ਵਿੱਤ ਮੰਤਰਾਲਾ
ਸੀਬੀਆਈਸੀ ਨੇ ਨਵੀਂ ਦਿੱਲੀ ਵਿੱਚ ਯੋਗ ਉਤਪਾਦਕ ਆਯਾਤਕਾਂ ਲਈ ਡਿਊਟੀ ਡਿਫਰਮੈਂਟ ਸਕੀਮ 'ਤੇ ਆਊਟਰੀਚ ਪ੍ਰੋਗਰਾਮ ਦਾ ਆਯੋਜਨ ਕੀਤਾ
Posted On:
28 MAR 2026 12:15PM by PIB Chandigarh
ਸੀਬੀਆਈਸੀ ਮੈਂਬਰ (ਕਸਟਮਸ), ਦਿੱਲੀ ਕਸਟਮਸ ਦੇ ਚੀਫ ਕਮਿਸ਼ਨਰ, ਦਿੱਲੀ ਕਸਟਮਸ (ਪ੍ਰਿਵੈਂਟਿਵ) ਜ਼ੋਨ ਦੇ ਚੀਫ ਕਮਿਸ਼ਨਰ, ਅਤੇ ਡੀਆਈਸੀ ਦੇ ਚੀਫ ਕਮਿਸ਼ਨਰ ਨੇ ਵਪਾਰਕ ਸੰਸਥਾਵਾਂ, ਉਦਯੋਗਾਂ ਅਤੇ ਮੁੱਖ ਹਿੱਤਧਾਰਕਾਂ ਨਾਲ ਇਸ ਸਕੀਮ ਦੇ ਮੁੱਖ ਲਾਭਾਂ ਅਤੇ ਤੌਰ-ਤਰੀਕਿਆਂ 'ਤੇ ਚਰਚਾ ਕੀਤੀ ਅਤੇ ਵਿਚਾਰ-ਵਟਾਂਦਰਾ ਕੀਤਾ।
ਕੇਂਦਰੀ ਬਜਟ 2026-27 ਵਿੱਚ ਐਲਾਨੀ ਗਈ ਪ੍ਰਮੁੱਖ ਵਪਾਰ ਸਹੂਲਤ ਪਹਿਲਕਦਮੀ ਦੇ ਅਨੁਸਰਣ ਵਿੱਚ, ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮਸ ਬੋਰਡ (ਸੀਬੀਆਈਸੀ) ਨੇ ਅੱਜ ਨਵੀਂ ਦਿੱਲੀ ਵਿੱਚ ਯੋਗ ਉਤਪਾਦਕ ਆਯਾਤਕਾਂ (ਈਐੱਮਆਈ) ਲਈ ਡਿਊਟੀ ਡਿਫਰਮੈਂਟ ਸਕੀਮ 'ਤੇ ਇੱਕ ਹਾਈਬ੍ਰਿਡ ਆਊਟਰੀਚ ਪ੍ਰੋਗਰਾਮ ਦਾ ਆਯੋਜਨ ਕੀਤਾ।
ਸ਼੍ਰੀ ਯੋਗੇਂਦਰ ਗਰਗ, ਮੈਂਬਰ (ਕਸਟਮਸ), ਸੀਬੀਆਈਸੀ; ਸ਼੍ਰੀ ਮਨੀਸ਼ ਕੁਮਾਰ, ਚੀਫ ਕਮਿਸ਼ਨਰ, ਦਿੱਲੀ ਕਸਟਮਸ; ਸ਼੍ਰੀ ਸੰਜੈ ਗੁਪਤਾ, ਚੀਫ ਕਮਿਸ਼ਨਰ, ਦਿੱਲੀ ਕਸਟਮਸ (ਪ੍ਰਿਵੈਂਟਿਵ) ਜ਼ੋਨ; ਸ਼੍ਰੀ ਅਖਿਲ ਕੁਮਾਰ ਖੱਤਰੀ, ਚੀਫ ਕਮਿਸ਼ਨਰ, ਡੀਆਈਸੀ; ਵਪਾਰਕ ਸੰਸਥਾਵਾਂ ਦੇ ਪ੍ਰਤੀਨਿਧੀਆਂ , ਉਦਯੋਗ ਅਤੇ ਪ੍ਰਮੁੱਖ ਹਿੱਤਧਾਰਕਾਂ ਨੇ ਵੀ ਇਸ ਸਮਾਗਮ ਵਿੱਚ ਹਿੱਸਾ ਲਿਆ ਅਤੇ ਈਐੱਮਆਈ ਸਕੀਮ ਦੇ ਲਾਭਾਂ ਅਤੇ ਕਾਰਜਸ਼ੀਲਤਾ ਬਾਰੇ ਵਿਚਾਰ-ਵਟਾਂਦਰਾ ਕੀਤਾ।

ਇਸ ਸੈਸ਼ਨ ਵਿੱਚ ਇੱਕ ਵਿਸਤ੍ਰਿਤ ਪੇਸ਼ਕਾਰੀ ਸ਼ਾਮਲ ਰਹੀ, ਜਿਸ ਤੋਂ ਬਾਅਦ ਵਪਾਰ ਅਤੇ ਉਦਯੋਗ ਜਗਤ ਦੀਆਂ ਸ਼ੰਕਾਵਾਂ ਦੇ ਹੱਲ ਲਈ ਇੱਕ ਇੰਟਰਐਕਟਿਵ ਸੈਸ਼ਨ ਆਯੋਜਿਤ ਕੀਤਾ ਗਿਆ ।


ਭਾਗੀਦਾਰਾਂ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਯੋਗੇਂਦਰ ਗਰਗ ਨੇ ਕਿਹਾ ਕਿ ਇਹ ਸਕੀਮ ਇੱਕ ਵਿਸ਼ਵਾਸ-ਅਧਾਰਿਤ ਦ੍ਰਿਸ਼ਟੀਕੋਣ ਅਪਣਾਉਂਦੀ ਹੈ, ਜਿਸਦਾ ਉਦੇਸ਼ ਤੇਜ਼ੀ ਨਾਲ ਕਲੀਅਰੈਂਸ ਦੀ ਸਹੂਲਤ ਦੇਣਾ ਅਤੇ ਡਵੇਲ ਟਾਈਮ ਨੂੰ ਘਟਾਉਣਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਵਿਸ਼ਵਾਸ ਦੀ ਕਮੀ ਨੂੰ ਘੱਟ ਕਰਨਾ ਅਤੇ ਇੱਕ ਵਧੇਰੇ ਕੁਸ਼ਲ ਅਤੇ ਸਹਿਯੋਗੀ ਅਨੁਪਾਲਣ ਵਾਤਾਵਰਣ ਨੂੰ ਉਤਸ਼ਾਹਿਤ ਕਰਨਾ ਹੈ। ਸ਼੍ਰੀ ਗਰਗ ਨੇ ਹਿੱਤਧਾਰਕਾਂ ਨੂੰ ਇਸ ਯੋਜਨਾ ਦਾ ਲਾਭ ਉਠਾਉਣ ਅਤੇ ਆਪਣੀ ਫੀਡਬੈਕ ਦੇਣ ਲਈ ਵੀ ਉਤਸ਼ਾਹਿਤ ਕੀਤਾ।

ਸ਼੍ਰੀ ਮਨੀਸ਼ ਕੁਮਾਰ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਇਹ ਯੋਜਨਾ ਬਿਹਤਰ ਆਯਾਤ ਸਮਾਂ-ਸਾਰਣੀ ਅਤੇ ਵਧੇਰੇ ਕੁਸ਼ਲ ਕਾਰਜਸ਼ੀਲ ਪੂੰਜੀ ਪ੍ਰਬੰਧਨ ਨੂੰ ਸਮਰੱਥ ਬਣਾ ਕੇ ਉਤਪਾਦਕ ਆਯਾਤਕਾਂ ਦੀ ਵਪਾਰਕ ਵਿਵਹਾਰਿਕਤਾ ਨੂੰ ਵਧਾਉਂਦੀ ਹੈ।

ਈਐਮਆਈ ਸਕੀਮ ਬਾਰੇ
ਈਐਮਆਈ ਸਕੀਮ ਆਯਾਤ ਡਿਊਟੀਆਂ ਦੇ ਮੁਲਤਵੀ ਭੁਗਤਾਨ ਨੂੰ ਸਮਰੱਥ ਬਣਾਉਂਦੀ ਹੈ, ਜਿਸ ਨਾਲ ਯੋਗ ਉਤਪਾਦਕ ਆਯਾਤਕ ਬਿਨਾਂ ਕਿਸੇ ਅਗਾਊਂ ਡਿਊਟੀ ਦਾ ਭੁਗਤਾਨ ਕੀਤੇ ਸਾਮਾਨ ਦੀ ਨਿਕਾਸੀ ਕਰ ਸਕਦੇ ਹਨ। ਡਿਊਟੀ ਭੁਗਤਾਨ ਮਹੀਨਾਵਾਰ ਅਧਾਰ 'ਤੇ ਕੀਤੇ ਜਾਂਦੇ ਹਨ।
ਇਹ ਯੋਜਨਾ ਸਮਾਵੇਸ਼ੀ ਹੈ ਅਤੇ ਇਸ ਦਾ ਵਿਸਤਾਰ ਐੱਮਐੱਸਐੱਮਈ ਤੱਕ ਵੀ ਹੈ। ਇਹ ਸਰਕਾਰ ਦੀ "ਮੇਕ ਇਨ ਇੰਡੀਆ" ਪਹਿਲਕਦਮੀ ਦੇ ਅਨੁਸਾਰ ਹੈ ਅਤੇ ਇਸਦਾ ਉਦੇਸ਼ ਨਕਦੀ ਪ੍ਰਵਾਹ ਨੂੰ ਬਿਹਤਰ ਬਣਾ ਕੇ ਅਤੇ ਕਾਰਗੋ ਕਲੀਅਰੈਂਸ ਵਿੱਚ ਤੇਜੀ ਲਿਆ ਕੇ ਘਰੇਲੂ ਨਿਰਮਾਣ ਨੂੰ ਮਜ਼ਬੂਤ ਕਰਨਾ ਹੈ।
ਮੁੱਖ ਲਾਭ
-
ਉਤਪਾਦਕਾਂ ਲਈ ਬਿਹਤਰ ਨਕਦੀ ਪ੍ਰਵਾਹ
-
ਤੇਜ਼ ਕਲੀਅਰੈਂਸ ਅਤੇ ਡਵੈਲ ਟਾਈਮ ਵਿੱਚ ਕਮੀ
-
ਬਿਹਤਰ ਆਯਾਤ ਯੋਜਨਾਬੰਦੀ ਅਤੇ ਇਨਵੇਂਟਰੀ ਪ੍ਰਬੰਧਨ
-
ਮਜ਼ਬੂਤ ਭੁਗਤਾਨ ਅਨੁਸ਼ਾਸਨ
-
ਉੱਨਤ ਵਿਸ਼ਵਵਿਆਪੀ ਮੁਕਾਬਲੇਬਾਜ਼ੀ
-
ਬਿਹਤਰ ਸਪਲਾਈ ਚੇਨ ਕੁਸ਼ਲਤਾ
ਯੋਗਤਾ ਮਾਪਦੰਡ
-
ਇੱਕ ਵੈਧ ਆਈਈਸੀ ਵਾਲਾ ਨਿਰਮਾਤਾ/ਆਯਾਤਕ
-
ਪਿਛਲੇ ਵਿੱਤੀ ਸਾਲ ਵਿੱਚ ਘੱਟੋ-ਘੱਟ 25 ਨਿਰਯਾਤ-ਆਯਾਤ (ਈਐਕਸਆਈਐੱਮ) ਦਸਤਾਵੇਜ਼ (ਜਿਵੇਂ ਕਿ ਬਿੱਲ ਆਫ਼ ਐਂਟਰੀ) ਦਾਇਰ ਕੀਤੇ ਹੋਣੇ ਚਾਹੀਦੇ ਹਨ। (ਸੂਖਮ, ਛੋਟੇ ਅਤੇ ਦਰਮਿਆਨੇ ਉੱਦਮ – ਇਨ੍ਹਾਂ ਲਈ ਛੋਟ ਦਿੱਤੀ ਗਈ ਹੈ; ਉਨ੍ਹਾਂ ਨੂੰ ਸਿਰਫ਼ 10 ਦਸਤਾਵੇਜ਼ ਦਾਇਰ ਕਰਨ ਦੀ ਜ਼ਰੂਰਤ ਹੈ।)
-
ਜੀਐੱਸਟੀ ਪਾਲਣਾ - ਆਯਾਤਕ ਕੋਲ ਜੀਐੱਸਟੀ ਰਿਟਰਨ ਪੈਂਡਿੰਗ ਨਹੀਂ ਹੋਣੀ ਚਾਹੀਦੀ।
-
ਵਿੱਤੀ ਮੁਨਾਫ਼ੇ ਦਾ ਪ੍ਰਦਰਸ਼ਨ
-
ਸਾਫ਼-ਸੁਥਰਾ ਅਨੁਪਾਲਣ ਟਰੈਕ ਰਿਕਾਰਡ
ਅਰਜ਼ੀ ਪ੍ਰਕਿਰਿਆ
ਅਰਜ਼ੀਆਂ AEO ਪੋਰਟਲ (www.aeoindia.gov.in) ਰਾਹੀਂ ਔਨਲਾਈਨ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ, ਜੋ ਕਿ 1 ਮਾਰਚ, 2026 ਤੋਂ ਕਾਰਜਸ਼ੀਲ ਹੈ। ਇਹ ਪ੍ਰਕਿਰਿਆ ਪੂਰੀ ਤਰ੍ਹਾਂ ਡਿਜੀਟਲ ਹੈ ਅਤੇ ਇਸ ਲਈ ਕਿਸੇ ਫਿਜੀਕਲ ਇੰਟਰਫੇਸ ਦੀ ਜ਼ਰੂਰਤ ਨਹੀਂ ਹੈ।
ਮਨਜ਼ੂਰਸ਼ੁਦਾ ਬਿਨੈਕਾਰ 1 ਅਪ੍ਰੈਲ, 2026 ਤੋਂ ਸਾਰੇ ਕਸਟਮਸ ਫਾਰਮੇਸ਼ਨਸ 'ਤੇ ਇਸ ਯੋਜਨਾ ਦਾ ਲਾਭ ਲੈ ਸਕਦੇ ਹਨ। ਇਹ ਯੋਜਨਾ ਦੋ ਵਰ੍ਹਿਆਂ ਦੀ ਮਿਆਦ ਲਈ, ਯਾਨੀ 31 ਮਾਰਚ, 2028 ਤੱਕ ਵੈਧ ਹੋਵੇਗੀ।
ਸੀਬੀਆਈਸੀ ਸਹੂਲਤ, ਤਕਨਾਲੋਜੀ ਅਤੇ ਵਿਸ਼ਵਾਸ-ਅਧਾਰਿਤ ਅਨੁਪਾਲਣ ਰਾਹੀਂ ਇੱਕ ਪਾਰਦਰਸ਼ੀ, ਕੁਸ਼ਲ ਅਤੇ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਵਪਾਰਕ ਈਕੋਸਿਸਟਮ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ ।
************
ਐੱਨਬੀ/ਕੇਐੱਮਐੱਨ
(Release ID: 2249329)
ਵਿਜ਼ੀਟਰ ਕਾਊਂਟਰ : 23