇ ਇਸ ਪ੍ਰਸਤਾਵ ਦਾ ਜ਼ਬਰਦਸਤ ਸਮਰਥਨ ਕੀਤਾ। ਉਮੀਦ ਹੈ ਕਿ ਇਸ ਨਵੇਂ ਮਿਆਰ ਨਾਲ ਫੇਅਰ ਟ੍ਰੇਡ ਨੂੰ ਹੁਲਾਰਾ ਮਿਲੇਗਾ, ਵਪਾਰ ਵਿੱਚ ਆਉਣ ਵਾਲੀਆਂ ਤਕਨੀਕੀ ਰੁਕਾਵਟਾਂ ਘੱਟ ਹੋਣਗੀਆਂ ਅਤੇ ਗਲੋਬਲ ਪੱਧਰ ‘ਤੇ ਕਾਜੂ ਵਪਾਰ ਵਿੱਚ ਭਾਰਤੀ ਨਿਰਯਾਤ ਦੀ ਮੁਕਾਬਲੇਬਾਜ਼ੀ ਵਧਾ ਕੇ ਉਸ ਦੇ ਲਈ ਬਜ਼ਾਰ ਤੱਕ ਪਹੁੰਚ ਨੂੰ ਮਜ਼ਬੂਤ ਕਰੇਗਾ।
ਇਸ ਤੋਂ ਇਲਾਵਾ, ਭਾਰਤ ਨੂੰ ਨਵੇਂ ਖੁਰਾਕ ਸਰੋਤਾਂ ਅਤੇ ਉਤਪਾਦਨ ਪ੍ਰਣਾਲੀਆਂ (ਐੱਨਐੱਫਪੀਐੱਸ) ਲਈ ਬਣਾਏ ਗਏ ਇਲੈਕਟ੍ਰੌਨਿਕ ਵਰਕਿੰਗ ਗਰੁੱਪ ਦਾ ਕੋ-ਚੇਅਰ ਚੁਣਿਆ ਗਿਆ ਹੈ। ਇਹ ਗਰੁੱਪ ਮੌਜੂਦਾ ਰੈਗੂਲੇਟਰੀ ਫ੍ਰੇਮਵਰਕ ਦੀ ਸਮੀਖਿਆ ਕਰੇਗਾ, ਕੋਡੈਕਸ ਜੋਖਮ ਵਿਸ਼ਲੇਸ਼ਣ ਸਿਧਾਂਤਾਂ ਵਿੱਚ ਕਮੀਆਂ ਦੀ ਪਛਾਣ ਕਰੇਗਾ ਅਤੇ ਭਵਿੱਖ ਵਿੱਚ ਕੋਡੈਕਸ ਗਾਈਡੈਂਸ ਦੀ ਜ਼ਰੂਰਤ ‘ਤੇ ਵਿਚਾਰ ਕਰੇਗਾ।
ਸੀਏਸੀ-49 ਵਿੱਚ ਭਾਰਤ ਦੀਆਂ ਉਪਲਬਧੀਆਂ ਵਿਗਿਆਨਿਕ ਉੱਤਮਤਾ, ਅੰਤਰਰਾਸ਼ਟਰੀ ਸਹਿਯੋਗ ਅਤੇ ਆਮ ਸਹਿਮਤੀ ਬਣਾਉਣ ਰਾਹੀਂ ਵਿਸ਼ਵਵਿਆਪੀ ਖੁਰਾਕ ਮਿਆਰ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਦੇਸ਼ ਦੇ ਸੰਕਲਪ ਨੂੰ ਹੋਰ ਦ੍ਰਿੜ੍ਹ ਕਰਦੀਆਂ ਹਨ। ਉਮੀਦ ਹੈ ਕਿ ਇਨ੍ਹਾਂ ਨਤੀਜਿਆਂ ਨਾਲ ਭਾਰਤੀ ਕਿਸਾਨਾਂ, ਖੁਰਾਕ ਉਦਯੋਗ, ਨਿਰਯਾਤਕਾਂ ਅਤੇ ਖਪਤਕਾਰਾਂ ਨੂੰ ਲਾਭ ਹੋਵੇਗਾ। ਨਾਲ ਹੀ ਸੁਰੱਖਿਅਤ ਖੁਰਾਕ-ਪਦਾਰਥਾਂ ਅਤੇ ਵਧੇਰੇ ਭਰੋਸੇਮੰਦ ਅੰਤਰਰਾਸ਼ਟਰੀ ਵਪਾਰ ਵਿੱਚ ਵੀ ਯੋਗਦਾਨ ਮਿਲੇਗਾ।
ਭਾਰਤ, ਕੋਡੈਕਸ ਐਲੀਮੈਂਟੇਰੀਅਸ ਕਮਿਸ਼ਨ, ਐੱਫਏਓ, ਡਬਲਿਊਐੱਚਓ ਅਤੇ ਮੈਂਬਰ ਦੇਸ਼ਾਂ ਦੇ ਨਾਲ ਮਿਲ ਕੇ ਵਿਗਿਆਨ- ਅਧਾਰਿਤ, ਪਾਰਦਰਸ਼ੀ ਅਤੇ ਵਿਸ਼ਵਵਿਆਪੀ ਪੱਧਰ ‘ਤੇ ਇੱਕ ਸਮਾਨ ਖੁਰਾਕ ਮਿਆਰ ਵਿਕਸਿਤ ਕਰਨ ਲਈ ਵਚਨਬੱਧ ਹੈ; ਇਹ ਮਿਆਰ ਖੁਰਾਕ ਸੁਰੱਖਿਆ, ਖਪਤਕਾਰ ਸੰਭਾਲ ਅਤੇ ਨਿਰਪੱਖ ਵਪਾਰ ਨੂੰ ਯਕੀਨੀ ਬਣਾਉਂਦੇ ਹਨ।
**************
ਐੱਸਆਰ/ਏਕੇ
(रिलीज़ आईडी: 2284903)
आगंतुक पटल : 4