ਰੇਲ ਮੰਤਰਾਲਾ
azadi ka amrit mahotsav

ਇਤਿਹਾਸਕ ਕਾਦੀਆਂ-ਬਿਆਸ ਰੇਲਵੇ ਲਾਈਨ ਪ੍ਰੋਜੈਕਟ ਲਗਭਗ 100 ਸਾਲਾਂ ਬਾਅਦ ਮੁੜ ਸੁਰਜੀਤ: ਸ਼੍ਰੀ ਰਵਨੀਤ ਸਿੰਘ ਬਿੱਟੂ


39.68 ਕਿੱਲੋਮੀਟਰ ਲੰਬੀ ਨਵੀਂ ਬ੍ਰਾਡ-ਗੇਜ ਰੇਲ ਲਾਈਨ ’ਤੇ ਲਗਭਗ 1,400 ਕਰੋੜ ਰੁਪਏ ਦੀ ਲਾਗਤ ਆਵੇਗੀ

ਪੰਜਾਬ ਵਿੱਚ ਸੰਪਰਕ, ਸੈਰ-ਸਪਾਟੇ ਅਤੇ ਵਿਕਾਸ ਨੂੰ ਮਿਲੇਗਾ ਵੱਡਾ ਹੁਲਾਰਾ

प्रविष्टि तिथि: 18 JUN 2026 5:58PM by PIB Chandigarh

ਪੰਜਾਬ ਦੇ ਮਾਝਾ ਖੇਤਰ ਲਈ ਇੱਕ ਇਤਿਹਾਸਕ ਪ੍ਰਾਪਤੀ ਵਜੋਂ, ਭਾਰਤ ਸਰਕਾਰ ਨੇ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਕਾਦੀਆਂ–ਬਿਆਸ ਨਵੀਂ ਰੇਲ ਲਾਈਨ ਪ੍ਰੋਜੈਕਟ ਨੂੰ ਮੁੜ ਸੁਰਜੀਤ ਕਰ ਦਿੱਤਾ ਹੈ। ਅੱਜ ਰੇਲ ਭਵਨ ਵਿਖੇ ਮੀਡੀਆ ਨੂੰ ਸੰਬੋਧਨ ਕਰਦਿਆਂ ਰੇਲ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਸ਼੍ਰੀ ਰਵਨੀਤ ਸਿੰਘ ਬਿੱਟੂ ਨੇ ਇਸ ਅਹਿਮ ਪ੍ਰੋਜੈਕਟ ਲਈ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਅਤੇ ਮਾਣਯੋਗ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਜੀ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਵਿੱਚ ਰੇਲਵੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ ਅਤੇ ਖੇਤਰੀ ਵਿਕਾਸ ਨੂੰ ਰਫ਼ਤਾਰ ਦੇਣ ਲਈ ਲਗਾਤਾਰ ਵਚਨਬੱਧ ਹੈ।

ਕਾਦੀਆਂ–ਬਿਆਸ ਰੇਲ ਲਿੰਕ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਸ਼੍ਰੀ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਪ੍ਰਸਤਾਵਿਤ ਰੇਲ ਲਾਈਨ ਗੁਰਦਾਸਪੁਰ ਜ਼ਿਲ੍ਹੇ ਦੇ ਕਾਦੀਆਂ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਬਿਆਸ ਨਾਲ ਜੋੜੇਗੀ। ਲਗਭਗ 39.68 ਕਿੱਲੋਮੀਟਰ ਲੰਬੀ ਇਸ ਬ੍ਰਾਡ-ਗੇਜ ਰੇਲ ਲਾਈਨ ਦੀ ਅਨੁਮਾਨਿਤ ਲਾਗਤ ਕਰੀਬ 1,400 ਕਰੋੜ ਰੁਪਏ ਹੈ। ਇਸ ਪ੍ਰੋਜੈਕਟ ਨੂੰ ਉੱਤਰੀ ਰੇਲਵੇ ਵੱਲੋਂ ਅਮਲ ਵਿੱਚ ਲਿਆਂਦਾ ਜਾਵੇਗਾ। ਪ੍ਰਸਤਾਵਿਤ ਰੇਲ ਮਾਰਗ ਕਾਦੀਆਂ, ਧਪਈ, ਘੁਮਾਣ, ਬੁਟਾਲਾ, ਸਠਿਆਲਾ ਅਤੇ ਬਿਆਸ ਵਰਗੇ ਮਹੱਤਵਪੂਰਨ ਕਸਬਿਆਂ ਅਤੇ ਪਿੰਡਾਂ ਵਿੱਚੋਂ ਹੋ ਕੇ ਲੰਘੇਗਾ। ਇਸ ਨਾਲ ਮਾਝਾ ਖੇਤਰ ਦੇ ਕਈ ਇਲਾਕਿਆਂ ਨੂੰ ਪਹਿਲੀ ਵਾਰ ਰੇਲ ਨੈੱਟਵਰਕ ਨਾਲ ਸਿੱਧਾ ਸੰਪਰਕ ਮਿਲੇਗਾ ਅਤੇ ਸਥਾਨਕ ਲੋਕਾਂ ਦੀ ਆਵਾਜਾਈ ਤੇ ਟ੍ਰਾਂਸਪੋਰਟ ਸਹੂਲਤਾਂ ਵਿੱਚ ਸ਼ਾਨਦਾਰ ਸੁਧਾਰ ਹੋਵੇਗਾ।ਪ੍ਰੋਜੈਕਟ ਦੇ ਤਹਿਤ ਆਧੁਨਿਕ ਰੇਲਵੇ ਬੁਨਿਆਦੀ ਢਾਂਚਾ ਵਿਕਸਤ ਕੀਤਾ ਜਾਵੇਗਾ, ਜਿਸ ਵਿੱਚ ਘੁਮਾਣ ਅਤੇ ਬੁਟਾਲਾ ਵਿਖੇ ਦੋ ਕਰਾਸਿੰਗ ਸਟੇਸ਼ਨ, 11 ਵੱਡੇ ਪੁਲ, 121 ਛੋਟੇ ਪੁਲ, 54 ਰੋਡ ਅੰਡਰ ਬ੍ਰਿਜ (RUB), ਆਧੁਨਿਕ ਸਿਗਨਲਿੰਗ ਤੇ ਦੂਰਸੰਚਾਰ ਪ੍ਰਣਾਲੀ ਅਤੇ ਭਾਰਤ ਦੀ ਸਵਦੇਸ਼ੀ ਟ੍ਰੇਨ ਟੱਕਰ-ਰੋਧੀ ਪ੍ਰਣਾਲੀ ‘ਕਵਚ’ ਦਾ ਪ੍ਰਬੰਧ ਸ਼ਾਮਲ ਹੈ।

ਪ੍ਰੋਜੈਕਟ ਦੇ ਇਤਿਹਾਸ ਦਾ ਜ਼ਿਕਰ ਕਰਦਿਆਂ ਸ਼੍ਰੀ ਬਿੱਟੂ ਨੇ ਕਿਹਾ ਕਿ ਕਾਦੀਆਂ-ਬਿਆਸ ਰੇਲ ਲਿੰਕ ਦੀ ਕਲਪਨਾ ਅੰਗਰੇਜ਼ਾਂ ਦੇ ਸਮੇਂ ਵਿੱਚ ਕੀਤੀ ਗਈ ਸੀ। ਸਾਲ 1928-29 ਵਿੱਚ ਤਤਕਾਲੀਨ ਨੌਰਥ-ਵੈਸਟਰਨ ਰੇਲਵੇ ਵੱਲੋਂ ਇਸ ਪ੍ਰੋਜੈਕਟ ਨੂੰ ਪ੍ਰਵਾਨਗੀ ਦਿੱਤੀ ਗਈ ਸੀ ਅਤੇ 1930 ਦੇ ਦਹਾਕੇ ਦੇ ਸ਼ੁਰੂ ਤੱਕ ਨਿਰਮਾਣ ਕੰਮ ਦਾ ਇੱਕ ਵੱਡਾ ਹਿੱਸਾ ਪੂਰਾ ਵੀ ਕਰ ਲਿਆ ਗਿਆ ਸੀ। ਹਾਲਾਂਕਿ, ਬਾਅਦ ਵਿੱਚ ਬਦਲਦੇ ਹਾਲਾਤ ਅਤੇ ਵਿਕਾਸ ਦੀਆਂ ਤਰਜੀਹਾਂ ਕਾਰਨ ਇਹ ਪ੍ਰੋਜੈਕਟ ਬੰਦ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਪ੍ਰੋਜੈਕਟ ਦੀ ਰਣਨੀਤਕ ਅਤੇ ਵਿਕਾਸਵਾਦੀ ਮਹੱਤਤਾ ਨੂੰ ਦੇਖਦੇ ਹੋਏ, ਇਸ ਨੂੰ ਬਾਅਦ ਵਿੱਚ ਸਮਾਜਿਕ ਤੌਰ ’ਤੇ ਲੋੜੀਂਦੇ ਰੇਲ ਸੰਪਰਕ ਪ੍ਰੋਜੈਕਟ (SDRCP) ਵਜੋਂ ਮੁੜ ਸੁਰਜੀਤ ਕੀਤਾ ਗਿਆ ਅਤੇ ਸਾਲ 2010-11 ਦੇ ਪੂਰਕ ਰੇਲ ਬਜਟ ਵਿੱਚ ਸ਼ਾਮਲ ਕੀਤਾ ਗਿਆ। ਵੱਖ-ਵੱਖ ਕਾਰਨਾਂ ਅਤੇ ਪ੍ਰਕਿਰਿਆਤਮਕ ਰੁਕਾਵਟਾਂ ਕਰਕੇ ਇਹ ਪ੍ਰੋਜੈਕਟ ਅੱਗੇ ਨਹੀਂ ਵਧ ਸਕਿਆ ਸੀ, ਪਰ ਹੁਣ ਇਸ ਨੂੰ ਦੁਬਾਰਾ ਗਤੀ ਦਿੱਤੀ ਗਈ ਹੈ ਅਤੇ ਲਗਭਗ 1,400 ਕਰੋੜ  ਰੁਪਏ ਦੀ ਸੋਧੀ ਹੋਈ ਵਿਸਤ੍ਰਿਤ ਅਨੁਮਾਨ ਰਿਪੋਰਟ ਤਿਆਰ ਕੀਤੀ ਗਈ ਹੈ।

ਸ਼੍ਰੀ ਬਿੱਟੂ ਨੇ ਕਿਹਾ ਕਿ ਇਹ ਰੇਲ ਲਾਈਨ ਨਾ ਕੇਵਲ ਖੇਤਰੀ ਸੰਪਰਕ ਨੂੰ ਮਜ਼ਬੂਤ ​​ਕਰੇਗੀ, ਬਲਕਿ ਐਮਰਜੈਂਸੀ ਹਾਲਾਤ ਵਿੱਚ ਅੰਮ੍ਰਿਤਸਰ-ਪਠਾਨਕੋਟ ਰੇਲ ਖੰਡ ਦੇ ਇੱਕ ਬਦਲਵੇਂ ਮਾਰਗ ਵਜੋਂ ਵੀ ਕੰਮ ਕਰੇਗੀ, ਜਿਸ ਨਾਲ ਉੱਤਰੀ ਭਾਰਤ ਵਿੱਚ ਰੇਲਵੇ ਸੰਚਾਲਨ ਦੀ ਮਜ਼ਬੂਤੀ ਅਤੇ ਲਚਕਤਾ ਵਧੇਗੀ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨਾਲ ਖੇਤਰ ਦੀ ਆਰਥਿਕਤਾ ਨੂੰ ਵਿਆਪਕ ਲਾਭ ਮਿਲੇਗਾ। ਕਿਸਾਨਾਂ ਨੂੰ ਆਪਣੀ ਖੇਤੀ ਉਪਜ ਲਈ ਬਿਹਤਰ ਬਾਜ਼ਾਰ ਉਪਲਬਧ ਹੋਣਗੇ, ਟ੍ਰਾਂਸਪੋਰਟ ਅਤੇ ਲੌਜਿਸਟਿਕਸ ਸਹੂਲਤਾਂ ਮਜ਼ਬੂਤ ਹੋਣਗੀਆਂ, ਵਪਾਰ, ਕਾਰੋਬਾਰ ਅਤੇ ਲਘੂ ਉਦਯੋਗਾਂ (ਛੋਟੇ ਉਦਯੋਗਾਂ) ਨੂੰ ਹੁਲਾਰਾ ਮਿਲੇਗਾ ਅਤੇ ਨਿਰਮਾਣ ਤੇ ਸੰਚਾਲਨ ਦੇ ਪੜਾਵਾਂ ਵਿੱਚ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਇਸ ਤੋਂ ਇਲਾਵਾ, ਮਾਝਾ ਖੇਤਰ ਵਿੱਚ ਨਿਵੇਸ਼ ਅਤੇ ਆਰਥਿਕ ਗਤੀਵਿਧੀਆਂ ਨੂੰ ਵੀ ਉਤਸ਼ਾਹ ਮਿਲੇਗਾ। ਇਹ ਪ੍ਰੋਜੈਕਟ ਕਈ ਪ੍ਰਮੁੱਖ ਧਾਰਮਿਕ ਅਤੇ ਅਧਿਆਤਮਿਕ ਸਥਾਨਾਂ ਤੱਕ ਪਹੁੰਚ ਨੂੰ ਵੀ ਆਸਾਨ ਬਣਾਏਗਾ, ਜਿਨ੍ਹਾਂ ਵਿੱਚ ਅਹਿਮਦੀਆ ਮੁਸਲਿਮ ਭਾਈਚਾਰੇ ਦਾ ਜਨਮ ਸਥਾਨ ਕਾਦੀਆਂ, ਡੇਰਾ ਬਾਬਾ ਜੈਮਲ ਸਿੰਘ, ਬਿਆਸ, ਸ਼੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ, ਗੁਰਦੁਆਰਾ ਅਚਲ ਸਾਹਿਬ, ਗੁਰਦੁਆਰਾ ਭਗਤ ਨਾਮਦੇਵ ਜੀ (ਘੁਮਾਣ), ਗੁਰਦੁਆਰਾ ਸਾਹਿਬ ਪਾਤਸ਼ਾਹੀ ਪੰਜਵੀਂ (ਬੁਰਜ ਸਾਹਿਬ), ਗੁਰਦੁਆਰਾ ਬਾਬਾ ਰਾਜਾ ਰਾਮ ਜੀ, ਪੰਡੋਰੀ ਧਾਮ, ਰਾਮ ਸ਼ਰਨਮ ਮੰਦਿਰ ਅਤੇ ਸ਼ਿਰਡੀ ਸਾਈਂ ਮੰਦਿਰ (ਗੁਰਦਾਸਪੁਰ) ਪ੍ਰਮੁੱਖ ਹਨ। ਉਨ੍ਹਾਂ ਕਿਹਾ ਕਿ ਬਿਹਤਰ ਰੇਲ ਸੰਪਰਕ ਨਾਲ ਧਾਰਮਿਕ ਸੈਰ-ਸਪਾਟੇ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਤੇ ਸੈਲਾਨੀਆਂ ਦੀ ਯਾਤਰਾ ਵਧੇਰੇ ਸੁਖਾਲੀ ਹੋਵੇਗੀ।

ਅੰਤ ਵਿੱਚ, ਸ਼੍ਰੀ ਰਵਨੀਤ ਸਿੰਘ ਬਿੱਟੂ ਨੇ ਕਾਦੀਆਂ, ਬਿਆਸ, ਘੁਮਾਣ, ਬੁਟਾਲਾ, ਸਠਿਆਲਾ ਅਤੇ ਪੂਰੇ ਮਾਝਾ ਖੇਤਰ ਦੇ ਲੋਕਾਂ ਨੂੰ ਇਸ ਇਤਿਹਾਸਕ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਭਰੋਸਾ ਦਿਵਾਇਆ ਕਿ ਕੇਂਦਰ ਸਰਕਾਰ ਪ੍ਰੋਜੈਕਟ ਨਾਲ ਸਬੰਧਤ ਸਾਰੀਆਂ ਲੋੜੀਂਦੀਆਂ ਪ੍ਰਵਾਨਗੀਆਂ ਜਲਦੀ ਹਾਸਲ ਕਰਕੇ ਇਸ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

****

ਧਰਮਿੰਦਰ ਤਿਵਾੜੀ/ਡਾ.ਨਯਨ ਸੋਲੰਕੀ/ਰਿਤੂ ਰਾਜ/ਮਾਨਿਕ ਸ਼ਰਮਾ


(रिलीज़ आईडी: 2275204) आगंतुक पटल : 110
इस विज्ञप्ति को इन भाषाओं में पढ़ें: Urdu , English , हिन्दी