ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
"ਇਹ ਸਿਰਫ਼ ਪ੍ਰਦਰਸ਼ਨੀ ਨਹੀਂ, ਸਗੋਂ ਗਰਿਮਾ, ਆਤਮਨਿਰਭਰਤਾ ਅਤੇ ਸਸ਼ਕਤੀਕਰਣ ਦਾ ਉਤਸਵ ਹੈ” — ਡਾ. ਵੀਰੇਂਦਰ ਕੁਮਾਰ ਨੇ ਚੰਡੀਗੜ੍ਹ ਵਿੱਚ 29ਵੇਂ ਦਿਵਯ ਕਲਾ ਮੇਲੇ ਦਾ ਉਦਘਾਟਨ ਕੀਤਾ
Posted On:
14 FEB 2026 6:04PM by PIB Chandigarh
“ਇਹ ਸਿਰਫ਼ ਪ੍ਰਦਰਸ਼ਨੀ ਨਹੀਂ, ਸਗੋਂ ਗਰਿਮਾ, ਆਤਮਨਿਰਭਰਤਾ ਅਤੇ ਸਸ਼ਕਤੀਕਰਣ ਦਾ ਉਤਸਵ ਹੈ।” ਇਨ੍ਹਾਂ ਪ੍ਰਭਾਵਸ਼ਾਲੀ ਸ਼ਬਦਾਂ ਨਾਲ ਡਾ. ਵੀਰੇਂਦਰ ਕੁਮਾਰ, ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ, ਨੇ ਅੱਜ ਚੰਡੀਗੜ੍ਹ ਦੇ ਐਗਜ਼ੀਬਿਸ਼ਨ ਗਰਾਊਂਡ ਵਿੱਚ 29ਵੇਂ ਦਿਵਯ ਕਲਾ ਮੇਲੇ ਦਾ ਉਦਘਾਟਨ ਕੀਤਾ। ਉਨ੍ਹਾਂ ਇਸ ਮੇਲੇ ਨੂੰ ਇੱਕ ਪਰਿਵਰਤਨਸ਼ੀਲ ਅਭਿਆਨ ਦੱਸਦੇ ਹੋਏ ਕਿਹਾ ਕਿ ਇਹ ਦੇਸ਼ ਭਰ ਦੇ ਦਿਵਯਾਂਗਜਨਾਂ ਦੇ ਜੀਵਨ ਵਿੱਚ ਆਸ਼ਾ ਦੀ ਨਵੀਂ ਕਿਰਨ ਬਣ ਕੇ ਉਭਰਿਆ ਹੈ ਅਤੇ ਸਮਾਵੇਸ਼ੀ ਵਿਕਾਸ ਅਤੇ ਸਮਾਨ ਮੌਕਿਆਂ ਪ੍ਰਤੀ ਸਰਕਾਰ ਦੀ ਅਟੱਲ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਸਾਲ 2014 ਤੋਂ ਬਾਅਦ ਸਸ਼ਕਤੀਕਰਣ ਦੀ ਯਾਤਰਾ ਦਾ ਜ਼ਿਕਰ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਅਗਵਾਈ ਵਿੱਚ ਅਪਮਾਨਜਨਕ ਸ਼ਬਦਾਵਲੀ ਤੋਂ ਹਟ ਕੇ “ਦਿਵਯਾਂਗ” ਵਰਗੇ ਸਨਮਾਨਜਨਕ ਸ਼ਬਦ ਦਾ ਪ੍ਰਯੋਗ ਸਿਰਫ਼ ਭਾਸ਼ਾ ਦਾ ਬਦਲਾਅ ਨਹੀਂ, ਸਗੋਂ ਦ੍ਰਿਸ਼ਟੀਕੋਣ ਦਾ ਬਦਲਾਅ ਸੀ। ਦਿਵਯਾਂਗਜਨ ਅਧਿਕਾਰ ਐਕਟ, 2016 ਦਾ ਲਾਗੂ ਹੋਣਾ, ਦਿਵਯਾਂਗਤਾ ਦੀਆਂ ਸ਼੍ਰੇਣੀਆਂ ਦਾ ਵਿਸਥਾਰ ਅਤੇ ‘ਸੁਗਮ ਭਾਰਤ ਅਭਿਆਨ’ ਰਾਹੀਂ ਜਨਤਕ ਸਥਾਨਾਂ ਨੂੰ ਸੁਲੱਭ ਬਣਾਉਣ ਦੇ ਯਤਨਾਂ ਨੇ ਗਰਿਮਾ, ਪਹੁੰਚ ਅਤੇ ਸਹਿਭਾਗੀਤਾ ਦੀ ਮਜ਼ਬੂਤ ਨੀਂਹ ਰੱਖੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੱਚਾ ਸਨਮਾਨ ਸਿਰਫ਼ ਸ਼ਬਦਾਂ ਨਾਲ ਨਹੀਂ, ਸਗੋਂ ਆਰਥਿਕ ਸਸ਼ਕਤੀਕਰਣ, ਸਮਾਜਿਕ ਸਮਾਵੇਸ਼ ਅਤੇ ਆਤਮਨਿਰਭਰਤਾ ਨਾਲ ਯਕੀਨੀ ਬਣਾਇਆ ਜਾਂਦਾ ਹੈ। ਦਿਵਯ ਕਲਾ ਮੇਲਾ ਇਸੇ ਸੋਚ ਦਾ ਸਾਕਾਰ ਰੂਪ ਹੈ, ਜੋ ਦਿਵਯਾਂਗ ਕਾਰੀਗਰਾਂ ਅਤੇ ਉੱਦਮੀਆਂ ਦੀ ਪ੍ਰਤਿਭਾ ਨੂੰ ਸਿੱਧੇ ਬਾਜ਼ਾਰ ਨਾਲ ਜੋੜਦਾ ਹੈ।

ਸ਼੍ਰੀ ਸਤਨਾਮ ਸਿੰਘ ਸੰਧੂ, ਮਾਣਯੋਗ ਰਾਜ ਸਭਾ ਮੈਂਬਰ, ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਰਤੀ ਸੱਭਿਆਚਾਰ ਦੇ ਅਨੁਰੂਪ ਦਿਵਯਾਂਗਜਨਾਂ ਨੂੰ ਸਨਮਾਨ ਦੇਣਾ ਇੱਕ ਇਤਿਹਾਸਕ ਕਦਮ ਹੈ। ਹਾਲਾਂਕਿ ਉਨ੍ਹਾਂ ਇਹ ਵੀ ਉਜਾਗਰ ਕੀਤਾ ਕਿ ਸਨਮਾਨ ਨਾਲ ਸਸ਼ਕਤੀਕਰਣ ਜ਼ਰੂਰੀ ਹੈ। ਉਨ੍ਹਾਂ ਕਿਹਾ “ਰੁਜ਼ਗਾਰ ਅਤੇ ਆਤਮਨਿਰਭਰਤਾ ਤੋਂ ਬਿਨਾਂ ਗਰਿਮਾ ਅਧੂਰੀ ਹੈ” ਅਤੇ ਦਿਵਯ ਕਲਾ ਮੇਲਾ ਵਰਗੇ ਮੰਚਾਂ ਦੀ ਸਰਾਹਨਾ ਕੀਤੀ, ਜੋ ਖਾਸ ਕਰਕੇ ਦੂਰ-ਦੁਰਾਡੇ ਦੇ ਦਿਵਯਾਂਗ ਨੌਜਵਾਨਾਂ ਨੂੰ ਆਪਣੇ ਉਤਪਾਦ ਪ੍ਰਦਰਸ਼ਿਤ ਅਤੇ ਮਾਰਕੀਟਿੰਗ ਕਰਨ ਦਾ ਅਵਸਰ ਪ੍ਰਦਾਨ ਕਰਦੇ ਹਨ।
ਸ਼੍ਰੀ ਸੌਰਭ ਜੋਸ਼ੀ, ਚੰਡੀਗੜ੍ਹ ਦੇ ਮੇਅਰ, ਨੇ ਇਸ ਮੌਕੇ ਨੂੰ ਪ੍ਰਤਿਭਾ, ਆਤਮ ਵਿਸ਼ਵਾਸ ਅਤੇ ਮਾਨਵੀ ਸਮਰੱਥਾ ਦਾ ਉਤਸਵ ਦੱਸਿਆ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ ਦਿਵਯ ਕਲਾ ਮੇਲਾ, ਦਿਵਯਾਂਗ ਕਲਾ ਸ਼ਕਤੀ ਅਤੇ ਰੁਜ਼ਗਾਰ ਮੇਲੇ ਦਾ ਆਯੋਜਨ ਸਮਾਵੇਸ਼ ਪ੍ਰਤੀ ਸ਼ਹਿਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਅਤੇ ਇਹ ਸੰਦੇਸ਼ ਦਿੰਦਾ ਹੈ ਕਿ ਦਿਵਯਾਂਗਤਾ ਕੋਈ ਸੀਮਾ ਨਹੀਂ, ਸਗੋਂ ਵਿਸ਼ੇਸ਼ ਸਮਰੱਥਾ ਦੀ ਪਛਾਣ ਹੈ।
ਆਪਣੇ ਸਵਾਗਤ ਭਾਸ਼ਣ ਵਿੱਚ ਸ਼੍ਰੀ ਰਾਜੀਵ ਸ਼ਰਮਾ, ਸੰਯੁਕਤ ਸਕੱਤਰ, ਦਿਵਯਾਂਗਜਨ ਸਸ਼ਕਤੀਕਰਣ ਵਿਭਾਗ (DEPwD), ਨੇ ਇਸ ਪਹਿਲ ਦੇ ਠੋਸ ਆਰਥਿਕ ਪ੍ਰਭਾਵ ਨੂੰ ਉਜਾਗਰ ਕੀਤਾ। ਪਿਛਲੇ ਤਿੰਨ ਸਾਲਾਂ ਵਿੱਚ ਵੱਖ-ਵੱਖ ਸ਼ਹਿਰਾਂ ਵਿੱਚ ਆਯੋਜਿਤ ਦਿਵਯ ਕਲਾ ਮੇਲਿਆਂ ਰਾਹੀਂ 2366.43 ਲੱਖ ਰੁਪਏ ਦਾ ਜ਼ਿਕਰਯੋਗ ਵਪਾਰ ਦਰਜ ਕੀਤਾ ਗਿਆ ਹੈ, ਜੋ ਉਤਪਾਦਾਂ ਦੀ ਵਧਦੀ ਬਾਜ਼ਾਰ ਸਵੀਕਾਰਤਾ ਅਤੇ ਉੱਦਮਸ਼ੀਲਤਾ ਦੀ ਸਮਰੱਥਾ ਨੂੰ ਪ੍ਰਮਾਣਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਮੇਲੇ ਸਿਰਫ਼ ਪ੍ਰਦਰਸ਼ਨੀ ਨਹੀਂ, ਸਗੋਂ ਆਰਥਿਕ ਸਮਾਵੇਸ਼ ਅਤੇ ਆਤਮਨਿਰਭਰਤਾ ਦੇ ਸਸ਼ਕਤ ਮਾਧਿਅਮ ਹਨ।
ਚੰਡੀਗੜ੍ਹ ਵਿੱਚ ਆਯੋਜਿਤ 29ਵੇਂ ਦਿਵਯ ਕਲਾ ਮੇਲੇ ਵਿੱਚ ਸ਼੍ਰੀਮਤੀ ਅਨੁਰਾਧਾ ਐੱਸ. ਚਗਤੀ, ਸਕੱਤਰ, ਸਮਾਜਿਕ ਕਲਿਆਣ ਅਤੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਚੰਡੀਗੜ੍ਹ; ਸ਼੍ਰੀ ਵਿਨੀਤ ਰਾਣਾ, ਮੁੱਖ ਮਹਾਪ੍ਰਬੰਧਕ, NDFDC; ਸ਼੍ਰੀ ਐੱਮ. ਕੇ. ਸਾਹੂ, ਸਹਾਇਕ ਮਹਾਪ੍ਰਬੰਧਕ, NDFDC ਸਮੇਤ ਹੋਰ ਪਤਵੰਤਿਆਂ ਦੀ ਗਰਿਮਾਮਈ ਮੌਜੂਦਗੀ ਰਹੀ। ਹੁਣ ਤੱਕ ਦੇਸ਼ ਦੇ 28 ਸਥਾਨਾਂ 'ਤੇ ਦਿਵਯ ਕਲਾ ਮੇਲਿਆਂ ਦਾ ਆਯੋਜਨ ਕੀਤਾ ਜਾ ਚੁੱਕਿਆ ਹੈ, ਜਿਨ੍ਹਾਂ ਵਿੱਚ ਲਗਭਗ 2,362 ਦਿਵਯਾਂਗ ਉੱਦਮੀਆਂ ਨੇ ਹਿੱਸਾ ਲਿਆ ਅਤੇ ਜਨਤਕ ਤੌਰ 'ਤੇ 23 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ — ਜੋ ਸਮਾਵੇਸ਼ੀ ਉੱਦਮਸ਼ੀਲਤਾ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਉਪਲੱਬਧੀ ਹੈ।
ਇਨ੍ਹਾਂ ਮੇਲਿਆਂ ਰਾਹੀਂ ਸਰਕਾਰ ਨੇ ਦਿਵਯਾਂਗ ਉੱਦਮੀਆਂ ਨੂੰ ਪ੍ਰੋਤਸਾਹਿਤ ਕਰਨ ਲਈ 20 ਕਰੋੜ ਰੁਪਏ ਤੋਂ ਵੱਧ ਦੇ ਕਰਜ਼ੇ ਵੀ ਮਨਜ਼ੂਰ ਕੀਤੇ ਹਨ। ਨਾਲ ਹੀ ਆਯੋਜਿਤ ਰੁਜ਼ਗਾਰ ਮੇਲਿਆਂ ਵਿੱਚ ਹੁਣ ਤੱਕ 3,131 ਪ੍ਰਤੀਭਾਗੀਆਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ 1,007 ਪ੍ਰਤੀਭਾਗੀਆਂ ਨੂੰ ਸ਼ਾਰਟਲਿਸਟ ਕੀਤਾ ਗਿਆ ਅਤੇ 313 ਤੋਂ ਵੱਧ ਨੂੰ ਰੁਜ਼ਗਾਰ ਪ੍ਰਸਤਾਵ ਪ੍ਰਾਪਤ ਹੋਏ ਹਨ।
ਚੰਡੀਗੜ੍ਹ ਮੇਲੇ ਵਿੱਚ ਲਗਭਗ 75 ਸਟਾਲ ਲਗਾਏ ਗਏ ਹਨ, ਜਿਨ੍ਹਾਂ ਵਿੱਚ ਦਿਵਯਾਂਗ ਉੱਦਮੀਆਂ ਦੇ ਨਾਲ-ਨਾਲ ਭਾਰਤ ਸਰਕਾਰ ਦੀਆਂ ਸੰਸਥਾਵਾਂ ਅਤੇ ਵੱਖ-ਵੱਖ ਗੈਰ-ਸਰਕਾਰੀ ਸੰਗਠਨਾਂ ਦੀ ਭਾਗੀਦਾਰੀ ਹੈ। 19 ਫਰਵਰੀ 2026 ਨੂੰ ਦਿਵਯਾਂਗਜਨਾਂ ਲਈ ਇੱਕ ਵਿਸ਼ੇਸ਼ ਰੁਜ਼ਗਾਰ ਮੇਲਾ ਆਯੋਜਿਤ ਕੀਤਾ ਜਾਵੇਗਾ। ਸੈਲਾਨੀ ALIMCO ਸਟਾਲ 'ਤੇ ਸਹਾਇਕ ਉਪਕਰਣਾਂ ਲਈ ਰਜਿਸਟ੍ਰੇਸ਼ਨ ਕਰ ਸਕਦੇ ਹਨ, ਜਦਕਿ ਵੱਖ-ਵੱਖ ਸੰਸਥਾਵਾਂ ਸਸ਼ਕਤੀਕਰਣ ਨਾਲ ਸਬੰਧਿਤ ਨਵੀਨਤਾਵਾਂ ਅਤੇ ਨਵੀਆਂ ਪਹਿਲਾਂ ਦਾ ਪ੍ਰਦਰਸ਼ਨ ਕਰ ਰਹੀਆਂ ਹਨ। ਬੋਚੀਆ, ਬਲਾਈੰਡ ਕ੍ਰਿਕਟ ਵਰਗੇ ਸਮਾਵੇਸ਼ੀ ਖੇਡਾਂ ਅਤੇ ਰੋਜ਼ਾਨਾ ਆਯੋਜਿਤ ਸੱਭਿਆਚਾਰਕ ਪ੍ਰੋਗਰਾਮਾਂ ਨਾਲ ਮੇਲਾ ਜੀਵੰਤ ਬਣਿਆ ਹੋਇਆ ਹੈ। 21 ਫਰਵਰੀ 2026 ਨੂੰ “ਦਿਵਯਾਂਗ ਕਲਾ ਸ਼ਕਤੀ” ਸਿਰਲੇਖ ਨਾਲ ਵਿਸ਼ੇਸ਼ ਸੱਭਿਆਚਾਰਕ ਪੇਸ਼ਕਾਰੀ ਵੀ ਆਯੋਜਿਤ ਕੀਤੀ ਜਾਵੇਗੀ।
***********
ਆਰਐੱਨ
(Release ID: 2228190)
ਵਿਜ਼ੀਟਰ ਕਾਊਂਟਰ : 4