ਰੱਖਿਆ ਮੰਤਰਾਲਾ
azadi ka amrit mahotsav

ਲੈਫਟੀਨੈਂਟ ਜਨਰਲ ਧੀਰਜ ਸੇਠ ਨੇ ਸੈਨਾ ਦੇ ਉਪ ਮੁਖੀ ਵਜੋਂ ਅਹੁਦਾ ਸੰਭਾਲਿਆ

Posted On: 01 APR 2026 1:54PM by PIB Chandigarh

ਲੈਫਟੀਨੈਂਟ ਜਨਰਲ ਧੀਰਜ ਸੇਠ, ਪੀਵੀਐੱਸਐੱਮ, ਯੂਵਾਈਐੱਸਐੱਮ, ਏਵੀਐੱਸਐੱਮ ਨੇ ਅੱਜ ਸੈਨਾ ਉਪ ਮੁੱਖੀ (ਵੀਸੀਓਏਐੱਸ) ਦਾ ਅਹੁਦਾ ਸੰਭਾਲਿਆ। ਖੜਕਵਾਸਲਾ ਸਥਿਤ ਰਾਸ਼ਟਰੀ ਰੱਖਿਆ ਅਕਾਦਮੀ ਦੇ ਸਾਬਕਾ ਵਿਦਿਆਰਥੀ ਧੀਰਜ ਸੇਠ ਦਸੰਬਰ 1986 ਵਿੱਚ ਬਖਤਰਬੰਦ ਕੋਰ ਵਿੱਚ ਕਮਿਸ਼ਨ ਹਾਸਲ ਹੋਏ ਸਨ। ਲਗਭਗ ਚਾਰ ਦਹਾਕਿਆਂ ਦੇ ਆਪਣੇ ਕਾਰਜਕਾਲ ਵਿੱਚ ਉਨ੍ਹਾਂ ਨੇ ਵੱਖ-ਵੱਖ ਭੂ-ਭਾਗਾਂ ਅਤੇ ਸੰਘਰਸ਼ਪੂਰਣ ਸਥਿਤੀਆਂ ਵਿੱਚ ਸਧਾਰਣ ਸੰਚਾਲਨ ਅਨੁਭਵ ਹਾਸਲ ਕੀਤਾ ਹੈ, ਜਿਸ ਵਿੱਚ ਅੱਤਵਾਦ ਵਿਰੋਧੀ ਮੁਹਿੰਮਾਂ ਵੀ ਸ਼ਾਮਲ ਹਨ।         

ਉਨ੍ਹਾਂ ਨੇ ਮਾਰੂਥਲ ਖੇਤਰ ਵਿੱਚ ਇੱਕ ਬਖਤਰਬੰਦ ਰੈਜੀਮੈਂਟ, ਵਿਕਸਿਤ ਖੇਤਰ ਵਿੱਚ ਇੱਕ ਬਖਤਰਬੰਦ ਬ੍ਰਿਗੇਡ ਅਤੇ ਜੰਮੂ-ਕਸ਼ਮੀਰ ਵਿੱਚ ਅੱਤਵਾਦ-ਵਿਰੋਧੀ ਬਲ ਦੀ ਕਮਾਨ ਸਾਂਭੀ ਹੈ। ਲੈਫਟੀਨੈਂਟ ਜਨਰਲ ਦੇ ਅਹੁਦੇ ‘ਤੇ ਤਰੱਕੀ ਤੋਂ ਬਾਅਦ, ਉਨ੍ਹਾਂ ਨੇ ਸੁਦਰਸ਼ਨ ਚੱਕਰ ਕੋਰ ਦੀ ਕਮਾਨ ਸਾਂਭੀ ਅਤੇ ਬਾਅਦ ਵਿੱਚ ਦਿੱਲੀ ਖੇਤਰ ਦੇ ਜਨਰਲ ਅਫਸਰ ਕਮਾਂਡਿੰਗ ਵਜੋਂ ਕੰਮ ਕੀਤਾ, ਜਿੱਥੇ ਉਨ੍ਹਾਂ ਨੇ ਪ੍ਰਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਅਭਿਆਨਾਂ ਦੀ ਅਗਵਾਈ ਕੀਤੀ। ਆਰਮੀ ਕਮਾਨਰ ਦੇ ਅਹੁਦੇ ‘ਤੇ ਤਰੱਕੀ ਹੋਣ ਤੋਂ ਬਾਅਦ, ਉਨ੍ਹਾਂ ਨੇ ਦੱਖਣੀ ਪੱਛਮੀ ਕਮਾਨ ਅਤੇ ਦੱਖਣੀ ਕਮਾਨ ਦੇ ਜਨਰਲ ਅਫਸਰ ਕਮਾਂਡਿੰਗ-ਇਨ-ਚੀਫ਼ ਵਜੋਂ ਕਾਰਜ ਕੀਤਾ ਅਤੇ ਪੱਛਮੀ ਮੋਰਚੇ ‘ਤੇ 2 ਆਪ੍ਰੇਸ਼ਨਲ ਕਮਾਂਡ ਦੀ ਕਮਾਨ ਸੰਭਾਲਣ ਦਾ ਦੁਰਲਭ ਮਾਣ ਵੀ ਹਾਸਲ ਕੀਤਾ।  

ਲੈਫਟੀਨੈਂਟ ਜਨਰਲ ਸੇਠ ਨੇ ਜੰਮੂ-ਕਸ਼ਮੀਰ ਵਿੱਚ ਇੱਕ ਸੁਤੰਤਰ ਬਖਤਰਬੰਦ ਬ੍ਰਿਗੇਡ ਦੇ ਬ੍ਰਿਗੇਡ ਮੇਜਰ, ਅੰਗੋਲਾ ਵਿੱਚ ਸੰਯੁਕਤ ਰਾਸ਼ਟਰ ਮਿਸ਼ਨ ਦੇ ਨਾਲ ਸੰਚਾਲਨ ਅਧਿਕਾਰੀ, ਫੌਜ ਹੈੱਡਕੁਆਰਟਰ ਵਿੱਚ ਸਹਾਇਕ ਫੌਜੀ ਸਕੱਤਰ, ਦੱਖਣੀ ਪੱਛਮੀ ਕਮਾਨ ਹੈੱਡਕੁਆਰਟਰ ਵਿੱਚ ਬ੍ਰਿਗੇਡੀਅਰ ਜਨਰਲ ਸਟਾਫ ਓਪਰੇਸ਼ਨਸ ਅਤੇ ਅਨੁਸ਼ਾਸਨ, ਸਮਾਰੋਹ ਅਤੇ ਭਲਾਈ ਦੇ ਡਾਇਰੈਕਟਰ ਜਨਰਲ ਸਮੇਤ ਕਈ ਮਹੱਤਵਪੂਰਨ ਸਟਾਫ ਅਤੇ ਰਣਨੀਤਕ ਨਿਯੁਕਤੀਆਂ ‘ਤੇ ਕੰਮ ਕੀਤਾ ਹੈ। 

ਸਮਰੱਥਾ ਵਿਕਾਸ ਅਤੇ ਆਧੁਨਿਕੀਕਰਣ ਵਿੱਚ ਇੱਕ ਵਿਲੱਖਣ ਯੋਗਦਾਨ ਪਾਉਣ ਵਾਲੇ ਵਜੋਂ, ਉਨ੍ਹਾਂ ਨੇ ਰਣਨੀਤਕ ਯੋਜਨਾ ਅਤੇ ਸਮਰੱਥਾ ਵਿਕਾਸ ਡਾਇਰੈਕਟੋਰੇਟ ਵਿੱਚ ਮਹੱਤਵਪੂਰਨ ਅਹੁਦਿਆਂ ‘ਤੇ ਕਾਰਜ ਕੀਤਾ ਹੈ, ਜਿਨ੍ਹਾਂ ਵਿੱਚ ਮਕੈਨਾਈਜ਼ਡ ਫੋਰਸਿਜ਼ ਲਈ ਕਰਨਲ ਸਮਰੱਥਾ ਵਿਕਾਸ, ਬ੍ਰਿਗੇਡੀਅਰ ਪਰਸਪੈਕਟਿਵ ਪਲੈਨਿੰਗ ਅਤੇ ਪ੍ਰਾਪਤੀ ਅਤੇ ਵਧੀਕ ਡਾਇਰੈਕਟਰ ਜਨਰਲ ਸਮਰੱਥਾ ਵਿਕਾਸ ਸ਼ਾਮਲ ਹਨ ਅਤੇ ਭਾਰਤੀ ਫੌਜ ਦੀ ਲੰਬੇ ਸਮੇਂ ਦੀ ਏਕੀਕ੍ਰਿਤ ਦ੍ਰਿਸ਼ਟੀਕੋਣ ਯੋਜਨਾ ਅਤੇ ਆਧੁਨਿਕੀਕਰਣ ਰੋਡਮੈਪ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ।

ਜਨਰਲ ਅਫ਼ਸਰ ਨੇ ਸਾਰੇ ਪਾਠਕ੍ਰਮਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਲਗਾਤਾਰ ਸਿਖਰ ਸਥਾਨ ਹਾਸਲ ਕੀਤੇ ਹਨ। ਉਨ੍ਹਾਂ ਨੇ ਜੁਨੀਅਰ ਕਮਾਨ ਕੋਰਸ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਡਿਫੈਂਸ ਸਰਵਿਸਿਜ਼ ਸਟਾਫ ਕਾਲਜ ਵਿੱਚ ਸਰਬੋਤਮ ਆਲ-ਰਾਉਂਡ ਵਿਦਿਆਰਥੀ ਅਫਸਰ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਹਾਇਰ ਕਮਾਨ ਕੋਰਸ ਅਤੇ ਵੱਕਾਰੀ ਨੈਸ਼ਨਲ ਡਿਫੈਂਸ ਕਾਲਜ ਵਿੱਚ ਵੀ ਟ੍ਰੇਨਿੰਗ ਹਾਸਲ ਕੀਤੀ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਪੈਰਿਸ ਵਿੱਚ ਕਮਾਨ ਐਂਡ ਸਟਾਫ ਕੋਰਸ ਵਿੱਚ ਵੀ ਹਿੱਸਾ ਲਿਆ ਹੈ। 

******

ਨਿਸ਼ਾਂਤ ਅਰਵਿੰਦ/ਰਿੰਕੂ ਸਿੰਘ/ਏਕੇ


(Release ID: 2247891) ਵਿਜ਼ੀਟਰ ਕਾਊਂਟਰ : 6