ਰੇਲ ਮੰਤਰਾਲਾ
ਭਾਰਤੀ ਰੇਲਵੇ ਨੇ ਆਲਮੀ ਚੁਣੌਤੀਆਂ ਦੇ ਬਾਵਜੂਦ ਮਈ, 2026 ਵਿੱਚ 145 ਮਿਲੀਅਨ ਟਨ ਮਾਲ ਢੋਆ-ਢੁਆਈ ਦਾ ਟੀਚਾ ਹਾਸਲ ਕੀਤਾ
ਲੋਹਾ, ਖਾਦਾਂ ਅਤੇ ਹੋਰ ਵਸਤੂਆਂ ਦੀ ਢੋਆ-ਢੁਆਈ ਵਿੱਚ ਬਿਹਤਰ ਪ੍ਰਦਰਸ਼ਨ ਕਾਰਨ ਮਾਲ ਢੋਆ-ਢੁਆਈ ਵਿੱਚ ਵਾਧਾ ਹੋਇਆ
ਪਿਛਲੇ ਮਹੀਨੇ 61 ਕਰੋੜ ਤੋਂ ਵੱਧ ਯਾਤਰੀਆਂ ਨੇ ਸਫ਼ਰ ਕੀਤਾ; ਲੰਬੀ ਦੂਰੀ ਦੀ ਯਾਤਰਾ ਦੀ ਮੰਗ ਲਗਾਤਾਰ ਵੱਧ ਰਹੀ ਹੈ
प्रविष्टि तिथि:
01 JUN 2026 8:09PM by PIB Chandigarh
ਭਾਰਤੀ ਰੇਲਵੇ ਨੇ ਵਿੱਤੀ ਸਾਲ 2026-27 ਦੇ ਪਹਿਲੇ ਦੋ ਮਹੀਨਿਆਂ ਵਿੱਚ ਮਾਲ ਢੋਆ-ਢੁਆਈ ਵਿੱਚ ਵਾਧੇ ਦੀ ਰਫ਼ਤਾਰ ਨੂੰ ਬਰਕਰਾਰ ਰੱਖਿਆ ਅਤੇ ਮਈ, 2026 ਤੱਕ 145 ਮਿਲੀਅਨ ਟਨ ਮਾਲ ਦੀ ਢੋਆ-ਢੁਆਈ ਕੀਤੀ, ਜੋ ਕਿ ਪਿਛਲੇ ਸਾਲ ਦੇ ਇਸੇ ਸਮੇਂ ਦੇ ਮੁਕਾਬਲੇ 1.3 ਪ੍ਰਤੀਸ਼ਤ ਵੱਧ ਹੈ। ਇਹ ਵਾਧਾ ਲੋਹੇ, ਸਟੀਲ, ਖਾਦਾਂ ਅਤੇ 'ਬਾਕੀ ਹੋਰ ਵਸਤੂਆਂ' ਦੀਆਂ ਸ਼੍ਰੇਣੀਆਂ ਵਿੱਚ ਬਿਹਤਰ ਪ੍ਰਦਰਸ਼ਨ ਦੇ ਕਾਰਨ ਹੋਇਆ ਹੈ।
ਪੱਛਮੀ ਏਸ਼ੀਆ ਦੇ ਮੌਜੂਦਾ ਭੂ-ਰਾਜਨੀਤਿਕ ਹਾਲਾਤ ਅਤੇ ਲੌਜਿਸਟਿਕਸ ਤੇ ਸਪਲਾਈ ਚੇਨ 'ਤੇ ਇਸ ਦੇ ਅਪ੍ਰਤੱਖ ਪ੍ਰਭਾਵਾਂ ਤੋਂ ਪੈਦਾ ਹੋਈਆਂ ਚੁਣੌਤੀਆਂ ਦੇ ਬਾਵਜੂਦ ਢੋਆ-ਢੁਆਈ ਵਿੱਚ ਇਹ ਵਾਧਾ ਹਾਸਲ ਕੀਤਾ ਗਿਆ ਹੈ। ਭਾਰਤੀ ਰੇਲਵੇ ਲਗਾਤਾਰ ਸੰਚਾਲਨ ਨਿਗਰਾਨੀ ਅਤੇ ਸੰਪਤੀਆਂ ਦੀ ਕੁਸ਼ਲ ਵਰਤੋਂ ਰਾਹੀਂ, ਦੇਸ਼ ਭਰ ਵਿੱਚ ਜ਼ਰੂਰੀ ਵਸਤੂਆਂ ਦੀ ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਉਣ 'ਤੇ ਧਿਆਨ ਕੇਂਦਰਿਤ ਕਰ ਰਿਹਾ ਹੈ।
ਪ੍ਰਮੁੱਖ ਵਸਤੂਆਂ ਵਿੱਚ ਪਿਛਲੇ ਸਾਲ ਦੇ ਇਸੇ ਸਮੇਂ ਦੇ ਮੁਕਾਬਲੇ 'ਬਾਕੀ ਹੋਰ ਵਸਤੂਆਂ' ਦੀ ਢੋਆ-ਢੁਆਈ ਵਿੱਚ 16 ਫ਼ੀਸਦ ਦਾ ਸ਼ਾਨਦਾਰ ਵਾਧਾ ਦਰਜ ਕੀਤਾ ਗਿਆ, ਜਦੋਂ ਕਿ ਲੋਹੇ ਦੀ ਢੋਆ-ਢੁਆਈ ਵਿੱਚ 4.8 ਫ਼ੀਸਦ ਦਾ ਵਾਧਾ ਹੋਇਆ ਅਤੇ ਪਿਗ ਆਇਰਨ ਤੇ ਫਿਨਿਸ਼ਡ ਸਟੀਲ ਦੀ ਢੋਆ-ਢੁਆਈ ਵਿੱਚ 3.5 ਫ਼ੀਸਦ ਦਾ ਵਾਧਾ ਹੋਇਆ। ਖਾਦਾਂ ਦੀ ਢੋਆ-ਢੁਆਈ ਵਿੱਚ ਵੀ 6.2 ਫ਼ੀਸਦ ਦਾ ਵਾਧਾ ਦਰਜ ਕੀਤਾ ਗਿਆ, ਜੋ ਕਿ ਆਰਥਿਕਤਾ ਦੇ ਪ੍ਰਮੁੱਖ ਖੇਤਰਾਂ ਨੂੰ ਸਹਿਯੋਗ ਦੇਣ ਦੇ ਪ੍ਰਤੀ ਰੇਲਵੇ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਕੋਇਲਾ, ਜੋ ਕਿ ਰੇਲਵੇ ਮਾਲ ਢੋਆ-ਢੁਆਈ ਵਿੱਚ ਸਭ ਤੋਂ ਵੱਡਾ ਹਿੱਸਾ ਬਣਿਆ ਹੋਇਆ ਹੈ, ਨੇ ਲਗਾਤਾਰ ਵਾਧਾ ਬਰਕਰਾਰ ਰੱਖਿਆ; ਪਿਛਲੇ ਸਾਲ ਦੀ ਤੁਲਨਾ ਵਿੱਚ ਇਸ ਦੀ ਢੋਆ-ਢੁਆਈ ਵਿੱਚ ਲਗਭਗ 1 ਪ੍ਰਤੀਸ਼ਤ ਦਾ ਵਾਧਾ ਹੋਇਆ। ਥਰਮਲ ਪਾਵਰ ਪਲਾਂਟਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਅਤੇ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਭਾਰਤੀ ਰੇਲਵੇ ਕੋਇਲੇ ਦੀ ਢੋਆ-ਢੁਆਈ ਨੂੰ ਪਹਿਲ ਦੇ ਰਿਹਾ ਹੈ ਅਤੇ ਪੂਰੇ ਨੈੱਟਵਰਕ ਵਿੱਚ ਇਸ ਦੀ ਢੋਆ-ਢੁਆਈ 'ਤੇ ਨਜ਼ਰ ਰੱਖ ਰਿਹਾ ਹੈ।
ਭਾਰਤੀ ਰੇਲਵੇ ਨੇ ਮਾਲ ਢੋਆ-ਢੁਆਈ ਨੂੰ ਸੁਖਾਲਾ ਬਣਾਉਣ ਅਤੇ ਵੱਖ-ਵੱਖ ਖੇਤਰਾਂ ਵਿੱਚ ਆਰਥਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਘਰੇਲੂ ਅਤੇ ਐਗਜ਼ਿਮ ਕੰਟੇਨਰ ਟ੍ਰੈਫਿਕ—ਦੋਵਾਂ ਦੀ ਨਿਗਰਾਨੀ ਵੀ ਤੇਜ਼ ਕਰ ਦਿੱਤੀ ਹੈ। ਇਹਨਾਂ ਉਪਾਵਾਂ ਨਾਲ ਚੁਣੌਤੀਪੂਰਨ ਹਾਲਾਤ ਵਿੱਚ ਵੀ ਮਾਲ ਢੋਆ-ਢੁਆਈ ਵਿੱਚ ਵਾਧਾ ਬਰਕਰਾਰ ਰੱਖਣ ਅਤੇ ਸਪਲਾਈ ਚੇਨ ਦੀ ਕੁਸ਼ਲਤਾ ਨੂੰ ਬਣਾਈ ਰੱਖਣ ਵਿੱਚ ਮਦਦ ਮਿਲੀ ਹੈ।
ਯਾਤਰੀਆਂ ਦੇ ਮਾਮਲੇ ਵਿੱਚ ਭਾਰਤੀ ਰੇਲਵੇ ਨੇ ਮਈ, 2026 ਦੌਰਾਨ 61 ਕਰੋੜ ਤੋਂ ਵੱਧ ਯਾਤਰੀਆਂ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ, ਜਦੋਂ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਇਹ ਗਿਣਤੀ ਲਗਭਗ 59 ਕਰੋੜ ਸੀ। ਇਸ ਵਾਧੇ ਦਾ ਮੁੱਖ ਕਾਰਨ ਗੈਰ-ਉਪਨਗਰੀ ਸੈਕਸ਼ਨ ਰਿਹਾ, ਜਿਸ ਵਿੱਚ 7.4 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ; ਇਸ ਵਿੱਚ ਯਾਤਰੀਆਂ ਦੀ ਸੰਖਿਆ 28 ਕਰੋੜ ਤੋਂ ਵਧ ਕੇ 30 ਕਰੋੜ ਹੋ ਗਈ। ਇਹ ਦਰਸਾਉਂਦਾ ਹੈ ਕਿ ਲੋਕ ਦੇਸ਼ ਵਿੱਚ ਛੋਟੀਆਂ ਅਤੇ ਲੰਬੀਆਂ ਯਾਤਰਾਵਾਂ ਲਈ ਅਜੇ ਵੀ ਰੇਲ ਰਾਹੀਂ ਸਫ਼ਰ ਕਰਨਾ ਜ਼ਿਆਦਾ ਪਸੰਦ ਕਰਦੇ ਹਨ।
ਯਾਤਰਾ ਦੀ ਮੰਗ ਵਿੱਚ ਮੌਸਮੀ ਵਾਧੇ ਨੂੰ ਪੂਰਾ ਕਰਨ ਲਈ ਭਾਰਤੀ ਰੇਲਵੇ ਨੇ ਵੱਖ-ਵੱਖ ਰੂਟਾਂ 'ਤੇ ਵੱਡੀ ਗਿਣਤੀ ਵਿੱਚ 'ਸਮਰ ਸਪੈਸ਼ਲ ਟ੍ਰੇਨਾਂ' ਚਲਾਈਆਂ। ਆਧੁਨਿਕ ਟ੍ਰੇਨ ਸੇਵਾਵਾਂ ਦੇ ਲਗਾਤਾਰ ਵਿਸਤਾਰ ਰਾਹੀਂ ਯਾਤਰੀਆਂ ਦੀ ਸਹੂਲਤ ਨੂੰ ਵੀ ਵਧਾਇਆ ਗਿਆ ਹੈ। ਭਾਰਤੀ ਰੇਲਵੇ ਵਰਤਮਾਨ ਵਿੱਚ 164 'ਵੰਦੇ ਭਾਰਤ' ਸੇਵਾਵਾਂ ਚਲਾ ਰਿਹਾ ਹੈ, ਜਿਸ ਵਿੱਚ ਹਾਲ ਹੀ ਵਿੱਚ ਹਾਵੜਾ ਅਤੇ ਕਾਮਾਖਿਆ ਵਿਚਕਾਰ ਸ਼ੁਰੂ ਕੀਤੀ ਗਈ 'ਸਲੀਪਰ ਵੰਦੇ ਭਾਰਤ' ਸੇਵਾ ਵੀ ਸ਼ਾਮਲ ਹੈ; ਉੱਥੇ ਹੀ, 'ਅੰਮ੍ਰਿਤ ਭਾਰਤ' ਸੇਵਾਵਾਂ ਦੀ ਗਿਣਤੀ 68 ਤੱਕ ਪਹੁੰਚ ਗਈ ਹੈ, ਜਿਨ੍ਹਾਂ ਵਿੱਚ ਮਈ, 2026 ਦੌਰਾਨ ਤਿੰਨ ਨਵੀਂਆਂ ਸੇਵਾਵਾਂ ਦਾ ਉਦਘਾਟਨ ਕੀਤਾ ਗਿਆ।
ਮਾਲ ਢੋਆ-ਢੁਆਈ ਵਿੱਚ ਲਗਾਤਾਰ ਵਾਧੇ, ਪ੍ਰਮੁੱਖ ਵਸਤੂ ਸ਼੍ਰੇਣੀਆਂ ਵਿੱਚ ਬਿਹਤਰ ਪ੍ਰਦਰਸ਼ਨ ਅਤੇ ਯਾਤਰੀਆਂ ਦੀ ਵਧਦੀ ਗਿਣਤੀ ਦੇ ਨਾਲ ਭਾਰਤੀ ਰੇਲਵੇ ਦੇਸ਼ ਦੇ ਟ੍ਰਾਂਸਪੋਰਟ ਨੈੱਟਵਰਕ ਦੀ ਰੀੜ੍ਹ ਦੀ ਹੱਡੀ ਵਜੋਂ ਆਪਣੀ ਭੂਮਿਕਾ ਨੂੰ ਮਜ਼ਬੂਤ ਕਰ ਰਹੀ ਹੈ। ਇਸ ਨਾਲ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਮਿਲ ਰਿਹਾ ਹੈ ਅਤੇ ਦੇਸ਼ ਭਰ ਦੇ ਲੋਕ ਆਪਸ ਵਿੱਚ ਜੁੜ ਰਹੇ ਹਨ।
*********
ਧਰਮਿੰਦਰ ਤਿਵਾੜੀ/ਡਾ. ਨਯਨ ਸੋਲੰਕੀ/ਰਿਤੂ ਰਾਜ/ਮਾਨਿਕ ਸ਼ਰਮਾ
(रिलीज़ आईडी: 2268832)
आगंतुक पटल : 7