ਗ੍ਰਹਿ ਮੰਤਰਾਲਾ
ਕੇਂਦਰੀ ਅਤੇ ਸੂਬਾਈ ਫੋਰੈਂਸਿਕ ਵਿਗਿਆਨ ਪ੍ਰਯੋਗਸ਼ਾਲਾਵਾਂ ਦੇ ਡਾਇਰੈਕਟਰਾਂ ਦੀ ਦੋ-ਰੋਜ਼ਾ ਰਾਸ਼ਟਰੀ ਬੈਠਕ ਚੰਡੀਗੜ੍ਹ ਵਿੱਚ ਹੋਵੇਗੀ
ਨਵੇਂ ਅਪਰਾਧਿਕ ਕਾਨੂੰਨਾਂ ਅਨੁਸਾਰ ਫੋਰੈਂਸਿਕ ਵਿਗਿਆਨ ਸੇਵਾਵਾਂ ਨੂੰ ਮਜ਼ਬੂਤ ਕਰਨ ਦੀ ਪੜਚੋਲ ਕਰਨ ਲਈ ਹੋਵੇਗੀ ਬੈਠਕ
Posted On:
22 MAY 2025 8:57PM by PIB Chandigarh
ਕੇਂਦਰੀ ਫੋਰੈਂਸਿਕ ਵਿਗਿਆਨ ਪ੍ਰਯੋਗਸ਼ਾਲਾਵਾਂ (ਸੀਐੱਫਐੱਸਐੱਲਜ਼) ਅਤੇ ਸੂਬਾਈ ਫੋਰੈਂਸਿਕ ਵਿਗਿਆਨ ਪ੍ਰਯੋਗਸ਼ਾਲਾਵਾਂ (ਐੱਫਐੱਸਐੱਲਜ਼) ਦੇ ਡਾਇਰੈਕਟਰਾਂ ਦੀ ਦੋ-ਰੋਜ਼ਾ ਰਾਸ਼ਟਰੀ ਬੈਠਕ 23 ਅਤੇ 24 ਮਈ, 2025 ਨੂੰ ਕੇਂਦਰੀ ਫੋਰੈਂਸਿਕ ਵਿਗਿਆਨ ਪ੍ਰਯੋਗਸ਼ਾਲਾ, ਚੰਡੀਗੜ੍ਹ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ। ਇਸ ਰਾਸ਼ਟਰੀ ਬੈਠਕ ਦਾ ਵਿਸ਼ਾ "ਨਵੇਂ ਅਪਰਾਧਿਕ ਕਾਨੂੰਨਾਂ ਅਨੁਸਾਰ ਫੋਰੈਂਸਿਕ ਵਿਗਿਆਨ ਸੇਵਾਵਾਂ ਨੂੰ ਮਜ਼ਬੂਤ ਬਣਾਉਣਾ" ਹੈ ਅਤੇ ਇਹ ਮੀਟਿੰਗ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਡਾਇਰੈਕਟੋਰੇਟ ਆਫ਼ ਫੋਰੈਂਸਿਕ ਵਿਗਿਆਨ ਸੇਵਾਵਾਂ (ਡੀਐੱਫਐੱਸਐੱਸ) ਦੁਆਰਾ ਆਯੋਜਿਤ ਕੀਤੀ ਜਾ ਰਹੀ ਹੈ।
ਇਸ ਮੀਟਿੰਗ ਵਿੱਚ ਫੋਰੈਂਸਿਕ ਖੇਤਰ ਵਿੱਚ ਨਵੀਨਤਮ ਟੈਕਨੋਲੋਜੀਆਂ ਨੂੰ ਲਾਗੂ ਕਰਨ ਅਤੇ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਲਈ ਇਸਦੇ ਪ੍ਰਭਾਵ ਬਾਰੇ ਚਰਚਾ ਹੋਵੇਗੀ। ਇਸ ਦੀ ਸੰਖੇਪ ਜਾਣਕਾਰੀ ਡਾ. ਜੀ. ਕੇ. ਗੋਸਵਾਮੀ, ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਅਤੇ ਯੂਪੀ ਸਟੇਟ ਇੰਸਟੀਚਿਊਟ ਆਫ਼ ਫੋਰੈਂਸਿਕ ਸਾਇੰਸਜ਼ (ਯੂਪੀਐੱਸਆਈਐੱਫਐੱਸਆਈਐੱਫਐੱਸ) ਦੇ ਸੰਸਥਾਪਕ ਡਾਇਰੈਕਟਰ ਦੁਆਰਾ ਪੇਸ਼ ਕੀਤੀ ਜਾਵੇਗੀ, ਜੋ ਕਿ 23 ਮਈ, 2025 ਨੂੰ ਹੋਣ ਵਾਲੇ ਉਦਘਾਟਨੀ ਸੈਸ਼ਨ ਲਈ ਮੁੱਖ ਮਹਿਮਾਨ ਵੀ ਹੋਣਗੇ। ਮੁੱਖ ਮਹਿਮਾਨ ਸੀਐੱਫਐੱਸਐੱਲ, ਚੰਡੀਗੜ੍ਹ ਵਿਖੇ ਸਵਦੇਸ਼ੀ ਤੌਰ 'ਤੇ ਵਿਕਸਿਤ ਤਿੰਨ ਸਹੂਲਤਾਂ, ਜਿਵੇਂ ਕਿ ਡਰੋਨ ਫੋਰੈਂਸਿਕ ਵਿਸ਼ਲੇਸ਼ਣ ਪ੍ਰਯੋਗਸ਼ਾਲਾ, ਸੱਪ ਦੇ ਜ਼ਹਿਰ ਦੀ ਖੋਜ ਲਈ ਪ੍ਰਯੋਗਸ਼ਾਲਾ, ਡੈਮੇਜਡ ਮੀਡੀਆ ਵਿਸ਼ਲੇਸ਼ਣ ਸਹੂਲਤ ਅਤੇ ਇੰਟਰ-ਓਪਰੇਬਲ ਕ੍ਰਿਮੀਨਲ ਜਸਟਿਸ ਸਿਸਟਮ (ਈ-ਫੋਰੈਂਸਿਕਸ 2.0) ਦਾ ਉਦਘਾਟਨ ਵੀ ਕਰਨਗੇ।
ਡਾਇਰੈਕਟਰਜ਼ ਮੀਟ ਦੇ ਸਮਾਪਤੀ ਦਿਨ, ਯਾਨੀ 24 ਮਈ, 2025 ਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ ਸ਼੍ਰੀ ਬੰਦੀ ਸੰਜੇ ਕੁਮਾਰ ਨਵੇਂ ਅਪਰਾਧਿਕ ਕਾਨੂੰਨਾਂ ਅਤੇ ਫੋਰੈਂਸਿਕ ਮਨੋਵਿਗਿਆਨ ਦੇ ਅਨੁਸਾਰ ਅਪਰਾਧ ਦ੍ਰਿਸ਼ ਪ੍ਰਬੰਧਨ ਐੱਸਓਪੀ (ਸਟੈਂਡਰਡ ਓਪਰੇਟਿੰਗ ਪ੍ਰੋਸੀਜਰ) ਜਾਰੀ ਕਰਨਗੇ।
ਇਹ ਮੀਟਿੰਗ ਸਮਰੱਥਾ ਨਿਰਮਾਣ ਅਤੇ ਮਨੁੱਖੀ ਸਰੋਤ ਵਿਕਾਸ ਰਾਹੀਂ ਫੋਰੈਂਸਿਕ ਸਾਇੰਸ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਇੱਕ ਰੋਡਮੈਪ ਤਿਆਰ ਕਰਨ ਦਾ ਯਤਨ ਕਰੇਗੀ। ਇਹ ਅਪਰਾਧਿਕ ਮਾਮਲਿਆਂ ਵਿੱਚ ਅੱਤਵਾਦੀਆਂ ਦੁਆਰਾ ਪੇਸ਼ ਕੀਤੀਆਂ ਜਾ ਰਹੀਆਂ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਖੋਜ ਦੇ ਗ੍ਰੇਅ ਖੇਤਰਾਂ ਦੀ ਪਛਾਣ ਕਰਨ ਦੀ ਵੀ ਕੋਸ਼ਿਸ਼ ਕਰਦੀ ਹੈ। ਦੋ-ਰੋਜ਼ਾ ਮੀਟਿੰਗ ਵਿੱਚ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ ਅਤੇ ਫੋਰੈਂਸਿਕ ਵਿਗਿਆਨ ਵਿੱਚ ਸਰਵੋਤਮ ਅਭਿਆਸਾਂ ਦੇ ਮਾਨਕੀਕਰਨ 'ਤੇ ਵੀ ਚਰਚਾ ਕੀਤੀ ਜਾਵੇਗੀ।
ਮੀਟਿੰਗ ਵਿੱਚ ਫੋਰੈਂਸਿਕ ਵਿਗਿਆਨ ਪ੍ਰਯੋਗਸ਼ਾਲਾਵਾਂ ਨੂੰ ਅੰਤਰ-ਸੰਚਾਲਿਤ ਅਪਰਾਧਿਕ ਨਿਆਂ ਪ੍ਰਣਾਲੀ (ਆਈਸੀਜੇਐੱਸ) ਨਾਲ ਜੋੜਨ ਦਾ ਵੀ ਪ੍ਰਸਤਾਵ ਹੈ, ਜਿੱਥੇ ਸਾਰੇ ਪੰਜ ਥੰਮ੍ਹ, ਜਿਵੇਂ ਕਿ ਫੋਰੈਂਸਿਕ, ਅਦਾਲਤਾਂ, ਪੁਲਿਸ, ਸਰਕਾਰੀ ਵਕੀਲ ਅਤੇ ਜੇਲ੍ਹਾਂ ਨੂੰ ਏਕੀਕ੍ਰਿਤ ਕੀਤਾ ਜਾਵੇਗਾ।
ਡਾਇਰੈਕਟਰਾਂ ਦੀ ਇਸ ਬੈਠਕ ਦੌਰਾਨ, ਅੰਤਰ-ਏਜੰਸੀ ਤਾਲਮੇਲ ਨੂੰ ਮਜ਼ਬੂਤ ਕਰਨ, ਤਕਨੀਕੀ ਗਿਆਨ ਸਾਂਝਾ ਕਰਨ ਅਤੇ ਸਹਿਯੋਗ ਬਾਰੇ ਚਰਚਾ ਕੀਤੀ ਜਾਵੇਗੀ ਜਿਸ ਨਾਲ ਟਰਨਅਰਾਊਂਡ ਸਮਾਂ ਅਤੇ ਕੇਸ ਹੈਂਡਲਿੰਗ ਸਮਾਂ ਘੱਟ ਕੀਤਾ ਜਾ ਸਕਦਾ ਹੈ। ਇਸ ਵਿੱਚ ਫੋਰੈਂਸਿਕ ਵਿਗਿਆਨ ਵਿੱਚ ਸਭ ਤੋਂ ਵਧੀਆ ਅਭਿਆਸਾਂ ਅਤੇ ਚੁਣੌਤੀਆਂ ਅਤੇ ਭਵਿੱਖੀ ਯੋਜਨਾਵਾਂ 'ਤੇ ਵੱਖ-ਵੱਖ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਫੋਰੈਂਸਿਕ ਵਿਗਿਆਨ ਡਾਇਰੈਕਟਰਾਂ ਦੁਆਰਾ ਓਪਨ ਹਾਊਸ ਚਰਚਾ, ਇੰਟਰਐਕਟਿਵ ਸੈਸ਼ਨ ਅਤੇ ਪੇਸ਼ਕਾਰੀਆਂ ਵੀ ਹੋਣਗੀਆਂ।
ਪ੍ਰਧਾਨ ਮੰਤਰੀ ਦੇ ਆਤਮਨਿਰਭਰ ਭਾਰਤ ਅਤੇ "ਮੇਕ ਇਨ ਇੰਡੀਆ" ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਅਤੇ ਵਧੇਰੇ ਕੁਸ਼ਲ ਅਤੇ ਪ੍ਰਤੀਯੋਗੀ ਬਣਨ ਲਈ, ਫੋਰੈਂਸਿਕ ਸਾਇੰਸ ਸਰਵਿਸਿਜ਼ ਡਾਇਰੈਕਟੋਰੇਟ (ਡੀਐੱਫਐੱਸਐੱਸ) ਦੇ ਅਧੀਨ ਸੀਐੱਫਐੱਸਐੱਲ, ਚੰਡੀਗੜ੍ਹ ਦੇ ਵਿਗਿਆਨੀਆਂ ਨੇ ਸਵਦੇਸ਼ੀ ਤੌਰ 'ਤੇ 1) ਮਹਿਲਾ ਸੁਰੱਖਿਆ ਯੰਤਰ (ਰਕਸ਼ਾ ਸੂਤਰ), 2) ਰੋਟੇਟਿੰਗ ਪੇਪਰ ਡਿਸਕ (ਆਰਪੀਡੀ), 3) ਆਟੋਮੈਟਿਕ ਸਪੀਕਰ ਪਛਾਣ ਪ੍ਰਣਾਲੀ (ਐੱਸਪੀਆਈਡੀ), 4) ਚਿੱਪ-ਆਫ ਤਕਨੀਕ, 5) ਲੇਖਕ ਤਸਦੀਕ/ਆਫ-ਲਾਈਨ ਦਸਤਖਤ ਤਸਦੀਕ ਲਈ ਏਆਈ-ਯੋਗ ਘੱਟ-ਲਾਗਤ ਵਾਲਾ ਹੈਂਡ-ਹੋਲਡ ਯੰਤਰ ਅਤੇ 6) ਡੀਐੱਫਐੱਸਐੱਸ, ਨਵੀਂ ਦਿੱਲੀ ਦੁਆਰਾ ਇਨ੍ਹਾਂ ਪ੍ਰੋਜੈਕਟਾਂ ਦੇ ਤਹਿਤ ਆਈਆਈਟੀਜ਼ ਸਮੇਤ ਵੱਖ-ਵੱਖ ਯੂਨੀਵਰਸਿਟੀਆਂ ਨੂੰ ਦਿੱਤੇ ਗਏ ਐਕਸਟਰਾਮਿਊਰਲ ਰਿਸਰਚ ਪ੍ਰੋਜੈਕਟ (ਈਐੱਮਆਰ) ਦੇ ਤਹਿਤ ਆਡੀਓ-ਵੀਡੀਓ ਫੁਟੇਜ ਦੀ ਪ੍ਰਮਾਣਿਕਤਾ ਲਈ ਸੌਫਟਵੇਅਰ ਵਿਕਸਿਤ ਕੀਤੇ ਹਨ।
ਸੀਐੱਫਐੱਸਐੱਲ, ਚੰਡੀਗੜ੍ਹ ਦੇ ਵਿਗਿਆਨੀਆਂ ਦੁਆਰਾ ਦੋ ਪੇਟੈਂਟ ਵੀ ਪ੍ਰਕਾਸ਼ਿਤ ਕੀਤੇ ਗਏ ਹਨ। ਵਿਕਸਿਤ ਕੀਤੀ ਗਈ/ਖੋਜੀ ਗਈ ਤਕਨੀਕ ਪੁਲਿਸ, ਨਿਆਂਪਾਲਿਕਾ ਅਤੇ ਵਿਗਿਆਨੀਆਂ ਵਰਗੇ ਸਾਰੇ ਹਿਤਧਾਰਕਾਂ ਨੂੰ ਦਿਖਾਈ ਜਾਵੇਗੀ।
ਇਹ ਰਾਸ਼ਟਰੀ ਕਾਨਫਰੰਸ ਫੋਰੈਂਸਿਕ ਵਿਗਿਆਨ ਸੇਵਾਵਾਂ ਨੂੰ ਮਜ਼ਬੂਤ ਕਰਨ ਅਤੇ ਮਾਮਲਿਆਂ ਦੇ ਨਿਪਟਾਰੇ ਲਈ ਕੁਝ ਨੀਤੀਆਂ ਅਤੇ ਪ੍ਰਕਿਰਿਆਵਾਂ ਲਿਆਏਗੀ, ਜਿਸ ਨਾਲ ਭਾਰਤ ਦੀ ਅਪਰਾਧਿਕ ਨਿਆਂ ਪ੍ਰਣਾਲੀ ਮਜ਼ਬੂਤ ਹੋਵੇਗੀ।
*********
ਪੀਆਈਬੀ ਚੰਡੀਗੜ੍ਹ | ਦੀਪ/ ਸੀਐੱਫਐੱਸਐੱਲ
(Release ID: 2130692)
ਵਿਜ਼ੀਟਰ ਕਾਊਂਟਰ : 4