ਲੋਕ ਸਭਾ ਸਕੱਤਰੇਤ
ਲੋਕ ਸਭਾ ਸਪੀਕਰ ਨੇ ਵਿਧਾਨ ਸਭਾਵਾਂ ਵਿੱਚ ਮਰਿਆਦਾ ਅਤੇ ਮਾਣ-ਸਨਮਾਨ ਦੀ ਘਾਟ ਹੋਣ 'ਤੇ ਚਿੰਤਾ ਪ੍ਰਗਟਾਈ
ਲੋਕ ਸਭਾ ਸਪੀਕਰ ਨੇ ਰਚਨਾਤਮਕ ਆਲੋਚਨਾ ਰਾਹੀਂ ਅਰਥਪੂਰਨ ਵਿਧਾਨਕ ਨਿਗਰਾਨੀ 'ਤੇ ਜ਼ੋਰ ਦਿੱਤਾ
ਮਜ਼ਬੂਤ ਵਿਧਾਇਕ ਇੱਕ ਮਜ਼ਬੂਤ ਲੋਕਤੰਤਰ ਦੀ ਨੀਂਹ ਹਨ: ਲੋਕ ਸਭਾ ਸਪੀਕਰ
ਸੰਵਿਧਾਨਕ ਜਾਗਰੂਕਤਾ ਅਤੇ ਪ੍ਰਕਿਰਿਆਵਾਂ ਦਾ ਸਹੀ ਗਿਆਨ ਕਾਨੂੰਨ ਨਿਰਮਾਤਾਵਾਂ ਦੀ ਭਰੋਸੇਯੋਗਤਾ ਨੂੰ ਵਧਾਉਂਦਾ ਹੈ: ਲੋਕ ਸਭਾ ਸਪੀਕਰ
ਬਿਹਾਰ ਦੀ ਲੋਕਤੰਤਰੀ ਪਰੰਪਰਾ ਨੇ ਭਾਰਤ ਦੀ ਸੰਸਦੀ ਪ੍ਰਣਾਲੀ ਲਈ ਵਿਚਾਰਧਾਰਕ ਨੀਂਹ ਪ੍ਰਦਾਨ ਕੀਤੀ ਹੈ: ਲੋਕ ਸਭਾ ਸਪੀਕਰ
ਬਿਹਾਰ ਵਿਧਾਨ ਸਭਾ ਦੇ ਸਥਾਪਨਾ ਦਿਵਸ ਦੇ ਮੌਕੇ 'ਤੇ ਲੋਕ ਸਭਾ ਸਪੀਕਰ ਨੇ ਬਿਹਾਰ ਵਿਧਾਨ ਸਭਾ ਦੇ ਮੈਂਬਰਾਂ ਨੂੰ ਸੰਬੋਧਨ ਕੀਤਾ
ਲੋਕ ਸਭਾ ਸਪੀਕਰ ਨੇ ਬਿਹਾਰ ਵਿਧਾਨ ਸਭਾ ਵਿੱਚ ਨੇਵਾ ਡਿਜੀਟਲ ਹਾਊਸ ਦਾ ਉਦਘਾਟਨ ਕੀਤਾ
Posted On:
07 FEB 2026 8:09PM by PIB Chandigarh
ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਨੇ ਅੱਜ ਵਿਧਾਨ ਸਭਾਵਾਂ ਵਿੱਚ ਗਰਿਮਾ ਅਤੇ ਮਾਣ-ਸਨਮਾਨ ਦੀ ਘਾਟ ਹੋਣ 'ਤੇ ਚਿੰਤਾ ਪ੍ਰਗਟ ਕੀਤੀ। ਵਿਧਾਨਕ ਸੰਸਥਾਨਾਂ ਦੀ ਪਵਿੱਤਰਤਾ ਨੂੰ ਬਣਾਈ ਰੱਖਣ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਬਿਰਲਾ ਨੇ ਕਿਹਾ ਕਿ ਸਦਨ ਦੀ ਮਰਿਆਦਾ ਅਤੇ ਮਾਣ-ਸਨਮਾਨ ਨੂੰ ਬਣਾਈ ਰੱਖਣਾ ਹਰੇਕ ਜਨ ਪ੍ਰਤੀਨਿਧੀ ਦੀ ਮੌਲਿਕ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਲੋਕਤੰਤਰ ਦੀ ਇੱਕ ਮਹੱਤਵਪੂਰਨ ਸੰਸਥਾ ਹੈ ਅਤੇ ਇਸ ਦੀ ਮਰਿਆਦਾ ਦਾ ਸਤਿਕਾਰ ਅਤੇ ਰੱਖਿਆ ਕੀਤੀ ਜਾਣੀ ਚਾਹੀਦੀ ਹੈ ।
ਵਿਧਾਨ ਸਭਾ ਦੀ ਕਾਰਵਾਈ ਵਿੱਚ ਵਿਘਨ ਅਤੇ ਬੇਕਾਬੂ ਆਚਰਣ ਦੀਆਂ ਘਟਨਾਵਾਂ 'ਤੇ ਚਿੰਤਾ ਪ੍ਰਗਟ ਕਰਦੇ ਹੋਏ, ਸ਼੍ਰੀ ਬਿਰਲਾ ਨੇ ਕਿਹਾ ਕਿ ਅਜਿਹੇ ਰੁਝਾਨ ਲੋਕਤੰਤਰੀ ਸੰਸਥਾਵਾਂ ਦੇ ਅਕਸ ਨੂੰ ਨੁਕਸਾਨ ਪਹੁੰਚਾਉਂਦੇ ਹਨ। ਉਨ੍ਹਾਂ ਨੇ ਮੈਂਬਰਾਂ ਨੂੰ ਗੱਲਬਾਤ, ਤਰਕਸ਼ੀਲ ਬਹਿਸ ਅਤੇ ਰਚਨਾਤਮਕ ਚਰਚਾ 'ਤੇ ਜ਼ੋਰ ਦੇਣ ਦੀ ਅਪੀਲ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਆਲੋਚਨਾ ਨੀਤੀਆਂ ਅਤੇ ਤੱਥਾਂ 'ਤੇ ਅਧਾਰਿਤ ਹੋਣੀ ਚਾਹੀਦੀ ਹੈ ਅਤੇ ਲੋਕ ਭਲਾਈ ਦੀ ਭਾਵਨਾ ਤੋਂ ਪ੍ਰੇਰਿਤ ਹੋਣੀ ਚਾਹੀਦੀ ਹੈ। ਲੋਕ ਸਭਾ ਸਪੀਕਰ ਨੇ ਇਹ ਵੀ ਕਿਹਾ ਕਿ ਰਚਨਾਤਮਕ ਆਲੋਚਨਾ 'ਤੇ ਅਧਾਰਿਤ ਸੰਸਦੀ ਅਨੁਸ਼ਾਸਨ ਅਤੇ ਅਰਥਪੂਰਨ ਵਿਧਾਨਕ ਨਿਗਰਾਨੀ ਲੋਕਤੰਤਰ ਨੂੰ ਮਜ਼ਬੂਤ ਬਣਾਉਂਦੀ ਹੈ। ਸ਼੍ਰੀ ਬਿਰਲਾ ਨੇ ਇਹ ਵਿਚਾਰ ਅੱਜ ਪਟਨਾ ਵਿੱਚ ਬਿਹਾਰ ਵਿਧਾਨ ਸਭਾ ਦੇ ਸਥਾਪਨਾ ਦਿਵਸ ਦੇ ਮੌਕੇ 'ਤੇ ਆਯੋਜਿਤ "ਸਸ਼ਕਤ ਵਿਧਾਇਕ, ਸਸ਼ਕਤ ਲੋਕਤੰਤਰ" ਪ੍ਰੋਗਰਾਮ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ।
ਇਹ ਟਿੱਪਣੀ ਕਰਦੇ ਹੋਏ ਕਿ ਸਸ਼ਕਤ ਵਿਧਾਇਕ ਹੀ ਇੱਕ ਸਸ਼ਕਤ ਲੋਕਤੰਤਰ ਦਾ ਅਧਾਰ ਹੁੰਦੇ ਹਨ, ਸ਼੍ਰੀ ਬਿਰਲਾ ਨੇ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਚੁਣੇ ਹੋਏ ਪ੍ਰਤੀਨਿਧੀਆਂ ਦੀ ਸਮਰੱਥਾ, ਕੁਸ਼ਲਤਾ ਅਤੇ ਇਮਾਨਦਾਰੀ ਨਾਲ ਜੁੜੀ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰੀ ਸੰਸਥਾਵਾਂ ਦੀ ਪ੍ਰਭਾਵਸ਼ੀਲਤਾ ਨਾ ਸਿਰਫ਼ ਸੰਵਿਧਾਨਕ ਪ੍ਰਬੰਧਾਂ ਦੁਆਰਾ, ਸਗੋਂ ਇਸ ਗੱਲ ਤੋਂ ਵੀ ਨਿਰਧਾਰਿਤ ਹੁੰਦੀ ਹੈ ਕਿ ਜਨ ਪ੍ਰਤੀਨਿਧੀ ਆਪਣੀਆਂ ਜ਼ਿੰਮੇਵਾਰੀਆਂ ਕਿਵੇਂ ਨਿਭਾਉਂਦੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਵਿਧਾਇਕ ਨੂੰ ਸ਼ਕਤੀ ਜਨਤਾ ਦੇ ਵਿਸ਼ਵਾਸ ਅਤੇ ਭਰੋਸੇ ਤੋਂ ਪ੍ਰਾਪਤ ਹੁੰਦੀ ਹੈ। ਜਨਤਕ ਮੁੱਦਿਆਂ ਨੂੰ ਉਠਾ ਕੇ, ਨਾਗਰਿਕਾਂ ਦੀਆਂ ਚਿੰਤਾਵਾਂ ਨੂੰ ਪ੍ਰਗਟ ਕਰਕੇ, ਅਤੇ ਵਿਧਾਨਕ ਪ੍ਰਕਿਰਿਆ ਰਾਹੀਂ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੰਮ ਕਰਕੇ, ਵਿਧਾਇਕ ਲੋਕਤੰਤਰ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਸ਼੍ਰੀ ਬਿਰਲਾ ਨੇ ਇਹ ਵੀ ਕਿਹਾ ਕਿ ਵਿਧਾਇਕਾਂ ਦਾ ਸਸ਼ਕਤੀਕਰਣ ਲੋਕਾਂ ਦੀਆਂ ਜ਼ਰੂਰਤਾਂ ਨੂੰ ਸਮਝਣ, ਵਿਧਾਨਕ ਪ੍ਰਕਿਰਿਆ ਵਿੱਚ ਅਰਥਪੂਰਨ ਹਿੱਸਾ ਲੈਣ ਅਤੇ ਨੀਤੀ ਨਿਰਮਾਣ ਵਿੱਚ ਰਚਨਾਤਮਕ ਯੋਗਦਾਨ ਪਾਉਣ ਦੀ ਉਨ੍ਹਾਂ ਦੀ ਯੋਗਤਾ ਵਿੱਚ ਹੈ। ਇਹ ਸਸ਼ਕਤੀਕਰਣ ਨੈਤਿਕ ਆਚਰਣ, ਜ਼ਿੰਮੇਵਾਰੀ ਅਤੇ ਜਵਾਬਦੇਹੀ 'ਤੇ ਅਧਾਰਿਤ ਹੈ । ਇਹ ਮੁੱਲ ਵਿਧਾਨਕ ਪ੍ਰਣਾਲੀ ਦੇ ਵਿਕਾਸ ਲਈ ਜ਼ਰੂਰੀ ਹਨ। ਇਹ ਵਿਧਾਇਕਾਂ ਨੂੰ ਵੱਡੇ ਜਨਤਕ ਹਿੱਤ ਵਿੱਚ ਲਗਾਤਾਰ ਕੰਮ ਕਰਨ ਦੇ ਯੋਗ ਬਣਾਉਂਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਦੋਂ ਵਿਧਾਇਕ ਸਸ਼ਕਤ, ਆਗਾਹ ਅਤੇ ਜਵਾਬਦੇਹ ਹੁੰਦੇ ਹੈ, ਤਾਂ ਲੋਕਤੰਤਰੀ ਸੰਸਥਾਵਾਂ ਦੀ ਭਰੋਸੇਯੋਗਤਾ ਅਤੇ ਜਨਤਕ ਵਿਸ਼ਵਾਸ ਮਜ਼ਬੂਤ ਹੁੰਦਾ ਹੈ।
ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਸੰਵਿਧਾਨਕ ਜਾਗਰੂਕਤਾ ਅਤੇ ਪ੍ਰਕਿਰਿਆਵਾਂ ਦਾ ਗਿਆਨ ਵਿਧਾਇਕਾਂ ਦੀ ਭਰੋਸੇਯੋਗਤਾ ਨੂੰ ਵਧਾਉਂਦਾ ਹੈ, ਸ਼੍ਰੀ ਬਿਰਲਾ ਨੇ ਕਿਹਾ ਕਿ ਸੰਸਦੀ ਪ੍ਰਕਿਰਿਆਵਾਂ ਵਿੱਚ ਚੰਗੀ ਤਰ੍ਹਾਂ ਜਾਣੂ ਇੱਕ ਵਿਧਾਇਕ ਸਾਰਥਕ ਦਖਲਅੰਦਾਜ਼ੀ ਕਰਨ ਅਤੇ ਸ਼ਾਸਨ ਵਿੱਚ ਪਾਰਦਰਸ਼ਿਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣ ਦੇ ਯੋਗ ਹੁੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇੱਕ ਪ੍ਰਭਾਵਸ਼ਾਲੀ ਵਿਧਾਇਕ ਜਨਤਾ ਦੀਆਂ ਉਮੀਦਾਂ ਅਤੇ ਸਰਕਾਰੀ ਨੀਤੀਆਂ ਵਿਚਕਾਰ ਇੱਕ ਮਹੱਤਵਪੂਰਨ ਪੁਲ ਹੁੰਦਾ ਹੈ। ਨਿਯਮਾਂ ਦਾ ਗਿਆਨ ਵਿਧਾਇਕਾਂ ਨੂੰ ਸਦਨ ਦੀ ਕਾਰਵਾਈ ਵਿੱਚ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਹਿੱਸਾ ਲੈਣ ਅਤੇ ਆਪਣੇ ਵਿਚਾਰ ਇੱਕ ਸੰਗਠਿਤ ਅਤੇ ਤਰਕਪੂਰਨ ਢੰਗ ਨਾਲ ਪੇਸ਼ ਕਰਨ ਦੇ ਯੋਗ ਬਣਾਉਂਦਾ ਹੈ । ਬਹਿਸਾਂ, ਵਿਚਾਰ-ਵਟਾਂਦਰੇ ਅਤੇ ਸਮਿਤੀ ਦੇ ਕੰਮ ਵਿੱਚ ਅਰਥਪੂਰਨ ਭਾਗੀਦਾਰੀ ਦੁਆਰਾ, ਵਿਧਾਇਕ ਸ਼ਾਸਨ ਦੀ ਗੁਣਵੱਤਾ ਵਿੱਚ ਸੁਧਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਜਨਤਾ ਦਾ ਵਿਸ਼ਵਾਸ ਲੋਕਤੰਤਰ ਦੀ ਸਭ ਤੋਂ ਕੀਮਤੀ ਸੰਪਤੀ ਹੈ ਅਤੇ ਇਸ ਦੀ ਸਦਨ ਦੇ ਅੰਦਰ ਅਤੇ ਬਾਹਰ ਇਮਾਨਦਾਰ ਅਤੇ ਸਿਧਾਂਤਕ ਆਚਰਣ ਦੁਆਰਾ ਰੱਖਿਆ ਕੀਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਨੇ ਪੇਂਡੂ ਅਤੇ ਦੂਰ-ਦੁਰਾਡੇ ਖੇਤਰਾਂ ਨਾਲ ਸਬੰਧਿਤ ਮੁੱਦਿਆਂ 'ਤੇ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਸ਼੍ਰੀ ਬਿਰਲਾ ਨੇ ਕਿਹਾ ਕਿ ਲੋਕ ਨੀਤੀਆਂ ਅਤੇ ਵਿਧਾਨਕ ਪਹਿਲਕਦਮੀਆਂ ਵਿੱਚ ਮਹਿਲਾਵਾਂ ਅਤੇ ਨੌਜਵਾਨਾਂ ਦੀਆਂ ਇੱਛਾਵਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਰਾਸ਼ਟਰ ਦੇ ਵਿਕਾਸ ਵਿੱਚ ਮਹਿਲਾਵਾਂ ਅਤੇ ਨੌਜਵਾਨਾਂ ਨੂੰ ਮੁੱਖ ਹਿੱਸੇਦਾਰ ਦੱਸਦਿਆਂ, ਉਨ੍ਹਾਂ ਕਿਹਾ ਕਿ ਸਮਾਵੇਸ਼ੀ ਵਿਕਾਸ ਲਈ ਢੁਕਵੇਂ ਕਾਨੂੰਨ ਰਾਹੀਂ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਜ਼ਰੂਰੀ ਹੈ।
ਸ਼੍ਰੀ ਬਿਰਲਾ ਨੇ ਬਿਹਾਰ ਵਿਧਾਨ ਸਭਾ ਵਿੱਚ ਰਾਸ਼ਟਰੀ ਈ-ਵਿਧਾਨ ਐਪਲੀਕੇਸ਼ਨ (NeVA) ਡਿਜੀਟਲ ਹਾਊਸ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਨੇ ਬਿਹਾਰ ਵਿਧਾਨ ਸਭਾ ਵਿੱਚ NeVA ਦੇ ਲਾਗੂਕਰਨ ਨੂੰ ਪਾਰਦਰਸ਼ਿਤਾ ਅਤੇ ਕੁਸ਼ਲਤਾ ਵੱਲ ਇੱਕ ਮਹੱਤਵਪੂਰਨ ਕਦਮ ਦੱਸਿਆ। ਉਨ੍ਹਾਂ ਕਿਹਾ ਕਿ ਡਿਜੀਟਾਈਜ਼ੇਸ਼ਨ ਰਿਕਾਰਡਾਂ ਤੱਕ ਪਹੁੰਚ ਦੀ ਸੁਵਿਧਾ ਦਿੰਦਾ ਹੈ, ਖੋਜ ਸਮਰੱਥਾਵਾਂ ਨੂੰ ਵਧਾਉਂਦਾ ਹੈ ਅਤੇ ਕਾਗਜ਼ 'ਤੇ ਨਿਰਭਰਤਾ ਘਟਾਉਂਦਾ ਹੈ। ਉਨ੍ਹਾਂ ਨੇ ਵਿਧਾਇਕਾਂ ਨੂੰ ਕਾਨੂੰਨੀ ਕੰਮ ਵਿੱਚ ਡਿਜੀਟਲ ਸਾਧਨਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕਰਨ ਦੀ ਅਪੀਲ ਕੀਤੀ। ਸ਼੍ਰੀ ਬਿਰਲਾ ਨੇ ਕਿਹਾ ਕਿ ਸਾਰੀਆਂ ਵਿਧਾਨ ਸਭਾਵਾਂ ਦੇ ਸਮੂਹਿਕ ਯਤਨਾਂ ਰਾਹੀਂ, ਪ੍ਰਧਾਨ ਮੰਤਰੀ ਦੇ "ਇੱਕ ਰਾਸ਼ਟਰ, ਇੱਕ ਵਿਧਾਨਕ ਪਲੈਟਫਾਰਮ "ਦੇ ਸੱਦੇ ਨੂੰ ਜਲਦੀ ਹੀ ਸਾਕਾਰ ਕੀਤਾ ਜਾ ਸਕੇਗਾ ।
ਭਾਰਤ ਦੀ ਲੋਕਤੰਤਰੀ ਯਾਤਰਾ ਵਿੱਚ ਬਿਹਾਰ ਦੇ ਇਤਿਹਾਸਕ ਮਹੱਤਵ ਦਾ ਹਵਾਲਾ ਦਿੰਦੇ ਹੋਏ, ਸ਼੍ਰੀ ਬਿਰਲਾ ਨੇ ਕਿਹਾ ਕਿ ਪ੍ਰਾਚੀਨ ਬਿਹਾਰ ਵਿੱਚ ਪ੍ਰਚਲਿਤ ਸਮੂਹਿਕ ਬਹਿਸ, ਜਨਤਕ ਸੰਵਾਦ ਅਤੇ ਭਾਗੀਦਾਰੀ ਸ਼ਾਸਨ ਦੀਆਂ ਪਰੰਪਰਾਵਾਂ ਅੱਜ ਵੀ ਪ੍ਰਸੰਗਿਕ ਹਨ। ਉਨ੍ਹਾਂ ਕਿਹਾ ਕਿ ਇਸ ਧਰਤੀ ਤੇ ਵਿਕਸਿਤ ਲੋਕਤੰਤਰੀ ਕਦਰਾਂ-ਕੀਮਤਾਂ ਨੇ ਭਾਰਤ ਦੀ ਸਮਕਾਲੀ ਸੰਸਦੀ ਪ੍ਰਣਾਲੀ ਲਈ ਇੱਕ ਮਜ਼ਬੂਤ ਵਿਚਾਰਧਾਰਕ ਅਤੇ ਨੈਤਿਕ ਨੀਂਹ ਪ੍ਰਦਾਨ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬਿਹਾਰ ਲਗਾਤਾਰ ਰਾਜਨੀਤਕ ਸੋਚ ਅਤੇ ਲੀਡਰਸ਼ਿਪ ਦਾ ਇੱਕ ਪ੍ਰਮੁੱਖ ਕੇਂਦਰ ਰਿਹਾ ਹੈ। ਰਾਜ ਦੇ ਨੇਤਾਵਾਂ ਨੇ ਦੇਸ਼ ਦੇ ਰਾਜਨੀਤਕ ਵਿਚਾਰ-ਵਟਾਂਦਰੇ ਅਤੇ ਲੋਕਤੰਤਰੀ ਸੰਸਥਾਵਾਂ ਨੂੰ ਆਕਾਰ ਦੇਣ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਜਨਤਕ ਪ੍ਰਤੀਨਿਧੀਆਂ ਦੀ ਇਸ ਸਮ੍ਰਿੱਧ ਵਿਰਾਸਤ ਦੀ ਰੱਖਿਆ ਕਰਨ ਅਤੇ ਇਸ ਨੂੰ ਮੌਜੂਦਾ ਸ਼ਾਸਨ ਪ੍ਰਣਾਲੀ ਨਾਲ ਸਬੰਧਿਤ ਰੱਖਣ ਦੀ ਸਮੂਹਿਕ ਜ਼ਿੰਮੇਵਾਰੀ ਹੈ।
ਇਸ ਮੌਕੇ 'ਤੇ, ਸੰਸਦੀ ਅਤੇ ਘੱਟ ਗਿਣਤੀ ਮਾਮਲੇ ਕੇਂਦਰੀ ਮੰਤਰੀ, ਸ਼੍ਰੀ ਕਿਰੇਨ ਰਿਜ਼ਿਜੂ; ਰਾਜ ਸਭਾ ਦੇ ਡਿਪਟੀ ਚੇਅਰਮੈਨ, ਸ਼੍ਰੀ ਹਰਿਵੰਸ਼, ਬਿਹਾਰ ਵਿਧਾਨ ਪ੍ਰੀਸ਼ਦ ਦੇ ਚੇਅਰਮੈਨ, ਸ਼੍ਰੀ ਅਵਧੇਸ਼ ਨਾਰਾਇਣ ਸਿੰਘ; ਬਿਹਾਰ ਦੇ ਉਪ ਮੁੱਖ ਮੰਤਰੀ, ਸ਼੍ਰੀ ਵਿਜੈ ਕੁਮਾਰ ਸਿਨਹਾ; ਅਤੇ ਬਿਹਾਰ ਸਰਕਾਰ ਦੇ ਸੰਸਦੀ ਮਾਮਲੇ ਮੰਤਰੀ, ਸ਼੍ਰੀ ਵਿਜੈ ਕੁਮਾਰ ਚੌਧਰੀ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ। ਬਿਹਾਰ ਵਿਧਾਨ ਸਭਾ ਦੇ ਸਪੀਕਰ, ਡਾ. ਪ੍ਰੇਮ ਕੁਮਾਰ ਨੇ ਸੁਆਗਤ ਭਾਸ਼ਣ ਦਿੱਤਾ ਅਤੇ ਡਿਪਟੀ ਸਪੀਕਰ, ਸ਼੍ਰੀ ਨਰੇਂਦਰ ਨਾਰਾਇਣ ਯਾਦਵ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
https://x.com/ombirlakota/status/2020003271725953185
https://x.com/ombirlakota/status/2020032342384079174
https://x.com/ombirlakota/status/2020058071637323807
https://x.com/ombirlakota/status/2020099271626784769
****
ਏਐੱਮ
(Release ID: 2225249)
ਵਿਜ਼ੀਟਰ ਕਾਊਂਟਰ : 6