ਰੱਖਿਆ ਮੰਤਰਾਲਾ
ਦੁਬਈ ਏਅਰ ਸ਼ੋਅ 2025 ਵਿੱਚ ਭਾਰਤ ਆਪਣੀਆਂ ਅਤਿ-ਆਧੁਨਿਕ ਰੱਖਿਆ ਸਮਰੱਥਾਵਾਂ ਦਾ ਪ੍ਰਦਰਸ਼ਨ ਕਰੇਗਾ
ਰੱਖਿਆ ਰਾਜ ਮੰਤਰੀ, ਸ਼੍ਰੀ ਸੰਜੈ ਸੇਠ, ਆਪਣੇ ਹਮਰੁਤਬਾ ਨਾਲ ਦੁਵੱਲੀ ਗੱਲਬਾਤ ਕਰਨਗੇ ਅਤੇ ਇੱਕ ਪ੍ਰਮੁੱਖ ਰੱਖਿਆ ਉਦਯੋਗ ਗੋਲਮੇਜ਼ ਸੰਮੇਲਨ ਦੀ ਪ੍ਰਧਾਨਗੀ ਕਰਨਗੇ
प्रविष्टि तिथि:
16 NOV 2025 4:43PM by PIB Chandigarh
ਰੱਖਿਆ ਰਾਜ ਮੰਤਰੀ (ਆਰਆਰਐਮ) ਸ਼੍ਰੀ ਸੰਜੈ ਸੇਠ 17-18 ਨਵੰਬਰ, 2025 ਨੂੰ ਸੰਯੁਕਤ ਅਰਬ ਅਮੀਰਾਤ ਵਿੱਚ ਹੋਣ ਵਾਲੇ ਦੁਬਈ ਏਅਰ ਸ਼ੋਅ 2025 ਵਿੱਚ ਭਾਰਤੀ ਵਫ਼ਦ ਦੀ ਅਗਵਾਈ ਕਰਨਗੇ। ਵਫ਼ਦ ਵਿੱਚ ਰੱਖਿਆ ਵਿਭਾਗ, ਰੱਖਿਆ ਉਤਪਾਦਨ ਵਿਭਾਗ, ਵਿਦੇਸ਼ ਮੰਤਰਾਲੇ ਅਤੇ ਹਥਿਆਰਬੰਦ ਸੈਨਾਵਾਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ।
ਰੱਖਿਆ ਰਾਜ ਮੰਤਰੀ ਏਅਰ ਸ਼ੋਅ ਦੌਰਾਨ ਆਪਣੇ ਸੰਯੁਕਤ ਅਰਬ ਅਮੀਰਾਤ ਹਮਰੁਤਬਾ ਨਾਲ ਇੱਕ ਦੁਵੱਲੀ ਮੀਟਿੰਗ ਕਰਨਗੇ। ਉਹ ਭਾਰਤ ਵਿੱਚ ਰੱਖਿਆ ਤਕਨਾਲੋਜੀ ਅਤੇ ਨਿਰਮਾਣ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਭਾਰਤ, ਸੰਯੁਕਤ ਅਰਬ ਅਮੀਰਾਤ, ਆਸਟ੍ਰੇਲੀਆ, ਅਮਰੀਕਾ, ਬ੍ਰਾਜ਼ੀਲ, ਯੂਕੇ ਅਤੇ ਇਟਲੀ ਦੀਆਂ ਲਗਭਗ 50 ਕੰਪਨੀਆਂ ਨਾਲ ਇੱਕ ਰੱਖਿਆ ਉਦਯੋਗ ਗੋਲਮੇਜ਼ ਸੰਮੇਲਨ ਦੀ ਪ੍ਰਧਾਨਗੀ ਵੀ ਕਰਨਗੇ ।
ਸ਼੍ਰੀ ਸੰਜੈ ਸੇਠ ਦੁਬਈ ਏਅਰ ਸ਼ੋਅ ਵਿੱਚ ਸਥਾਪਿਤ ਭਾਰਤੀ ਪਵੇਲੀਅਨ ਦਾ ਉਦਘਾਟਨ ਕਰਨਗੇ। ਪਵੇਲੀਅਨ ਵਿੱਚ ਐੱਚਏਐੱਲ, ਡੀਆਰਡੀਓ, ਕੋਰਲ ਟੈਕਨੋਲੋਜਿਜ਼, ਡੈਂਟਲ ਹਾਈਡ੍ਰੌਲਿਕਸ, ਇਮੇਜ਼ ਸਿਨਰਜੀ ਐਕਸਪਲੋਰ, ਅਤੇ ਐਸਐੱਫਓ ਟੈਕਨੋਲੋਜਿਜ਼ ਸਮੇਤ ਕਈ ਪ੍ਰਮੁੱਖ ਭਾਰਤੀ ਰੱਖਿਆ ਅਤੇ ਤਕਨਾਲੋਜੀ ਕੰਪਨੀਆਂ ਦੇ ਸਟਾਲ ਹੋਣਗੇ।
ਇਸ ਤੋਂ ਇਲਾਵਾ, ਭਾਰਤ ਫੋਰਜ, ਬ੍ਰਹਮੋਸ, ਟੈਕ ਮਹਿੰਦਰਾ, ਅਤੇ ਐੱਚਬੀਐੱਲ ਇੰਜੀਨੀਅਰਿੰਗ ਸਮੇਤ 19 ਭਾਰਤੀ ਕੰਪਨੀਆਂ ਸੁਤੰਤਰ ਤੌਰ 'ਤੇ ਆਪਣੀਆਂ ਸਮਰੱਥਾਵਾਂ ਦਾ ਪ੍ਰਦਰਸ਼ਨ ਕਰਨਗੀਆਂ। ਇਸ ਤੋਂ ਇਲਾਵਾ, 15 ਭਾਰਤੀ ਸਟਾਰਟਅੱਪ ਆਪਣੇ ਉਤਪਾਦਾਂ ਅਤੇ ਹੱਲਾਂ ਦਾ ਪ੍ਰਦਰਸ਼ਨ ਕਰਨਗੇ। ਭਾਰਤੀ ਹਵਾਈ ਸੈਨਾ ਸੂਰਿਆਕਿਰਣ ਐਰੋਬੈਟਿਕ ਟੀਮ ਅਤੇ ਐੱਲਸੀਏ ਤੇਜਸ ਨਾਲ ਏਅਰ ਸ਼ੋਅ ਵਿੱਚ ਹਿੱਸਾ ਲਵੇਗੀ।
ਦੁਬਈ ਏਅਰ ਸ਼ੋਅ ਇੱਕ ਦੋ-ਵਰ੍ਹਿਆਂ ਦਾ ਗਲੋਬਲ ਪ੍ਰੋਗਰਾਮ ਹੈ ਜੋ 150 ਦੇਸ਼ਾਂ ਦੇ 1,500 ਤੋਂ ਵੱਧ ਪ੍ਰਦਰਸ਼ਕਾਂ ਅਤੇ 148,000 ਤੋਂ ਵੱਧ ਉਦਯੋਗ ਪੇਸ਼ੇਵਰਾਂ ਦੀ ਮੇਜ਼ਬਾਨੀ ਕਰਦਾ ਹੈ । ਇਸ ਵੱਕਾਰੀ ਸਮਾਗਮ ਵਿੱਚ ਬੰਬਾਰਡੀਅਰ, ਡਸਾਲਟ ਐਵੀਏਸ਼ਨ, ਐਂਬਰੇਅਰ, ਥੇਲਸ, ਏਅਰਬੱਸ, ਲੌਕਹੀਡ ਮਾਰਟਿਨ ਅਤੇ ਕੈਲੀਡਸ ਵਰਗੀਆਂ ਪ੍ਰਮੁੱਖ ਅੰਤਰਰਾਸ਼ਟਰੀ ਏਅਰੋਸਪੇਸ ਕੰਪਨੀਆਂ ਆਪਣੇ ਉਤਪਾਦਾਂ ਅਤੇ ਤਕਨਾਲੋਜੀਆਂ ਦਾ ਪ੍ਰਦਰਸ਼ਨ ਕਰਦੀਆਂ ਹਨ।
************
ਵੀਕੇ/ਐਸਆਰ/ਨਿਰਮਿਤ/ਏਕੇ
(रिलीज़ आईडी: 2190865)
आगंतुक पटल : 5