ਵਣਜ ਤੇ ਉਦਯੋਗ ਮੰਤਰਾਲਾ
ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਵਪਾਰ, ਤਕਨਾਲੋਜੀ ਅਤੇ ਨਿਵੇਸ਼ ‘ਤੇ ਉੱਚ ਪੱਧਰੀ ਵਾਰਤਾ ਲਈ ਇਜ਼ਰਾਇਲ ਦਾ ਦੌਰਾ ਕਰਨਗੇ
प्रविष्टि तिथि:
19 NOV 2025 10:27AM by PIB Chandigarh
ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ, ਇਜ਼ਰਾਇਲ ਦੇ ਅਰਥਵਿਵਸਥਾ ਅਤੇ ਉਦਯੋਗ ਮੰਤਰੀ ਸ਼੍ਰੀ ਨੀਰ ਬਰਕਤ ਦੇ ਸੱਦੇ ‘ਤੇ 20 ਤੋਂ 22 ਨਵੰਬਰ 2025 ਤੱਕ ਇਜ਼ਰਾਇਲ ਦੀ ਸਰਕਾਰੀ ਯਾਤਰਾ ‘ਤੇ ਰਹਿਣਗੇ। ਇਹ ਯਾਤਰਾ ਭਾਰਤ ਅਤੇ ਇਜ਼ਰਾਇਲ ਦੇ ਦਰਮਿਆਨ ਵਧਦੇ ਰਣਨੀਤਕ ਅਤੇ ਆਰਥਿਕ ਸਬੰਧਾਂ ਨੂੰ ਰੇਖਾਂਕਿਤ ਕਰਦੀ ਹੈ ਅਤੇ ਵਪਾਰ, ਤਕਨਾਲੋਜੀ, ਨਵੀਨਤਾ ਅਤੇ ਨਿਵੇਸ਼ ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਦੋਨਾਂ ਦੇਸ਼ਾਂ ਦੀ ਸਾਂਝੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ। ਸ਼੍ਰੀ ਗੋਇਲ ਦੇ ਨਾਲ, ਸੀਆਈਆਈ, ਫਿੱਕੀ, ਐਸੋਚੈਮ ਅਤੇ ਸਟਾਰਟਅੱਪ ਇੰਡੀਆ ਦਾ ਇੱਕ 60 ਮੈਂਬਰੀ ਵਪਾਰਕ ਵਫ਼ਦ ਵੀ ਜਾਵੇਗਾ।
ਸ਼੍ਰੀ ਗੋਇਲ ਆਪਣੀ ਇਸ ਯਾਤਰਾ ਦੌਰਾਨ ਇਜ਼ਰਾਇਲ ਦੀ ਟੌਪ ਲੀਡਰਸ਼ਿਪ ਦੇ ਨਾਲ ਉੱਚ ਪੱਧਰੀਆਂ ਦੁਵੱਲੀਆਂ ਮੀਟਿੰਗਾਂ ਕਰਨਗੇ। ਆਪਣੇ ਇਜ਼ਰਾਇਲੀ ਹਮਰੁਤਬਾ, ਅਰਥਵਿਵਸਥਾ ਅਤੇ ਉਦਯੋਗ ਮੰਤਰੀ ਸ਼੍ਰੀ ਨੀਰ ਬਰਕਤ ਤੋਂ ਇਲਾਵਾ, ਉਹ ਕੁਝ ਹੋਰ ਮੰਤਰੀਆਂ ਨਾਲ ਵੀ ਗੱਲਬਾਤ ਕਰਨਗੇ। ਇਹ ਚਰਚਾ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਮਜ਼ਬੂਤ ਕਰਨ, ਖੇਤੀਬਾੜੀ, ਜਲ, ਰੱਖਿਆ, ਉੱਭਰ ਰਹੀਆਂ ਤਕਨਾਲੋਜੀਆਂ, ਜੀਵਨ ਵਿਗਿਆਨ, ਬੁਨਿਆਦੀ ਢਾਂਚੇ, ਐਡਵਾਂਸਡ ਮੈਨੂਫੈਕਚਰਿੰਗ ਜਿਹੇ ਪ੍ਰਮੁੱਖ ਖੇਤਰਾਂ ਵਿੱਚ ਸਹਿਯੋਗ ਵਧਾਉਣ ਅਤੇ ਸਟਾਰਟਅੱਪ ਸਮੇਤ ਦੋਨਾਂ ਦੇਸ਼ਾਂ ਦੇ ਕਾਰੋਬਾਰਾਂ ਦੇ ਦਰਮਿਆਨ ਬਿਹਤਰ ਸਹਿਯੋਗ ਦੇ ਮੌਕਿਆਂ ਦੀ ਖੋਜ ‘ਤੇ ਕੇਂਦ੍ਰਿਤ ਰਹਿਣ ਦੀ ਉਮੀਦ ਹੈ। ਪ੍ਰਸਤਾਵਿਤ ਭਾਰਤ-ਇਜ਼ਰਾਇਲ ਮੁਕਤ ਵਪਾਰ ਸਮਝੌਤੇ (ਐੱਫਟੀਏ) ਦੀ ਪ੍ਰਗਤੀ ਦੀ ਸਮੀਖਿਆ ਵੀ ਕੀਤੀ ਜਾ ਸਕਦੀ ਹੈ।
ਸ਼੍ਰੀ ਗੋਇਲ ਭਾਰਤ-ਇਜ਼ਰਾਇਲ ਵਪਾਰ ਫੋਰਮ ਵਿੱਚ ਹਿੱਸਾ ਲੈਣਗੇ, ਜਿਸ ਵਿੱਚ ਦੋਵੇਂ ਧਿਰਾਂ ਦੇ ਪ੍ਰਮੁੱਖ ਵਪਾਰਕ ਸੰਘ ਅਤੇ ਉਦਯੋਗ ਜਗਤ ਦੇ ਪ੍ਰਤੀਨਿਧੀ ਸ਼ਾਮਲ ਹੋਣਗੇ। ਇਸ ਦੌਰਾਨ ਉਦਘਾਟਨ ਅਤੇ ਪੂਰਨ ਸਮਾਪਤੀ ਸੈਸ਼ਨ, ਤਕਨੀਕੀ ਚਰਚਾਵਾਂ ਅਤੇ ਬਿਜ਼ਨੇਸ-ਟੂ-ਬਿਜ਼ਨੇਸ ਮੀਟਿੰਗਾਂ ਸ਼ਾਮਲ ਹੋਣਗੀਆਂ। ਇਨ੍ਹਾਂ ਦਾ ਉਦੇਸ਼ ਵਣਜ ਸਾਂਝੇਦਾਰੀ ਦਾ ਵਿਸਤਾਰ ਕਰਨਾ, ਨਿਵੇਸ਼ ਨੂੰ ਹੁਲਾਰਾ ਦੇਣਾ ਅਤੇ ਤਰਜੀਹੀ ਖੇਤਰਾਂ ਵਿੱਚ ਸਾਂਝੇ ਉੱਦਮਾਂ ਦੇ ਮੌਕਿਆਂ ਦੀ ਪਛਾਣ ਕਰਨਾ ਹੈ। ਇਸੇ ਦੌਰਾਨ ਦੋਵੇਂ ਧਿਰਾਂ ਦੇ ਪ੍ਰਮੁੱਖ ਸੀਈਓ ਦੇ ਨਾਲ ਉੱਚ-ਪੱਧਰੀ ਸੀਈਓ ਮੰਚ ਦਾ ਚੌਥਾ ਸੰਸਕਰਣ ਵੀ ਆਯੋਜਿਤ ਕੀਤਾ ਜਾਵੇਗਾ।
ਮੰਤਰੀ ਖੇਤੀਬਾੜੀ, ਡੀਸੈਲੀਨੇਸ਼ਨ ਅਤੇ ਗੰਦੇ ਪਾਣੀ ਦੇ ਟ੍ਰੀਟਮੈਂਟ, ਸਾਈਬਰ ਸੁਰੱਖਿਆ, ਸਮਾਰਟ ਮੋਬਿਲਿਟੀ, ਬੁਨਿਆਦੀ ਢਾਂਚੇ ਆਦਿ ਖੇਤਰਾਂ ਵਿੱਚ ਪ੍ਰਮੁੱਖ ਇਜ਼ਰਾਈਲੀ ਕੰਪਨੀਆਂ ਦੇ ਸੀਨੀਅਰ ਨੇਤਾਵਾਂ ਨੂੰ ਵੀ ਮਿਲਣਗੇ ਅਤੇ ਪ੍ਰਮੁੱਖ ਇਜ਼ਰਾਇਲੀ ਨਿਵੇਸ਼ਕਾਂ ਨਾਲ ਗੱਲਬਾਤ ਕਰਨਗੇ।
ਤੇਲ ਅਵੀਵ (Tel Aviv) ਵਿੱਚ ਅਧਿਕਾਰਤ ਰੁਝੇਵਿਆਂ ਤੋਂ ਇਲਾਵਾ, ਪ੍ਰਮੁੱਖ ਸੰਸਥਾਵਾਂ ਅਤੇ ਨਵੀਨਤਾ ਕੇਂਦਰਾਂ ਦਾ ਦੌਰਾ ਸ਼ਾਮਲ ਹੈ, ਜੋ ਇਜ਼ਰਾਇਲ ਦੇ ਅਤਿ-ਆਧੁਨਿਕ ਤਕਨੀਕੀ ਈਕੋਸਿਸਟਮ ਦੀ ਜਾਣਕਾਰੀ ਪ੍ਰਦਾਨ ਕਰਨਗੇ। ਭਾਰਤੀ ਭਾਈਚਾਰੇ, ਭਾਰਤੀ ਮੂਲ ਦੇ ਵਪਾਰਕ ਨੇਤਾਵਾਂ ਨਾਲ ਗੱਲਬਾਤ ਸਮੇਤ ਸੱਭਿਆਚਾਰਕ ਅਤੇ ਭਾਈਚਾਰਕ ਸੰਪਰਕ ਵੀ ਇਸ ਯਾਤਰਾ ਪ੍ਰੋਗਰਾਮ ਦਾ ਹਿੱਸਾ ਹਨ।
ਇਸ ਯਾਤਰਾ ਨਾਲ ਭਾਰਤ ਅਤੇ ਇਜ਼ਰਾਇਲ ਦੇ ਦਰਮਿਆਨ ਲੰਬੇ ਸਮੇਂ ਦੀ ਸਾਂਝੇਦਾਰੀ ਨੂੰ ਮਜ਼ਬੂਤ ਕਰਨ, ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਆਪਸੀ ਹਿਤਾਂ ਦੇ ਖੇਤਰਾਂ ਵਿੱਚ ਸਹਿਯੋਗ ਲਈ ਨਵੇਂ ਮੌਕੇ ਤਿਆਰ ਹੋਣ ਦੀ ਉਮੀਦ ਹੈ।
************
ਅਭਿਸ਼ੇਕ ਦਿਆਸ/ ਸ਼ੱਬੀਰ ਅਜ਼ਾਦ/ਇਸ਼ਿਤਾ ਬਿਸਵਾਸ/ਏਕੇ
(रिलीज़ आईडी: 2192092)
आगंतुक पटल : 10