ਪ੍ਰਮਾਣੂ ਊਰਜਾ ਵਿਭਾਗ
ਸਰਕਾਰ ਭਾਰਤ ਭਰ ਵਿੱਚ ਕੈਂਸਰ ਦੇਖਭਾਲ, ਖੋਜ ਅਤੇ ਕਿਫਾਇਤੀ ਉੱਨਤ ਇਲਾਜਾਂ ਦਾ ਵਿਸਤਾਰ ਕਰ ਰਹੀ ਹੈ: ਡਾ. ਜਿਤੇਂਦਰ ਸਿੰਘ
ਸੰਸਦ ਵਿੱਚ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕੈਂਸਰ ਦੇਖਭਾਲ ਨੂੰ ਚੋਣਵੀਂ ਉਤਕ੍ਰਿਸ਼ਟਤਾ ਤੋਂ ਵਿਆਪਕ ਪਹੁੰਚ ਵਿੱਚ ਬਦਲਿਆ ਜਾ ਰਿਹਾ ਹੈ
ਟਾਟਾ ਮੈਮੋਰੀਅਲ ਸੈਂਟਰ ਵਿੱਚ ਲਗਭਗ 60% ਕੈਂਸਰ ਮਰੀਜ਼ਾਂ ਦਾ ਇਲਾਜ ਮੁਫਤ ਜਾਂ ਨਾ-ਮਾਤਰ ਕੀਮਤ 'ਤੇ ਕੀਤਾ ਜਾਂਦਾ ਹੈ: ਡਾ. ਜਿਤੇਂਦਰ ਸਿੰਘ
ਕੈਂਸਰ ਦੀਆਂ ਘਟਨਾਵਾਂ ਵਿੱਚ ਵਾਧਾ ਇੱਕ ਵਿਸ਼ਵਵਿਆਪੀ ਰੁਝਾਨ ਹੈ; ਜਲਦੀ ਪਤਾ ਲਗਾਉਣ ਨਾਲ ਬਹੁਤ ਸਾਰੇ ਕੈਂਸਰ ਠੀਕ ਹੋ ਸਕਦੇ ਹਨ: ਡਾ. ਜਿਤੇਂਦਰ ਸਿੰਘ
प्रविष्टि तिथि:
18 DEC 2025 7:48PM by PIB Chandigarh
ਦੇਸ਼ ਵਿੱਚ ਕੈਂਸਰ ਦੇ ਵਧ ਰਹੇ ਬੋਝ ਬਾਰੇ ਸੰਸਦ ਵਿੱਚ ਕਈ ਸਵਾਲਾਂ ਦੇ ਜਵਾਬ ਦਿੰਦੇ ਹੋਏ, ਵਿਗਿਆਨ ਅਤੇ ਤਕਨਾਲੋਜੀ, ਧਰਤੀ ਵਿਗਿਆਨ ਅਤੇ ਪ੍ਰਧਾਨ ਮੰਤਰੀ ਦਫ਼ਤਰ ਦੇ ਰਾਜ ਮੰਤਰੀ, ਅਮਲਾ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ (ਸੁਤੰਤਰ ਚਾਰਜ) ਡਾ. ਜਿਤੇਂਦਰ ਸਿੰਘ ਨੇ ਅੱਜ ਕੈਂਸਰ ਦੀ ਰੋਕਥਾਮ, ਨਿਦਾਨ, ਇਲਾਜ, ਖੋਜ ਅਤੇ ਕਿਫਾਇਤੀ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਲਈ ਸਰਕਾਰ ਦੀ ਬਹੁ-ਪੱਖੀ, ਭਵਿੱਖ-ਤਿਆਰ ਰਣਨੀਤੀ ਦੀ ਰੂਪ-ਰੇਖਾ ਬਾਰੇ ਜਾਣਕਾਰੀ ਦਿੱਤੀ।
ਮੰਤਰੀ ਨੇ ਹਸਪਤਾਲ ਵਿੱਚ ਭਰਤੀ, ਵਧਦੀ ਕੈਂਸਰ ਦੀਆਂ ਘਟਨਾਵਾਂ, ਦਵਾਈਆਂ, ਟੀਕਿਆਂ ਦੀ ਕਿਫਾਇਤੀ ਸਮਰੱਥਾ, ਵਿਸ਼ਵਵਿਆਪੀ ਸਹਿਯੋਗ ਅਤੇ ਉੱਨਤ ਪਰਮਾਣੂ ਇਲਾਜਾਂ ਤੱਕ ਪਹੁੰਚ ਨਾਲ ਸਬੰਧਿਤ ਚਿੰਤਾਵਾਂ ਨੂੰ ਦੂਰ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਖੋਜ, ਤਕਨਾਲੋਜੀ ਅਤੇ ਜਨਤਕ ਸਿਹਤ ਏਕੀਕਰਣ ਦੁਆਰਾ ਸੰਚਾਲਿਤ ਕੈਂਸਰ ਦੇਖਭਾਲ ਨੂੰ ਚੋਣਵੀਂ ਉਤਕ੍ਰਿਸ਼ਟਤਾ ਤੋਂ ਵਿਆਪਕ ਪਹੁੰਚ ਵਿੱਚ ਬਦਲ ਰਹੀ ਹੈ।
ਡਾ. ਜਿਤੇਂਦਰ ਸਿੰਘ ਨੇ ਸਵੀਕਾਰ ਕੀਤਾ ਕਿ ਕੈਂਸਰ ਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਸਪਤਾਲ ਵਿੱਚ ਭਰਤੀ ਦੌਰਾਨ ਅਕਸਰ ਭਾਵਨਾਤਮਕ ਅਤੇ ਲੌਜਿਸਟਿਕਲ ਤਣਾਅ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੀਜੇ ਦਰਜੇ ਦੇ ਹਸਪਤਾਲਾਂ 'ਤੇ ਰੈਫਰਲ ਦਬਾਅ ਘਟਾਉਣ ਲਈ ਜ਼ਿਲ੍ਹਾ ਪੱਧਰ 'ਤੇ ਦਾਖਲਾ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣ ਅਤੇ ਓਨਕੋਲੋਜੀ ਸਹੂਲਤਾਂ ਦਾ ਵਿਸਥਾਰ ਕਰਨ ਲਈ ਕੰਮ ਕਰ ਰਹੀ ਹੈ।
ਮੰਤਰੀ ਨੇ ਕਿਹਾ ਕਿ 2014 ਤੋਂ ਲੈ ਕੇ ਹੁਣ ਤੱਕ ਦੇਸ਼ ਭਰ ਵਿੱਚ 11 ਟਾਟਾ ਮੈਮੋਰੀਅਲ ਸੈਂਟਰ ਹਸਪਤਾਲ ਸਥਾਪਿਤ ਕੀਤੇ ਗਏ ਹਨ। ਇੱਕ ਰਾਸ਼ਟਰੀ ਕੈਂਸਰ ਕੇਅਰ ਗਰਿੱਡ, ਜਿਸ ਵਿੱਚ 300 ਤੋਂ ਵੱਧ ਹਸਪਤਾਲਾਂ ਨੂੰ ਕਵਰ ਕੀਤਾ ਜਾਂਦਾ ਹੈ, ਵੀ ਬਣਾਇਆ ਗਿਆ ਹੈ, ਜੋ ਮਰੀਜ਼ਾਂ ਦੇ ਘਰਾਂ ਦੇ ਨੇੜੇ ਮਿਆਰੀ ਅਤੇ ਆਸਾਨੀ ਨਾਲ ਪਹੁੰਚਯੋਗ ਕੈਂਸਰ ਸੇਵਾਵਾਂ ਨੂੰ ਯਕੀਨੀ ਬਣਾਉਂਦਾ ਹੈ। ਨਵੀਂ ਮੁੰਬਈ ਵਿੱਚ ਪਲੈਟੀਨਮ ਬਲੌਕ ਸਮੇਤ ਵੱਡੇ ਵਿਸਥਾਰ ਪ੍ਰੋਜੈਕਟ ਵੀ ਚੱਲ ਰਹੇ ਹਨ।
ਕੈਂਸਰ ਦੇ ਵਧ ਰਹੇ ਮਾਮਲਿਆਂ ਬਾਰੇ ਚਿੰਤਾਵਾਂ ਨੂੰ ਦੂਰ ਕਰਦੇ ਹੋਏ, ਡਾ. ਸਿੰਘ ਨੇ ਕਿਹਾ ਕਿ ਇਹ ਵਾਧਾ ਇੱਕ ਵਿਸ਼ਵਵਿਆਪੀ ਵਰਤਾਰਾ ਹੈ, ਜਿਸਦਾ ਕਾਰਨ ਲੰਬੀ ਉਮਰ, ਵਾਤਾਵਰਣ ਸਬੰਧੀ ਕਾਰਕ, ਜੀਵਨ ਸ਼ੈਲੀ ਵਿੱਚ ਬਦਲਾਅ ਅਤੇ ਗੈਰ-ਸੰਚਾਰੀ ਬਿਮਾਰੀਆਂ ਦੀ ਜਲਦੀ ਸ਼ੁਰੂਆਤ ਹੈ। ਮੰਤਰੀ ਨੇ ਕਿਹਾ "ਅੱਜ, ਕੈਂਸਰ ਸਿਰਫ਼ ਬੁਢਾਪੇ ਦੀ ਬਿਮਾਰੀ ਨਹੀਂ ਹੈ। ਸ਼ੁਰੂਆਤੀ ਜਾਂਚ ਨੇ ਬਹੁਤ ਸਾਰੇ ਕੈਂਸਰਾਂ ਨੂੰ ਘਾਤਕ ਤੋਂ ਇਲਾਜਯੋਗ ਬਣਾ ਦਿੱਤਾ ਹੈ।"
ਡਾ. ਜਿਤੇਂਦਰ ਸਿੰਘ ਨੇ ਸਦਨ ਨੂੰ ਦੱਸਿਆ ਕਿ ਬੋਰਡ ਆਫ਼ ਰੈਡੀਏਸ਼ਨ ਐਂਡ ਆਈਸੋਟੋਪ ਟੈਕਨੋਲੋਜੀ (ਬੀਆਰਆਈਟੀ), ਟਾਟਾ ਮੈਮੋਰੀਅਲ ਸੈਂਟਰ ਅਤੇ ਟੀਚਿੰਗ ਹਸਪਤਾਲਾਂ ਵਰਗੀਆਂ ਸੰਸਥਾਵਾਂ ਵਿੱਚ ਵਿਆਪਕ ਖੋਜ ਚੱਲ ਰਹੀ ਹੈ। ਇਹ ਖੋਜ ਨਾ ਸਿਰਫ਼ ਕੈਂਸਰ 'ਤੇ, ਸਗੋਂ ਰੇਡੀਓਪ੍ਰੋਟੈਕਟਿਵ ਏਜੰਟਾਂ ਅਤੇ ਸਟੀਕ-ਟੀਚਾਬੱਧ ਤਕਨਾਲੋਜੀਆਂ ਰਾਹੀਂ ਕੀਮੋਥੈਰੇਪੀ ਅਤੇ ਰੇਡੀਓਥੈਰੇਪੀ ਦੇ ਮਾੜੇ ਪ੍ਰਭਾਵਾਂ ਨੂੰ ਘਟਾਉਣ 'ਤੇ ਵੀ ਕੇਂਦ੍ਰਿਤ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕਿਫਾਇਤੀ ਇਲਾਜ ਸਰਕਾਰ ਦੀ ਕੈਂਸਰ ਦੇਖਭਾਲ ਨੀਤੀ ਦਾ ਕੇਂਦਰ ਹੈ। ਟਾਟਾ ਮੈਮੋਰੀਅਲ ਸੈਂਟਰ ਵਿਖੇ, ਲਗਭਗ 60% ਮਰੀਜ਼ ਆਯੁਸ਼ਮਾਨ ਭਾਰਤ ਵਰਗੀਆਂ ਯੋਜਨਾਵਾਂ ਅਧੀਨ ਮੁਫ਼ਤ ਜਾਂ ਬਹੁਤ ਘੱਟ ਕੀਮਤ ਵਾਲਾ ਇਲਾਜ ਪ੍ਰਾਪਤ ਕਰਦੇ ਹਨ, ਜਦਕਿ ਭੁਗਤਾਨ ਕਰਨ ਵਾਲੀਆਂ ਸੇਵਾਵਾਂ ਵੀ ਕਾਰਪੋਰੇਟ ਹਸਪਤਾਲਾਂ ਨਾਲੋਂ ਕਾਫ਼ੀ ਸਸਤੀਆਂ ਹਨ।
ਮੰਤਰੀ ਨੇ ਕਿਹਾ ਕਿ ਸਰਕਾਰ ਸਰਕਾਰੀ ਹਸਪਤਾਲਾਂ ਅਤੇ ਦੇਸ਼ ਵਿੱਚ ਘਰੇਲੂ ਦਵਾਈ ਨਿਰਮਾਣ ਰਾਹੀਂ ਜ਼ਰੂਰੀ ਕੈਂਸਰ ਦਵਾਈਆਂ ਦੀ ਸਮੇਂ ਸਿਰ ਉਪਲਬਧਤਾ ਨੂੰ ਯਕੀਨੀ ਬਣਾ ਰਹੀ ਹੈ, ਜਿਸ ਨਾਲ ਮਹਿੰਗੇ ਆਯਾਤ 'ਤੇ ਨਿਰਭਰਤਾ ਘਟ ਰਹੀ ਹੈ। ਡਾ. ਜਿਤੇਂਦਰ ਸਿੰਘ ਨੇ ਇਹ ਵੀ ਨੋਟ ਕੀਤਾ ਕਿ ਭਾਰਤ ਨੇ ਆਪਣਾ ਪਹਿਲਾ ਸਵਦੇਸ਼ੀ ਐੱਚਪੀਵੀ ਟੀਕਾ ਵਿਕਸਿਤ ਕੀਤਾ ਹੈ, ਜੋ ਕਿ ਬਾਇਓਟੈਕਨਾਲੋਜੀ ਵਿਭਾਗ ਦੀ ਇੱਕ ਵੱਡੀ ਪ੍ਰਾਪਤੀ ਹੈ। ਇਹ ਟੀਕਾ ਸਰਵਾਈਕਲ ਕੈਂਸਰ ਨੂੰ ਰੋਕਣ ਵਿੱਚ ਮਦਦ ਕਰਦਾ ਹੈ, ਜੋ ਕਿ ਨੌਜਵਾਨ ਭਾਰਤੀ ਔਰਤਾਂ ਵਿੱਚ ਸਭ ਤੋਂ ਆਮ ਕੈਂਸਰਾਂ ਵਿੱਚੋਂ ਇੱਕ ਹੈ।
ਅੰਤਰਰਾਸ਼ਟਰੀ ਸਹਿਯੋਗ ਦੇ ਸਬੰਧ ਵਿੱਚ ਡਾ. ਜਿਤੇਂਦਰ ਸਿੰਘ ਨੇ "ਰੇਜ਼ ਆਫ਼ ਹੋਪ" ਪਹਿਲਕਦਮੀ ਦੇ ਤਹਿਤ ਟਾਟਾ ਮੈਮੋਰੀਅਲ ਸੈਂਟਰ ਦੀ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ (ਆਈਏਈਏ) ਨਾਲ ਭਾਈਵਾਲੀ 'ਤੇ ਚਾਨਣਾ ਪਾਇਆ, ਜੋ ਘੱਟ ਅਤੇ ਮੱਧ-ਆਮਦਨ ਵਾਲੇ ਦੇਸ਼ਾਂ ਦੇ ਸਿਹਤ ਸੰਭਾਲ ਪੇਸ਼ੇਵਰਾਂ ਨੂੰ ਟ੍ਰੇਨਿੰਗ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਟਾਟਾ ਮੈਮੋਰੀਅਲ ਮਰੀਜ਼ਾਂ ਦੀ ਦੇਖਭਾਲ, ਸਿੱਖਿਆ ਅਤੇ ਅਤਿ-ਆਧੁਨਿਕ ਖੋਜ ਨੂੰ ਵਿਲੱਖਣ ਤੌਰ 'ਤੇ ਜੋੜਦਾ ਹੈ, ਇੱਕ ਡੀਮਡ ਯੂਨੀਵਰਸਿਟੀ ਵਜੋਂ ਕੰਮ ਕਰਦਾ ਹੈ ਅਤੇ ਅਸਾਮ ਸਮੇਤ ਕਈ ਰਾਜਾਂ ਵਿੱਚ ਓਨਕੋਲੋਜੀ, ਪੀਡੀਆਟ੍ਰਿਕ ਓਨਕੋਲੋਜੀ ਅਤੇ ਨਿਊਕਲੀਅਰ ਮੈਡੀਸਨ ਵਿੱਚ ਸੁਪਰ-ਸਪੈਸ਼ਲਿਟੀ ਟ੍ਰੇਨਿੰਗ ਪ੍ਰਦਾਨ ਕਰਦਾ ਹੈ।
ਪ੍ਰੋਸਟੇਟ ਕੈਂਸਰ ਲਈ ਲਿਊਟੇਟੀਅਮ-177 ਪੀਐੱਸਐੱਮਏ-617 ਵਰਗੇ ਐਡਵਾਂਸਡ ਥੈਰਾਨੋਸਟਿਕਸ ਬਾਰੇ ਸਵਾਲਾਂ ਦੇ ਜਵਾਬ ਦਿੰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਨੇ ਪਿਛਲੇ ਦਹਾਕੇ ਵਿੱਚ ਡਾਇਗਨੌਸਟਿਕ ਅਤੇ ਥੈਰਾਪਿਊਟਿਕ ਵਰਤੋਂ ਲਈ 24 ਸਵਦੇਸ਼ੀ ਰੇਡੀਓਆਈਸੋਟੋਪ ਵਿਕਸਿਤ ਕੀਤੇ ਹਨ। ਇਨ੍ਹਾਂ ਵਿੱਚ ਪ੍ਰੋਸਟੇਟ ਕੈਂਸਰ ਅਤੇ ਬਚਪਨ ਦੇ ਬਲੱਡ ਕੈਂਸਰ ਲਈ ਵਿਸ਼ਵ ਪੱਧਰੀ ਨਵੀਨਤਾਵਾਂ ਸ਼ਾਮਲ ਹਨ, ਇਹ ਯਕੀਨੀ ਬਣਾਉਂਦੇ ਹੋਏ ਕਿ ਅਤਿ-ਆਧੁਨਿਕ ਨਿਊਕਲੀਅਰ ਮੈਡੀਸਨ ਕਿਫਾਇਤੀ ਅਤੇ ਲੌਜਿਸਟਿਕ ਚੁਣੌਤੀਆਂ ਵਾਲੇ ਪੇਂਡੂ ਖੇਤਰਾਂ ਵਿੱਚ ਵੀ ਅਸਾਨੀ ਨਾਲ ਉਪਲਬਧ ਹੋਵੇ।

*****
ਐੱਨਆਰਕੇ/ਏਕੇ/ ਏਕੇ
(रिलीज़ आईडी: 2206652)
आगंतुक पटल : 3