ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਦਿੱਲੀ-ਐੱਨਸੀਆਰ ਲਈ ਆਉਣ ਵਾਲੀਆਂ ਸਮੀਖਿਆ ਮੀਟਿੰਗਾਂ ਦੀ ਇੱਕ ਲੜੀ ਦੇ ਹਿੱਸੇ ਵਜੋਂ, ਕੇਂਦਰੀ ਵਾਤਾਵਰਣ ਮੰਤਰੀ ਭੂਪੇਂਦਰ ਯਾਦਵ ਨੇ ਗਾਜ਼ੀਆਬਾਦ ਅਤੇ ਨੋਇਡਾ ਲਈ ਹਵਾ ਪ੍ਰਦੂਸ਼ਣ ਕਾਰਜ ਯੋਜਨਾਵਾਂ ਦੀ ਇੱਕ ਉੱਚ-ਪੱਧਰੀ ਸਮੀਖਿਆ ਦੀ ਪ੍ਰਧਾਨਗੀ ਕੀਤੀ
ਸ਼੍ਰੀ ਭੂਪੇਂਦਰ ਯਾਦਵ ਨੇ ਜ਼ਮੀਨੀ ਪੱਧਰ 'ਤੇ ਹਵਾ ਗੁਣਵੱਤਾ ਨਿਯੰਤਰਣ ਕਾਰਜ ਯੋਜਨਾਵਾਂ ਨੂੰ ਸਖਤੀ ਨਾਲ ਲਾਗੂ ਕਰਨ ਦਾ ਸੱਦਾ ਦਿੱਤਾ ਅਤੇ ਪਾਲਣਾ ਨਾ ਕਰਨ ਲਈ ਜ਼ੀਰੋ ਸਹਿਣਸ਼ੀਲਤਾ ਦਾ ਨਿਰਦੇਸ਼ ਦਿੱਤਾ
ਦਿੱਲੀ-ਐੱਨਸੀਆਰ ਵਿੱਚ ਹਵਾ ਪ੍ਰਦੂਸ਼ਣ ਵਿਰੁੱਧ ਲੜਾਈ ਜਿੱਤਣ ਦੀ ਕੁੰਜੀ ਵਜੋਂ ਜਨ ਭਾਗੀਦਾਰੀ 'ਤੇ ਜ਼ੋਰ ਦਿੱਤਾ ਗਿਆ
प्रविष्टि तिथि:
15 DEC 2025 3:59PM by PIB Chandigarh
ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ, ਸ਼੍ਰੀ ਭੂਪੇਂਦਰ ਯਾਦਵ ਨੇ ਅੱਜ ਗਾਜ਼ੀਆਬਾਦ ਅਤੇ ਨੋਇਡਾ ਵਿੱਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਦੇ ਉਦੇਸ਼ ਨਾਲ ਬਣਾਈ ਗਈ ਕਾਰਜ ਯੋਜਨਾਵਾਂ ਦੀ ਵਿਸਤ੍ਰਿਤ ਸਮੀਖਿਆ ਕਰਨ ਲਈ ਇੱਕ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਐੱਨਸੀਆਰ ਵਿੱਚ ਸ਼ਹਿਰ-ਵਿਸ਼ੇਸ਼ ਕਾਰਜ ਯੋਜਨਾਵਾਂ 'ਤੇ ਸਮੀਖਿਆ ਮੀਟਿੰਗਾਂ ਦੀ ਇੱਕ ਲੜੀ ਦੇ ਤਹਿਤ ਪਹਿਲੀ ਸਮੀਖਿਆ ਸੀ, ਜਿਸ ਦੀ ਸਮਾਪਤੀ ਆਉਣ ਵਾਲੇ ਦਿਨਾਂ ਵਿੱਚ ਰਾਜ-ਪੱਧਰੀ ਸਮੀਖਿਆ ਨਾਲ ਹੋਵੇਗੀ। ਇਹ ਸਮੀਖਿਆ ਨਿਰਧਾਰਿਤ ਫਾਰਮੈਟ ਵਿੱਚ ਕੀਤੀ ਜਾ ਰਹੀ ਹੈ, ਜਿਵੇਂ ਕਿ ਮੰਤਰੀ ਦੁਆਰਾ 03 ਦਸੰਬਰ, 2025 ਨੂੰ ਹੋਈ ਪਿਛਲੀ ਸਮੀਖਿਆ ਮੀਟਿੰਗ ਦੌਰਾਨ ਕਿਹਾ ਗਿਆ ਸੀ, ਤਾਂ ਜੋ ਪ੍ਰਗਤੀ ਦਾ ਮੁਲਾਂਕਣ ਕੀਤਾ ਜਾ ਸਕੇ ਅਤੇ ਜ਼ਮੀਨੀ ਪੱਧਰ ‘ਤੇ ਲਾਗੂਕਰਨ ਨੂੰ ਮਜ਼ਬੂਤ ਕੀਤਾ ਜਾ ਸਕੇ।

ਦੋਵੇਂ ਸ਼ਹਿਰਾਂ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਕੀਤੀ ਗਈ ਕਾਰਵਾਈ ਬਾਰੇ ਵਿਸਤ੍ਰਿਤ ਪੇਸ਼ਕਾਰੀਆਂ ਦਿੱਤੀਆਂ ਗਈਆਂ। ਕਾਰਜ ਯੋਜਨਾਵਾਂ ਦੀ ਵਿਸਤ੍ਰਿਤ ਸਮੀਖਿਆ ਹੇਠ ਲਿਖੇ ਮੁੱਖ ਮਾਪਦੰਡਾਂ ਦੇ ਅਧਾਰ 'ਤੇ ਕੀਤੀ ਗਈ:
• ਵਾਹਨਾਂ ਤੋਂ ਹੋਣ ਵਾਲੇ ਨਿਕਾਸ ਨੂੰ ਘੱਟ ਕਰਨ ਲਈ ਸਮਾਰਟ ਟ੍ਰੈਫਿਕ ਪ੍ਰਬੰਧਨ ਪ੍ਰਣਾਲੀਆਂ ਨੂੰ ਅਪਣਾਉਣਾ;
• ਉਦਯੋਗਿਕ ਇਕਾਈਆਂ ਦੁਆਰਾ ਨਿਰਧਾਰਿਤ ਪ੍ਰਦੂਸ਼ਣ ਨਿਯਮਾਂ ਦੀ ਪਾਲਣਾ;
• ਸੰਪੂਰਨ ਜਨਤਕ ਆਵਾਜਾਈ ਪ੍ਰਣਾਲੀਆਂ ਅਤੇ ਪਾਰਕਿੰਗ ਸਹੂਲਤਾਂ ਨੂੰ ਮਜ਼ਬੂਤ ਕਰਨਾ;
• ਨਿਰਮਾਣ ਅਤੇ ਢਾਹੁਣ (C&D) ਰਹਿੰਦ-ਖੂੰਹਦ ਅਤੇ ਨਗਰ ਨਿਗਮ ਦੀ ਠੋਸ ਰਹਿੰਦ-ਖੂੰਹਦ (MSW)/ਪੁਰਾਣੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਬੁਨਿਆਦੀ ਢਾਂਚੇ ਵਿੱਚ ਵਾਧਾ;
• ਧੂੜ ਨੂੰ ਘਟਾਉਣ ਲਈ ਸੜਕਾਂ ਦੀਆਂ ਪੂਰੀ ਤਰ੍ਹਾਂ ਪੇਵਿੰਗ/ਟਾਈਲਿੰਗ ਕਰਨਾ;
• ਮਕੈਨੀਕਲ ਰੋਡ ਸਵੀਪਿੰਗ ਮਸ਼ੀਨਾਂ (MRSMs) ਦੀ ਤੈਨਾਤੀ ਅਤੇ ਐਂਟੀ-ਸਮੌਗ-ਬੰਦੂਕਾਂ/ਸਪ੍ਰਿੰਕਲਰ ਦੀ ਵਰਤੋਂ ਦੀ ਸਥਿਤੀ;
• ਰਸਤਿਆਂ ਅਤੇ ਖੁੱਲ੍ਹੇ ਖੇਤਰਾਂ ਨੂੰ ਹਰਾ-ਭਰਿਆ ਕਰਨਾ;
• ਜਨਤਕ ਭਾਗੀਦਾਰੀ ਪਹਿਲਕਦਮੀਆਂ, ਜਿਸ ਵਿੱਚ ਸੂਚਨਾ ਅਤੇ ਸੰਚਾਰ (IEC) ਗਤੀਵਿਧੀਆਂ ਅਤੇ ਐਪ-ਅਧਾਰਿਤ ਸ਼ਿਕਾਇਤ ਨਿਵਾਰਣ ਪ੍ਰਣਾਲੀ ਸ਼ਾਮਲ ਹਨ।

ਮੰਤਰੀ ਮਹੋਦਯਨੇ ਬਾਕੀ ਉਦਯੋਗਿਕ ਇਕਾਈਆਂ ਵਿੱਚ ਔਨਲਾਈਨ ਟਿਕਾਊ ਨਿਕਾਸ ਨਿਗਰਾਨੀ ਪ੍ਰਣਾਲੀਆਂ (OCEMS) ਦੀ ਸਥਾਪਨਾ ਬਾਰੇ ਰਾਜ ਪ੍ਰਦੂਸ਼ਣ ਨਿਯੰਤਰਣ ਬੋਰਡ (ਸੀਪੀਸੀਬੀ) ‘ਤੇ ਅਪਡੇਟਿਡ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਨੇ ਸਥਾਪਨਾ ਲਈ ਕੀਤੇ ਜਾ ਰਹੇ ਨਿਰੀਖਣਾਂ ਦੀ ਸਥਿਤੀ ਅਤੇ ਸਥਾਪਨਾਵਾਂ ਲਈ 31 ਦਸੰਬਰ, 2025 ਦੀ ਸਮੇਂ ਸੀਮਾ ਦੀ ਸਖਤੀ ਨਾਲ ਪਾਲਣ ਕਰਨ ਦਾ ਨਿਰਦੇਸ਼ ਦਿੱਤਾ ਅਤੇ ਗੈਰ-ਪਾਲਣਾ ਕਰਨ ਵਾਲੀਆਂ ਇਕਾਈਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ। ਕੇਂਦਰੀ ਪ੍ਰਦੂਸ਼ਣ ਨਿਯੰਤਰਣ ਬੋਰਡ (CPCBs) ਅਤੇ ਰਾਜ ਪ੍ਰਦੂਸ਼ਣ ਨਿਯੰਤਰਣ ਬੋਰਡ (SPCBs) ਨੂੰ ਸ਼ਹਿਰੀ ਖੇਤਰਾਂ ਵਿੱਚ ਪ੍ਰਦੂਸ਼ਣ ਫੈਲਾਉਣ ਵਾਲੇ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਉਦਯੋਗਾਂ ਦਾ ਨਿਰੀਖਣ ਕਰਨ ਅਤੇ ਲੋੜੀਂਦੇ ਸੁਧਾਰਾਤਮਕ ਉਪਾਅ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ।
ਸ਼੍ਰੀ ਯਾਦਵ ਨੇ ਦਿੱਲੀ-ਐੱਨਸੀਆਰ ਵਿੱਚ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ (CAQM) ਨੂੰ ਬੇਨਤੀ ਕੀਤੀ ਕਿ ਉਹ ਸ਼ਹਿਰ ਦੀਆਂ ਕਾਰਜ ਯੋਜਨਾਵਾਂ ਨੂੰ ਲਾਗੂ ਕਰਨ ਲਈ ਵਰਤੇ ਜਾਣ ਵਾਲੇ ਮਾਪਦੰਡਾਂ ਨੂੰ ਹੋਰ ਵਧੀਆ ਬਣਾਉਣ ਅਤੇ ਆਉਣ ਵਾਲੇ ਦਿਨਾਂ ਵਿੱਚ ਸਮੁੱਚੇ ਤੌਰ 'ਤੇ ਦਿੱਲੀ-ਐਨਸੀਆਰ ਦੀ ਪ੍ਰਗਤੀ ਦੀ ਸਮੀਖਿਆ ਕਰਨ ਲਈ ਉਨ੍ਹਾਂ ਨੂੰ ਇਕੱਠਾ ਕਰਨ। ਉਨ੍ਹਾਂ ਨੇ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਸ਼ਹਿਰਾਂ ਨੂੰ ਫੰਡਾਂ ਦੀ ਤਰਕਸੰਗਤ ਵੰਡ ਨੂੰ ਯਕੀਨੀ ਬਣਾਉਣ ਲਈ ਰਾਸ਼ਟਰੀ ਸਾਫ਼ ਹਵਾ ਪ੍ਰੋਗਰਾਮ (NCAP) ਦੇ ਮਾਪਦੰਡਾਂ ਨੂੰ ਅਪਗ੍ਰੇਡ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਮੰਤਰੀ ਨੇ ਕਾਰਜ ਯੋਜਨਾਵਾਂ ਅਤੇ ਹਰਿਆਲੀ ਗਤੀਵਿਧੀਆਂ ਦੇ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਵਿੱਚ ਜਨਤਕ ਪ੍ਰਤੀਨਿਧੀਆਂ ਅਤੇ ਨਾਗਰਿਕਾਂ ਦੀ ਸਰਗਰਮ ਸ਼ਮੂਲੀਅਤ 'ਤੇ ਵੀ ਜ਼ੋਰ ਦਿੱਤਾ, ਤਾਂ ਜੋ ਪ੍ਰਦੂਸ਼ਣ ਨਿਯੰਤਰਣ ਇੱਕ ਸੱਚੀ ਜਨ ਭਾਗੀਦਾਰੀ ਲਹਿਰ ਬਣ ਸਕੇ।
ਖਾਸ ਸੁਝਾਅ ਦਿੰਦੇ ਹੋਏ, ਮੰਤਰੀ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਹਰਿਆਲੀ ਵਧਾਉਣ ਦੇ ਯਤਨਾਂ ਦੇ ਤਹਿਤ ਗਰਮੀ-ਰੋਧਕ, ਘੱਟ ਪਾਣੀ ਦੀ ਲੋੜ ਵਾਲੀਆਂ ਦੇਸੀ ਕਿਸਮਾਂ ਦੀਆਂ ਝਾੜੀਆਂ ਅਤੇ ਘਾਹ ਲਗਾਉਣ ਲਈ ਸਬੰਧਿਤ ਜੰਗਲਾਤ ਵਿਭਾਗਾਂ ਨਾਲ ਸਾਂਝੇਦਾਰੀ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਨੇ ਵੱਖ-ਵੱਖ ਸਰਕਾਰੀ ਅਤੇ ਨਗਰਪਾਲਿਕਾ ਏਜੰਸੀਆਂ ਦੇ ਤਾਲਮੇਲ ਵਾਲੇ ਯਤਨਾਂ ਰਾਹੀਂ ਏਕੀਕ੍ਰਿਤ ਰਹਿੰਦ-ਖੂੰਹਦ ਪ੍ਰਬੰਧਨ ਯੋਜਨਾਵਾਂ ਬਣਾਉਣ ਦਾ ਵੀ ਸੱਦਾ ਦਿੱਤਾ, ਤਾਂ ਜੋ ਵੱਖੋ-ਵੱਖਰੀ ਪਹੁੰਚ ਅਤੇ ਸਰੋਤਾਂ ਦੀ ਨਕਲ ਤੋਂ ਬਚਿਆ ਜਾਵੇ। ਸੀਏਕਿਊਐੱਮ (CAQM) ਨੂੰ ਹਰਿਆਲੀ ਅਤੇ ਬਿਹਤਰ ਸ਼ਹਿਰੀ ਯੋਜਨਾਬੰਦੀ ਲਈ ਸ਼ਹਿਰੀ ਖੁੱਲ੍ਹੀਆਂ ਥਾਵਾਂ ਦੀ ਵਰਤੋਂ ਲਈ ਇੱਕ ਮਿਆਰੀ ਸੰਚਾਲਨ ਪ੍ਰਕਿਰਿਆ (SOP) ਤਿਆਰ ਕਰਨ ਦੀ ਬੇਨਤੀ ਕੀਤੀ ਗਈ।

ਮੰਤਰੀ ਨੇ ਅੱਗੇ ਸੁਝਾਅ ਦਿੱਤਾ ਕਿ ਦਿੱਲੀ-ਐੱਨਸੀਆਰ ਵਿੱਚ ਪ੍ਰਸਿੱਧ ਮਾਰਗਾਂ ਅਤੇ ਥੋਕ ਟ੍ਰੈਫਿਕ ਮੂਵਮੈਂਟ ਕੌਰੀਡੋਰਾਂ ਦੀ ਪਛਾਣ ਕਰਨ ਲਈ ਇੱਕ ਅਧਿਐਨ ਕੀਤਾ ਜਾਵੇ, ਜਿਸ ਤੋਂ ਬਾਅਦ ਘੱਟ ਤੋਂ ਘੱਟ ਇਨ੍ਹਾਂ ਪ੍ਰਮੁੱਖ ਮਾਰਗਾਂ 'ਤੇ ਸੰਪੂਰਨ ਜਨਤਕ ਆਵਾਜਾਈ ਸਹੂਲਤਾਂ ਉਪਲਬਧ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਨਗਰ ਨਿਗਮ ਕਾਰਜ ਯੋਜਨਾਵਾਂ ਨਾ ਸਿਰਫ਼ ਮੌਜੂਦਾ ਚੁਣੌਤੀਆਂ ਅਨੁਸਾਰ ਹੋਣੀਆਂ ਚਾਹੀਦੀਆਂ ਹਨ ਸਗੋਂ ਭਵਿੱਖ ਲਈ ਵੀ ਤਿਆਰ ਹੋਣੀਆਂ ਚਾਹੀਦੀਆਂ ਹਨ, ਜਿਸ ਵਿੱਚ ਵਧਦੀ ਹੋਈ ਠੋਸ ਰਹਿੰਦ-ਖੂੰਹਦ ਦੀ ਮਾਤਰਾ ਨੂੰ ਅਤੇ ਨਿਰਮਾਣ ਅਤੇ ਢਾਹੁਣ ਵਾਲੀ ਰਹਿੰਦ-ਖੂੰਹਦ ਦੀ ਪ੍ਰੋਸੈੱਸਿੰਗ ਲਈ ਸ਼ਹਿਰੀ ਥਾਵਾਂ ਦੀ ਪਹਿਲਾਂ ਤੋਂ ਪਛਾਣ ਸ਼ਾਮਲ ਹੋਵੇ।
ਮੀਟਿੰਗ ਵਿੱਚ ਚੇਅਰਮੈਨ (CAQM), ਸਕੱਤਰ (MoRTH), ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਸੀਨੀਅਰ ਅਧਿਕਾਰੀ, ਉੱਤਰ ਪ੍ਰਦੇਸ਼ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ (UPSPCB) ਦੇ ਨੁਮਾਇੰਦੇ, ਜ਼ਿਲ੍ਹਾ ਅਧਿਕਾਰੀ ਅਤੇ ਨਗਰ ਨਿਗਮ ਕਮਿਸ਼ਨਰ (ਗਾਜ਼ੀਆਬਾਦ) ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ -ਨੋਇਡਾ ਅਥਾਰਿਟੀ) ਮੌਜੂਦ ਸਨ।

*****
ਵੀਐੱਮ/ਏਕੇ
(रिलीज़ आईडी: 2204999)
आगंतुक पटल : 4