ਪ੍ਰਮਾਣੂ ਊਰਜਾ ਵਿਭਾਗ
ਦੁਰਲਭ ਖਣਿਜ ਅਤੇ ਲਿਥੀਅਮ ਦੀ ਖੋਜ ਵਿੱਚ ਤੇਜ਼ੀ ਨਾਲ ਦੁਰਲਭ ਧਰਤੀ ਖਣਿਜ ਸਥਾਈ ਚੁੰਬਕ ਦੀ ਘਰੇਲੂ ਉਤਪਾਦਨ ਸਮਰੱਥਾ ਵਰ੍ਹੇ 2030 ਤੱਕ 5,000 ਟਨ ਤੱਕ ਪਹੁੰਚ ਜਾਵੇਗੀ: ਡਾ. ਜਿਤੇਂਦਰ ਸਿੰਘ
ਸ਼ਾਂਤੀ ਐਕਟ (SHANTI Act) ਰਾਹੀਂ ਨਿਜੀ ਖੇਤਰ ਲਈ ਦਰਵਾਜ਼ੇ ਖੋਲ੍ਹਣ ਨਾਲ ਘਰੇਲੂ ਉਤਪਾਦਨ ਸਮਰੱਥਾ ਵਧੇਗੀ ਅਤੇ ਆਯਾਤ ਘਟੇਗਾ: ਡਾ. ਜਿਤੇਂਦਰ ਸਿੰਘ
ਲਿਥੀਅਮ ਅਤੇ ਦੁਰਲਭ ਧਰਤੀ ਦੇ ਤੱਤ ਦੇਸ਼ ਦੀ ਵਧਦੀ ਜ਼ਰੂਰਤ ਨੂੰ ਪੂਰਾ ਕਰਨ ਵਿੱਚ ਇਲੈਕਟ੍ਰਿਕ ਵਾਹਨਾਂ, ਨਵਿਆਉਣਯੋਗ ਊਰਜਾ, ਇਲੈਕਟ੍ਰੌਨਿਕਸ, ਰੱਖਿਆ, ਏਅਰੋਸਪੇਸ ਅਤੇ ਪੁਲਾੜ ਐਪਲੀਕੇਸ਼ਨਾਂ ਦੇ ਨਾਲ ਸਵੱਛ ਊਰਜਾ ਤਬਦੀਲੀ ਦੇ ਨਾਲ-ਨਾਲ ਏਆਈ ਵਰਗੀਆਂ ਉੱਭਰ ਰਹੀਆਂ ਤਕਨਾਲੋਜੀਆਂ ਦਾ ਸਮਰਥਨ ਕਰਨ ਵਿੱਚ ਮੁੱਖ ਭੂਮਿਕਾ ਨਿਭਾਉਣਗੇ
Posted On:
25 MAR 2026 3:49PM by PIB Chandigarh
ਕੇਂਦਰੀ ਵਿਗਿਆਨ ਅਤੇ ਤਕਨਾਲੋਜੀ, ਧਰਤੀ ਵਿਗਿਆਨ ਅਤੇ ਪ੍ਰਧਾਨ ਮੰਤਰੀ ਦਫ਼ਤਰ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਡਾ. ਜਿਤੇਂਦਰ ਸਿੰਘ ਨੇ ਅੱਜ ਲੋਕ ਸਭਾ ਵਿੱਚ ਕਿਹਾ ਕਿ ਭਾਰਤ ਨੇ ਦੁਰਲਭ ਧਰਤੀ ਦੇ ਸਥਾਈ ਚੁੰਬਕਾਂ ਦੇ ਘਰੇਲੂ ਉਤਪਾਦਨ ਅਤੇ ਲਿਥੀਅਮ ਵਰਗੇ ਮਹੱਤਵਪੂਰਨ ਖਣਿਜਾਂ ਦੀ ਖੋਜ ਨੂੰ ਵਧਾਉਣ ਲਈ ਯਤਨ ਤੇਜ਼ ਕਰ ਦਿੱਤੇ ਹਨ, ਜਿਸ ਦਾ ਟੀਚਾ 2030 ਤੱਕ 5,000 ਟਨ ਦੀ ਉਤਪਾਦਨ ਸਮਰੱਥਾ ਤੱਕ ਪਹੁੰਚਾਉਣਾ ਹੈ।
ਮੌਜੂਦਾ ਬਜਟ ਸੈਸ਼ਨ ਵਿੱਚ ਪ੍ਰਸ਼ਨ ਕਾਲ ਦੌਰਾਨ ਸਵਾਲਾਂ ਦੇ ਜਵਾਬ ਦਿੰਦੇ ਹੋਏ, ਡਾ. ਜਿਤੇਂਦਰ ਨੇ ਕਿਹਾ ਕਿ ਦੇਸ਼ ਦੀ ਮੌਜੂਦਾ ਦੁਰਲਭ ਧਰਤੀ ਦੀ ਸਥਾਈ ਚੁੰਬਕਾਂ ਦੀ ਲੋੜ ਲਗਭਗ 4,000 ਟਨ ਹੈ, ਜੋ ਕਿ 2030 ਤੱਕ ਵਧ ਕੇ ਲਗਭਗ 8,000 ਟਨ ਹੋਣ ਦਾ ਅਨੁਮਾਨ ਹੈ। ਇਹ ਵਾਧਾ ਘਰੇਲੂ ਸਮਰੱਥਾਵਾਂ ਦੇ ਤੇਜ਼ੀ ਨਾਲ ਵਿਸਥਾਰ ਦੀ ਜ਼ਰੂਰਤ ਨੂੰ ਦਰਸਾਉਂਦਾ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਨਿਓਡੀਮਿਅਮ-ਆਇਰਨ-ਬੋਰੋਨ ਸਥਾਈ ਚੁੰਬਕਾਂ ਲਈ ਇੱਕ ਪਾਇਲਟ ਪ੍ਰੋਜੈਕਟ ਹਾਲ ਹੀ ਵਿੱਚ ਸ਼ੁਰੂ ਕੀਤਾ ਗਿਆ ਹੈ, ਜਦਕਿ ਵਿਸ਼ਾਖਾਪਟਨਮ ਵਿੱਚ ਇੱਕ ਸਮੈਰੀਅਮ-ਕੋਬਾਲਟ ਚੁੰਬਕ ਪਲਾਂਟ ਸ਼ੁਰੂ ਕੀਤਾ ਗਿਆ ਹੈ ਜਿਸ ਦੀ ਸ਼ੁਰੂਆਤੀ ਉਤਪਾਦਨ ਸਮਰੱਥਾ 500 ਟਨ ਪ੍ਰਤੀ ਸਾਲ ਹੈ। ਇਹ ਸਮਰੱਥਾ ਅਗਲੇ ਪੜਾਅ ਵਿੱਚ 2,000 ਟਨ ਅਤੇ ਵਰ੍ਹੇ 2030 ਤੱਕ 5,000 ਟਨ ਤੱਕ ਵਧ ਜਾਵੇਗੀ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਰਕਾਰ ਮਹੱਤਵਪੂਰਨ ਖਣਿਜਾਂ ਦੀ ਖੋਜ ਅਤੇ ਵਿਕਾਸ ਨੂੰ ਤੇਜ਼ ਕਰਨ ਲਈ ਇੱਕ ਸੰਪੂਰਨ ਸਰਕਾਰੀ ਪਹੁੰਚ ਦੇ ਤਹਿਤ ਵੱਖ-ਵੱਖ ਮੰਤਰਾਲਿਆਂ ਨਾਲ ਤਾਲਮੇਲ ਵਿੱਚ ਕੰਮ ਕਰ ਰਹੀ ਹੈ।
ਡਾ. ਜਿਤੇਂਦਰ ਸਿੰਘ ਨੇ ਸ਼੍ਰੀਮਤੀ ਮਹਿਮਾ ਕੁਮਾਰੀ ਮੇਵਾੜ ਦੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਰਾਜਸਥਾਨ ਦੇ ਡੈਗਾਨਾ ਵਿੱਚ ਲਿਥੀਅਮ ਭੰਡਾਰ 'ਤੇ ਸ਼ੁਰੂਆਤੀ ਸਰਵੇਖਣ ਦਾ ਕੰਮ ਚੱਲ ਰਿਹਾ ਹੈ, ਅਤੇ ਹੋਰ ਖੋਜ ਜਲਦੀ ਹੀ ਸ਼ੁਰੂ ਹੋਣ ਦੀ ਉਮੀਦ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਮਾਈਨਜ਼ ਮੰਤਰਾਲੇ ਅਧੀਨ ਜੰਮੂ ਅਤੇ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਵੀ ਇਸੇ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ।
ਡਾ: ਜਿਤੇਂਦਰ ਸਿੰਘ ਨੇ ਕਿਹਾ ਕਿ ਲਿਥੀਅਮ ਅਤੇ ਦੁਰਲਭ ਧਰਤੀ ਦੇ ਤੱਤ ਇਲੈਕਟ੍ਰਿਕ ਵਾਹਨਾਂ, ਨਵਿਆਉਣਯੋਗ ਊਰਜਾ, ਇਲੈਕਟ੍ਰੌਨਿਕਸ, ਰੱਖਿਆ, ਏਅਰੋਸਪੇਸ ਅਤੇ ਪੁਲਾੜ ਐਪਲੀਕੇਸ਼ਨਾਂ ਵਰਗੇ ਖੇਤਰਾਂ ਲਈ ਮਹੱਤਵਪੂਰਨ ਹਨ ਅਤੇ ਇਹ ਸਵੱਛ ਊਰਜਾ ਤਬਦੀਲੀ ਦੇ ਨਾਲ-ਨਾਲ ਭਰੋਸੇਯੋਗ ਊਰਜਾ ਪ੍ਰਣਾਲੀਆਂ ਦੀ ਲੋੜ ਵਾਲੀਆਂ ਉੱਭਰ ਰਹੀਆਂ ਤਕਨਾਲੋਜੀਆਂ ਦਾ ਸਮਰਥਨ ਕਰਨ ਵਿੱਚ ਮੁੱਖ ਭੂਮਿਕਾ ਨਿਭਾਉਣਗੇ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਹਾਲ ਹੀ ਦੇ ਨੀਤੀਗਤ ਉਪਾਵਾਂ, ਜਿਨ੍ਹਾਂ ਵਿੱਚ ਪਰਮਾਣੂ ਊਰਜਾ (ਸੋਧ) ਢਾਂਚੇ ਦੇ ਅਧੀਨ ਉਪਬੰਧ ਸ਼ਾਮਲ ਹਨ, ਨੇ ਕਈ ਮਹੱਤਵਪੂਰਨ ਖਣਿਜਾਂ ਦੀ ਖੋਜ ਨੂੰ ਨਿਜੀ ਖੇਤਰ ਦੀ ਭਾਗੀਦਾਰੀ ਲਈ ਖੋਲ੍ਹ ਦਿੱਤਾ ਹੈ, ਜਿਸ ਵਿੱਚ ਯੂਰੇਨੀਅਮ ਵਰਗੇ ਰਣਨੀਤਿਕ ਸਰੋਤਾਂ ਲਈ ਸੁਰੱਖਿਆ ਉਪਾਅ ਸ਼ਾਮਲ ਹਨ।
ਹਾਲੀਆ ਪਹਿਲਕਦਮੀਆਂ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਪ੍ਰੋਸੈੱਸਿੰਗ ਅਤੇ ਵੈਲਿਊ ਐਡੀਸ਼ਨ ਲਈ ਘਰੇਲੂ ਵਾਤਾਵਰਣ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਤਮਿਲ ਨਾਡੂ, ਓਡੀਸ਼ਾ, ਆਂਧਰ ਪ੍ਰਦੇਸ਼ ਅਤੇ ਕੇਰਲ ਵਿੱਚ ਰੇਅਰ ਅਰਥ ਕੌਰੀਡੋਰਸ ਦਾ ਐਲਾਨ ਕੀਤਾ ਗਿਆ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਦੁਰਲਭ ਧਰਤੀ ਦੇ ਤੱਤ ਸਮੁੰਦਰ ਦੇ ਕੰਢੇ ਦੀ ਰੇਤ ਅਤੇ ਚੱਟਾਨਾਂ ਦੋਵੇਂ ਵਿੱਚ ਪਾਏ ਜਾਂਦੇ ਹਨ, ਜਿਨ੍ਹਾਂ ਦੀ ਖੋਜ ਲਈ ਭੂ-ਵਿਗਿਆਨਿਕ ਸਥਿਤੀਆਂ ਦੇ ਅਧਾਰ 'ਤੇ ਵੱਖ-ਵੱਖ ਦ੍ਰਿਸ਼ਟੀਕੋਣਾਂ ਦੀ ਲੋੜ ਹੁੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਰਾਜਸਥਾਨ, ਗੁਜਰਾਤ ਅਤੇ ਝਾਰਖੰਡ ਸਮੇਤ ਕੁਝ ਖੇਤਰਾਂ ਵਿੱਚ ਚੱਟਾਨਾਂ ਵਿੱਚ ਖਣਿਜਾਂ ਦੇ ਮਹੱਤਵਪੂਰਨ ਭੰਡਾਰ ਹਨ, ਜਿਨ੍ਹਾਂ ਦੀ ਖੋਜ ਕਰਨਾ ਤੁਲਨਾਤਮਕ ਵਧੇਰੇ ਗੁੰਝਲਦਾਰ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਮਾਈਨਿੰਗ ਸੁਰੱਖਿਆ ਉਪਾਅ ਮਾਈਨਜ਼ ਮੰਤਰਾਲੇ ਅਤੇ ਸਬੰਧਿਤ ਰੈਗੂਲੇਟਰੀ ਢਾਂਚੇ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਹਨ। ਉਨ੍ਹਾਂ ਨੇ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।
ਡਾ: ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਆਯਾਤ ਨਿਰਭਰਤਾ ਨੂੰ ਘਟਾਉਣ, ਘਰੇਲੂ ਉਤਪਾਦਨ ਵਧਾਉਣ ਅਤੇ ਭਵਿੱਖ ਦੇ ਉਦਯੋਗਿਕ ਅਤੇ ਤਕਨੀਕੀ ਵਿਕਾਸ ਨੂੰ ਸਮਰਥਨ ਦੇਣ ਲਈ ਇੱਕ ਲਚਕੀਲੀ ਸਪਲਾਈ ਚੇਨ ਬਣਾਉਣ 'ਤੇ ਧਿਆਨ ਕੇਂਦ੍ਰਿਤ ਕਰਕੇ ਮਹੱਤਵਪੂਰਨ ਖਣਿਜ ਖੇਤਰ ਵਿੱਚ ਆਪਣੀ ਸਥਿਤੀ ਨੂੰ ਲਗਾਤਾਰ ਮਜ਼ਬੂਤ ਬਣਾ ਰਿਹਾ ਹੈ।




*****
ਐੱਨਕੇਆਰ/ਏਕੇ/ਐੱਨਐੱਮ/ਏਕੇ
(Release ID: 2245822)
ਵਿਜ਼ੀਟਰ ਕਾਊਂਟਰ : 7