ਵਣਜ ਤੇ ਉਦਯੋਗ ਮੰਤਰਾਲਾ
ਵਿਸ਼ਵ ਵਪਾਰ ਸੰਗਠਨ ਦੀ 14ਵੀਂ ਮੰਤਰੀ ਪੱਧਰੀ ਕਾਨਫਰੰਸ ਕੈਮਰੂਨ ਦੀ ਪ੍ਰਧਾਨਗੀ ਹੇਠ 26-29 ਮਾਰਚ, 2026 ਤੱਕ ਯਾਓਂਡੇ ਵਿੱਚ ਆਯੋਜਿਤ ਕੀਤੀ ਜਾਵੇਗੀ
ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਵਿਸ਼ਵ ਵਪਾਰ ਸੰਗਠਨ ਦੀ ਮੰਤਰੀ ਪੱਧਰੀ ਕਾਨਫਰੰਸ ਵਿੱਚ ਸੀਨੀਅਰ ਅਧਿਕਾਰੀਆਂ ਅਤੇ ਮਾਹਿਰਾਂ ਦੇ ਨਾਲ ਭਾਰਤੀ ਵਫ਼ਦ ਦੀ ਅਗਵਾਈ ਕਰਨਗੇ
ਮੰਤਰੀ ਪੱਧਰੀ ਕਾਨਫਰੰਸ ਵਿੱਚ ਸੁਧਾਰਾਂ, ਈ-ਕਾਮਰਸ, ਨਿਵੇਸ਼ ਸਹੂਲਤ, ਮੱਛੀ ਪਾਲਣ ਸਬਸਿਡੀਆਂ ਅਤੇ ਖੇਤੀਬਾੜੀ ਨਾਲ ਸਬੰਧਿਤ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ
Posted On:
25 MAR 2026 5:06PM by PIB Chandigarh
ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ ) ਦੀ 14ਵੀਂ ਮੰਤਰੀ ਪੱਧਰੀ ਕਾਨਫਰੰਸ (ਐੱਮਸੀ 14) 26-29 ਮਾਰਚ 2026 ਨੂੰ ਕੈਮਰੂਨ ਦੇ ਯਾਓਂਡੇ ਵਿੱਚ ਆਯੋਜਿਤ ਕੀਤੀ ਜਾਵੇਗੀ। ਕੈਮਰੂਨ ਦੇ ਵਪਾਰ ਮੰਤਰੀ ਸ਼੍ਰੀ ਲਯੂਕ ਮੈਗਲੌਯਰ ਮਬਾਰਗਾ ਅਤੰਗਾਨਾ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਇਹ ਕਾਨਫਰੰਸ, ਵਿਸ਼ਵ ਵਪਾਰ ਪ੍ਰਣਾਲੀ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਖ ਮੁੱਦਿਆਂ 'ਤੇ ਚਰਚਾ ਕਰਨ ਲਈ ਮੈਂਬਰ ਦੇਸ਼ਾਂ ਦੇ ਵਪਾਰ ਮੰਤਰੀਆਂ ਨੂੰ ਇਕੱਠੇ ਕਰੇਗੀ।
ਭਾਰਤੀ ਵਫ਼ਦ ਦੀ ਅਗਵਾਈ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਕਰਨਗੇ। ਵਫ਼ਦ ਵਿੱਚ ਵਣਜ ਵਿਭਾਗ ਦੇ ਸੀਨੀਅਰ ਅਧਿਕਾਰੀ, ਜੇਨੇਵਾ ਵਿੱਚ ਭਾਰਤ ਦੇ ਸਥਾਈ ਮਿਸ਼ਨ ਦੇ ਅਧਿਕਾਰੀ, ਵੱਖ-ਵੱਖ ਸਬੰਧਿਤ ਮੰਤਰਾਲਿਆਂ/ਵਿਭਾਗਾਂ ਦੇ ਪ੍ਰਤੀਨਿਧੀ ਅਤੇ ਵੱਖ-ਵੱਖ ਸੰਵਾਦ ਸੈਸ਼ਨਾਂ ਵਿੱਚ ਹਿੱਸਾ ਲੈਣ ਵਾਲੇ ਤਕਨੀਕੀ ਅਤੇ ਕਾਨੂੰਨੀ ਮਾਹਿਰ ਸ਼ਾਮਲ ਹੋਣਗੇ।
ਚਰਚਾ ਲਈ ਮੁੱਖ ਏਜੰਡੇ ਆਈਟਮਾਂ ਵਿੱਚ ਡਬਲਿਊਟੀਓ ਸੁਧਾਰ, ਈ-ਕਾਮਰਸ ਕਾਰਜ ਪ੍ਰੋਗਰਾਮ ਅਤੇ ਮੋਰੇਟੋਰੀਅਮ, ਵਿਕਾਸ ਲਈ ਨਿਵੇਸ਼ ਸਹੂਲਤ (ਆਈਐੱਫਡੀ), ਮੱਛੀ ਪਾਲਣ ਸਬਸਿਡੀਆਂ, ਅਤੇ ਖੇਤੀਬਾੜੀ ਅਤੇ ਵਿਕਾਸ ਨਾਲ ਜੁੜੇ ਮੁੱਦੇ ਸ਼ਾਮਲ ਹਨ।
ਇਸ ਕਾਨਫਰੰਸ ਵਿੱਚ (ਐੱਮਸੀ14) ਵਿੱਚ ਭਾਰਤ ਦੀ ਭਾਗੀਦਾਰੀ ਰਚਨਾਤਮਕ, ਸੰਤੁਲਿਤ ਅਤੇ ਵਿਕਾਸ-ਮੁਖੀ ਰਹੇਗੀ। ਭਾਰਤ ਵਿਕਾਸ ਚਿੰਤਾਵਾਂ ਨੂੰ ਕੇਂਦ੍ਰਿਤ ਕਰਦੇ ਹੋਏ ਬਹੁਪੱਖੀ ਵਪਾਰ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸਾਰਥਕ ਡਬਲਿਊਟੀਓ ਸੁਧਾਰਾਂ ਦਾ ਸਮਰਥਨ ਕਰਨਾ ਜਾਰੀ ਰੱਖੇਗਾ। ਭਾਰਤ ਡਬਲਿਊਟੀਓ ਦੇ ਬਹੁਪੱਖੀ ਆਦੇਸ਼ ਦਾ ਸਤਿਕਾਰ ਕਰਨ, ਖੁਰਾਕ ਸੁਰੱਖਿਆ ਨੂੰ ਤਰਜੀਹ ਦੇਣ, ਛੋਟੇ ਕਿਸਾਨਾਂ ਅਤੇ ਮਛੇਰਿਆਂ ਦੀ ਆਜੀਵਿਕਾ ਦੀ ਰੱਖਿਆ ਕਰਨ, ਅਤੇ ਡਿਜੀਟਲ ਵਪਾਰ ਵਰਗੇ ਉੱਭਰ ਰਹੇ ਖੇਤਰਾਂ ਵਿੱਚ ਵਿਕਾਸਸ਼ੀਲ ਅਰਥਵਿਵਸਥਾਵਾਂ ਲਈ ਢੁਕਵੀਂ ਨੀਤੀਗਤ ਗੁਜਾਇਸ਼ ਯਕੀਨੀ ਬਣਾਉਣ ਦੀ ਮਹੱਤਤਾ 'ਤੇ ਜ਼ੋਰ ਦੇਵੇਗਾ।
ਐੱਮਸੀ14 ਤੋਂ ਪਹਿਲਾਂ ਦੀਆਂ ਤਿਆਰੀਆਂ ਦੌਰਾਨ, ਭਾਰਤ ਨੇ ਲਗਾਤਾਰ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਡਬਲਿਊਟੀਓ ਨੂੰ ਕੇਂਦਰ ਵਿੱਚ ਰੱਖਦੇ ਹੋਏ ਇੱਕ ਖੁੱਲ੍ਹੀ, ਨਿਰਪੱਖ, ਸਮਾਵੇਸ਼ੀ, ਅਤੇ ਗੈਰ-ਭੇਦਭਾਵ ਰਹਿਤ ਬਹੁ-ਪੱਖੀ ਵਪਾਰ ਪ੍ਰਣਾਲੀ ਨੂੰ ਯਕੀਨੀ ਬਣਾਈ ਜਾਵੇ । ਭਾਰਤ ਨੇ ਗੈਰ-ਭੇਦਭਾਵ ਦੇ ਸਿਧਾਂਤ ਨੂੰ ਡਬਲਿਊਟੀਓ ਢਾਂਚੇ ਦੇ ਮੁਲਭੂਤ ਅਧਾਰ ਵਜੋਂ ਦੁਹਰਾਇਆ, ਜਿਵੇਂ ਕਿ ਮਰਾਕੇਸ਼ ਸਮਝੌਤੇ ਵਿੱਚ ਦਰਸਾਇਆ ਗਿਆ ਹੈ। ਇਸਨੇ ਖੁਰਾਕ ਸੁਰੱਖਿਆ ਦੇ ਉਦੇਸ਼ਾਂ ਲਈ ਜਨਤਕ ਸਟਾਕਹੋਲਡਿੰਗ 'ਤੇ ਇੱਕ ਸਥਾਈ ਹੱਲ, ਵਿਕਾਸਸ਼ੀਲ ਦੇਸ਼ਾਂ ਅਤੇ ਘੱਟ ਵਿਕਸਿਤ ਦੇਸ਼ਾਂ (ਐਲਡੀਸੀਸ) ਲਈ ਪ੍ਰਭਾਵਸ਼ਾਲੀ "ਵਿਸ਼ੇਸ਼ ਅਤੇ ਵਿਭਿੰਨ ਟ੍ਰੀਟਮੈਂਟ" (ਐਸਐਂਡਡੀਟੀ) ਪ੍ਰਵਧਾਨਾਂ, ਅਤੇ ਇੱਕ ਪੂਰੀ ਤਰ੍ਹਾਂ ਕਾਰਜਸ਼ੀਲ, ਆਟੋਮੈਟਿਕ ਅਤੇ ਬਾਈਡਿੰਗ ਵਿਵਾਦ ਨਿਪਟਾਰਾ ਵਿਧੀ ਦੀ ਬਹਾਲੀ ਸਹਿਤ ਵਿਕਾਸ-ਕੇਂਦ੍ਰਿਤ ਏਜੰਡੇ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ ਹੈ ।
ਪੀਐੱਸਐੱਚ ‘ਤੇ ਸਥਾਈ ਹੱਲ ਭਾਰਤ ਲਈ ਬਹੁਤ ਮਹੱਤਵਪੂਰਨ ਹੈ, ਕਿਉਂਕਿ ਦੇਸ਼ ਦੇ ਕਿਸਾਨਾਂ ਦਾ ਇੱਕ ਵੱਡਾ ਹਿੱਸਾ ਘੱਟ ਆਮਦਨ ਵਾਲੇ ਅਤੇ ਸਰੋਤਾਂ ਤੋਂ ਸੀਮਤ ਹਨ, ਜੋ ਘੱਟੋ-ਘੱਟ ਸਮਰਥਨ ਮੁੱਲ ਪ੍ਰਣਾਲੀ 'ਤੇ ਕੀਮਤ ਭਰੋਸਾ ਅਤੇ ਆਜੀਵਿਕਾ ਸੁਰੱਖਿਆ ਲਈ ਨਿਰਭਰ ਕਰਦੇ ਹਨ। ਮੱਛੀ ਪਾਲਣ ਸਬਸਿਡੀਆਂ 'ਤੇ, ਭਾਰਤ- ਨੇ ਇੱਕ ਸੰਤੁਲਿਤ ਪਹੁੰਚ ਦੀ ਵਕਾਲਤ ਕੀਤੀ ਜੋ ਮਛੇਰਿਆਂ ਦੀ ਆਜੀਵਿਕਾ ਦੀ ਰੱਖਿਆ ਕਰਦੇ ਹੋਏ ਸਥਿਰਤਾ ਸਬੰਧੀ ਚਿੰਤਾਵਾਂ ਨੂੰ ਦੂਰ ਕਰਦਾ ਹੈ। ਭਾਰਤ ਨੇ ਇਹ ਵੀ ਰੇਖਾਂਕਿਤ ਕੀਤਾ ਕਿ ਦੂਰ-ਦੁਰਾਡੇ ਸਮੁੰਦਰੀ ਮੱਛੀ ਫੜਨ ਵਾਲੇ ਦੇਸ਼ਾਂ ਨੂੰ ਆਪਣੀ ਸਮਰੱਥਾ ਵਿੱਚ ਹੌਲੀ-ਹੌਲੀ ਕਮੀ ਸਮੇਤ ਅਨੁਪਾਤਕ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਹਨ।
ਆਈਐੱਫਡੀ ਏਜੰਡੇ 'ਤੇ, ਭਾਰਤ ਉਨ੍ਹਾਂ ਪਹਿਲਕਦਮੀਆਂ ਦਾ ਸਮਰਥਨ ਕਰਦਾ ਹੈ ਜੋ ਵਿਕਾਸਸ਼ੀਲ ਦੇਸ਼ਾਂ, ਖਾਸ ਕਰਕੇ ਘੱਟ ਵਿਕਸਿਤ ਦੇਸ਼ਾਂ ਵਿੱਚ ਨਿਵੇਸ਼ ਪ੍ਰਵਾਹ ਨੂੰ ਸੁਵਿਧਾਜਨਕ ਬਣਾਉਂਦੀਆਂ ਹਨ। ਈ-ਕਾਮਰਸ ਮੋਰੇਟੋਰੀਅਮ ਦੇ ਸਬੰਧ ਵਿੱਚ, ਭਾਰਤ ਨੇ ਡਿਜੀਟਲ ਅਰਥਵਿਵਸਥਾ ਦੀ ਤੇਜ਼ੀ ਨਾਲ ਬਦਲਦੇ ਸੁਭਾਅ, ਖਾਸ ਕਰਕੇ ਉੱਭਰ ਰਹੀਆਂ ਤਕਨਾਲੋਜੀਆਂ ਦੇ ਸੰਦਰਭ ਵਿੱਚ, ਅਤੇ ਦੇਸ਼ਾਂ ਨੂੰ ਇਨ੍ਹਾਂ ਵਿਕਾਸਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਲਾਭ ਉਠਾਉਣ ਦੇ ਯੋਗ ਬਣਾਉਣ ਲਈ ਨੀਤੀਗਤ ਗੁਜਾਇਸ਼ ਦੀ ਜ਼ਰੂਰਤ ਨੂੰ ਉਜਾਗਰ ਕੀਤਾ।
ਭਾਰਤ ਆਪਣੇ ਦੁਵੱਲੇ ਵਪਾਰਕ ਸਬੰਧਾਂ ਨੂੰ ਸਰਗਰਮੀ ਨਾਲ ਅੱਗੇ ਵਧਾ ਰਿਹਾ ਹੈ। ਹਾਲ ਹੀ ਵਿੱਚ, ਭਾਰਤ ਨੇ ਯੂਨਾਈਟਿਡ ਕਿੰਗਡਮ ਅਤੇ ਓਮਾਨ ਨਾਲ ਵੱਡੇ ਮੁਕਤ ਵਪਾਰ ਸਮਝੌਤਿਆਂ ਨੂੰ ਅੰਤਿਮ ਰੂਪ ਦਿੱਤਾ ਹੈ ਅਤੇ ਨਿਊਜ਼ੀਲੈਂਡ ਅਤੇ ਯੂਰੋਪੀਅਨ ਯੂਨੀਅਨ ਜਿਹੇ ਹੋਰ ਮੁੱਖ ਭਾਈਵਾਲਾਂ ਨਾਲ ਗੱਲਬਾਤ ਵਿੱਚ ਪ੍ਰਗਤੀ ਕੀਤੀ ਹੈ। ਭਾਰਤ ਦੇ ਐੱਫਟੀਏ ਡਬਲਿਊਟੀਓ ਸਿਧਾਂਤਾਂ ਦੇ ਅਨੁਕੂਲ ਹਨ ਅਤੇ ਨਿਯਮਾਂ-ਅਧਾਰਿਤ ਬਹੁਪੱਖੀ ਵਪਾਰ ਪ੍ਰਣਾਲੀ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ। ਵਰਤਮਾਨ ਵਿੱਚ ਭਾਈਵਾਲ ਦੇਸ਼ਾਂ ਨਾਲ ਕਈ ਐੱਫਟੀਏ ਵਾਰਤਾਵਾਂ ਚੱਲ ਰਹੀਆਂ ਹਨ।
ਐੱਮਸੀ 14 ਦੇ ਮੌਕੇ 'ਤੇ ਵਣਜ ਅਤੇ ਉਦਯੋਗ ਮੰਤਰੀ ਅਤੇ ਵਣਜ ਸਕੱਤਰ ਦੇ ਪੱਧਰ 'ਤੇ ਕਈ ਦੁਵੱਲੀਆਂ ਮੀਟਿੰਗਾਂ ਨਿਰਧਾਰਿਤ ਹਨ। ਇਹ ਮੀਟਿੰਗਾਂ ਪ੍ਰਮੁੱਖ ਏਜੰਡੇ ਦੇ ਬਿੰਦੂਆਂ 'ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨ ਅਤੇ ਦੁਵੱਲੇ ਵਪਾਰ ਮੁੱਦਿਆਂ 'ਤੇ ਚਰਚਾ ਕਰਨ ਦਾ ਮੌਕਾ ਪ੍ਰਦਾਨ ਕਰਨਗੀਆਂ।
***************
ਅਭਿਸ਼ੇਕ ਦਯਾਲ/ ਗਰਿਮਾ ਸਿੰਘ/ ਇਸ਼ਿਤਾ ਬਿਸਵਾਸ
(Release ID: 2245816)
ਵਿਜ਼ੀਟਰ ਕਾਊਂਟਰ : 8