ਜਲ ਸ਼ਕਤੀ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਸੀ.ਆਰ ਪਾਟਿਲ ਨੇ ਕਾਲਿੰਦੀ ਕੁੰਜ ਤੋਂ ਸਫਾਈ ਦਾ ਸੱਦਾ ਦਿੱਤਾ: ਯਮੁਨਾ ਨਦੀ ਦੇ ਕੰਢੇ ‘ਤੇ ਜਲ ਸ਼ਕਤੀ ਮੰਤਰਾਲੇ ਦੀ ਸਰਪ੍ਰਸਤੀ ਹੇਠ ਨਮਾਮੀ ਗੰਗੇ ਦਾ ਇੱਕ ਸ਼ਾਨਦਾਰ ਸਮਾਗਮ ਆਯੋਜਿਤ ਕੀਤਾ ਗਿਆ
ਸ਼੍ਰੀ ਸੀ.ਆਰ ਪਾਟਿਲ ਨੇ ਕਿਹਾ ਕਿ ਭਾਰਤ ਵਿੱਚ, ਸਫਾਈ ਸਿਰਫ਼ ਸਿਹਤ ਜਾਂ ਵਾਤਾਵਰਣ ਦਾ ਮਾਮਲਾ ਨਹੀਂ ਹੈ; ਇਹ ਸਾਡੀ ਸੱਭਿਅਤਾ ਅਤੇ ਸੱਭਿਆਚਾਰ ਦੀ ਆਤਮਾ ਹੈ
ਸਕੂਲਾਂ ਦੇ ਵਿਦਿਆਰਥੀ ਅਤੇ ਨੌਜਵਾਨ ‘ਸਵੱਛਤਾ ਹੀ ਸੇਵਾ’ ਪਹਿਲ ਦੇ ਤਹਿਤ ਏਕ ਦਿਨ, ਏਕ ਘੰਟਾ, ਏਕ ਸਾਥ ਪ੍ਰੋਗਰਾਮ ਵਿੱਚ ਸਰਗਰਮੀ ਨਾਲ ਹਿੱਸਾ ਲੈਂਦੇ ਹਨ
Posted On:
25 SEP 2025 4:10PM by PIB Chandigarh
ਇੱਕ ਮਹੱਤਵਪੂਰਨ ਕਦਮ ਵਜੋਂ ਅੱਜ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਯਮੁਨਾ ਨਦੀ ਦੇ ਕੰਢੇ ‘ਤੇ ਕਾਲਿੰਦੀ ਕੁੰਜ ਵਿਖੇ "ਸਵੱਛਤਾ ਹੀ ਸੇਵਾ" ਪਹਿਲਕਦਮੀ ਦੇ ਤਹਿਤ ਇੱਕ ਸ਼ਾਨਦਾਰ " ਏਕ ਦਿਨ, ਏਕ ਘੰਟਾ ਏਕ ਸਾਥ" ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਨੇ ਨਾ ਸਿਰਫ਼ ਨਦੀ ਦੀ ਪੁਨਰ ਸੁਰਜੀਤੀ ਬਾਰੇ ਜਨਤਕ ਜਾਗਰੂਕਤਾ ਪੈਦਾ ਕੀਤੀ ਸਗੋਂ ਯਮੁਨਾ ਦੀ ਸਫਾਈ ਲਈ ਸਮੂਹਿਕ ਭਾਗੀਦਾਰੀ ਦੇ ਮਹੱਤਵ 'ਤੇ ਵੀ ਜ਼ੋਰ ਦਿੱਤਾ। ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਸੀ.ਆਰ. ਪਾਟਿਲ ਅਤੇ ਕੇਂਦਰੀ ਜਲ ਸ਼ਕਤੀ ਰਾਜ ਮੰਤਰੀ ਸ਼੍ਰੀ ਵੀ. ਸੋਮੰਨਾ ਦੀ ਮੌਜੂਦਗੀ ਨੇ ਇਸ ਸਮਾਗਮ ਦੀ ਸ਼ਾਨ ਨੂੰ ਹੋਰ ਵਧਾ ਦਿੱਤਾ।

ਪੰਡਿਤ ਦੀਨਦਿਆਲ ਉਪਾਧਿਆਏ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ 'ਤੇ ਸ਼ਰਧਾਂਜਲੀ ਭੇਟ ਕਰਦੇ ਹੋਏ, ਸ਼੍ਰੀ ਸੀ.ਆਰ. ਪਾਟਿਲ ਨੇ ਉਨ੍ਹਾਂ ਦੇ ਜੀਵਨ ਦੇ ਮੁੱਖ ਸਿਧਾਂਤਾਂ - ਸੇਵਾ, ਸਾਦਗੀ ਅਤੇ ਰਾਸ਼ਟਰ ਪ੍ਰਤੀ ਸਮਰਪਣ - ਨੂੰ ਸ਼ਰਧਾ ਨਾਲ ਯਾਦ ਕੀਤਾ। ਉਨ੍ਹਾਂ ਕਿਹਾ ਕਿ ਅੱਜ, ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਨਦੀਆਂ ਦੀ ਸੰਭਾਲ ਦਾ ਯਤਨ ਪ੍ਰਸ਼ਾਸਨਿਕ ਜ਼ਿੰਮੇਵਾਰੀ ਤੋਂ ਕਿਤੇ ਅੱਗੇ ਵਧ ਕੇ ਸਮਾਜ ਦਾ ਸਮੂਹਿਕ ਫਰਜ਼ ਬਣ ਗਿਆ ਹੈ। ਸ਼੍ਰੀ ਪਾਟਿਲ ਨੇ ਯਮੁਨਾ ਨਦੀ ਦੀ ਪੁਨਰ ਸੁਰਜੀਤੀ ਨੂੰ ਸਾਡੀ ਸੱਭਿਆਚਾਰਕ ਆਸਥਾ ਅਤੇ ਵਾਤਾਵਰਣ ਚੇਤਨਾ ਦਾ ਇੱਕ ਵਿਲੱਖਣ ਸੰਗਮ ਦੱਸਿਆ।


ਉਨ੍ਹਾਂ ਨੇ ਇਸ ਗੱਲ ‘ਤੇ ਵੀ ਚਾਨਣਾ ਪਾਇਆ ਕਿ ਮਹਾਤਮਾ ਗਾਂਧੀ ਦੇ "ਸੁਤੰਤਰਤਾ" ਅਤੇ "ਸਵੱਛਤਾ" ਦੇ ਸਿਧਾਂਤ ਅੱਜ ਵੀ ਦੇਸ਼ ਨੂੰ ਮਾਰਗਦਰਸ਼ਨ ਅਤੇ ਪ੍ਰੇਰਣਾ ਦਿੰਦੇ ਹਨ। ਆਪਣੇ ਸੰਬੋਧਨ ਵਿੱਚ, ਉਨ੍ਹਾਂ ਨੇ ਸਪਸ਼ਟ ਕੀਤਾ ਕਿ ਭਾਰਤ ਦੇ ਉੱਜਵਲ ਭਵਿੱਖ ਲਈ ਸਾਡੀਆਂ ਨਦੀਆਂ ਦੀ ਪੁਨਰ ਸੁਰਜੀਤੀ ਜ਼ਰੂਰੀ ਹੈ। ਆਪਣੇ ਭਾਸ਼ਣ ਦੀ ਸਮਾਪਤੀ ਕਰਦੇ ਹੋਏ, ਉਨ੍ਹਾਂ ਨੇ ਇਸ ਪਵਿੱਤਰ ਮੁਹਿੰਮ ਵਿੱਚ ਸ਼ਾਮਲ ਸਾਰੇ ਲੋਕਾਂ ਨੂੰ ਦਿਲੋਂ ਵਧਾਈ ਦਿੱਤੀ ਅਤੇ ਕਿਹਾ ਕਿ ਜਦੋਂ ਸੰਕਲਪ ਸਮੂਹਿਕ ਹੁੰਦਾ ਹੈ, ਤਾਂ ਪਰਿਵਰਤਨ ਨਿਸ਼ਚਿਤ ਤੌਰ ‘ਤੇ ਇਤਿਹਾਸਕ ਬਣ ਜਾਂਦਾ ਹੈ। ਭਾਰਤ ਵਿੱਚ, ਸਫਾਈ ਸਿਰਫ਼ ਸਿਹਤ ਜਾਂ ਵਾਤਾਵਰਣ ਦਾ ਮਾਮਲਾ ਨਹੀਂ ਹੈ; ਇਹ ਸਾਡੀ ਸੱਭਿਅਤਾ ਅਤੇ ਸੱਭਿਆਚਾਰ ਦੀ ਆਤਮਾ ਹੈ। ਇਸ ਦਰਸ਼ਨ ਦੇ ਅਧਾਰ 'ਤੇ, ਜਲ ਸ਼ਕਤੀ ਮੰਤਰਾਲੇ ਨੇ "ਸਵੱਛਤਾ ਹੀ ਸੇਵਾ" ਮੁਹਿੰਮ ਸ਼ੁਰੂ ਕੀਤੀ, ਜੋ ਹੁਣ ਇੱਕ ਸ਼ਕਤੀਸ਼ਾਲੀ ਰਾਸ਼ਟਰੀ ਲਹਿਰ ਬਣ ਗਈ ਹੈ ਅਤੇ ਜਨਤਕ ਜਾਗਰੂਕਤਾ ਜਗਾਉਣ ਦਾ ਕੰਮ ਕਰ ਰਹੀ ਹੈ।


ਇਸ ਮੁਹਿੰਮ ਦੀ ਅਸਲ ਤਾਕਤ ਇਸ ਦੀ ਵਿਆਪਕ ਭਾਗੀਦਾਰੀ ਵਿੱਚ ਹੈ। 139 ਜ਼ਿਲ੍ਹਾ ਗੰਗਾ ਕਮੇਟੀਆਂ ਅਤੇ ਦੋ ਨਗਰ ਪਾਲਿਕਾਵਾਂ ਦੀ ਸਰਗਰਮ ਸ਼ਮੂਲੀਅਤ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਗੰਗਾ ਅਤੇ ਇਸ ਦੀਆਂ ਸਹਾਇਕ ਨਦੀਆਂ ਦੀ ਸਫਾਈ ਸਿਰਫ਼ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ, ਸਗੋਂ ਪੂਰੇ ਸਮਾਜ ਦੀ ਜ਼ਿੰਮੇਵਾਰੀ ਹੈ। ਸਥਾਨਕ ਕਮੇਟੀਆਂ ਦੀ ਤਿਆਰੀ ਅਤੇ ਜਨਤਕ ਭਾਗੀਦਾਰੀ ਨੇ ਇਸ ਮਿਸ਼ਨ ਨੂੰ ਹੋਰ ਮਜ਼ਬੂਤ ਕੀਤਾ ਹੈ।
ਇਸ ਸਮਾਗਮ ਵਿੱਚ ਬੱਚਿਆਂ ਅਤੇ ਨੌਜਵਾਨਾਂ ਦੀ ਜੋਸ਼ੀਲੀ ਮੌਜੂਦਗੀ ਨੇ ਪ੍ਰੋਗਰਾਮ ਵਿੱਚ ਨਵੀਂ ਊਰਜਾ ਭਰ ਦਿੱਤੀ। ਇਸ ਮੌਕੇ ‘ਤੇ ਸਕੂਲੀ ਬੱਚਿਆਂ ਨੇ ਨਦੀ ਦੀ ਸਫਾਈ ਦਾ ਸੁਨੇਹਾ ਦੇਣ ਦੇ ਲਈ ਡਾਂਸ ਕੀਤਾ ਅਤੇ ਗਾਇਆ ਵੀ, ਜਦਕਿ ਵੱਖ-ਵੱਖ ਸਮੂਹਾਂ ਨੇ ਦਿਲਚਸਪ ਨੁੱਕੜ ਨਾਟਕ ਪੇਸ਼ ਕੀਤੇ। ਸਕੂਲਾਂ ਅਤੇ ਕਾਲਜਾਂ ਵਿੱਚ ਆਯੋਜਿਤ ਵੱਖ-ਵੱਖ ਗਤੀਵਿਧੀਆਂ ਨੇ ਨਾ ਸਿਰਫ਼ ਨੌਜਵਾਨਾਂ ਵਿੱਚ ਸਵੱਛਤਾ ਪ੍ਰਤੀ ਜਾਗਰੂਕਤਾ ਪੈਦਾ ਕੀਤੀ, ਸਗੋਂ ਉਨ੍ਹਾਂ ਨੂੰ ਇਸ ਲਹਿਰ ਦੇ ਸੱਚੇ ਪ੍ਰਤੀਨਿਧੀ ਵੀ ਬਣਾਇਆ। ਇਸ ਪਹਿਲ ਦਾ ਉਦੇਸ਼ ਨਾ ਸਿਰਫ਼ ਹਰ ਘਰ ਵਿੱਚ ਸਵੱਛਤਾ ਦਾ ਸੁਨੇਹਾ ਫੈਲਾਉਣਾ ਹੀ ਨਹੀਂ ਸੀ, ਸਗੋਂ ਇਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਥਾਈ ਮੁੱਲ ਵਜੋਂ ਸਥਾਪਿਤ ਕਰਨਾ ਵੀ ਸੀ।




ਇਹ ਸਮਾਗਮ ਸਿਰਫ਼ ਰਸਮੀ ਕਾਰਵਾਈ ਤੱਕ ਸੀਮਤ ਨਹੀਂ ਸੀ, ਸਗੋਂ ਸਪਸ਼ਟ ਅਤੇ ਠੋਸ ਟੀਚਿਆਂ ਨਾਲ ਅੱਗੇ ਵਧਿਆ। ਹਰੇਕ ਜ਼ਿਲ੍ਹੇ ਨੇ ਰੈਲੀਆਂ, ਸਫਾਈ ਮੁਹਿੰਮਾਂ, ਜਾਗਰੂਕਤਾ ਕੈਂਪਾਂ ਅਤੇ ਭਾਈਚਾਰਕ ਪਹਿਲਕਦਮੀਆਂ ਰਾਹੀਂ 10,000 ਭਾਗੀਦਾਰਾਂ ਨੂੰ ਸ਼ਾਮਲ ਕਰਨ ਦਾ ਸੰਕਲਪ ਲਿਆ। ਨਤੀਜੇ ਵਜੋਂ, ਹਜ਼ਾਰਾਂ ਨਾਗਰਿਕ ਵਲੰਟੀਅਰਾਂ ਵਜੋਂ ਅੱਗੇ ਆਏ ਅਤੇ ਗੰਗਾ ਦੀ ਸਫਾਈ ਦੇ ਸੱਚੇ ਰੱਖਿਅਕਾਂ ਵਜੋਂ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਇਆ। "ਸਵੱਛਤਾ ਹੀ ਸੇਵਾ" ਨੂੰ ਨਮਾਮੀ ਗੰਗੇ ਪ੍ਰੋਗਰਾਮ ਨਾਲ ਜੋੜਨਾ ਮੁਹਿੰਮ ਦੀ ਸਭ ਤੋਂ ਵੱਡੀ ਸਫਲਤਾ ਸੀ। ਗੰਗਾ ਘਾਟਾਂ ਦੀ ਸਫਾਈ, ਸੀਵਰੇਜ਼ ਪ੍ਰਬੰਧਨ ਅਤੇ ਜਨਤਕ ਜਾਗਰੂਕਤਾ ਵਰਗੇ ਯਤਨਾਂ ਨੂੰ ਜੋੜਨ ਨਾਲ ਇਹ ਦਰਸਾਇਆ ਗਿਆ ਕਿ ਤਕਨੀਕੀ ਸਮਾਧਾਨ ਸਿਰਫ਼ ਉਦੋਂ ਹੀ ਸਫਲ ਹੋ ਸਕਦੇ ਹਨ ਜਦੋਂ ਸਮਾਜ ਖੁਦ ਮਿਸ਼ਨ ਦਾ ਹਿੱਸਾ ਬਣੇ।


ਇਹ ਧਿਆਨ ਦੇਣ ਯੋਗ ਹੈ ਕਿ ਦਿੱਲੀ ਵਿੱਚ ਸਾਫ਼ ਅਤੇ ਜੀਵਨਦਾਇਕ ਯਮੁਨਾ ਨਦੀ ਨੂੰ ਬਹਾਲ ਕਰਨ ਲਈ ਪਹਿਲਾਂ ਹੀ ਬਹੁ-ਪੱਖੀ ਯਤਨ ਚੱਲ ਰਹੇ ਹਨ। 10 ਵੱਡੇ ਪ੍ਰੋਜੈਕਟਾਂ ਵਿੱਚੋਂ ਨੌਂ ਪੂਰੇ ਹੋ ਚੁੱਕੇ ਹਨ, ਜੋ ਇਸ ਮਿਸ਼ਨ ਦੀ ਗਤੀ ਅਤੇ ਗੰਭੀਰਤਾ ਨੂੰ ਦਰਸਾਉਂਦੇ ਹਨ। ਓਖਲਾ, ਕੋਂਡਲੀ, ਰਿਠਾਲਾ ਅਤੇ ਕੋਰੋਨੇਸ਼ਨ ਪਿਲਰ ਵਿਖੇ ਅਤਿ-ਆਧੁਨਿਕ ਸੀਵਰੇਜ਼ ਟ੍ਰੀਟਮੈਂਟ ਪਲਾਂਟ ਹੁਣ ਪੂਰੀ ਸਮਰੱਥਾ ਨਾਲ ਕੰਮ ਕਰ ਰਹੇ ਹਨ। ਤਕਨੀਕੀ ਸਮਾਧਾਨਾਂ ਤੋਂ ਇਲਾਵਾ, ਨਦੀ ਦੇ ਕਿਨਾਰਿਆਂ ਦੀ ਨਿਯਮਿਤ ਸਫਾਈ, ਪਾਣੀ ਦੀ ਰੀਸਾਈਕਲਿੰਗ ਪਹਿਲਕਦਮੀਆਂ ਅਤੇ ਵਾਤਾਵਰਣ ਸੰਤੁਲਨ ਬਣਾਈ ਰੱਖਣ ਲਈ ਠੋਸ ਕਦਮ ਵੀ ਚੁੱਕੇ ਜਾ ਰਹੇ ਹਨ। ਇਨ੍ਹਾਂ ਉਪਰਾਲਿਆਂ ਨੇ ਨਾ ਸਿਰਫ਼ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਵਿੱਚ ਮਦਦ ਕੀਤੀ ਹੈ ਬਲਕਿ ਯਮੁਨਾ ਦੀ ਸ਼ੁੱਧਤਾ ਅਤੇ ਸਫਾਈ ਨੂੰ ਬਹਾਲ ਕਰਨ ਲਈ ਇੱਕ ਸਥਾਈ ਸਮਾਧਾਨ ਦੀ ਨੀਂਹ ਵੀ ਰੱਖੀ ਹੈ।
ਜਲ ਸਰੋਤ, ਨਦੀ ਵਿਕਾਸ ਅਤੇ ਗੰਗਾ ਪੁਨਰ ਸੁਰਜੀਤੀ ਵਿਭਾਗ, ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ ਵਿਭਾਗ, ਐੱਮਸੀਡੀ, ਅਤੇ ਵਾਈਐੱਸਐੱਸ ਫਾਊਂਡੇਸ਼ਨ, ਸਕਸ਼ਮਭੂਮੀ ਫਾਊਂਡੇਸ਼ਨ, ਐਮਿਟੀ ਯੂਨੀਵਰਸਿਟੀ, ਜ਼ਾਕਿਰ ਹੁਸੈਨ ਕਾਲਜ, ਪੀਜੀਡੀਏਵੀ ਕਾਲਜ, ਆਈਐੱਮਐੱਸ ਕਾਲਜ, ਸਨਬ੍ਰੀਜ਼ ਸਕੂਲ, ਸਰਕਾਰੀ ਲੜਕਿਆਂ ਦਾ ਸਕੂਲ ਦੇ ਸ਼੍ਰੀ ਸ੍ਰੀਨਿਵਾਸਪੁਰੀ ਵਰਗੀਆਂ ਵੱਖ-ਵੱਖ ਸੰਸਥਾਵਾਂ ਦੀ ਸਰਗਰਮ ਭਾਗੀਦਾਰੀ ਨੇ ਮੁਹਿੰਮ ਨੂੰ ਹੋਰ ਮਜ਼ਬੂਤੀ ਦਿੱਤੀ।
************
ਐੱਮਏਐੱਮ/ਏਕੇ/ਐੱਸਐੱਮਪੀ/ਏਕੇ
(Release ID: 2172002)
Visitor Counter : 4