ਘੱਟ ਗਿਣਤੀ ਮਾਮਲੇ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਹੱਜ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ; ਹੱਜ-2026 ਦੇ ਆਯੋਜਨ ਦੀ ਸਮੀਖਿਆ ਦੇ ਨਾਲ-ਨਾਲ ਉਨ੍ਹਾਂ ਨੇ ਹੱਜ-2027 ਦਾ ਰੋਡਮੈਪ ਤਿਆਰ ਕੀਤਾ

प्रविष्टि तिथि: 18 JUN 2026 5:04PM by PIB Chandigarh

ਕੇਂਦਰੀ ਘੱਟ ਗਿਣਤੀ ਮਾਮਲੇ ਅਤੇ ਸੰਸਦੀ ਮਾਮਲੇ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਦੀ ਪ੍ਰਧਾਨਗੀ ਵਿੱਚ ਘੱਟ ਗਿਣਤੀ ਮਾਮਲੇ ਮੰਤਰਾਲੇ ਨੇ ਹੱਜ-2026 ਦੇ ਆਯੋਜਨ ਦੀ ਸਮੀਖਿਆ ਕਰਨ ਅਤੇ ਹੱਜ-2027 ਦਾ ਰੋਡਮੈਪ ਤਿਆਰ ਕਰਨ ਲਈ 18 ਜੂਨ 2026 ਨੂੰ ਨਵੀਂ ਦਿੱਲੀ ਦੇ ਡਾ. ਅੰਬੇਡਕਰ ਅੰਤਰਰਾਸ਼ਟਰੀ ਕੇਂਦਰ (ਡੀਏਏਆਈਸੀ) ਵਿੱਚ ਹੱਜ ਸਮੀਖਿਆ ਦੀ ਮੀਟਿੰਗ ਹੋਈ। 

ਇਸ ਮੀਟਿੰਗ ਵਿੱਚ ਡਾ. ਸ੍ਰੀਵਤਸ ਕ੍ਰਿਸ਼ਣਾ, ਸਕੱਤਰ, ਘੱਟ ਗਿਣਤੀ ਮਾਮਲੇ ਮੰਤਰਾਲੇ; ਸੁਸ਼੍ਰੀ ਸ੍ਰੀਪ੍ਰਿਆ ਰੰਗਨਾਥਨ, ਸਕੱਤਰ (ਸੀਪੀਵੀ ਅਤੇ ਓਆਈਏ), ਵਿਦੇਸ਼ ਮੰਤਰਾਲੇ; ਘੱਟ ਗਿਣਤੀ ਮਾਮਲੇ, ਵਿਦੇਸ਼ ਮਾਮਲਿਆਂ, ਸਿਵਿਲ ਐਵਿਏਸ਼ਨ, ਸਿਹਤ ਅਤੇ ਪਰਿਵਾਰ ਭਲਾਈ ਅਤੇ ਗ੍ਰਹਿ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀ; ਅਤੇ ਹੱਜ ਕਮੇਟੀ ਆਫ ਇੰਡੀਆ, ਬੀਆਈਐੱਸਏਜੀ-ਐੱਨ ਅਤੇ ਹੋਰ ਸਬੰਧਿਤ ਧਿਰਾਂ ਦੇ ਪ੍ਰਤੀਨਿਧੀ ਵੀ ਸ਼ਾਮਲ ਹੋਏ। 

ਕੇਂਦਰੀ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਹੱਜ-2026 ਦੇ ਸਫਲ ਆਯੋਜਨ ‘ਤੇ ਸੰਤੋਸ਼ ਵਿਅਕਤ ਕੀਤਾ ਜਿਸ ਵਿੱਚ ਲਗਭਗ 1.75 ਲੱਖ ਭਾਰਤੀਆਂ ਨੇ ਹੱਜ ਯਾਤਰਾ ਕੀਤੀ। ਉਨ੍ਹਾਂ ਨੇ ਇਸ ਦਾ ਕ੍ਰੈਡਿਟ ਸਾਰੇ ਮੰਤਰਾਲਿਆਂ ਅਤੇ ਵਿਭਾਗਾਂ, ਹੱਜ ਕਮੇਟੀ ਆਫ ਇੰਡੀਆ, ਰਾਜ ਹੱਜ ਕਮੇਟੀਆਂ, ਸਾਊਦੀ ਅਰਬ ਵਿੱਚ ਭਾਰਤੀ ਹੱਜ ਮਿਸ਼ਨ ਅਤੇ ਸਾਊਦੀ ਅਧਿਕਾਰੀਆਂ ਦੇ ਸਮਰਪਣ ਅਤੇ ਤਾਲਮੇਲ ਯਤਨਾਂ ਨੂੰ ਦਿੱਤਾ, ਜਿਨ੍ਹਾਂ ਜੇ ਜਨਤਕ ਯੋਗਦਾਨ ਨਾਲ ਇਹ ਯਾਤਰਾ ਸੁਚਾਰੂ, ਸੁਰੱਖਿਅਤ ਅਤੇ ਸਨਮਾਨਜਨਕ ਤੌਰ ‘ਤੇ ਸੰਪੰਨ ਹੋਈ। 

ਇਤਿਹਾਸ ਵਿੱਚ ਪਹਿਲੀ ਵਾਰ, ਸਾਊਦੀ ਹੱਜ ਅਤੇ ਉਮਰਾਹ ਮੰਤਰਾਲੇ ਨੇ ਹੱਜ ਦੇ ਸਮਾਪਤੀ ‘ਤੇ ਆਯੋਜਿਤ ‘ਖਿਤਾਮਹੂ ਮਿਸਕ’ ਸਮਾਗਮ ਵਿੱਚ “ਸਭ ਤੋਂ ਸ਼੍ਰੇਠ ਹੱਜ ਤਾਲਮੇਲ ਅਤੇ ਸੰਚਾਰ” ਸ਼੍ਰੇਣੀ ਦੇ ਅਧੀਨ ਭਾਰਤੀ ਹੱਜ ਮਿਸ਼ਨ ਨੂੰ ਦੋ ‘ਲੱਬੈਤੁਮ ਐਵਾਰਡ’ ਪ੍ਰਦਾਨ ਕੀਤੇ। ਇਹ ਐਵਾਰਡ ਹੱਜ- 2026 ਦੌਰਾਨ ਭਾਰਤੀ ਹੱਜ ਯਾਤਰੀਆਂ ਲਈ ਸ਼ਾਨਦਾਰ ਸੁਵਿਧਾ ਅਤੇ ਭਲਾਈ ਗਤੀਵਿਧੀਆਂ ਨੂੰ ਮਨਜ਼ੂਰੀ ਪ੍ਰਦਾਨ ਕਰਦਾ ਹੈ ਅਤੇ ਹੱਜ ਯਾਤਰਾ ਸੇਵਾ ਵਿੱਚ ਉੱਤਮਤਾ ਦੇ ਪ੍ਰਤੀ ਭਾਰਤ ਦੀ ਨਿਰੰਤਰ ਪ੍ਰਤੀਬੱਧਤਾ ਨੂੰ ਦਰਸ਼ਾਉਂਦਾ ਹੈ।

ਹੱਜ-2026 ਵਿੱਚ ਹੱਜ ਯਾਤਰੀਆਂ ਨੂੰ ਸੁਵਿਧਾ ਪ੍ਰਦਾਨ ਕਰਨ ਲਈ ਕਈ ਕਦਮ ਚੁੱਕੇ ਗਏ। ਮੀਨਾ ਵਿੱਚ ਉਨ੍ਹਾਂ ਨੂੰ ਸੋਫਾ-ਕਮ-ਬੈੱਡ ਦੀ ਸੁਵਿਧਾ ਪ੍ਰਦਾਨ ਕੀਤੀ ਗਈ, ਜਿਸ ਨਾਲ ਉਨ੍ਹਾਂ ਨੂੰ ਹੱਜ ਦੇ ਸਭ ਤੋਂ ਮੁਸ਼ਕਿਲ ਦਿਨਾਂ ਵਿੱਚ ਆਰਾਮ ਮਿਲਿਆ; 62,500 ਹੱਜ ਯਾਤਰੀਆਂ ਨੇ ਮੱਕਾ ਤੋਂ ਮਦੀਨਾ ਤੱਕ ਹਾਈ-ਸਪੀਡ ਟ੍ਰੇਨ ਨਾਲ ਯਾਤਰਾ ਕੀਤੀ, ਜਿਸ ਨਾਲ ਯਾਤਰਾ ਵਿੱਚ ਬਹੁਤ ਘੱਟ ਸਮਾਂ ਲੱਗਿਆ; ਅਤੇ ਮੱਕਾ ਵਿੱਚ ਹੋਟਲ ਵਿੱਚ ਰਹਿਣ ਦੀ ਸੁਵਿਧਾ ਅਤੇ 20 ਦਿਨ ਦਾ ‘ਸ਼ਾਰਟ ਹੱਜ ਪੈਕੇਜ’ ਸ਼ੁਰੂ ਕੀਤਾ ਗਿਆ, ਜਿਸ ਦਾ ਲਾਭ ਲਗਭਗ 10,500 ਯਾਤਰੀਆਂ ਨੂੰ ਮਿਲਿਆ, ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ਕੰਮਕਾਜੀ ਪੇਸ਼ੇਵਰ ਸ਼ਾਮਲ ਸਨ। 

ਤਕਨਾਲੋਜੀ-ਅਧਾਰਿਤ ਸੁਧਾਰਾਂ ਨੇ ਪਾਰਦਸ਼ਿਤਾ, ਸੁਰੱਖਿਆ ਅਤੇ ਸੇਵਾ ਪ੍ਰਕਿਰਿਆ ਨੂੰ ਹੋਰ ਬਿਹਤਰ ਬਣਾਇਆ, ਜਿਸ ਵਿੱਚ ਸਾਊਦੀ ਨੁਸੁਕ ਪਲੈਟਫਾਰਮ ਦੇ ਨਾਲ ਏਕੀਕਰਣ, ਔਨਲਾਈਨ ਫਲਾਈਟ ਬੁਕਿੰਗ ਅਤੇ ਇੱਕ ਮਜ਼ਬੂਤ ਡਿਜੀਟਲ ਸ਼ਿਕਾਇਤ ਨਿਵਾਰਣ ਪ੍ਰਣਾਲੀ ਸ਼ਾਮਲ ਹੈ। ਮਦੀਨਾ ਵਿੱਚ ਸਾਰੇ ਭਾਰਤੀ ਹੱਜ ਯਾਤਰੀਆਂ ਨੂੰ ਮਾਰਕਾਜ਼ੀਆ (Markazia) ਖੇਤਰ ਵਿੱਚ ਰੱਖਿਆ ਗਿਆ, ਜਿਸ ਨਾਲ ਉਨ੍ਹਾਂ ਨੂੰ ਬਿਹਤਰ ਪਹੁੰਚ ਅਤੇ ਸੁਵਿਧਾ ਹਾਸਲ ਹੋਈ। 

ਖੇਤਰ ਦੀ ਮੌਜੂਦਾ ਭੂ-ਰਾਜਨੀਤਕ ਈਕੋਸਿਸਟਮ ਦੇ ਬਾਵਜੂਦ, ਇਸ ਅਭਿਆਨ ਨੂੰ 400 ਉਡਾਣਾਂ ਰਾਹੀਂ ਪੂਰਾ ਕੀਤਾ ਗਿਆ, ਜਿਸ ਵਿੱਚ ਵਿਆਪਕ ਟਰਾਂਸਪੋਰਟੇਸ਼ਨ, ਸੰਪੂਰਣ ਮੈਡੀਕਲ ਸੁਵਿਧਾਵਾਂ, ਮੈਡੀਕਲ ਅਤੇ ਪ੍ਰਸ਼ਾਸਨਿਕ ਟੀਮਾਂ ਦੀ ਤਾਇਨਾਤੀ, ਮੀਨਾ ਕੈਂਪਾਂ ਵਿੱਚ ਇੱਕ ਸਮਰਪਿਤ ਮੈਡੀਕਲ ਟੀਮ ਅਤੇ ਭਾਰਤੀ ਹੱਜ ਮਿਸ਼ਨ ਦੁਆਰਾ 24 ਘੰਟੇ ਸਹਾਇਤਾ ਸ਼ਾਮਲ ਸੀ। 

ਇਸ ਮੀਟਿੰਗ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਦਖਲ ਦੀ ਇੱਕ ਉਭਰਦੀ ਭੂਮਿਕਾ ਦੀ ਸਮੀਖਿਆ ਕੀਤੀ ਗਈ ਤਾਂ ਜੋ ਹੱਜ ਯਾਤਰੀਆਂ ਦੇ ਪ੍ਰਬੰਧਨ ਨੂੰ ਸ਼ੁਰੂ ਤੋਂ ਅੰਤ ਤੱਕ ਬਿਹਤਰ ਬਣਾਇਆ ਜਾ ਸਕੇ, ਜਿਸ ਵਿੱਚ ਹਿੰਦੀ, ਉਰਦੂ ਅਤੇ ਮੁੱਖ ਖੇਤਰੀ ਭਾਸ਼ਾਵਾਂ ਵਿੱਚ 24*7 ਬਹੁਭਾਸ਼ੀ ਵਾਈਸ-ਅਧਾਰਿਤ ਸਮਰਥਨ ਪ੍ਰਣਾਲੀ, ਏਆਈ-ਸਹਾਇਤਾ ਪ੍ਰਾਪਤ ਐਪਲੀਕੇਸ਼ਨ ਅਤੇ ਦਸਤਾਵੇਜ਼ ਤਸਦੀਕ; ਰਵਾਨਗੀ ਸਥਾਨਾਂ 'ਤੇ ਉਡਾਣਾਂ ਦੀ ਵੰਡ ਲਈ ਮੰਗ ਮਾਡਲਿੰਗ ਅਤੇ ਰੀਅਲ ਟਾਈਮ ਸ਼ਿਕਾਇਤ ਟਰੈਕਿੰਗ ਅਤੇ ਪ੍ਰਸਾਰ ਸ਼ਾਮਲ ਹਨ। ਸਰਕਾਰ ਦੇ ਤਕਨਾਲੋਜੀ-ਅਧਾਰਿਤ ਹੱਜ ਦੇ ਟੀਚੇ ਨੂੰ ਧਿਆਨ ਵਿੱਚ ਰੱਖਦੇ ਹੋਏ ਇਨ੍ਹਾਂ ਨੂੰ ਪੜਾਅਵਾਰ ਢੰਗ ਨਾਲ ਲਾਗੂ ਕਰਨ ਦੀਆਂ ਯੋਜਨਾਵਾਂ ਹਨ।

ਅੱਗੇ ਦੀਆਂ ਤਿਆਰੀਆਂ ਦੀ ਸਮੀਖਿਆ ਕਰਦੇ ਹੋਏ, ਕੇਂਦਰੀ ਮੰਤਰੀ ਨੇ ਸਾਰੇ ਸਬੰਧਿਤ ਮੰਤਰਾਲਿਆਂ, ਏਜੰਸੀਆਂ, ਭਾਰਤ ਦੀ ਹੱਜ ਕਮੇਟੀ ਅਤੇ ਹੋਰ ਹਿਤਧਾਰਕਾਂ ਨੂੰ ਹੱਜ-2027 ਦੀਆਂ ਤਿਆਰੀਆਂ ਨੂੰ ਪਹਿਲ ਦੇ ਅਧਾਰ 'ਤੇ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ। ਇਨ੍ਹਾਂ ਤਿਆਰੀਆਂ ਵਿੱਚ ਕੋਟਾ ਵੰਡ, ਯੋਗਤਾ ਅਤੇ ਸਿਹਤ ਸਬੰਧੀ ਜ਼ਰੂਰਤਾਂ, ਹਵਾਈ ਯਾਤਰਾ ਦਾ ਪ੍ਰਬੰਧ, ਰਿਹਾਇਸ਼, ਆਵਾਜਾਈ, ਮੀਨਾ ਵਿੱਚ ਸਹੂਲਤਾਂ, ਮੈਡੀਕਲ ਸਬੰਧੀ ਤਿਆਰੀ ਅਤੇ ਤਕਨਾਲੋਜੀ ਦੀ ਵੱਡੇ ਪੱਧਰ ‘ਤੇ ਵਰਤੋਂ ਸ਼ਾਮਲ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਸ ਦੀ ਸਫਲਤਾ ਲਈ ਨਿਰਧਾਰਤ ਸਮੇਂ-ਸੀਮਾ ਦੇ ਅਨੁਸਾਰ ਸਾਊਦੀ ਹੱਜ ਅਤੇ ਉਮਰਾਹ ਮੰਤਰਾਲੇ ਨਾਲ ਨਿਰੰਤਰ ਤਾਲਮੇਲ ਬਹੁਤ ਜ਼ਰੂਰੀ ਹੈ ਜਿਸ ਨਾਲ ਹਰੇਕ ਹੱਜ ਯਾਤਰੀ ਲਈ ਬਿਹਤਰ ਆਰਾਮ, ਸੁਰੱਖਿਆ ਅਤੇ ਸਿਹਤ ਯਕੀਨੀ ਹੋ ਸਕੇ ਅਤੇ ਇਸ ਦੇ ਲਈ 07 ਨਵੰਬਰ 2026 ਨੂੰ ਭਾਰਤ ਅਤੇ ਸਾਊਦੀ ਅਰਬ ਵਿਚਕਾਰ ਹੱਜ-2027 ਲਈ ਦੁਵੱਲੇ ਸਮਝੌਤੇ 'ਤੇ ਦਸਤਖਤ ਹੋਣਗੇ। 

ਕੇਂਦਰੀ ਮੰਤਰੀ ਨੇ ਅੱਗੇ ਕਿਹਾ ਕਿ ਹੱਜ ਨੀਤੀ-2027 ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ, ਜਿਸ ਤੋਂ ਬਾਅਦ ਭਾਰਤੀ ਹੱਜ ਕਮੇਟੀ ਸੰਭਾਵਿਤ ਹੱਜ ਯਾਤਰੀਆਂ ਤੋਂ ਐਪਲੀਕੇਸ਼ਨ ਮੰਗਵਾਏਗੀ, ਜਿਸ ਨਾਲ ਐਪਲੀਕੇਸ਼ਨ ਪ੍ਰਕਿਰਿਆ ਜਲਦੀ ਸ਼ੁਰੂ ਹੋ ਸਕੇਗੀ।

ਉਨ੍ਹਾਂ ਨੇ ਹਰ ਭਾਰਤੀ ਹੱਜ ਯਾਤਰੀ ਲਈ ਸੁਰੱਖਿਅਤ, ਆਰਾਮਦਾਇਕ, ਪਾਰਦਰਸ਼ੀ ਅਤੇ ਸਨਮਾਨਜਨਕ ਹੱਜ ਯਾਤਰਾ ਯਕੀਨੀ ਬਣਾਉਣ ਲਈ ਭਾਰਤ ਸਰਕਾਰ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ। 

*****

ਏਕੇ/ਐੱਮਆਰ/ਬਲਜੀਤ ਸਿੰਘ


(रिलीज़ आईडी: 2275519) आगंतुक पटल : 3
इस विज्ञप्ति को इन भाषाओं में पढ़ें: English , Urdu , Marathi , हिन्दी