ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਗੁਜਰਾਤ ਵਿੱਚ ਸੋਮਨਾਥ ਸਵਾਭੀਮਾਨ ਪਰਵ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

प्रविष्टि तिथि: 11 JAN 2026 2:29PM by PIB Chandigarh

ਜੈ ਸੋਮਨਾਥ।

ਜੈ ਸੋਮਨਾਥ।

 

ਗੁਜਰਾਤ ਦੇ ਹਰਮਨ-ਪਿਆਰੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ ਪਟੇਲ, ਊਰਜਾਵਾਨ ਨੌਜਵਾਨ ਉਪ ਮੁੱਖ ਮੰਤਰੀ ਹਰਸ਼ ਸੰਘਵੀ ਜੀ, ਗੁਜਰਾਤ ਸਰਕਾਰ ਵਿੱਚ ਮੰਤਰੀ ਜੀਤੂ ਭਾਈ ਵਾਘਾਣੀ, ਅਰਜੁਨ ਭਾਈ ਮੋਢਵਾੜੀਆ, ਡਾ. ਪ੍ਰਦਿਊਮਨ ਵਾਜਾ, ਕੌਸ਼ਿਕ ਭਾਈ ਵੇਕਰੀਆ, ਸੰਸਦ ਮੈਂਬਰ ਰਾਜੇਸ਼ ਭਾਈ ਤੇ ਹੋਰ ਦੇਵੀਓ ਅਤੇ ਸੱਜਣੋ। ਅੱਜ ਦੇਸ਼ ਦੇ ਕੋਨੇ-ਕੋਨੇ ਤੋਂ ਲੱਖਾਂ ਲੋਕ ਜੁੜੇ ਸਾਡੇ ਨਾਲ, ਉਨ੍ਹਾਂ ਨੂੰ ਵੀ ਮੇਰੇ ਵੱਲੋਂ ਜੈ ਸੋਮਨਾਥ।

 

ਸਾਥੀਓ,

ਇਹ ਸਮਾਂ ਸ਼ਾਨਦਾਰ ਹੈ, ਇਹ ਵਾਤਾਵਰਨ ਸ਼ਾਨਦਾਰ ਹੈ, ਇਹ ਉਤਸਵ ਸ਼ਾਨਦਾਰ ਹੈ, ਇੱਕ ਪਾਸੇ ਖ਼ੁਦ ਦੇਵਾਧੀਦੇਵ ਮਹਾਦੇਵ, ਦੂਜੇ ਪਾਸੇ ਸਮੁੰਦਰ ਦੀਆਂ ਲਹਿਰਾਂ, ਸੂਰਜ ਦੀਆਂ ਇਹ ਕਿਰਨਾਂ, ਮੰਤਰਾਂ ਦੀ ਇਹ ਗੂੰਜ, ਆਸਥਾ ਦਾ ਇਹ ਉਭਾਰ ਅਤੇ ਇਸ ਬ੍ਰਹਮ ਵਾਤਾਵਰਨ ਵਿੱਚ, ਭਗਵਾਨ ਸੋਮਨਾਥ ਦੇ ਤੁਸੀਂ ਸਾਰੇ ਭਗਤਾਂ ਦੀ ਹਾਜ਼ਰੀ, ਇਹ ਇਸ ਮੌਕੇ ਨੂੰ ਬ੍ਰਹਮ ਬਣਾ ਰਹੀ ਹੈ, ਸ਼ਾਨਦਾਰ ਬਣਾ ਰਹੀ ਹੈ। ਅਤੇ ਮੈਂ ਇਸ ਨੂੰ ਆਪਣਾ ਬਹੁਤ ਵੱਡਾ ਸੁਭਾਗ ਮੰਨਦਾ ਹਾਂ, ਕਿ ਸੋਮਨਾਥ ਮੰਦਿਰ ਟਰੱਸਟ ਦੇ ਚੇਅਰਮੈਨ ਵਜੋਂ, ਮੈਨੂੰ ਸੋਮਨਾਥ ਸਵਾਭੀਮਾਨ ਪਰਵ ਵਿੱਚ ਸਰਗਰਮ ਸੇਵਾ ਦਾ ਮੌਕਾ ਮਿਲਿਆ ਹੈ। ਇਹ ਪਿੱਛੋਂ ਕੁਝ ਹੋਰ ਆਵਾਜ਼ ਆ ਰਹੀ ਹੈ ਭਾਈ, ਇਸ ਨੂੰ ਬੰਦ ਕੀਤਾ ਜਾਵੇ। 72 ਘੰਟਿਆਂ ਤੱਕ ਲਗਾਤਾਰ ਓਂਕਾਰ ਦਾ ਨਾਦ, 72 ਘੰਟਿਆਂ ਦਾ ਲਗਾਤਾਰ ਮੰਤਰ ਉਚਾਰਨ, ਅਤੇ ਮੈਂ ਦੇਖਿਆ ਕੱਲ੍ਹ ਸ਼ਾਮ ਨੂੰ ਇੱਕ ਹਜ਼ਾਰ ਡਰੋਨਾਂ ਰਾਹੀਂ ਵੈਦਿਕ ਗੁਰੂਕੁਲਾਂ ਦੇ ਇੱਕ ਹਜ਼ਾਰ ਵਿਦਿਆਰਥੀਆਂ ਦੀ ਹਾਜ਼ਰੀ, ਸੋਮਨਾਥ ਦੇ ਇੱਕ ਹਜ਼ਾਰ ਸਾਲਾਂ ਦੀ ਗਾਥਾ ਦਾ ਪ੍ਰਦਰਸ਼ਨ, ਅਤੇ ਅੱਜ 108 ਘੋੜਿਆਂ ਨਾਲ ਮੰਦਿਰ ਤੱਕ ਸ਼ੌਰਿਆ ਯਾਤਰਾ, ਮੰਤਰਾਂ ਅਤੇ ਭਜਨਾਂ ਦੀ ਇਹ ਸ਼ਾਨਦਾਰ ਪੇਸ਼ਕਾਰੀ ਸਭ ਕੁਝ ਮੰਤਰ-ਮੁਗਧ ਕਰ ਦੇਣ ਵਾਲਾ ਹੈ। ਇਸ ਅਹਿਸਾਸ ਨੂੰ ਸ਼ਬਦ ਬਿਆਨ ਨਹੀਂ ਕਰ ਸਕਦੇ, ਇਸ ਨੂੰ ਸਿਰਫ ਸਮਾਂ ਹੀ ਇਕੱਠਾ ਕਰ ਸਕਦਾ ਹੈ। ਇਸ ਆਯੋਜਨ ਵਿੱਚ ਮਾਣ ਹੈ, ਗਰਿਮਾ ਹੈ, ਗੌਰਵ ਹੈ ਅਤੇ ਇਸ ਵਿੱਚ ਗਰਿਮਾ ਦਾ ਗਿਆਨ ਵੀ ਹੈ। ਇਸ ਵਿੱਚ ਹੈ ਵੈਭਵ ਦੀ ਵਿਰਾਸਤ। ਇਸ ਵਿੱਚ ਹੈ ਅਧਿਆਤਮ ਦਾ ਅਹਿਸਾਸ। ਤਜਰਬਾ ਹੈ, ਆਨੰਦ ਹੈ, ਨੇੜਤਾ ਹੈ ਅਤੇ ਸਭ ਤੋਂ ਵਧ ਕੇ ਦੇਵਾਧੀਦੇਵ ਮਹਾਦੇਵ ਦਾ ਆਸ਼ੀਰਵਾਦ ਹੈ। ਆਓ ਮੇਰੇ ਨਾਲ ਬੋਲੋ, ਨਮ: ਪਾਰਵਤੀ ਪਤਯੇ....ਹਰ ਹਰ ਮਹਾਦੇਵ।

 

ਸਾਥੀਓ,

ਅੱਜ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ, ਤਾਂ ਮਨ ਵਿੱਚ ਵਾਰ-ਵਾਰ ਇਹ ਸਵਾਲ ਆ ਰਿਹਾ ਹੈ ਕਿ ਠੀਕ ਇੱਕ ਹਜ਼ਾਰ ਸਾਲ ਪਹਿਲਾਂ, ਠੀਕ ਇਸੇ ਜਗ੍ਹਾ 'ਤੇ ਜਿੱਥੇ ਤੁਸੀਂ ਬੈਠੇ ਹੋ, ਕੀ ਮਾਹੌਲ ਰਿਹਾ ਹੋਵੇਗਾ, ਤੁਸੀਂ ਜੋ ਇੱਥੇ ਮੌਜੂਦ ਹੋ, ਉਨ੍ਹਾਂ ਦੇ ਪੁਰਖਿਆਂ ਨੇ, ਤੁਹਾਡੇ ਪੁਰਖਿਆਂ ਨੇ, ਸਾਡੇ ਪੁਰਖਿਆਂ ਨੇ, ਜਾਨ ਦੀ ਬਾਜ਼ੀ ਲਗਾ ਦਿੱਤੀ ਸੀ। ਆਪਣੀ ਆਸਥਾ ਲਈ, ਆਪਣੇ ਵਿਸ਼ਵਾਸ ਲਈ, ਆਪਣੇ ਮਹਾਦੇਵ ਲਈ, ਉਨ੍ਹਾਂ ਨੇ ਆਪਣਾ ਸਭ ਕੁਝ ਵਾਰ ਦਿੱਤਾ। ਹਜ਼ਾਰ ਸਾਲ ਪਹਿਲਾਂ ਉਦੋਂ ਉਹ ਜ਼ਾਲਮ ਸੋਚ ਰਹੇ ਸਨ ਕਿ ਸਾਨੂੰ ਜਿੱਤ ਲਿਆ। ਪਰ ਅੱਜ ਇੱਕ ਹਜ਼ਾਰ ਸਾਲ ਬਾਅਦ ਵੀ, ਸੋਮਨਾਥ ਮਹਾਦੇਵ ਦੇ ਮੰਦਿਰ 'ਤੇ ਲਹਿਰਾ ਰਿਹਾ ਝੰਡਾ, ਪੂਰੀ ਸ੍ਰਿਸ਼ਟੀ ਨੂੰ ਸੱਦਾ ਦੇ ਰਿਹਾ ਹੈ ਕਿ ਹਿੰਦੁਸਤਾਨ ਦੀ ਸ਼ਕਤੀ ਕੀ ਹੈ, ਉਸ ਦੀ ਸਮਰੱਥਾ ਕੀ ਹੈ। ਪ੍ਰਭਾਸ ਪਾਟਨ ਤੀਰਥ ਦੀ ਇਸ ਮਿੱਟੀ ਦਾ ਕਣ-ਕਣ, ਸੂਰਮਗਤੀ, ਬਹਾਦਰੀ ਅਤੇ ਵੀਰਤਾ ਦਾ ਗਵਾਹ ਹੈ। ਸੋਮਨਾਥ ਦੇ ਇਸ ਸਰੂਪ ਲਈ, ਕਿੰਨੇ ਹੀ ਸ਼ਿਵ ਭਗਤਾਂ ਨੇ, ਸਭਿਆਚਾਰ ਦੇ ਪੁਜਾਰੀਆਂ ਨੇ, ਸਭਿਆਚਾਰ ਦੇ ਝੰਡਾਬਰਦਾਰਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ। ਅੱਜ ਸੋਮਨਾਥ ਸਵਾਭੀਮਾਨ ਪਰਵ 'ਤੇ, ਸਭ ਤੋਂ ਪਹਿਲਾਂ ਮੈਂ ਹਰ ਉਸ ਸੂਰਮੇ-ਸੂਰਬੀਰ ਨੂੰ ਨਮਨ ਕਰਦਾ ਹਾਂ, ਜਿਸ ਨੇ ਸੋਮਨਾਥ ਦੀ ਰੱਖਿਆ ਨੂੰ, ਮੰਦਿਰ ਦੀ ਮੁੜ-ਉਸਾਰੀ ਨੂੰ ਆਪਣਾ ਜੀਵਨ ਨਿਸ਼ਾਨਾ ਬਣਾਇਆ, ਆਪਣਾ ਸਭ ਕੁਝ ਦੇਵਾਧੀਦੇਵ ਮਹਾਦੇਵ ਨੂੰ ਭੇਟ ਕਰ ਦਿੱਤਾ।

 

ਭਰਾਵੋ ਭੈਣੋ,

ਪ੍ਰਭਾਸ ਪਾਟਨ ਦਾ ਇਹ ਖੇਤਰ ਭਗਵਾਨ ਸ਼ਿਵ ਦਾ ਆਪਣਾ ਖੇਤਰ ਤਾਂ ਹੈ, ਇਸ ਦੀ ਪਵਿੱਤਰਤਾ ਭਗਵਾਨ ਸ਼੍ਰੀ ਕ੍ਰਿਸ਼ਨ ਨਾਲ ਵੀ ਜੁੜੀ ਹੈ। ਮਹਾਭਾਰਤ ਕਾਲ ਵਿੱਚ ਪਾਂਡਵਾਂ ਨੇ ਵੀ ਇਸ ਤੀਰਥ ਵਿੱਚ ਤਪੱਸਿਆ ਕੀਤੀ ਸੀ। ਇਸ ਲਈ, ਇਹ ਮੌਕਾ ਭਾਰਤ ਦੇ ਅਣਗਿਣਤ ਪਹਿਲੂਆਂ ਨੂੰ ਨਮਨ ਕਰਨ ਦਾ ਵੀ ਮੌਕਾ ਹੈ। ਇਹ ਵੀ ਇੱਕ ਸੁਖਾਵਾਂ ਸੰਯੋਗ ਹੈ ਕਿ, ਅੱਜ ਜਦੋਂ ਸੋਮਨਾਥ ਮੰਦਿਰ ਦੀ ਸਵਾਭੀਮਾਨ ਯਾਤਰਾ ਦੇ ਇੱਕ ਹਜ਼ਾਰ ਸਾਲ ਪੂਰੇ ਹੋ ਰਹੇ ਹਨ, ਤਾਂ ਨਾਲ ਹੀ, 1951 ਵਿੱਚ ਹੋਈ ਇਸ ਦੀ ਮੁੜ-ਉਸਾਰੀ ਦੇ 75 ਸਾਲ ਵੀ ਪੂਰੇ ਹੋ ਰਹੇ ਹਨ। ਮੈਂ ਦੁਨੀਆ ਭਰ ਦੇ ਕਰੋੜਾਂ ਸ਼ਰਧਾਲੂਆਂ ਨੂੰ ਸੋਮਨਾਥ ਸਵਾਭੀਮਾਨ ਪਰਵ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਸਾਥੀਓ,

ਸੋਮਨਾਥ ਸਵਾਭੀਮਾਨ ਪਰਵ, 1000 ਸਾਲ ਪਹਿਲਾਂ ਹੋਏ ਵਿਨਾਸ਼ ਦੀ ਯਾਦ ਲਈ ਹੀ ਨਹੀਂ, ਇਹ ਪਰਵ ਹਜ਼ਾਰ ਸਾਲ ਦੀ ਯਾਤਰਾ ਦਾ ਪਰਵ ਹੈ। ਨਾਲ ਹੀ, ਇਹ ਸਾਡੇ ਭਾਰਤ ਦੀ ਹੋਂਦ ਅਤੇ ਮਾਣ ਦਾ ਪਰਵ ਹੈ। ਕਿਉਂਕਿ, ਸਾਨੂੰ ਹਰ ਕਦਮ 'ਤੇ, ਹਰ ਮੁਕਾਮ 'ਤੇ ਸੋਮਨਾਥ ਅਤੇ ਭਾਰਤ ਵਿੱਚ ਅਨੋਖੀਆਂ ਸਮਾਨਤਾਵਾਂ ਦਿਸਦੀਆਂ ਹਨ। ਜਿਵੇਂ ਸੋਮਨਾਥ ਨੂੰ ਨਸ਼ਟ ਕਰਨ ਦੇ ਇੱਕ ਨਹੀਂ, ਅਨੇਕਾਂ ਯਤਨ ਹੋਏ, ਮਾੜੇ ਯਤਨ ਹੋਏ, ਉਸੇ ਤਰ੍ਹਾਂ, ਵਿਦੇਸ਼ੀ ਹਮਲਾਵਰਾਂ ਵੱਲੋਂ ਕਈ ਸਦੀਆਂ ਤੱਕ ਭਾਰਤ ਨੂੰ ਖਤਮ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਹੁੰਦੀਆਂ ਰਹੀਆਂ। ਪਰ ਨਾ ਸੋਮਨਾਥ ਨਸ਼ਟ ਹੋਇਆ ਅਤੇ ਨਾ ਹੀ ਭਾਰਤ ਨਸ਼ਟ ਹੋਇਆ! ਕਿਉਂਕਿ, ਭਾਰਤ ਅਤੇ ਭਾਰਤ ਦੀ ਆਸਥਾ ਦੇ ਕੇਂਦਰ, ਇੱਕ ਦੂਜੇ ਵਿੱਚ ਸਮਾਏ ਹੋਏ ਹਨ।

 

ਸਾਥੀਓ,

ਤੁਸੀਂ ਉਸ ਇਤਿਹਾਸ ਬਾਰੇ ਕਲਪਨਾ ਕਰੋ, ਅੱਜ ਤੋਂ ਹਜ਼ਾਰ ਸਾਲ ਪਹਿਲਾਂ ਸੰਨ 1026 ਵਿੱਚ ਸਭ ਤੋਂ ਪਹਿਲਾਂ ਗਜ਼ਨੀ ਨੇ ਸੋਮਨਾਥ ਮੰਦਿਰ ਨੂੰ ਤੋੜਿਆ, ਉਸਨੂੰ ਲੱਗਿਆ ਉਸਨੇ ਸੋਮਨਾਥ ਦਾ ਵਜੂਦ ਮਿਟਾ ਦਿੱਤਾ। ਪਰ, ਕੁਝ ਸਾਲਾਂ ਦੇ ਅੰਦਰ-ਅੰਦਰ ਸੋਮਨਾਥ ਦੀ ਮੁੜ-ਉਸਾਰੀ ਹੋ ਚੁੱਕੀ ਸੀ। ਬਾਰ੍ਹਵੀਂ ਸਦੀ ਵਿੱਚ ਰਾਜਾ ਕੁਮਾਰਪਾਲ ਨੇ ਮੰਦਿਰ ਦਾ ਸ਼ਾਨਦਾਰ ਨਵੀਨੀਕਰਨ ਕਰਵਾ ਦਿੱਤਾ ਸੀ। ਪਰ ਤੇਰ੍ਹਵੀਂ ਸਦੀ ਦੇ ਅਖੀਰ ਵਿੱਚ ਅਲਾਉਦੀਨ ਖਿਲਜੀ ਨੇ ਸੋਮਨਾਥ 'ਤੇ ਫਿਰ ਹਮਲਾ ਕਰਨ ਦੀ ਜੁਰਅਤ ਕਰ ਦਿੱਤੀ। ਕਹਿੰਦੇ ਹਨ, ਜਾਲੌਰ ਦੇ ਰਾਵਲ ਨੇ ਖਿਲਜੀ ਫ਼ੌਜਾਂ ਨਾਲ ਜੰਮ ਕੇ ਲੋਹਾ ਲਿਆ, ਇਸ ਤੋਂ ਬਾਅਦ ਚੌਦਵੀਂ ਸਦੀ ਦੀ ਸ਼ੁਰੂਆਤ ਵਿੱਚ ਜੂਨਾਗੜ੍ਹ ਦੇ ਰਾਜਾ ਵੱਲੋਂ ਫਿਰ ਤੋਂ ਸੋਮਨਾਥ ਦੀ ਪ੍ਰਤਿਸ਼ਠਾ ਸੰਪੰਨ ਕਰ ਦਿੱਤੀ ਗਈ। ਚੌਦਵੀਂ ਸਦੀ ਦੇ ਆਖਰੀ ਸਾਲਾਂ ਵਿੱਚ ਮੁਜ਼ੱਫਰ ਖ਼ਾਨ ਨੇ ਸੋਮਨਾਥ 'ਤੇ ਫਿਰ ਹਮਲਾ ਕੀਤਾ, ਉਹ ਹਮਲਾ ਵੀ ਨਾਕਾਮ ਰਿਹਾ। ਪੰਦਰਵੀਂ ਸਦੀ ਵਿੱਚ ਸੁਲਤਾਨ ਅਹਿਮਦ ਸ਼ਾਹ ਨੇ ਸੋਮਨਾਥ ਮੰਦਿਰ ਨੂੰ ਦੂਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਸੇ ਸਦੀ ਵਿੱਚ ਉਸ ਦੇ ਪੋਤੇ ਸੁਲਤਾਨ ਮਹਿਮੂਦ ਬੇਗੜਾ ਨੇ ਸੋਮਨਾਥ 'ਤੇ ਹਮਲਾ ਕਰਕੇ ਮੰਦਿਰ ਨੂੰ ਮਸਜਿਦ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ, ਮਹਾਦੇਵ ਦੇ ਭਗਤਾਂ ਦੀਆਂ ਕੋਸ਼ਿਸ਼ਾਂ ਨਾਲ ਮੰਦਿਰ ਫਿਰ ਤੋਂ ਜਿਉਂਦਾ ਹੋ ਉੱਠਿਆ। ਸਤਾਰ੍ਹਵੀਂ-ਅਠਾਰਵੀਂ ਸਦੀ ਵਿੱਚ ਔਰੰਗਜ਼ੇਬ ਦਾ ਦੌਰ ਆਇਆ। ਉਸ ਨੇ ਸੋਮਨਾਥ ਮੰਦਿਰ ਨੂੰ ਅਪਵਿੱਤਰ ਕੀਤਾ, ਸੋਮਨਾਥ ਨੂੰ ਫਿਰ ਮਸਜਿਦ ਬਣਾਉਣ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਵੀ, ਅਹਿਲਿਆਬਾਈ ਹੋਲਕਰ ਨੇ ਨਵੇਂ ਮੰਦਿਰ ਦੀ ਸਥਾਪਨਾ ਕਰਕੇ ਸੋਮਨਾਥ ਨੂੰ ਇੱਕ ਵਾਰ ਫਿਰ ਸਾਕਾਰ ਕਰ ਦਿੱਤਾ। ਭਾਵ, ਸੋਮਨਾਥ ਦਾ ਇਤਿਹਾਸ ਵਿਨਾਸ਼ ਅਤੇ ਹਾਰ ਦਾ ਇਤਿਹਾਸ ਨਹੀਂ ਹੈ। ਇਹ ਇਤਿਹਾਸ ਜਿੱਤ ਅਤੇ ਮੁੜ-ਉਸਾਰੀ ਦਾ ਹੈ। ਸਾਡੇ ਪੁਰਖਿਆਂ ਦੀ ਬਹਾਦਰੀ ਦਾ ਹੈ, ਸਾਡੇ ਪੁਰਖਿਆਂ ਦੇ ਤਿਆਗ ਅਤੇ ਕੁਰਬਾਨੀ ਦਾ ਹੈ। ਜ਼ਾਲਮ ਆਉਂਦੇ ਰਹੇ, ਮਜ਼ਹਬੀ ਅੱਤਵਾਦ ਦੇ ਨਵੇਂ-ਨਵੇਂ ਹਮਲੇ ਹੁੰਦੇ ਰਹੇ, ਪਰ, ਹਰ ਯੁੱਗ ਵਿੱਚ ਸੋਮਨਾਥ ਵਾਰ-ਵਾਰ ਸਥਾਪਤ ਹੁੰਦਾ ਰਿਹਾ। ਇੰਨੀਆਂ ਸਦੀਆਂ ਤੱਕ ਦਾ ਇਹ ਸੰਘਰਸ਼, ਇੰਨਾ ਲੰਮਾ ਵਿਰੋਧ, ਇੰਨਾ ਮਹਾਨ ਸਬਰ, ਸਿਰਜਣਾ ਅਤੇ ਮੁੜ-ਉਸਾਰੀ ਦਾ ਅਜਿਹਾ ਜਜ਼ਬਾ, ਇਹ ਸਮਰੱਥਾ, ਆਪਣੇ ਸਭਿਆਚਾਰ ਵਿੱਚ ਅਜਿਹਾ ਵਿਸ਼ਵਾਸ ਅਤੇ ਅਜਿਹੀ ਆਸਥਾ, ਦੁਨੀਆ ਦੇ ਇਤਿਹਾਸ ਵਿੱਚ ਅਜਿਹੀ ਉਦਾਹਰਣ ਮਿਲਣੀ ਮੁਸ਼ਕਿਲ ਹੈ। ਜ਼ਰਾ ਮੈਨੂੰ ਜਵਾਬ ਦੇਣਾ ਭਾਈ, ਸਾਨੂੰ ਆਪਣੇ ਪੁਰਖਿਆਂ ਦੀ ਬਹਾਦਰੀ ਨੂੰ ਦੁਬਾਰਾ ਯਾਦ ਕਰਨਾ ਚਾਹੀਦਾ ਹੈ ਕਿ ਨਹੀਂ? ਆਪਣੇ ਪੁਰਖਿਆਂ ਦੀ ਬਹਾਦਰੀ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਜਾਂ ਨਹੀਂ ਲੈਣੀ ਚਾਹੀਦੀ? ਅਜਿਹਾ ਕੋਈ ਪੁੱਤਰ ਹੁੰਦਾ ਹੈ, ਅਜਿਹੀ ਕੋਈ ਔਲਾਦ ਹੁੰਦੀ ਹੈ ਜੋ ਆਪਣੇ ਪੁਰਖਿਆਂ ਦੀ ਬਹਾਦਰੀ ਨੂੰ ਭੁੱਲਣ ਦਾ ਡਰਾਮਾ ਕਰੇ।

 

ਭਰਾਵੋ ਭੈਣੋ,

ਜਦੋਂ ਗਜ਼ਨੀ ਤੋਂ ਲੈ ਕੇ ਔਰੰਗਜ਼ੇਬ ਤੱਕ, ਤਮਾਮ ਹਮਲਾਵਰ ਸੋਮਨਾਥ 'ਤੇ ਹਮਲਾ ਕਰ ਰਹੇ ਸਨ, ਤਾਂ ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਉਨ੍ਹਾਂ ਦੀ ਤਲਵਾਰ ਸਨਾਤਨ ਸੋਮਨਾਥ ਨੂੰ ਜਿੱਤ ਰਹੀ ਹੈ। ਉਹ ਮਜ਼ਹਬੀ ਕੱਟੜਪੰਥੀ ਇਹ ਨਹੀਂ ਸਮਝ ਸਕੇ ਕਿ ਜਿਸ ਸੋਮਨਾਥ ਨੂੰ ਉਹ ਨਸ਼ਟ ਕਰਨਾ ਚਾਹੁੰਦੇ ਹਨ, ਉਨ੍ਹਾਂ ਦੇ ਨਾਮ ਵਿੱਚ ਹੀ ਸੋਮ ਭਾਵ ਅੰਮ੍ਰਿਤ ਜੁੜਿਆ ਹੋਇਆ ਹੈ। ਉਸ ਵਿੱਚ ਹਲਾਹਲ (ਜ਼ਹਿਰ) ਨੂੰ ਪੀ ਕੇ ਵੀ ਅਮਰ ਰਹਿਣ ਦਾ ਵਿਚਾਰ ਜੁੜਿਆ ਹੈ। ਉਸ ਦੇ ਅੰਦਰ ਸਦਾਸ਼ਿਵ ਮਹਾਦੇਵ ਦੇ ਰੂਪ ਵਿੱਚ ਉਹ ਚੇਤੰਨ ਸ਼ਕਤੀ ਸਥਾਪਤ ਹੈ, ਜੋ ਕਲਿਆਣਕਾਰੀ ਵੀ ਹਨ, ਅਤੇ "ਪ੍ਰਚੰਡ ਤਾਂਡਵ: ਸ਼ਿਵ:" ਇਹ ਸ਼ਕਤੀ ਦਾ ਸੋਮਾ ਵੀ ਹੈ।

 

ਭਰਾਵੋ ਭੈਣੋ,

ਸੋਮਨਾਥ ਵਿੱਚ ਬਿਰਾਜਮਾਨ ਮਹਾਦੇਵ, ਉਨ੍ਹਾਂ ਦਾ ਇੱਕ ਨਾਮ ਮ੍ਰਿਤੁੰਜੈ ਵੀ ਹੈ। ਮ੍ਰਿਤੁੰਜੈ, ਜਿਸ ਨੇ ਮੌਤ ਨੂੰ ਜਿੱਤ ਲਿਆ ਹੋਵੇ! ਜੋ ਖ਼ੁਦ ਕਾਲ-ਸਰੂਪ ਹੈ। ਯਤੋ ਜਾਯਤੇ ਪਾਲਯਤੇ ਯੇਨ ਵਿਸ਼ਵੰ, ਤਮੀਸ਼ੰ ਭਜੇ ਲੀਯਤੇ ਯਤਰ ਵਿਸ਼ਵਮ! ਭਾਵ, ਇਹ ਸ੍ਰਿਸ਼ਟੀ ਉਨ੍ਹਾਂ ਤੋਂ ਹੀ ਪੈਦਾ ਹੁੰਦੀ ਹੈ, ਉਨ੍ਹਾਂ ਵਿੱਚ ਹੀ ਲੀਨ ਹੋ ਜਾਂਦੀ ਹੈ। ਅਸੀਂ ਮੰਨਦੇ ਹਾਂ- ਤਵਮੇਕੋ ਜਗਤ ਵਿਆਪਕੋ ਵਿਸ਼ਵ ਰੂਪ! ਭਾਵ, ਸ਼ਿਵ ਪੂਰੇ ਜਗਤ ਵਿੱਚ ਵਿਆਪਕ ਹਨ। ਇਸੇ ਲਈ, ਅਸੀਂ ਕਣ-ਕਣ, ਕੰਕਰ-ਕੰਕਰ ਵਿੱਚ ਵੀ ਉਸ ਸ਼ੰਕਰ ਨੂੰ ਦੇਖਦੇ ਹਾਂ। ਫਿਰ, ਕੋਈ ਉਨ੍ਹਾਂ ਸ਼ੰਕਰ ਦੇ ਕਿੰਨੇ ਸਰੂਪਾਂ ਨੂੰ ਨਸ਼ਟ ਕਰ ਸਕਦਾ ਸੀ? ਅਸੀਂ ਤਾਂ ਉਹ ਲੋਕ ਹਾਂ ਜੋ ਜੀਵ ਵਿੱਚ ਵੀ ਸ਼ਿਵ ਨੂੰ ਦੇਖਦੇ ਹਾਂ! ਉਨ੍ਹਾਂ ਤੋਂ ਸਾਡੀ ਆਸਥਾ ਨੂੰ ਕੋਈ ਕਿਵੇਂ ਡੁਲਾ ਸਕਦਾ ਸੀ?

 

ਅਤੇ ਸਾਥੀਓ,

ਇਹ ਸਮਾਂ ਚੱਕਰ ਹੈ, ਕਿ ਸੋਮਨਾਥ ਨੂੰ ਤਬਾਹ ਕਰਨ ਦੀ ਇੱਛਾ ਲੈ ਕੇ ਆਏ ਮਜ਼ਹਬੀ ਜ਼ਾਲਮ, ਅੱਜ ਇਤਿਹਾਸ ਦੇ ਕੁਝ ਪੰਨਿਆਂ ਵਿੱਚ ਸਿਮਟ ਕੇ ਰਹਿ ਗਏ ਹਨ। ਅਤੇ, ਸੋਮਨਾਥ ਮੰਦਿਰ ਉਸੇ ਵਿਸ਼ਾਲ ਸਮੁੰਦਰ ਦੇ ਕੰਢੇ ਅਸਮਾਨ ਛੂੰਹਦੇ ਧਰਮ-ਝੰਡੇ ਨੂੰ ਫੜੀ ਖੜ੍ਹਾ ਹੈ। ਸੋਮਨਾਥ ਦਾ ਇਹ ਸ਼ਿਖਰ ਜਿਵੇਂ ਐਲਾਨ ਕਰ ਰਿਹਾ ਹੈ- ਚੰਦਰਸ਼ੇਖਰਮ ਆਸ਼੍ਰਯੇ ਮਮ ਕਿੰ ਕਰਿਸ਼ਯਤਿ ਵੈ ਯਮ:! ਭਾਵ, ਮੈਂ ਚੰਦਰਸ਼ੇਖਰ ਸ਼ਿਵ 'ਤੇ ਨਿਰਭਰ ਹਾਂ, ਕਾਲ ਵੀ ਮੇਰਾ ਕੀ ਕਰ ਲਵੇਗਾ?

 

ਸਾਥੀਓ,

ਸੋਮਨਾਥ ਸਵਾਭੀਮਾਨ ਪਰਵ ਇਤਿਹਾਸ ਦੇ ਗੌਰਵ ਦਾ ਪਰਵ ਤਾਂ ਹੈ ਹੀ, ਇਹ ਇੱਕ ਸਦੀਵੀ ਯਾਤਰਾ ਨੂੰ ਭਵਿੱਖ ਲਈ ਜਿਉਂਦਾ ਬਣਾਉਣ ਦਾ ਜ਼ਰੀਆ ਵੀ ਹੈ। ਸਾਨੂੰ ਇਸ ਮੌਕੇ ਨੂੰ ਆਪਣੀ ਹੋਂਦ ਅਤੇ ਪਛਾਣ ਨੂੰ ਮਜ਼ਬੂਤ ਕਰਨ ਲਈ ਵਰਤਣਾ ਹੈ। ਤੁਸੀਂ ਵੀ ਦੇਖਦੇ ਹੋ, ਜੇ ਕਿਤੇ ਕਿਸੇ ਦੇਸ਼ ਕੋਲ ਕੁਝ ਸੌ ਸਾਲ ਪੁਰਾਣੀ ਵਿਰਾਸਤ ਹੁੰਦੀ ਹੈ, ਉਹ ਦੇਸ਼ ਉਸਨੂੰ ਆਪਣੀ ਪਛਾਣ ਬਣਾ ਕੇ ਦੁਨੀਆ ਦੇ ਸਾਹਮਣੇ ਪੇਸ਼ ਕਰਦਾ ਹੈ। ਉੱਥੇ ਹੀ ਭਾਰਤ ਕੋਲ ਸੋਮਨਾਥ ਵਰਗੇ ਹਜ਼ਾਰਾਂ ਸਾਲ ਪੁਰਾਣੇ ਪੁੰਨ ਸਥਾਨ ਹਨ। ਇਹ ਸਥਾਨ ਸਾਡੀ ਸਮਰੱਥਾ, ਵਿਰੋਧ ਅਤੇ ਪਰੰਪਰਾ ਦੇ ਸਮਾਨਾਰਥੀ ਰਹੇ ਹਨ। ਪਰ, ਬਦਕਿਸਮਤੀ ਨਾਲ ਆਜ਼ਾਦੀ ਤੋਂ ਬਾਅਦ ਗ਼ੁਲਾਮੀ ਦੀ ਮਾਨਸਿਕਤਾ ਵਾਲੇ ਲੋਕਾਂ ਨੇ ਉਨ੍ਹਾਂ ਤੋਂ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ! ਉਸ ਇਤਿਹਾਸ ਨੂੰ ਭੁਲਾਉਣ ਦੀਆਂ ਕੋਝੀਆਂ ਕੋਸ਼ਿਸ਼ਾਂ ਹੋਈਆਂ! ਅਸੀਂ ਜਾਣਦੇ ਹਾਂ, ਸੋਮਨਾਥ ਦੀ ਰਾਖੀ ਲਈ ਦੇਸ਼ ਨੇ ਕਿਹੋ-ਜਿਹੀਆਂ ਕੁਰਬਾਨੀਆਂ ਦਿੱਤੀਆਂ ਸਨ। ਰਾਵਲ ਕਾਨ੍ਹੜਦੇਵ ਵਰਗੇ ਸ਼ਾਸਕਾਂ ਦੀਆਂ ਕੋਸ਼ਿਸ਼ਾਂ, ਵੀਰ ਹਮੀਰਜੀ ਗੋਹਿਲ ਦੀ ਬਹਾਦਰੀ, ਵੇਗੜਾ ਭੀਲ ਦੀ ਸੂਰਮਗਤੀ, ਅਜਿਹੇ ਕਿੰਨੇ ਹੀ ਨਾਇਕਾਂ ਦਾ ਇਤਿਹਾਸ ਸੋਮਨਾਥ ਮੰਦਿਰ ਨਾਲ ਜੁੜਿਆ ਹੈ। ਪਰ, ਬਦਕਿਸਮਤੀ ਨਾਲ ਇਨ੍ਹਾਂ ਨੂੰ ਕਦੇ ਓਨਾ ਮਹੱਤਵ ਨਹੀਂ ਦਿੱਤਾ ਗਿਆ। ਸਗੋਂ, ਹਮਲੇ ਦੇ ਇਤਿਹਾਸ ਨੂੰ ਵੀ ਕੁਝ ਇਤਿਹਾਸਕਾਰਾਂ ਅਤੇ ਸਿਆਸਤਦਾਨਾਂ ਵੱਲੋਂ 'ਵ੍ਹਾਈਟ ਵਾਸ਼' ਕਰਨ ਦੀ ਕੋਸ਼ਿਸ਼ ਕੀਤੀ ਗਈ! ਮਜ਼ਹਬੀ ਜਨੂਨ ਦੀ ਮਾਨਸਿਕਤਾ ਨੂੰ ਸਿਰਫ ਸਾਧਾਰਨ ਲੁੱਟ ਦੱਸ ਕੇ ਢਕਣ ਲਈ ਕਿਤਾਬਾਂ ਲਿਖੀਆਂ ਗਈਆਂ। ਸੋਮਨਾਥ ਮੰਦਿਰ ਇੱਕ ਵਾਰ ਨਹੀਂ, ਵਾਰ-ਵਾਰ ਤੋੜਿਆ ਗਿਆ। ਜੇ ਸੋਮਨਾਥ 'ਤੇ ਹਮਲੇ ਸਿਰਫ ਆਰਥਿਕ ਲੁੱਟ ਲਈ ਹੋਏ ਹੁੰਦੇ, ਤਾਂ ਹਜ਼ਾਰ ਸਾਲ ਪਹਿਲਾਂ, ਪਹਿਲੀ ਵੱਡੀ ਲੁੱਟ ਤੋਂ ਬਾਅਦ ਰੁਕ ਗਏ ਹੁੰਦੇ! ਪਰ, ਅਜਿਹਾ ਨਹੀਂ ਹੋਇਆ। ਸੋਮਨਾਥ ਦੇ ਪਵਿੱਤਰ ਬੁੱਤ ਨੂੰ ਤੋੜਿਆ ਗਿਆ। ਵਾਰ-ਵਾਰ ਮੰਦਿਰ ਦਾ ਸਰੂਪ ਬਦਲਣ ਦੀਆਂ ਕੋਸ਼ਿਸ਼ਾਂ ਹੋਈਆਂ। ਅਤੇ ਸਾਨੂੰ ਪੜ੍ਹਾਇਆ ਗਿਆ ਕਿ ਸੋਮਨਾਥ ਨੂੰ ਲੁੱਟ ਲਈ ਤੋੜਿਆ ਗਿਆ ਸੀ। ਨਫ਼ਰਤ, ਅੱਤਿਆਚਾਰ ਅਤੇ ਅੱਤਵਾਦ ਦਾ ਅਸਲੀ ਜ਼ਾਲਮ ਇਤਿਹਾਸ, ਸਾਡੇ ਤੋਂ ਛੁਪਾਇਆ ਗਿਆ।

 

ਸਾਥੀਓ,

ਆਪਣੇ ਧਰਮ ਪ੍ਰਤੀ ਇਮਾਨਦਾਰ ਕੋਈ ਵੀ ਵਿਅਕਤੀ ਅਜਿਹੀ ਕੱਟੜਪੰਥੀ ਸੋਚ ਦਾ ਸਮਰਥਨ ਨਹੀਂ ਕਰੇਗਾ। ਪਰ, ਤੁਸ਼ਟੀਕਰਨ ਦੇ ਠੇਕੇਦਾਰਾਂ ਨੇ ਹਮੇਸ਼ਾ ਇਸ ਕੱਟੜਪੰਥੀ ਸੋਚ ਅੱਗੇ ਗੋਡੇ ਟੇਕੇ। ਜਦੋਂ ਭਾਰਤ ਗ਼ੁਲਾਮੀ ਦੀਆਂ ਬੇੜੀਆਂ ਤੋਂ ਮੁਕਤ ਹੋਇਆ, ਜਦੋਂ ਸਰਦਾਰ ਪਟੇਲ ਨੇ ਸੋਮਨਾਥ ਦੀ ਮੁੜ-ਉਸਾਰੀ ਦੀ ਸਹੁੰ ਚੁੱਕੀ, ਤਾਂ ਉਨ੍ਹਾਂ ਨੂੰ ਵੀ ਰੋਕਣ ਦੀ ਕੋਸ਼ਿਸ਼ ਕੀਤੀ ਗਈ। 1951 ਵਿੱਚ ਤਤਕਾਲੀ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਦੇ ਇੱਥੇ ਆਉਣ 'ਤੇ ਵੀ ਇਤਰਾਜ਼ ਜਤਾਇਆ ਗਿਆ। ਉਸ ਸਮੇਂ ਸੌਰਾਸ਼ਟਰ ਦੇ ਸਭ ਤੋਂ ਮਸ਼ਹੂਰ ਸਾਡੇ ਜਾਮ ਸਾਹਿਬ ਮਹਾਰਾਜਾ ਦਿਗਵਿਜੈ ਸਿੰਘ ਜੀ ਅੱਗੇ ਆਏ ਸਨ। ਜ਼ਮੀਨ ਐਕੁਆਇਰ ਕਰਨ ਤੋਂ ਲੈ ਕੇ ਸੁਰੱਖਿਆ ਪ੍ਰਬੰਧਾਂ ਤੱਕ, ਉਨ੍ਹਾਂ ਨੇ ਰਾਸ਼ਟਰੀ ਗੌਰਵ ਨੂੰ ਸਭ ਤੋਂ ਉੱਪਰ ਰੱਖਿਆ ਸੀ। ਉਸ ਦੌਰ ਵਿੱਚ ਸੋਮਨਾਥ ਮੰਦਿਰ ਲਈ ਜਾਮ ਸਾਹਿਬ ਨੇ 1 ਲੱਖ ਰੁਪਏ ਦਾ ਦਾਨ ਦਿੱਤਾ। ਅਤੇ ਉਨ੍ਹਾਂ ਨੇ ਟਰੱਸਟ ਦੇ ਪਹਿਲੇ ਚੇਅਰਮੈਨ ਵਜੋਂ ਵੱਡੀ ਜ਼ਿੰਮੇਵਾਰੀ ਨਿਭਾਈ।

 

ਭਰਾਵੋ ਭੈਣੋ,

ਬਦਕਿਸਮਤੀ ਨਾਲ, ਅੱਜ ਵੀ ਸਾਡੇ ਦੇਸ਼ ਵਿੱਚ ਉਹ ਤਾਕਤਾਂ ਮੌਜੂਦ ਹਨ, ਪੂਰੀ ਤਰ੍ਹਾਂ ਸਰਗਰਮ ਹਨ, ਜਿਨ੍ਹਾਂ ਨੇ ਸੋਮਨਾਥ ਮੁੜ-ਉਸਾਰੀ ਦਾ ਵਿਰੋਧ ਕੀਤਾ। ਅੱਜ ਤਲਵਾਰਾਂ ਦੀ ਥਾਂ ਦੂਜੇ ਕੋਝੇ ਤਰੀਕਿਆਂ ਨਾਲ ਭਾਰਤ ਖ਼ਿਲਾਫ਼ ਸਾਜ਼ਿਸ਼ਾਂ ਹੋ ਰਹੀਆਂ ਹਨ। ਅਤੇ ਇਸ ਲਈ ਸਾਨੂੰ ਜ਼ਿਆਦਾ ਸਾਵਧਾਨ ਰਹਿਣਾ ਹੈ, ਸਾਨੂੰ ਖ਼ੁਦ ਨੂੰ ਤਾਕਤਵਰ ਬਣਾਉਣਾ ਹੈ। ਸਾਨੂੰ ਇੱਕ ਰਹਿਣਾ ਹੈ, ਇਕਜੁੱਟ ਰਹਿਣਾ ਹੈ, ਅਜਿਹੀ ਹਰ ਤਾਕਤ ਨੂੰ ਹਰਾਉਣਾ ਹੈ ਜੋ ਸਾਨੂੰ ਵੰਡਣ ਦੀਆਂ ਸਾਜ਼ਿਸ਼ਾਂ ਰਚ ਰਹੀ ਹੈ।

 

ਸਾਥੀਓ,

ਜਦੋਂ ਅਸੀਂ ਆਪਣੀ ਆਸਥਾ ਨਾਲ ਜੁੜੇ ਰਹਿੰਦੇ ਹਾਂ, ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿੰਦੇ ਹਾਂ, ਪੂਰੇ ਸਵਾਭੀਮਾਨ ਨਾਲ ਆਪਣੀ ਵਿਰਾਸਤ ਦੀ ਸੰਭਾਲ ਕਰਦੇ ਹਾਂ, ਆਪਣੀ ਵਿਰਾਸਤ ਪ੍ਰਤੀ ਸੁਚੇਤ ਰਹਿੰਦੇ ਹਾਂ, ਤਾਂ ਸਾਡੀ ਸਭਿਅਤਾ ਦੀਆਂ ਜੜ੍ਹਾਂ ਵੀ ਮਜ਼ਬੂਤ ਹੁੰਦੀਆਂ ਹਨ। ਅਤੇ ਇਸੇ ਲਈ, ਪਿਛਲੇ ਇੱਕ ਹਜ਼ਾਰ ਸਾਲਾਂ ਦੀ ਯਾਤਰਾ, ਸਾਨੂੰ ਅਗਲੇ ਇੱਕ ਹਜ਼ਾਰ ਸਾਲਾਂ ਲਈ ਤਿਆਰ ਰਹਿਣ ਦੀ ਪ੍ਰੇਰਨਾ ਦਿੰਦੀ ਹੈ।

 

ਸਾਥੀਓ,

ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਦੇ ਇਤਿਹਾਸਕ ਮੌਕੇ 'ਤੇ, ਮੈਂ ਭਾਰਤ ਲਈ ਹਜ਼ਾਰ ਸਾਲ ਦਾ ਵਿਸ਼ਾਲ ਸੁਪਨਾ ਸਾਹਮਣੇ ਰੱਖਿਆ ਸੀ। ਮੈਂ 'ਦੇਵ ਤੋਂ ਦੇਸ਼' ਦੇ ਵਿਜ਼ਨ ਨਾਲ ਅੱਗੇ ਵਧਣ ਦੀ ਗੱਲ ਕਹੀ ਸੀ। ਅੱਜ ਦੇਸ਼ ਦਾ ਸੱਭਿਆਚਾਰਕ ਪੁਨਰ-ਜਾਗਰਣ ਕਰੋੜਾਂ ਦੇਸ਼-ਵਾਸੀਆਂ ਵਿੱਚ ਨਵਾਂ ਵਿਸ਼ਵਾਸ ਭਰ ਰਿਹਾ ਹੈ। ਅੱਜ ਹਰ ਦੇਸ਼ਵਾਸੀ ਦੇ ਮਨ ਵਿੱਚ ਵਿਕਸਿਤ ਭਾਰਤ ਨੂੰ ਲੈ ਕੇ ਇੱਕ ਭਰੋਸਾ ਹੈ। ਅੱਜ 140 ਕਰੋੜ ਭਾਰਤੀ ਭਵਿੱਖ ਦੇ ਟੀਚਿਆਂ ਨੂੰ ਲੈ ਕੇ ਦ੍ਰਿੜ੍ਹ ਹਨ। ਭਾਰਤ ਆਪਣੇ ਗੌਰਵ ਨੂੰ ਨਵੀਂ ਬੁਲੰਦੀ ਦੇਵੇਗਾ, ਅਸੀਂ ਗ਼ਰੀਬੀ ਖ਼ਿਲਾਫ਼ ਆਪਣੀ ਲੜਾਈ ਵਿੱਚ ਜਿੱਤਾਂਗੇ, ਅਸੀਂ ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਛੂਹਾਂਗੇ! ਪਹਿਲਾਂ ਦੁਨੀਆ ਦੀ ਤੀਜੀ ਵੱਡੀ ਅਰਥ-ਵਿਵਸਥਾ ਬਣਨ ਦਾ ਟੀਚਾ, ਫਿਰ ਉਸ ਤੋਂ ਅੱਗੇ ਦਾ ਸਫ਼ਰ, ਦੇਸ਼ ਹੁਣ ਇਸ ਲਈ ਤਿਆਰ ਹੋ ਚੁੱਕਾ ਹੈ। ਅਤੇ ਸੋਮਨਾਥ ਮੰਦਿਰ ਦੀ ਇਹ ਊਰਜਾ, ਸਾਡੇ ਇਨ੍ਹਾਂ ਸੰਕਲਪਾਂ ਨੂੰ ਆਸ਼ੀਰਵਾਦ ਦੇ ਰਹੀ ਹੈ।

 

ਸਾਥੀਓ,

ਅੱਜ ਦਾ ਭਾਰਤ ਵਿਰਾਸਤ ਤੋਂ ਵਿਕਾਸ ਦੀ ਪ੍ਰੇਰਨਾ ਲੈ ਕੇ ਅੱਗੇ ਵਧ ਰਿਹਾ ਹੈ। ਸੋਮਨਾਥ ਵਿੱਚ ਵਿਕਾਸ ਵੀ ਵਿਰਾਸਤ ਵੀ ਇਹ ਭਾਵਨਾ ਲਗਾਤਾਰ ਸਾਕਾਰ ਹੋ ਰਹੀ ਹੈ। ਅੱਜ ਇੱਕ ਪਾਸੇ, ਸੋਮਨਾਥ ਮੰਦਿਰ ਦਾ ਸੱਭਿਆਚਾਰਕ ਵਿਸਥਾਰ, ਸੋਮਨਾਥ ਸੰਸਕ੍ਰਿਤ ਯੂਨੀਵਰਸਿਟੀ ਦੀ ਸਥਾਪਨਾ, ਮਾਧਵਪੁਰ ਮੇਲੇ ਦੀ ਲੋਕਪ੍ਰਿਯਤਾ ਅਤੇ ਉਸ ਦੇ ਰੰਗ, ਇਨ੍ਹਾਂ ਨਾਲ ਸਾਡੀ ਵਿਰਾਸਤ ਮਜ਼ਬੂਤ ਹੋ ਰਹੀ ਹੈ, ਗਿਰ ਸ਼ੇਰ ਦੀ ਸੰਭਾਲ ਨਾਲ ਇਸ ਖੇਤਰ ਦਾ ਕੁਦਰਤੀ ਖਿੱਚ ਦਾ ਕੇਂਦਰ ਵਧ ਰਿਹਾ ਹੈ, ਤਾਂ ਉੱਥੇ ਹੀ, ਪ੍ਰਭਾਸ ਪਾਟਨ ਖੇਤਰ ਵਿਕਾਸ ਦੇ ਨਵੇਂ ਪਹਿਲੂ ਵੀ ਘੜੇ ਜਾ ਰਹੇ ਹਨ। ਕੇਸ਼ੋਦ ਹਵਾਈ ਅੱਡੇ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਇਸ ਨਾਲ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਸਿੱਧੇ ਸੋਮਨਾਥ ਤੱਕ ਪਹੁੰਚ ਸਕਣਗੇ। ਅਹਿਮਦਾਬਾਦ ਤੋਂ ਵੇਰਾਵਲ ਵੰਦੇ ਭਾਰਤ ਟ੍ਰੇਨ ਦੀ ਸ਼ੁਰੂਆਤ ਨਾਲ ਤੀਰਥ ਯਾਤਰੀਆਂ ਅਤੇ ਸੈਲਾਨੀਆਂ ਦਾ ਸਮਾਂ ਘੱਟ ਹੋਇਆ ਹੈ। ਇਸ ਖੇਤਰ ਵਿੱਚ ਯਾਤਰਾਧਾਮ ਸਰਕਟ ਦਾ ਵਿਕਾਸ ਵੀ ਕੀਤਾ ਜਾ ਰਿਹਾ ਹੈ। ਭਾਵ, ਅੱਜ ਦਾ ਭਾਰਤ ਆਸਥਾ ਨੂੰ ਯਾਦ ਕਰਨ ਦੇ ਨਾਲ ਹੀ, ਬੁਨਿਆਦੀ ਢਾਂਚੇ, ਕਨੈਕਟੀਵਿਟੀ ਅਤੇ ਤਕਨਾਲੋਜੀ ਰਾਹੀਂ ਉਸਨੂੰ ਭਵਿੱਖ ਲਈ ਮਜ਼ਬੂਤ ਵੀ ਕਰ ਰਿਹਾ ਹੈ।

 

ਸਾਥੀਓ,

ਸਾਡੀ ਸੱਭਿਅਤਾ ਦਾ ਸੁਨੇਹਾ ਕਦੇ ਕਿਸੇ ਨੂੰ ਹਰਾਉਣ ਦਾ ਨਹੀਂ ਰਿਹਾ, ਸਗੋਂ ਜੀਵਨ ਨੂੰ ਸੰਤੁਲਨ ਵਿੱਚ ਰੱਖਣ ਦਾ ਰਿਹਾ ਹੈ। ਸਾਡੇ ਇੱਥੇ ਆਸਥਾ ਦਾ ਰਾਹ ਸਾਨੂੰ ਨਫ਼ਰਤ ਵੱਲ ਨਹੀਂ ਲੈ ਜਾਂਦਾ। ਸਾਡੇ ਇੱਥੇ ਸ਼ਕਤੀ ਸਾਨੂੰ ਵਿਨਾਸ਼ ਕਰਨ ਦਾ ਹੰਕਾਰ ਨਹੀਂ ਦਿੰਦੀ। ਸੋਮਨਾਥ ਵਰਗੇ ਤੀਰਥ ਨੇ ਸਾਨੂੰ ਸਿਖਾਇਆ ਹੈ ਕਿ, ਸਿਰਜਣਾ ਦਾ ਰਸਤਾ ਲੰਮਾ ਹੁੰਦਾ ਹੈ, ਪਰ ਉਹੀ ਸਥਾਈ ਹੁੰਦਾ ਹੈ, ਚਿਰੰਜੀਵ ਹੁੰਦਾ ਹੈ। ਤਲਵਾਰ ਦੀ ਨੋਕ 'ਤੇ ਕਦੇ ਦਿਲਾਂ ਨੂੰ ਨਹੀਂ ਜਿੱਤਿਆ ਜਾ ਸਕਦਾ, ਜੋ ਸੱਭਿਅਤਾਵਾਂ ਦੂਜਿਆਂ ਨੂੰ ਮਿਟਾ ਕੇ ਅੱਗੇ ਵਧਣਾ ਚਾਹੁੰਦੀਆਂ ਹਨ, ਉਹ ਖ਼ੁਦ ਸਮੇਂ ਵਿੱਚ ਗੁਆਚ ਜਾਂਦੀਆਂ ਹਨ। ਇਸੇ ਲਈ, ਭਾਰਤ ਨੇ ਦੁਨੀਆ ਨੂੰ ਇਹ ਨਹੀਂ ਸਿਖਾਇਆ ਕਿ ਦੂਜੇ ਨੂੰ ਹਰਾ ਕੇ ਕਿਵੇਂ ਜਿੱਤਿਆ ਜਾਵੇ, ਸਗੋਂ ਇਹ ਸਿਖਾਇਆ ਕਿ ਕਿਵੇਂ ਦਿਲਾਂ ਨੂੰ ਜਿੱਤ ਕੇ ਜੀਵਿਆ ਜਾਵੇ। ਇਹ ਵਿਚਾਰ ਅੱਜ ਦੁਨੀਆ ਦੀ ਲੋੜ ਹਨ। ਸੋਮਨਾਥ ਦੀ ਹਜ਼ਾਰ ਸਾਲਾਂ ਦੀ ਗਾਥਾ ਪੂਰੀ ਮਨੁੱਖਤਾ ਨੂੰ ਇਹ ਸਿੱਖਿਆ ਦੇ ਰਹੀ ਹੈ। ਇਸ ਲਈ ਆਓ, ਅਸੀਂ ਸੰਕਲਪ ਕਰੀਏ, ਅਸੀਂ ਵਿਕਾਸ ਵੱਲ ਅੱਗੇ ਵਧੀਏ, ਕਦਮ ਨਾਲ ਕਦਮ ਮਿਲਾ ਕੇ ਚੱਲੀਏ, ਮੋਢੇ ਨਾਲ ਮੋਢਾ ਮਿਲਾ ਕੇ ਚੱਲੀਏ, ਮਨ ਨਾਲ ਮਨ ਨੂੰ ਜੋੜ ਕੇ ਚੱਲੀਏ, ਟੀਚੇ ਨੂੰ ਓਹਲੇ ਹੋਣ ਦਿੱਤੇ ਬਿਨਾਂ ਅਸੀਂ ਚਲਦੇ ਚੱਲੀਏ, ਅਤੇ ਨਾਲ ਹੀ ਆਪਣੇ ਅਤੀਤ ਅਤੇ ਆਪਣੀ ਵਿਰਾਸਤ ਨਾਲ ਵੀ ਜੁੜੇ ਰਹੀਏ। ਅਸੀਂ ਆਧੁਨਿਕਤਾ ਨੂੰ ਅਪਣਾਉਂਦੇ ਹੋਏ ਆਪਣੀ ਚੇਤਨਾ ਨੂੰ ਸੰਭਾਲ ਕੇ ਰੱਖੀਏ। ਆਓ, ਸੋਮਨਾਥ ਸਵਾਭੀਮਾਨ ਪਰਵ ਵਰਗੇ ਆਯੋਜਨਾਂ ਤੋਂ ਪ੍ਰੇਰਨਾ ਲੈਂਦੇ ਹੋਏ, ਵਿਕਸਿਤ ਹੋਣ ਦੇ ਰਾਹ 'ਤੇ ਤੇਜ਼ੀ ਨਾਲ ਚੱਲੀਏ। ਹਰ ਚੁਣੌਤੀ ਨੂੰ ਪਾਰ ਕਰਦੇ ਹੋਏ, ਅਸੀਂ ਆਪਣੇ ਟੀਚੇ ਤੱਕ ਪਹੁੰਚੀਏ ਅਤੇ ਇਹ ਪ੍ਰੋਗਰਾਮ ਅੱਜ ਤਾਂ ਸ਼ੁਰੂ ਹੋ ਰਿਹਾ ਹੈ, ਅਸੀਂ ਹਜ਼ਾਰ ਸਾਲ ਦੀ ਯਾਦ ਦੇਸ਼ ਦੇ ਕੋਨੇ-ਕੋਨੇ ਵਿੱਚ ਦਿਵਾਉਣੀ ਹੈ, ਦੁਨੀਆ ਨੂੰ ਸਾਡੀ ਵਿਰਾਸਤ ਨਾਲ ਜਾਣੂ ਕਰਵਾਉਣਾ ਹੈ, 75 ਸਾਲ ਦਾ ਇਹ ਨਵਾਂ ਪਰਵ ਵੀ ਮਨਾਉਣਾ ਹੈ ਅਤੇ 2027 ਮਈ ਤੱਕ ਇਸ ਨੂੰ ਮਨਾਉਂਦੇ ਰਹੀਏ, ਜਨ-ਜਨ ਨੂੰ ਜਗਾਉਂਦੇ ਰਹੀਏ, ਜਾਗਿਆ ਹੋਇਆ ਦੇਸ਼ ਸੁਪਨਿਆਂ ਨੂੰ ਸਾਕਾਰ ਕਰਨ ਲਈ ਚਲਦਾ ਰਹੇ, ਇਸੇ ਕਾਮਨਾ ਨਾਲ, ਇੱਕ ਵਾਰ ਫਿਰ ਸਮੂਹ ਦੇਸ਼-ਵਾਸੀਆਂ ਨੂੰ ਮੈਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਹਰ ਹਰ ਮਹਾਦੇਵ।

ਜੈ ਸੋਮਨਾਥ।

ਜੈ ਸੋਮਨਾਥ।

ਜੈ ਸੋਮਨਾਥ।

 

ਨੋਟ: ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਕੁਝ ਹਿੱਸਾ ਗੁਜਰਾਤੀ ਭਾਸ਼ਾ ਵਿੱਚ ਵੀ ਹੈ, ਜਿਸ ਦਾ ਇੱਥੇ ਭਾਵ-ਅਨੁਵਾਦ ਕੀਤਾ ਗਿਆ ਹੈ।

 

*********

ਐੱਮਜੇਪੀਐੱਸ/ਵੀਜੇ


(रिलीज़ आईडी: 2214729) आगंतुक पटल : 5
इस विज्ञप्ति को इन भाषाओं में पढ़ें: English , Urdu , हिन्दी , Marathi , Bengali , Bengali-TR , Manipuri , Assamese , Gujarati , Telugu , Kannada , Malayalam