ਪ੍ਰਿਥਵੀ ਵਿਗਿਆਨ ਮੰਤਰਾਲਾ
azadi ka amrit mahotsav

IISF ਉਤਸਵ, ਸੰਚਾਰ ਅਤੇ ਕਰੀਅਰ ‘ਤੇ ਅਧਾਰਿਤ ਹੈ: ਡਾ. ਜਿਤੇਂਦਰ ਸਿੰਘ ਨੇ ਪੰਚਕੂਲਾ ਵਿੱਚ ਵਿਗਿਆਨ ਉਤਸਵ ਦਾ ਉਦਘਾਟਨ ਕੀਤਾ


ਭਾਰਤ ਵਿੱਚ ਆਤਮਨਿਰਭਰ ਵਿਗਿਆਨ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ; ਵਿਗਿਆਨ ਦੇ ਖੇਤਰ ਵਿੱਚ ਆਤਮ-ਨਿਰਭਰਤਾ ਹੁਣ ਸਿਰਫ਼ ਇੱਕ ਸੁਪਨਾ ਨਹੀਂ ਹੈ: ਮੰਤਰੀ

ਧਰੁਵੀ ਖੋਜ ਤੋਂ ਲੈ ਕੇ ਡੀਪ-ਟੈੱਕ ਤੱਕ, IISF ਭਾਰਤ ਦੇ ਵਿਸਤ੍ਰਿਤ ਵਿਗਿਆਨ ਈਕੋਸਿਸਟਮ ਨੂੰ ਪ੍ਰਦਰਸ਼ਿਤ ਕਰ ਰਿਹਾ ਹੈ

प्रविष्टि तिथि: 06 DEC 2025 6:30PM by PIB Chandigarh

ਭਾਰਤ ਅੰਤਰਰਾਸ਼ਟਰੀ ਵਿਗਿਆਨ ਉਤਸਵ (IISF) ਨੂੰ ਤਿੰਨ "ਸੀ" - ਉਤਸਵ, ਸੰਚਾਰ ਅਤੇ ਕਰੀਅਰ - ਦੇ ਆਲੇ-ਦੁਆਲੇ ਤਿਆਰ ਕਰਦੇ ਹੋਏ, ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਅੱਜ ਪੰਚਕੂਲਾ, ਹਰਿਆਣਾ ਵਿੱਚ ਚਾਰ ਦਿਨਾਂ ਰਾਸ਼ਟਰੀ ਵਿਗਿਆਨ ਉਤਸਵ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਭਾਰਤ ਦੀ ਵਿਗਿਆਨਕ ਪ੍ਰਗਤੀ ਨੂੰ ਪ੍ਰਯੋਗਸ਼ਾਲਾਵਾਂ ਤੋਂ ਪਰ੍ਹੇ ਜਾਣ ਅਤੇ ਨਾਗਰਿਕਾਂ, ਵਿਦਿਆਰਥੀਆਂ ਅਤੇ ਨੌਜਵਾਨ ਪੇਸ਼ੇਵਰਾਂ ਨਾਲ ਅਰਥਪੂਰਨ ਤੌਰ 'ਤੇ ਜੁੜਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਤਸਵ ਦਾ 11ਵਾਂ ਐਡੀਸ਼ਨ 6 ਤੋਂ 9 ਦਸੰਬਰ ਤੱਕ ਚੱਲ ਰਿਹਾ ਹੈ।

ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ ਦੀ ਕਲਪਨਾ ਸਿਰਫ਼ ਇੱਕ ਸਧਾਰਣ ਅਕਾਦਮਿਕ ਕਾਨਫਰੰਸ ਵਜੋਂ ਨਹੀਂ ਕੀਤੀ ਗਈ ਹੈ, ਸਗੋਂ ਇੱਕ ਖੁੱਲ੍ਹੇ, ਜਨਤਕ-ਮੁਖੀ ਪਲੈਟਫਾਰਮ ਦੇ ਰੂਪ ਵਿੱਚ ਕੀਤੀ ਗਈ ਹੈ ਜੋ ਵਿਗਿਆਨ ਨੂੰ ਲੋਕਾਂ ਦੇ ਨੇੜੇ ਲਿਆਉਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਫੈਸਟੀਵਲ ਵਿਗਿਆਨੀਆਂ ਅਤੇ ਵਿਗਿਆਨਿਕ ਖੋਜ ਦੇ ਇੱਛੁਕ ਲਾਭਪਾਤਰੀਆਂ ਵਿਚਕਾਰ ਗੱਲਬਾਤ ਨੂੰ ਉਤਸ਼ਾਹਿਤ ਕਰਦਾ ਹੈ, ਜੋ ਕਿ ਵਿਗਿਆਨ ਮੰਤਰਾਲਿਆਂ ਅਤੇ ਵਿਭਾਗਾਂ ਵਿੱਚ ਵਧੇਰੇ ਤਾਲਮੇਲ ਅਤੇ ਇਕਜੁੱਟਤਾ 'ਤੇ ਸਰਕਾਰ ਦੇ ਜ਼ੋਰ ਨੂੰ ਦਰਸਾਉਂਦਾ ਹੈ।

ਤਿੰਨ "ਸੀ" ਬਾਰੇ ਵਿਸਥਾਰ ਨਾਲ ਦੱਸਦੇ ਹੋਏ, ਮੰਤਰੀ ਨੇ ਕਿਹਾ ਕਿ ਆਈਆਈਐੱਸਐੱਫ ਭਾਰਤ ਦੀ ਵੱਖ-ਵੱਖ ਖੇਤਰਾਂ ਵਿੱਚ ਵਿਗਿਆਨਿਕ ਯਾਤਰਾ ਅਤੇ ਪ੍ਰਾਪਤੀਆਂ ਦਾ ਉਤਸਵ ਮਨਾਉਂਦਾ ਹੈ, ਅਕਾਦਮਿਕ ਅਤੇ ਖੋਜ ਸੰਸਥਾਵਾਂ ਤੋਂ ਪਰ੍ਹੇ ਵਿਗਿਆਨਿਕ ਗਿਆਨ ਦਾ ਪ੍ਰਸਾਰ ਕਰਦਾ ਹੈ, ਅਤੇ ਨੌਜਵਾਨ ਭਾਗੀਦਾਰਾਂ ਲਈ ਕਰੀਅਰ ਦੀ ਖੋਜ ਲਈ ਇੱਕ ਪਲੈਟਫਾਰਮ ਵਜੋਂ ਕੰਮ ਕਰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਵਿਦਿਆਰਥੀਆਂ, ਖੋਜਕਰਤਾਵਾਂ ਅਤੇ ਪਹਿਲੀ ਵਾਰ ਸਿੱਖਣ ਵਾਲੇ ਇਸ ਉਤਸਵ ਵਿੱਚ ਸੰਰਚਿਤ ਸੈਸ਼ਨਾਂ ਦੇ ਨਾਲ-ਨਾਲ ਗੈਰ-ਰਸਮੀ ਨੈੱਟਵਰਕਿੰਗ ਰਾਹੀਂ ਖੋਜ, ਸਟਾਰਟਅੱਪ ਅਤੇ ਉਦਯੋਗ ਵਿੱਚ ਉੱਭਰ ਰਹੇ ਮੌਕਿਆਂ ਦਾ ਸਾਹਮਣਾ ਕਰਦੇ ਹਨ।

ਵਿਕਸਿਤ ਭਾਰਤ 2047 ਤੱਕ ਦੇ ਵਿਆਪਕ ਰਾਸ਼ਟਰੀ ਦ੍ਰਿਸ਼ਟੀਕੋਣ ਅੰਦਰ IISF ਨੂੰ ਰੱਖਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਵਿਗਿਆਨ ਅਤੇ ਤਕਨਾਲੋਜੀ ਆਰਥਿਕ ਵਿਕਾਸ ਅਤੇ ਸਮਾਜਿਕ ਤਬਦੀਲੀ ਦੀ ਨੀਂਹ ਹਨ। ਉਨ੍ਹਾਂ ਨੇ ਪਿਛਲੇ ਦਹਾਕੇ ਦੌਰਾਨ ਭਾਰਤ ਦੁਆਰਾ ਮਿਸ਼ਨ-ਅਧਾਰਿਤ ਪਹੁੰਚ ਅਪਣਾਉਣ, ਸੁਧਾਰਾਂ, ਬੁਨਿਆਦੀ ਢਾਂਚੇ ਵਿੱਚ ਵਧੇ ਹੋਏ ਨਿਵੇਸ਼ ਅਤੇ ਪ੍ਰਤਿਭਾ ਵਿਕਾਸ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵਿਗਿਆਨਿਕ ਤਰੱਕੀ ਹੁਣ ਸਿੱਧੇ ਤੌਰ 'ਤੇ ਸ਼ਾਸਨ ਅਤੇ ਜਨਤਕ ਸੇਵਾ ਪ੍ਰਦਾਨ ਕਰਨ ਵਿੱਚ ਯੋਗਦਾਨ ਦੇ ਰਹੀ ਹੈ – ਬਿਹਤਰ ਮੌਸਮ ਭਵਿੱਖਬਾਣੀ ਅਤੇ ਸ਼ੁਰੂਆਤੀ ਚੇਤਾਵਨੀ ਪ੍ਰਣਾਲੀਆਂ ਤੋਂ ਲੈ ਕੇ ਧਰੁਵੀ ਖੋਜ ਅਤੇ ਡਿਜੀਟਲ ਤਕਨਾਲੋਜੀਆਂ ਤੱਕ।

IISF 2025 ਦੀ ਥੀਮ - "ਵਿਗਿਆਨ ਤੋਂ ਖੁਸ਼ਹਾਲੀ: ਆਤਮ-ਨਿਰਭਰ ਭਾਰਤ ਵੱਲ" ਦਾ ਹਵਾਲਾ ਦਿੰਦੇ ਹੋਏ, ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਵਿਗਿਆਨ ਵਿੱਚ ਆਤਮ-ਨਿਰਭਰਤਾ ਹੁਣ ਹੌਲੀ-ਹੌਲੀ ਆਕਾਰ ਲੈ ਰਹੀ ਹੈ। ਉਨ੍ਹਾਂ ਨੇ ਸਵਦੇਸ਼ੀ ਤੌਰ 'ਤੇ ਵਿਗਿਆਨਿਕ ਸੰਸਾਧਨ ਬਣਾਉਣ ਦੀਆਂ ਪਹਿਲਕਦਮੀਆਂ ਦੀ ਉਦਾਹਰਣ ਦਿੱਤੀ, ਜਿਨ੍ਹਾਂ ਵਿੱਚ 2028 ਵਿੱਚ ਸੰਚਾਲਿਤ ਹੋਣ ਵਾਲੇ ਬਹੁ-ਮੰਤਵੀ ਆਲ-ਵੈਜਕ ਰਿਸਰਚ ਜਹਾਜ਼ ਅਤੇ ਦੇਸ਼ ਦੇ ਚੱਲ ਰਹੇ ਮਨੁੱਖੀ ਸਬਮਰਸੀਬਲ ਪ੍ਰੋਗਰਾਮ ਸ਼ਾਮਲ ਹਨ। ਉਨ੍ਹਾਂ ਨੇਕਿਹਾ ਕਿ ਭਾਰਤੀ ਸੰਸਥਾਵਾਂ ਵੀ ਅੰਤਰਰਾਸ਼ਟਰੀ ਪੱਧਰ 'ਤੇ ਵਰਤੇ ਜਾਣ ਵਾਲੇ ਜਲਵਾਯੂ ਡੇਟਾ ਅਤੇ ਮਾਡਲਾਂ ਦਾ ਯੋਗਦਾਨ ਪਾ ਰਹੀਆਂ ਹਨ।

ਡਾ. ਜਿਤੇਂਦਰ ਸਿੰਘ ਨੇ ਨਵੀਨਤਾ, ਖੋਜ ਉਤਪਾਦਨ ਅਤੇ ਉੱਦਮਤਾ ਵਿੱਚ ਭਾਰਤ ਦੀ ਬਿਹਤਰ ਵਿਸ਼ਵਵਿਆਪੀ ਸਥਿਤੀ ਨੂੰ ਉਜਾਗਰ ਕੀਤਾ, ਅਤੇ ਨਾਲ ਹੀ ਇਹ ਵੀ ਦੱਸਿਆ ਕਿ ਵਧਦਾ ਸਟਾਰਟਅੱਪ ਈਕੋਸਿਸਟਮ, ਭਾਰਤੀ ਨਿਵਾਸੀਆਂ ਦੁਆਰਾ ਪੇਟੈਂਟ ਅਰਜ਼ੀਆਂ ਅਤੇ ਉੱਭਰ ਰਹੇ ਵਿਗਿਆਨ ਅਤੇ ਤਕਨਾਲੋਜੀ ਖੇਤਰਾਂ ਵਿੱਚ ਇਸ ਦਾ ਪ੍ਰਮਾਣ ਹੈ।  ਚੰਦ੍ਰਯਾਨ-3 ਮਿਸ਼ਨ, ਕੋਵਿਡ-19 ਮਹਾਮਾਰੀ ਦੌਰਾਨ ਸਵਦੇਸ਼ੀ ਟੀਕਾ ਵੈਕਸੀਨ ਵਿਕਾਸ ਅਤੇ ਬਾਇਓਟੈਕਨੋਲੋਜੀ ਵਿੱਚ ਤਰੱਕੀ ਵਰਗੀਆਂ ਉਦਾਹਰਣਾਂ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਨੇ ਦਿਖਾਇਆ ਕਿ ਖੋਜ ਹੁਣ ਠੋਸ ਨਤੀਜੇ ਦੇ ਰਹੀ ਹੈ।

ਨੌਜਵਾਨਾਂ ਪਹੁੰਚ 'ਤੇ ਜ਼ੋਰ ਦਿੰਦੇ ਹੋਏ, ਮੰਤਰੀ ਨੇ ਕਿਹਾ ਕਿ ਆਈਆਈਐੱਸਐੱਫਐੱਫ ਦੀਆਂ ਜ਼ਿਆਦਾਤਰ ਗਤੀਵਿਧੀਆਂ ਸਕੂਲੀ ਬੱਚਿਆਂ, ਕਾਲਜ ਦੇ ਵਿਦਿਆਰਥੀਆਂ ਅਤੇ ਨੌਜਵਾਨ ਖੋਜਕਰਤਾਵਾਂ ਲਈ ਤਿਆਰ ਕੀਤੀਆਂ ਗਈਆਂ ਹਨ। ਵਿਗਿਆਨ ਕਰੀਅਰ ਦੀ ਧਾਰਨਾ ਨੂੰ ਵਿਸ਼ਾਲ ਕਰਨ ਦੀ ਜ਼ਰੂਰਤ ਹੈ - ਅੱਜ ਮੌਕੇ ਸਰਕਾਰੀ ਨੌਕਰੀਆਂ ਤੱਕ ਸੀਮਿਤ ਨਹੀਂ ਹਨ, ਸਗੋਂ ਸਟਾਰਟਅੱਪ, ਉਦਯੋਗ-ਸੰਚਾਲਿਤ ਖੋਜ ਅਤੇ ਲਾਗੂ ਨਵੀਨਤਾ ਤੱਕ ਫੈਲੇ ਹੋਏ ਹਨ। ਕੁਆਂਟਮ ਤਕਨਾਲੋਜੀ, ਬਾਇਓਟੈਕਨੋਲੋਜੀ, ਨੀਲੀ ਅਰਥਵਿਵਸਥਾ, ਅਤੇ ਡੀਪ-ਟੈੱਕ ਉੱਦਮਤਾ ਵਰਗੇ ਵਿਸ਼ਿਆਂ 'ਤੇ ਸੈਸ਼ਨ ਇਸ ਸਾਲ ਦੇ ਪ੍ਰੋਗਰਾਮ ਦਾ ਹਿੱਸਾ ਹਨ।

ਡਾ. ਜਿਤੇਂਦਰ ਸਿੰਘ ਨੇ ਜਨਤਕ ਖੋਜ ਸੰਸਥਾਵਾਂ ਅਤੇ ਨਿਜੀ ਉਦਯੋਗ ਵਿਚਕਾਰ ਮਜ਼ਬੂਤ ਸਹਿਯੋਗ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਨਵੀਨਤਾ ਉਦੋਂ ਹੀ ਵਧਦੀ ਹੈ ਜਦੋਂ ਨੀਤੀ ਸਹਾਇਤਾ, ਫੰਡਿੰਗ ਅਤੇ ਉੱਦਮ ਇਕੱਠੇ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਪੁਲਾੜ, ਸਿਹਤ ਤਕਨਾਲੋਜੀ ਅਤੇ ਉੱਨਤ ਨਿਰਮਾਣ ਵਰਗੇ ਖੇਤਰਾਂ ਵਿੱਚ ਨਿਜੀ ਭਾਗੀਦਾਰੀ ਨੂੰ ਵਧਾਉਣ ਲਈ ਹਾਲੀਆ ਨੀਤੀਗਤ ਪਹਿਲਕਦਮੀਆਂ ਦਾ ਉਦੇਸ਼ ਇਸ ਸਮਰੱਥ ਨਵੀਨਤਾ ਵਾਤਾਵਰਣ ਪ੍ਰਣਾਲੀ ਦਾ ਨਿਰਮਾਣ ਕਰਨਾ ਹੈ।

ਉਦਘਾਟਨੀ ਸਮਾਗਮ ਵਿੱਚ, ਮੰਤਰੀ ਨੇ ਵਿਗਿਆਨ-ਤਕਨਾਲੋਜੀ-ਰੱਖਿਆ-ਪੁਲਾੜ ਪ੍ਰਦਰਸ਼ਨੀ ਅਤੇ "ਸਾਇੰਸ ਔਨ ਏ ਸਫੀਅਰ" ਸਥਾਪਨਾ ਦਾ ਉਦਘਾਟਨ ਕੀਤਾ, ਜੋ ਇੰਟਰਐਕਟਿਵ ਡਿਸਪਲੇਅ ਰਾਹੀਂ ਵਿਗਿਆਨਿਕ ਸਮਰੱਥਾਵਾਂ ਅਤੇ ਚੱਲ ਰਹੀ ਖੋਜ ਨੂੰ ਪੇਸ਼ ਕਰਦੇ ਹਨ। ਉਨ੍ਹਾਂ ਨੇ ਲਾਈਵ ਇੰਟਰਫੇਸ ਦੇ ਰਾਹੀਂ ਅੰਟਾਰਕਟਿਕਾ ਵਿੱਚ ਭਾਰਤ ਦੇ ਭਾਰਤੀ ਖੋਜ ਸਟੇਸ਼ਨ ‘ਤੇ ਮੌਜੂਦ ਖੋਜਕਰਤਾਵਾਂ ਨਾਲ ਗੱਲਬਾਤ ਕੀਤੀ ਅਤੇ ਅਤਿਅੰਤ ਧਰੁਵੀ ਸਥਿਤੀਆਂ ਵਿੱਚ ਕੀਤੇ ਜਾ ਰਹੇ ਵਿਗਿਆਨਿਕ ਕਾਰਜਾਂ ਦੀ ਸਮੀਖਿਆ ਕੀਤੀ, ਭਾਰਤ ਦੇ ਵਧ ਰਹੇ ਧਰੁਵੀ ਖੋਜ ਯਤਨਾਂ ਅਤੇ ਸਵਦੇਸ਼ੀ ਸਮਰੱਥਾਵਾਂ ਨੂੰ ਉਜਾਗਰ ਕੀਤਾ।

ਅਗਲੇ ਚਾਰ ਦਿਨਾਂ ਵਿੱਚ ਆਯੋਜਿਤ ਪ੍ਰਦਰਸ਼ਨੀਆਂ, ਭਾਸ਼ਣਾਂ ਅਤੇ ਇੰਟਰਐਕਟਿਵ ਸੈਸ਼ਨਾਂ ਦੇ ਨਾਲ, ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ ਦਾ ਉਦੇਸ਼ ਜਨਤਾ ਨੂੰ ਵਿਗਿਆਨ ਨਾਲ ਡੂੰਘਾਈ ਨਾਲ ਜੋੜਨਾ ਅਤੇ ਖੋਜ, ਨਵੀਨਤਾ ਅਤੇ ਮਨੁੱਖੀ ਸਰੋਤ ਵਿਕਾਸ ਦੇ ਲੰਬੇ ਸਮੇਂ ਦੇ ਰਾਸ਼ਟਰੀ ਉਦੇਸ਼ਾਂ ਵਿੱਚ ਯੋਗਦਾਨ ਪਾਉਣਾ ਹੈ।

***********

NKR/AK

 


(रिलीज़ आईडी: 2199903) आगंतुक पटल : 10
इस विज्ञप्ति को इन भाषाओं में पढ़ें: English , Urdu , Marathi , हिन्दी , Kannada