ਸੱਭਿਆਚਾਰ ਮੰਤਰਾਲਾ
ਯੂਨੈਸਕੋ ਦੀ ਅੰਤਰ-ਸਰਕਾਰੀ ਕਮੇਟੀ ਫਾਰ ਦ ਸੇਫ਼ਗਾਰਡਿੰਗ ਆਫ਼ ਦ ਇੰਟੈਂਜਿਬਲ ਕਲਚਰਲ ਹੈਰੀਟੇਜ ਦਾ 20ਵਾਂ ਸੈਸ਼ਨ ਨਵੀਂ ਦਿੱਲੀ ਵਿੱਚ ਸਫਲਤਾਪੂਰਵਕ ਸਮਾਪਤ ਹੋਇਆ
प्रविष्टि तिथि:
12 DEC 2025 6:08PM by PIB Chandigarh
ਯੂਨੈਸਕੋ ਦੀ ਅੰਤਰ-ਸਰਕਾਰੀ ਕਮੇਟੀ ਫਾਰ ਦ ਸੇਫਗਾਰਡਿੰਗ ਆਫ ਦ ਇੰਟੈਂਜਿਬਲ ਕਲਚਰਲ ਹੈਰੀਟੇਜ (ਆਈਸੀਐੱਚ) ਦਾ 20ਵਾਂ ਸੈਸ਼ਨ ਅੱਜ ਨਵੀਂ ਦਿੱਲੀ ਦੇ ਲਾਲ ਕਿਲ੍ਹੇ ਵਿਖੇ ਸਫਲਤਾਪੂਰਵਕ ਸਮਾਪਤ ਹੋਇਆ। ਸੱਭਿਆਚਾਰਕ ਮੰਤਰਾਲੇ ਦੇ ਸਕੱਤਰ ਸ਼੍ਰੀ ਵਿਵੇਕ ਅਗਰਵਾਲ ਨੇ ਆਪਣੇ ਸੰਬੋਧਨ ਵਿੱਚ ਇਸ ਵੱਕਾਰੀ ਗਲੋਬਲ ਮੀਟਿੰਗ ਦੀ ਮੇਜ਼ਬਾਨੀ ਕਰਨ 'ਤੇ ਭਾਰਤ ਵੱਲੋਂ ਡੂੰਘੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਜੀਵੰਤ ਵਿਰਾਸਤ ਦੀ ਸੁਰੱਖਿਆ, ਪ੍ਰਚਾਰ ਅਤੇ ਜਸ਼ਨ ਮਨਾਉਣ ਲਈ ਦੇਸ਼ ਦੀ ਨਿਰੰਤਰ ਵਚਨਬੱਧਤਾ ਨੂੰ ਮੁੜ ਤੋਂ ਦੁਹਰਾਇਆ।

ਸ਼੍ਰੀ ਵਿਵੇਕ ਅਗਰਵਾਲ ਨੇ ਕਿਹਾ ਕਿ ਪਿਛਲੇ ਦਿਨਾਂ ਦੀਆਂ ਗੱਲਬਾਤਾਂ ਅਤੇ ਵਿਚਾਰ-ਵਟਾਂਦਰੇ ਨਾਲ ਡੈਲੀਗੇਟਾਂ ਨੂੰ ਨਾ ਸਿਰਫ਼ ਕਨਵੈਂਸ਼ਨ ਦੇ ਕੰਮ ਕਰਨ ਦੇ ਤਰੀਕਿਆਂ ਨਾਲ ਜੁੜਨ ਦਾ ਮੌਕਾ ਮਿਲਿਆ, ਸਗੋਂ ਉਨ੍ਹਾਂ ਨੂੰ ਭਾਰਤ ਦੀ ਸੱਭਿਆਚਾਰਕ ਸਮ੍ਰਿੱਧੀ, ਸਾਰਿਆਂ ਨੂੰ ਨਾਲ ਲੈ ਕੇ ਚੱਲਣ ਅਤੇ ਵਿਭਿੰਨ ਪਰੰਪਰਾਵਾਂ ਦਾ ਵੀ ਅਨੁਭਵ ਕਰਨ ਦਾ ਵੀ ਮੌਕਾ ਮਿਲਿਆ । ਉਨ੍ਹਾਂ ਨੇ ਸੱਭਿਆਚਾਰ ਨੂੰ ਇੱਕ ਸਮੂਹਿਕ ਵਿਰਾਸਤ ਵਜੋਂ ਦੇਖਣ ਦੇ ਭਾਰਤ ਦੇ ਲੰਬੇ ਸਮੇਂ ਤੋਂ ਚੱਲ ਰਹੇ ਸੱਭਿਅਤਾਵਾਦੀ ਦ੍ਰਿਸ਼ਟੀਕੋਣ 'ਤੇ ਜ਼ੋਰ ਦਿੱਤਾ, ਜੋ ਇਸ ਸਿਧਾਂਤ ਨਾਲ ਚੱਲਦਾ ਹੈ: “संस्कृतेः रक्षणं, लोकस्य रक्षणम्” ("ਸੰਸਕ੍ਰਿਤੀਹ ਰਕਸ਼ਣਮ, ਲੋਕਸਯ ਰਕਸ਼ਣਮ।") ਸੱਭਿਆਚਾਰ ਦੀ ਰੱਖਿਆ ਕਰਕੇ, ਅਸੀਂ ਮਨੁੱਖਤਾ ਦੀ ਰੱਖਿਆ ਕਰਦੇ ਹਾਂ।
ਇਸ ਸਾਲ ਦੇ ਸੈਸ਼ਨ ਦੀ ਇੱਕ ਖਾਸ ਗੱਲ ਸੀ ਯੂਨੈਸਕੋ ਦੀ ਮਨੁੱਖਤਾ ਦੀ ਅਮੂਰਤ ਸੱਭਿਆਚਾਰਕ ਵਿਰਾਸਤ ਦੀ ਪ੍ਰਤੀਨਿਧੀ ਸੂਚੀ ਵਿੱਚ ਦੀਵਾਲੀ ਨੂੰ ਸ਼ਾਮਲ ਕਰਨਾ ਸੀ। ਸ਼੍ਰੀ ਅਗਰਵਾਲ ਨੇ ਕਿਹਾ ਕਿ ਭਾਰਤ ਅਤੇ ਇਸ ਤੋਂ ਬਾਹਰ ਵੱਡੇ ਪੈਮਾਨੇ 'ਤੇ ਮਨਾਈ ਜਾਣ ਵਾਲੀ ਦੀਵਾਲੀ ਰੌਸ਼ਨੀ, ਉਮੀਦ ਅਤੇ ਪੁਨਰ ਸੁਰਜੀਤੀ ਦਾ ਪ੍ਰਤੀਕ ਹੈ, ਅਤੇ ਇਸ ਦਾ ਨਾਮ ਸ਼ਾਮਲ ਹੋਣਾ ਭਾਰਤ ਦੀਆਂ ਜੀਵੰਤ ਪਰੰਪਰਾਵਾਂ ਦੀ ਵਿਸ਼ਵਵਿਆਪੀ ਪਹਿਚਾਣ ਨੂੰ ਹੋਰ ਮਜ਼ਬੂਤ ਕਰਦਾ ਹੈ। ਉਨ੍ਹਾਂ ਨੇ ਉਨ੍ਹਾਂ ਸਾਰੇ ਮੈਂਬਰ ਦੇਸ਼ਾਂ ਨੂੰ ਵਧਾਈ ਦਿੱਤੀ ਜਿਨ੍ਹਾਂ ਦੇ ਸਿਧਾਂਤਾਂ ਨੂੰ ਇਸ ਸੈਸ਼ਨ ਦੌਰਾਨ ਨਾਮ ਸ਼ਾਮਲ ਕਰਨ ਦੀ ਪ੍ਰਵਾਨਗੀ ਮਿਲੀ।
ਸੈਸ਼ਨ ਦੌਰਾਨ ਹੋਈਆਂ ਚਰਚਾਵਾਂ 'ਤੇ ਗੱਲ ਕਰਦੇ ਹੋਏ, ਸ਼੍ਰੀ ਅਗਰਵਾਲ ਨੇ ਇਸ ਗੱਲ ‘ਤੇ ਜ਼ੋਰ ਦੇ ਕੇ ਕਿਹਾ ਕਿ ਅਮੂਰਤ ਸੱਭਿਆਚਾਰਕ ਵਿਰਾਸਤ ਭਾਈਚਾਰਿਆਂ ਨੂੰ ਬਣਾਏ ਰੱਖਣ, ਸਮਾਜਿਕ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਅਤੇ ਪਰੰਪਰਾਵਾਂ ਦੀ ਨਿਰੰਤਰਤਾ ਨੂੰ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ, ਖਾਸ ਕਰਕੇ ਅਜਿਹੇ ਸਮੇਂ ਵਿੱਚ ਜਦੋਂ ਵਿਸ਼ਵੀਕਰਣ, ਸੰਘਰਸ਼ ਅਤੇ ਜਲਵਾਯੂ-ਨਾਲ ਜੁੜੇ ਦਬਾਅ ਦੁਨੀਆ ਭਰ ਦੇ ਸੱਭਿਆਚਾਰਕ ਈਕੋਸਿਸਟਮ ‘ਤੇ ਅਸਰ ਪਾ ਰਹੇ ਹਨ।
ਸ਼੍ਰੀ ਅਗਰਵਾਲ ਨੇ ਕਿਹਾ ਕਿ ਕਈ ਦੇਸ਼ਾਂ ਨੇ ਬਹੁ-ਰਾਸ਼ਟਰੀ ਅਮੂਰਤ ਵਿਰਾਸਤ ਨਾਮਜ਼ਦਗੀਆਂ ਵਿੱਚ ਡੂੰਘੀ ਦਿਲਚਸਪੀ ਦਿਖਾਈ ਹੈ, ਇਹ ਮੰਨਦੇ ਹੋਏ ਕਿ ਬਹੁਤ ਸਾਰੀਆਂ ਪਰੰਪਰਾਵਾਂ ਸੁਭਾਵਿਕ ਤੌਰ 'ਤੇ ਰਾਸ਼ਟਰੀ ਸੀਮਾਵਾਂ ਨੂੰ ਪਾਰ ਕਰਦੀਆਂ ਹਨ। ਭਾਰਤ ਨੇ ਇਸ ਮਿਲ ਕੇ ਕੰਮ ਕਰਨ ਦੀ ਭਾਵਨਾ ਦਾ ਸਵਾਗਤ ਕੀਤਾ ਅਤੇ ਆਉਣ ਵਾਲੇ ਵਰ੍ਹਿਆਂ ਵਿੱਚ ਅੰਤਰਰਾਸ਼ਟਰੀ ਨਾਮਜ਼ਦਗੀਆਂ ਦਾ ਵਿਕਾਸ ਕਰਨ ਲਈ ਆਪਣੀ ਤਿਆਰੀ ਦੀ ਪੁਸ਼ਟੀ ਕੀਤੀ।
ਸ਼੍ਰੀ ਅਗਰਵਾਲ ਨੇ ਯੂਨੈਸਕੋ ਦੇ ਡਾਇਰੈਕਟਰ-ਜਨਰਲ ਡਾ. ਖਾਲਿਦ ਅਲ-ਏਨਾਨੀ, ਯੂਨੈਸਕੋ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ ਸ਼੍ਰੀ ਵਿਸ਼ਾਲ ਵੀ. ਸ਼ਰਮਾ, ਸਕੱਤਰ ਸ਼੍ਰੀਮਤੀ ਫੁਮੀਕੋ ਓਹੀਨਾਟਾ, ਮੈਂਬਰ ਦੇਸ਼ਾਂ, ਮਾਨਤਾ ਪ੍ਰਾਪਤ ਗੈਰ-ਸਰਕਾਰੀ ਸੰਗਠਨਾਂ, ਸੱਭਿਆਚਾਰਕ ਪੇਸ਼ੇਵਰਾਂ ਅਤੇ ਮਾਹਿਰਾਂ ਦਾ ਸੈਸ਼ਨ ਨੂੰ ਅਸਰਦਾਰ ਬਣਾਉਣ ਵਿੱਚ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਲਈ ਭਾਰਤ ਵੱਲੋਂ ਧੰਨਵਾਦ ਕੀਤਾ। ਉਨ੍ਹਾਂ ਨੇ ਸੱਭਿਆਚਾਰ ਮੰਤਰਾਲੇ ਦੇ ਅਧੀਨ ਆਉਣ ਵਾਲੀਆਂ ਸੰਸਥਾਵਾਂ, ਜਿਵੇਂ ਕਿ ਸੰਗੀਤ ਨਾਟਕ ਅਕਾਦਮੀ, ਭਾਰਤੀ ਪੁਰਾਤੱਤਵ ਸਰਵੇਖਣ, ਆਈਜੀਐਨੱਸੀਏ, ਸਾਹਿਤ ਅਕਾਦਮੀ, ਲਲਿਤ ਕਲਾ ਅਕਾਦਮੀ, ਨੈਸ਼ਨਲ ਸਕੂਲ ਆਫ ਡਰਾਮਾ, ਅਤੇ ਖੇਤਰੀ ਸੱਭਿਆਚਾਰਕ ਕੇਂਦਰਾਂ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਇਸ ਸਮਾਗਮ ਦੀ ਯੋਜਨਾ ਬਣਾਉਣ ਅਤੇ ਉਸ ਨੂੰ ਲਾਗੂ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ।
ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਸਕੱਤਰ ਨੇ ਸਾਰੇ ਮੈਂਬਰ ਦੇਸ਼ਾਂ ਨੂੰ ਵਿਸ਼ਵਵਿਆਪੀ ਸੱਭਿਆਚਾਰਕ ਏਕਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਦੇ ਰਹਿਣ ਦੀ ਅਪੀਲ ਕੀਤੀ ਅਤੇ ਅਥਰਵ ਵੇਦ ਦਾ ਜ਼ਿਕਰ ਕੀਤਾ: “समानि व: वृणुते हृदयानि” ("ਸਮਾਨੀ ਵਾ: ਵ੍ਰੁਨੁਤੇ ਹ੍ਰਿਦਾਨੀਂ") ਸਾਡੇ ਦਿਲ ਏਕਤਾ ਦਾ ਰਸਤਾ ਚੁਣਨ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਭਰ ਵਿੱਚ ਅਮੂਰਤ ਸੱਭਿਆਚਾਰਕ ਵਿਰਾਸਤ ਦੀ ਰੱਖਿਆ ਲਈ ਸੈਸ਼ਨ ਦੌਰਾਨ ਰੱਖੇ ਗਏ ਟੀਚਿਆਂ ਨੂੰ ਅੱਗੇ ਵਧਾਉਣ ਅਤੇ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਤਿਆਰ ਹੈ।
******************
ਐੱਮ ਅੰਨਾਦੁਰਾਈ
(रिलीज़ आईडी: 2203812)
आगंतुक पटल : 36