ਲੋਕ ਸਭਾ ਸਕੱਤਰੇਤ
ਲੋਕ ਸਭਾ ਸਪੀਕਰ ਧਰਮਸ਼ਾਲਾ ਵਿਖੇ ਸੀਪੀਏ ਇੰਡੀਆ ਰੀਜਨ ਜ਼ੋਨ-2 ਦੀ ਸਲਾਨਾ ਕਾਨਫਰੰਸ ਦਾ ਉਦਘਾਟਨ ਕਰਨਗੇ
ਸੀਪੀਏ ਜ਼ੋਨ-2 ਕਾਨਫਰੰਸ ਦਾ ਵਿਸ਼ਾ "ਡਿਜੀਟਲ ਯੁੱਗ ਵਿੱਚ ਸੁਸ਼ਾਸਨ: ਸਰੋਤਾਂ ਦਾ ਪ੍ਰਬੰਧਨ, ਲੋਕਤੰਤਰ ਦੀ ਰਾਖੀ ਅਤੇ ਨਵੀਨਤਾ ਨੂੰ ਅਪਣਾਉਣਾ" ਹੈ
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ; ਰਾਜ ਸਭਾ ਦੇ ਉਪ ਚੇਅਰਮੈਨ; ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਅਤੇ ਹੋਰ ਪਤਵੰਤੇ ਉਦਘਾਟਨੀ ਸੈਸ਼ਨ ਵਿੱਚ ਸ਼ਾਮਲ ਹੋਣਗੇ
ਹਿਮਾਚਲ ਪ੍ਰਦੇਸ਼ ਦੇ ਰਾਜਪਾਲ 1 ਜੁਲਾਈ ਨੂੰ ਸਮਾਪਤੀ ਭਾਸ਼ਣ ਦੇਣਗੇ
30 ਜੂਨ ਤੋਂ 1 ਜੁਲਾਈ 2025 ਤੱਕ ਧਰਮਸ਼ਾਲਾ ਵਿਖੇ ਸੀਪੀਏ ਇੰਡੀਆ ਰੀਜਨ ਜ਼ੋਨ-2 ਦੀ ਸਲਾਨਾ ਕਾਨਫਰੰਸ
Posted On:
28 JUN 2025 7:39PM by PIB Chandigarh
ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਸੋਮਵਾਰ, 30 ਜੂਨ 2025 ਨੂੰ ਧਰਮਸ਼ਾਲਾ ਦੇ ਤਪੋਵਨ ਵਿਖੇ ਰਾਸ਼ਟਰ ਮੰਡਲ ਸੰਸਦੀ ਐਸੋਸੀਏਸ਼ਨ (ਸੀਪੀਏ) ਇੰਡੀਆ ਰੀਜਨ ਦੇ ਜ਼ੋਨ II ਦੇ ਸਲਾਨਾ ਸੰਮੇਲਨ ਦਾ ਉਦਘਾਟਨ ਕਰਨਗੇ। ਇਸ ਜ਼ੋਨ ਵਿੱਚ ਦਿੱਲੀ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ ਅਤੇ ਪੰਜਾਬ ਰਾਜ ਸ਼ਾਮਲ ਹਨ।
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਸੁਖਵਿੰਦਰ ਸਿੰਘ ਸੁੱਖੂ; ਰਾਜ ਸਭਾ ਦੇ ਉਪ ਚੇਅਰਮੈਨ ਸ਼੍ਰੀ ਹਰਿਵੰਸ਼; ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਸ਼੍ਰੀ ਕੁਲਦੀਪ ਸਿੰਘ ਪਠਾਨੀਆ; ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸ਼੍ਰੀ ਜੈ ਰਾਮ ਠਾਕੁਰ; ਹਿਮਾਚਲ ਪ੍ਰਦੇਸ਼ ਦੇ ਸੰਸਦੀ ਮਾਮਲੇ ਮੰਤਰੀ ਸ਼੍ਰੀ ਹਰਸ਼ਵਰਧਨ ਚੌਹਾਨ ਅਤੇ ਹੋਰ ਪਤਵੰਤੇ ਉਦਘਾਟਨੀ ਸੈਸ਼ਨ ਵਿੱਚ ਸ਼ਾਮਲ ਹੋਣਗੇ।
ਕਾਨਫਰੰਸ ਦਾ ਵਿਸ਼ਾ: "ਡਿਜੀਟਲ ਯੁੱਗ ਵਿੱਚ ਸੁਸ਼ਾਸਨ: ਸਰੋਤਾਂ ਦਾ ਪ੍ਰਬੰਧਨ, ਲੋਕਤੰਤਰ ਦੀ ਰਾਖੀ ਅਤੇ ਨਵੀਨਤਾ ਨੂੰ ਅਪਣਾਉਣਾ" ਹੈ।
ਦੋ ਦਿਨਾਂ ਕਾਨਫਰੰਸ ਦੌਰਾਨ, ਜਿਸ ਵਿੱਚ ਮਹੱਤਵਪੂਰਨ ਵਿਧਾਨਕ ਅਤੇ ਸੰਵਿਧਾਨਕ ਮੁੱਦਿਆਂ 'ਤੇ ਪੂਰਨ ਸੈਸ਼ਨਾਂ ਅਤੇ ਵਿਚਾਰ-ਵਟਾਂਦਰਿਆਂ ਦੀ ਇੱਕ ਲੜੀ ਸ਼ਾਮਲ ਹੈ, ਹੇਠ ਲਿਖੇ ਵਿਸ਼ਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ:-
1. ਰਾਜ ਦੇ ਵਿਕਾਸ ਦੇ ਨਾਲ - ਨਾਲ ਰਾਜ ਦੇ ਸਰੋਤਾਂ ਦੇ ਪ੍ਰਬੰਧਨ ਵਿੱਚ ਵਿਧਾਨ ਸਭਾਵਾਂ ਦੀ ਭੂਮਿਕਾ।
2. ਧਾਰਾ 102 (2) ਅਤੇ 191 (2) ਦੀ 10ਵੀਂ ਅਨੁਸੂਚੀ ਦੇ ਤਹਿਤ ਦਲ-ਬਦਲੀ ਦੇ ਅਧਾਰ 'ਤੇ ਅਯੋਗਤਾ ਦੇ ਉਪਬੰਧ।
3. ਵਿਧਾਨ ਸਭਾਵਾਂ ਵਿੱਚ ਏਆਈ (ਮਸਨੂਈ ਬੁੱਧੀ) ਦੀ ਵਰਤੋਂ।
1 ਜੁਲਾਈ ਨੂੰ ਹੋਣ ਵਾਲੇ ਸਮਾਪਤੀ ਸੈਸ਼ਨ ਵਿੱਚ ਹਿਮਾਚਲ ਪ੍ਰਦੇਸ਼ ਦੇ ਮਾਣਯੋਗ ਰਾਜਪਾਲ ਸ਼੍ਰੀ ਸ਼ਿਵ ਪ੍ਰਤਾਪ ਸ਼ੁਕਲਾ ਸ਼ਾਮਲ ਹੋਣਗੇ, ਜੋ ਸਮਾਗਮ ਨੂੰ ਸੰਬੋਧਨ ਕਰਨਗੇ ਅਤੇ ਸਮਾਪਤੀ ਭਾਸ਼ਣ ਦੇਣਗੇ।
ਇਸ ਸਮਾਗਮ ਦਾ ਇੱਕ ਅਧਿਆਤਮਿਕ ਆਕਰਸ਼ਣ ਪੂਜਨੀਕ ਦਲਾਈ ਲਾਮਾ ਨਾਲ ਇੱਕ ਵਿਸ਼ੇਸ਼ ਗੱਲਬਾਤ ਹੋਵੇਗੀ, ਜੋ ਕਾਰਵਾਈ ਵਿੱਚ ਸ਼ਾਂਤੀ ਅਤੇ ਪ੍ਰਤੀਬਿੰਬ ਦਾ ਇੱਕ ਪਲ ਸ਼ਾਮਲ ਕਰੇਗੀ।
ਕਾਨਫਰੰਸ ਦਾ ਉਦੇਸ਼ ਲੋਕਤੰਤਰੀ ਸੰਸਥਾਵਾਂ ਨੂੰ ਮਜ਼ਬੂਤ ਕਰਨ, ਸਰਵੋਤਮ ਅਭਿਆਸਾਂ ਨੂੰ ਸਾਂਝਾ ਕਰਨ ਅਤੇ ਸਮਕਾਲੀ ਯੁੱਗ ਵਿੱਚ ਸ਼ਾਸਨ ਅਤੇ ਵਿਧਾਨਕ ਕੰਮਕਾਜ ਲਈ ਨਵੀਨਤਾਕਾਰੀ ਪਹੁੰਚਾਂ ਦੀ ਪੜਚੋਲ ਕਰਨ ਲਈ ਇੱਕ ਮਹੱਤਵਪੂਰਨ ਮੰਚ ਵਜੋਂ ਕੰਮ ਕਰਨਾ ਹੈ।
ਸੀਪੀਏ ਇੱਕ ਆਲਮੀ ਸੰਗਠਨ ਹੈ ਜੋ ਸੰਸਦੀ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਸੰਸਦ ਮੈਂਬਰਾਂ ਨੂੰ ਇੱਕ ਮੰਚ 'ਤੇ ਇਕੱਠਾ ਕਰਦਾ ਹੈ। ਸੀਪੀਏ ਦੇ ਵਿਸ਼ਵ ਪੱਧਰ 'ਤੇ ਨੌਂ ਖੇਤਰ ਹਨ, ਜੋ ਹਨ: ਅਫਰੀਕਾ; ਏਸ਼ੀਆ; ਆਸਟ੍ਰੇਲੀਆ; ਬ੍ਰਿਟਿਸ਼ ਟਾਪੂ ਅਤੇ ਮੈਡੀਟੇਰੀਅਨ (ਬੀਆਈਐੱਮ); ਕੈਨੇਡਾ; ਕੈਰੇਬੀਅਨ, ਅਮਰੀਕਾ ਅਤੇ ਅਟਲਾਂਟਿਕ (ਸੀਏਏ); ਭਾਰਤ; ਪ੍ਰਸ਼ਾਂਤ; ਅਤੇ ਦੱਖਣ-ਪੂਰਬੀ ਏਸ਼ੀਆ। ਸੀਪੀਏ ਭਾਰਤ ਖੇਤਰ ਦੇ ਅੰਦਰ ਨੌਂ ਜ਼ੋਨ ਹਨ ਅਤੇ ਹਰੇਕ ਇੱਕ ਖਾਸ ਭੂਗੋਲਿਕ ਖੇਤਰ ਨੂੰ ਕਵਰ ਕਰਦਾ ਹੈ। ਜ਼ੋਨ II ਇੰਨ੍ਹਾਂ ਵਿੱਚੋਂ ਇੱਕ ਹੈ, ਜੋ ਉਪਰੋਕਤ ਰਾਜਾਂ 'ਤੇ ਕੇਂਦ੍ਰਿਤ ਹੈ।
************
ਏਐੱਮ/ਏਕੇ
(Release ID: 2140560)