ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਨੈਸ਼ਨਲ ਟੈਸਟ ਹਾਊਸ ਨੇ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਵਿੱਚ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਐੱਨਐੱਚਏਆਈ ਨਾਲ ਸਹਿਮਤੀ ਪੱਤਰ 'ਤੇ ਹਸਤਾਖਰ ਕੀਤੇ
ਇਹ ਸਹਿਯੋਗ ਗੁਣਵੱਤਾ ਵਾਲੇ ਬੁਨਿਆਦੀ ਢਾਂਚੇ ਪ੍ਰਤੀ ਸਰਕਾਰ ਦੇ ਯਤਨਾਂ ਦਾ ਸਮਰਥਨ ਕਰਦਾ ਹੈ
ਰਾਜਮਾਰਗ ਨਿਰਮਾਣ ਕਾਰਜਾਂ ਵਿੱਚ ਪਾਰਦਰਸ਼ਿਤਾ ਅਤੇ ਮਿਆਰਾਂ ਨੂੰ ਵਧਾਉਣ ਲਈ ਸਹਿਮਤੀ ਪੱਤਰ
ਸੁਰੱਖਿਅਤ ਅਤੇ ਵਧੇਰੇ ਟਿਕਾਊ ਰਾਸ਼ਟਰੀ ਰਾਜਮਾਰਗਾਂ ਵੱਲ ਕਦਮ
प्रविष्टि तिथि:
30 DEC 2025 7:56PM by PIB Chandigarh
ਨੈਸ਼ਨਲ ਟੈਸਟ ਹਾਊਸ (ਐੱਨਟੀਐੱਚ) ਨੇ ਰਾਸ਼ਟਰੀ ਰਾਜਮਾਰਗ ਅਤੇ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਵਿੱਚ ਗੁਣਵੱਤਾ ਨਿਯੰਤਰਣ ਅਤੇ ਤੀਜੀ-ਧਿਰ ਦੀ ਟੈਸਟਿੰਗ ਨੂੰ ਮਜ਼ਬੂਤ ਕਰਨ ਲਈ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ (ਐੱਨਐੱਚਏਆਈ) ਨਾਲ ਇੱਕ ਸਹਿਮਤੀ ਪੱਤਰ (ਐੱਮਓਯੂ) 'ਤੇ ਹਸਤਾਖਰ ਕੀਤੇ ਹਨ।

ਨਵੀਂ ਦਿੱਲੀ ਸਥਿਤ ਐੱਨਐੱਚਏਆਈ ਹੈੱਡਕੁਆਰਟਰ ਵਿੱਚ ਖਪਤਕਾਰ ਮਾਮਲੇ ਵਿਭਾਗ ਦੇ ਵਧੀਕ ਸਕੱਤਰ ਸ਼੍ਰੀ ਭਰਤ ਖੇਰਾ, ਐੱਨਐੱਚਏਆਈ ਦੇ ਚੇਅਰਮੈਨ ਸ਼੍ਰੀ ਸੰਤੋਸ਼ ਕੁਮਾਰ ਯਾਦਵ ਅਤੇ ਐੱਨਟੀਐੱਚ ਦੇ ਡਾਇਰੈਕਟਰ ਜਨਰਲ ਡਾ. ਆਲੋਕ ਕੁਮਾਰ ਸ੍ਰੀਵਾਸਤਵ ਦੇ ਨਾਲ-ਨਾਲ ਦੋਵਾਂ ਸੰਗਠਨਾਂ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਇਸ ਐੱਮਓਯੂ 'ਤੇ ਹਸਤਾਖਰ ਕੀਤੇ ਗਏ।
ਸਮਝੌਤੇ ਦੇ ਤਹਿਤ, ਐੱਨਟੀਐੱਚ ਨੂੰ ਐੱਨਐੱਚਏਆਈ ਲਈ ਇੱਕ ਮਾਨਤਾ ਪ੍ਰਾਪਤ ਪ੍ਰਯੋਗਸ਼ਾਲਾ ਵਜੋਂ ਸੂਚੀਬੱਧ ਕੀਤਾ ਜਾਵੇਗਾ। ਇਹ ਰਾਜਮਾਰਗ ਨਿਰਮਾਣ ਅਤੇ ਸਬੰਧਿਤ ਕੰਮਾਂ ਨਾਲ ਜੁੜੇ ਨਮੂਨਿਆਂ ਦੀ ਟੈਸਟਿੰਗ ਅਤੇ ਨਿਰੀਖਣ ਲਈ ਦੇਸ਼ ਭਰ ਵਿੱਚ ਸਥਿਤ ਐੱਨਟੀਐੱਚ ਦੀਆਂ ਪ੍ਰਯੋਗਸ਼ਾਲਾਵਾਂ ਵਿੱਚ ਭੇਜ ਸਕਦਾ ਹੈ। ਨਮੂਨਿਆਂ ਦੀ ਜਾਂਚ ਗਾਜ਼ੀਆਬਾਦ, ਕੋਲਕਾਤਾ, ਮੁੰਬਈ, ਚੇੱਨਈ, ਜੈਪੁਰ, ਗੁਵਾਹਾਟੀ, ਬੰਗਲੁਰੂ ਅਤੇ ਵਾਰਾਣਸੀ ਵਿੱਚ ਸਥਿਤ ਐੱਨਟੀਐੱਚ ਦੀਆਂ ਖੇਤਰੀ ਪ੍ਰਯੋਗਸ਼ਾਲਾਵਾਂ ਅਤੇ ਸੈਟੇਲਾਈਟ ਕੇਂਦਰਾਂ ਵਿੱਚ ਕੀਤੀ ਜਾਵੇਗੀ। ਐੱਨਟੀਐੱਚ ਆਪਣੇ ਔਨਲਾਈਨ ਐੱਮਆਈਐੱਸ ਪੋਰਟਲ ਦੇ ਨਾਲ-ਨਾਲ ਭੌਤਿਕ ਰਿਪੋਰਟਾਂ ਰਾਹੀਂ ਇੱਕ ਵਾਜਬ ਸਮਾਂ-ਸੀਮਾ ਦੇ ਅੰਦਰ ਵਿਗਿਆਨਿਕ ਅਤੇ ਨਿਰਪੱਖ ਟੈਸਟ ਨਤੀਜੇ ਪ੍ਰਦਾਨ ਕਰੇਗਾ।
ਸਹਿਮਤੀ ਪੱਤਰ ਵਿੱਚ ਔਨਲਾਈਨ ਟੈਸਟ ਬੇਨਤੀਆਂ ਅਤੇ ਭੁਗਤਾਨ, ਨੋਡਲ ਅਫਸਰਾਂ ਰਾਹੀਂ ਤਾਲਮੇਲ ਅਤੇ ਐੱਨਐੱਚਏਆਈ ਤਕਨੀਕੀ ਕਮੇਟੀਆਂ ਵਿੱਚ ਐੱਨਟੀਐੱਚ ਮਾਹਿਰਾਂ ਦੀ ਭਾਗੀਦਾਰੀ ਦੀ ਵਿਵਸਥਾ ਵੀ ਕੀਤੀ ਗਈ ਹੈ। ਦੋਵੇਂ ਸੰਗਠਨ ਸਾਂਝੇ ਤੌਰ 'ਤੇ ਐੱਨਐੱਚਏਆਈ ਅਧਿਕਾਰੀਆਂ ਲਈ ਟ੍ਰੇਨਿੰਗ ਪ੍ਰੋਗਰਾਮ, ਵਰਕਸ਼ੌਪਸ ਅਤੇ ਸਮਰੱਥਾ-ਨਿਰਮਾਣ ਸੈਸ਼ਨਾਂ ਦਾ ਆਯੋਜਨ ਕਰਨਗੇ। ਜਿੱਥੇ ਵੀ ਜ਼ਰੂਰੀ ਹੋਵੇ, ਐੱਨਟੀਐੱਚ ਐੱਨਐੱਚਏਆਈ ਦੀਆਂ ਪ੍ਰਯੋਗਸ਼ਾਲਾਵਾਂ ਵਿੱਚ ਟੈਸਟਿੰਗ ਸਹੂਲਤਾਂ ਨੂੰ ਮਜ਼ਬੂਤ ਕਰਨ ਵਿੱਚ ਵੀ ਸਹਾਇਤਾ ਕਰੇਗਾ।
ਨੈਸ਼ਨਲ ਟੈਸਟ ਹਾਊਸ ਦੀ ਸਥਾਪਨਾ 1912 ਵਿੱਚ ਹੋਈ ਸੀ। ਇਹ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਦੇ ਖਪਤਕਾਰ ਮਾਮਲਿਆਂ ਦੇ ਵਿਭਾਗ ਅਧੀਨ ਇੱਕ ਪ੍ਰਮੁੱਖ ਵਿਗਿਆਨਕ ਟੈਸਟਿੰਗ ਅਤੇ ਗੁਣਵੱਤਾ ਭਰੋਸਾ ਸੰਗਠਨ ਹੈ, ਜਿਸ ਦੀ ਪਹੁੰਚ ਪੂਰੇ ਦੇਸ਼ ਵਿੱਚ ਹੈ। ਇਸ ਸਹਿਯੋਗ ਨਾਲ ਗੁਣਵੱਤਾ ਭਰੋਸਾ ਪ੍ਰਕਿਰਿਆਵਾਂ ਵਿੱਚ ਪਾਰਦਰਸ਼ਿਤਾ, ਮਾਨਕੀਕਰਣ ਅਤੇ ਕੁਸ਼ਲਤਾ ਵਿੱਚ ਸੁਧਾਰ ਹੋਣ ਦੀ ਉਮੀਦ ਹੈ। ਇਹ ਰਾਸ਼ਟਰੀ ਰਾਜਮਾਰਗਾਂ ਦੀ ਸੁਰੱਖਿਆ, ਟਿਕਾਊਤਾ ਅਤੇ ਪ੍ਰਦਰਸ਼ਨ ਨੂੰ ਵਧਾਉਣ ਵਿੱਚ ਮਦਦ ਕਰੇਗਾ ਅਤੇ ਇਸ ਨਾਲ ਭਾਰਤ ਸਰਕਾਰ ਦੇ ਮਜ਼ਬੂਤ, ਭਰੋਸੇਮੰਦ ਅਤੇ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਦੇ ਦ੍ਰਿਸ਼ਟੀਕੋਣ ਨੂੰ ਸਮਰਥਨ ਮਿਲੇਗਾ।
************
ਆਰਟੀ/ਐੱਨਐੱਸ/ਏਆਰਸੀ
(रिलीज़ आईडी: 2210179)
आगंतुक पटल : 3