ਲੋਕ ਸਭਾ ਸਕੱਤਰੇਤ
ਲੋਕ ਸਭਾ ਸਪੀਕਰ ਨੇ ਗੁਣਵੱਤਾਪੂਰਨ ਵਿਧਾਨਕ ਖਰੜਾ ਤਿਆਰ ਕਰਨ ਦੀ ਮਹੱਤਤਾ ਅਤੇ ਵਿਧਾਨਕ ਪ੍ਰਕਿਰਿਆਵਾਂ ਵਿੱਚ ਚੁਣੇ ਹੋਏ ਪ੍ਰਤੀਨਿਧੀਆਂ ਦੇ ਇਨਪੁਟ ਦੀ ਮਹੱਤਤਾ 'ਤੇ ਜ਼ੋਰ ਦਿੱਤਾ
ਲੋਕ ਸਭਾ ਸਪੀਕਰ ਨੇ ਵਿਧਾਨ ਸਭਾਵਾਂ ਦੀ ਵਿੱਤੀ ਖੁਦਮੁਖਤਿਆਰੀ ਦੀ ਵਕਾਲਤ ਕੀਤੀ, ਵਿਆਪਕ ਵਿਚਾਰ ਚਰਚਾ ਦਾ ਸੱਦਾ ਦਿੱਤਾ
ਲੋਕ ਸਭਾ ਸਪੀਕਰ ਨੇ ਚੁਣੇ ਹੋਏ ਨੁਮਾਇੰਦਿਆਂ ਨੂੰ ਯੋਜਨਾਬੱਧ ਵਿਘਨਾਂ ਤੋਂ ਬਚਣ, ਨਿਯਮਾਂ, ਪ੍ਰਕਿਰਿਆਵਾਂ ਅਤੇ ਪਰੰਪਰਾਵਾਂ ਦੇ ਦਾਇਰੇ ਵਿੱਚ ਸਦਨ ਵਿੱਚ ਮੁੱਦੇ ਉਠਾਉਣ ਦੀ ਤਾਕੀਦ ਕੀਤੀ
ਲੋਕ ਸਭਾ ਸਪੀਕਰ ਨੇ ਹਰਿਆਣਾ ਵਿਧਾਨ ਸਭਾ ਦੇ ਪਹਿਲੀ ਵਾਰ ਚੁਣੇ ਗਏ ਵਿਧਾਇਕਾਂ ਨੂੰ ਸਦਨ ਦੇ ਨਿਯਮਾਂ ਅਤੇ ਪ੍ਰਕਿਰਿਆਵਾਂ ਦਾ ਡੂੰਘਾਈ ਨਾਲ ਅਧਿਐਨ ਕਰਨ ਦੀ ਸਲਾਹ ਦਿੱਤੀ ਤਾਂ ਜੋ ਉਹ ਲੋਕਾਂ ਦੇ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾ ਸਕਣ
ਸਭ ਤੋਂ ਵਧੀਆ ਵਿਧਾਇਕ ਉਹ ਹੁੰਦਾ ਹੈ, ਜੋ ਸਦਨ ਵਿੱਚ ਸਾਰਥਕ ਚਰਚਾ ਕਰਦਾ ਹੈ; ਵਿਆਪਕ ਅਧਿਐਨ ਦੇ ਆਧਾਰ 'ਤੇ ਮੁੱਦਿਆਂ 'ਤੇ ਚਰਚਾ ਕਰਦਾ ਹੈ, ਟੈਕਨੋਲੋਜੀ ਅਤੇ ਨਵੀਨਤਾ ਦੀ ਵਰਤੋਂ ਕਰਦਾ ਹੈ: ਲੋਕ ਸਭਾ ਸਪੀਕਰ
ਲੋਕ ਸਭਾ ਸਪੀਕਰ ਨੇ ਹਰਿਆਣਾ ਵਿਧਾਨ ਸਭਾ ਦੇ ਨਵੇਂ ਚੁਣੇ ਗਏ ਮੈਂਬਰਾਂ ਲਈ ਦੋ-ਰੋਜ਼ਾ ਓਰੀਐਂਟੇਸ਼ਨ ਪ੍ਰੋਗਰਾਮ ਦਾ ਉਦਘਾਟਨ ਕੀਤਾ
Posted On:
14 FEB 2025 6:17PM by PIB Chandigarh
ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਨੇ ਗੁਣਵੱਤਾਪੂਰਨ ਵਿਧਾਨਕ ਖਰੜਾ ਤਿਆਰ ਕਰਨ ਦੀ ਮਹੱਤਤਾ ਅਤੇ ਵਿਧਾਨਕ ਪ੍ਰਕਿਰਿਆਵਾਂ ਵਿੱਚ ਚੁਣੇ ਹੋਏ ਪ੍ਰਤੀਨਿਧੀਆਂ ਦੇ ਇਨਪੁਟ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਹੈ। ਵਿਧਾਨਕ ਖਰੜਾ ਪ੍ਰਕਿਰਿਆ ਵਿੱਚ ਵਿਆਪਕ ਚਰਚਾ ਦਾ ਸੱਦਾ ਦਿੰਦੇ ਹੋਏ, ਸ਼੍ਰੀ ਬਿਰਲਾ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਾਨੂੰਨਾਂ ਦੇ ਖਰੜੇ ਦੇ ਪੜਾਅ 'ਤੇ ਢੁਕਵੇਂ ਇਨਪੁਟ ਦੀ ਘਾਟ ਦਾ ਸਰਕਾਰ ਦੇ ਕੰਮਕਾਜ ਅਤੇ ਕਾਨੂੰਨਸਾਜ਼ਾਂ ਵਲੋਂ ਵਿਧਾਨਕ ਪੜਤਾਲ ਦੋਵਾਂ 'ਤੇ ਅਸਰ ਪੈਂਦਾ ਹੈ। ਹਰਿਆਣਾ ਵਿਧਾਨ ਸਭਾ ਦੇ ਨਵੇਂ ਚੁਣੇ ਗਏ ਮੈਂਬਰਾਂ ਲਈ ਦੋ-ਰੋਜ਼ਾ ਓਰੀਐਂਟੇਸ਼ਨ ਪ੍ਰੋਗਰਾਮ ਵਿੱਚ ਉਦਘਾਟਨੀ ਭਾਸ਼ਣ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਨਵੇਂ ਚੁਣੇ ਗਏ ਕਾਨੂੰਨਸਾਜ਼ਾਂ ਨੂੰ ਇਸ ਸ਼ੁਰੂਆਤੀ ਪੜਾਅ 'ਤੇ ਢੁਕਵੇਂ ਢੰਗ ਨਾਲ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਜਿਨ੍ਹਾਂ ਲੋਕਾਂ ਦੀ ਉਹ ਪ੍ਰਤੀਨਿਧਤਾ ਕਰਦੇ ਹਨ, ਉਨ੍ਹਾਂ ਦੇ ਦ੍ਰਿਸ਼ਟੀਕੋਣ ਅਤੇ ਚਿੰਤਾਵਾਂ ਪ੍ਰਸਤਾਵਿਤ ਕਾਨੂੰਨਾਂ ਵਿੱਚ ਢੁਕਵੇਂ ਰੂਪ ਵਿੱਚ ਪ੍ਰਤੀਬਿੰਬਤ ਹੋਣ। ਸ਼੍ਰੀ ਬਿਰਲਾ ਨੇ ਕਿਹਾ ਕਿ ਕਾਨੂੰਨਸਾਜ਼ਾਂ ਅਤੇ ਮੂਲ ਮੰਤਰਾਲੇ ਦਰਮਿਆਨ ਸਹਿਯੋਗੀ ਪਹੁੰਚ ਨੂੰ ਉਤਸ਼ਾਹਿਤ ਕਰਕੇ, ਕਾਨੂੰਨਸਾਜ਼ਾਂ ਦੀ ਗੁਣਵੱਤਾ ਅਤੇ ਪ੍ਰਭਾਵਸ਼ੀਲਤਾ ਨੂੰ ਵਧਾਇਆ ਜਾ ਸਕਦਾ ਹੈ, ਜਿਸ ਨਾਲ ਇਹ ਜਨਤਾ ਲਈ ਵਧੇਰੇ ਪ੍ਰਸੰਗਿਕ ਅਤੇ ਲਾਭਦਾਇਕ ਬਣ ਸਕਦਾ ਹੈ। ਸ਼੍ਰੀ ਬਿਰਲਾ ਨੇ ਜ਼ੋਰ ਦੇ ਕੇ ਕਿਹਾ ਕਿ ਪ੍ਰਭਾਵਸ਼ਾਲੀ ਕਾਨੂੰਨ ਬਣਾਉਣ ਲਈ ਵਿਧਾਨਕ ਖਰੜਾ ਤਿਆਰ ਕਰਨ ਦਾ ਗਿਆਨ ਬਹੁਤ ਮਹੱਤਵਪੂਰਨ ਹੈ; ਇਸ ਲਈ, ਜਨਤਕ ਪ੍ਰਤੀਨਿਧੀਆਂ ਨੂੰ ਵਿਧਾਨਕ ਖਰੜਾ ਤਿਆਰ ਕਰਨ ਵਿੱਚ ਨਿਯਮਤ ਸਮਰੱਥਾ ਨਿਰਮਾਣ ਉਪਾਵਾਂ ਵਿੱਚੋਂ ਗੁਜ਼ਰਨਾ ਚਾਹੀਦਾ ਹੈ। ਕਈ ਵਿਧਾਨਕ ਮੰਚਾਂ 'ਤੇ ਪਹਿਲਾਂ ਹੋਈਆਂ ਚਰਚਾਵਾਂ ਨੂੰ ਯਾਦ ਕਰਦੇ ਹੋਏ, ਉਨ੍ਹਾਂ ਨੇ ਰਾਜ ਵਿਧਾਨ ਸਭਾਵਾਂ ਦੀਆਂ ਬਹਿਸਾਂ ਦੇ ਡਿਜੀਟਲੀਕਰਨ ਨੂੰ ਤੇਜ਼ ਕਰਨ ਦਾ ਸੁਝਾਅ ਵੀ ਦਿੱਤਾ ਤਾਂ ਜੋ ਚੁਣੇ ਹੋਏ ਮੈਂਬਰ ਉਨ੍ਹਾਂ ਤੱਕ ਆਸਾਨੀ ਨਾਲ ਪਹੁੰਚ ਕਰ ਸਕਣ ਅਤੇ ਕਾਨੂੰਨ ਨਿਰਮਾਤਾਵਾਂ ਵਜੋਂ ਹੁਨਰਾਂ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਕੀਮਤੀ ਰਿਕਾਰਡਾਂ ਦੀ ਵਰਤੋਂ ਕਰ ਸਕਣ। ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ; ਹਰਿਆਣਾ ਵਿਧਾਨ ਸਭਾ ਦੇ ਸਪੀਕਰ ਸ਼੍ਰੀ ਹਰਵਿੰਦਰ ਕਲਿਆਣ; ਉੱਤਰ ਪ੍ਰਦੇਸ਼ ਅਤੇ ਪੰਜਾਬ ਦੇ ਪ੍ਰੀਜ਼ਾਇਡਿੰਗ ਅਧਿਕਾਰੀ, ਹਰਿਆਣਾ ਸਰਕਾਰ ਦੇ ਮੰਤਰੀ ਅਤੇ ਹਰਿਆਣਾ ਵਿਧਾਨ ਸਭਾ ਦੇ ਮੈਂਬਰ ਇਸ ਸਮਾਗਮ ਵਿੱਚ ਸ਼ਾਮਲ ਹੋਏ, ਜੋ ਕਿ ਚੰਡੀਗੜ੍ਹ ਦੇ ਰਾਜ ਵਿਧਾਨ ਸਭਾ ਕੰਪਲੈਕਸ ਵਿੱਚ ਆਯੋਜਿਤ ਕੀਤਾ ਗਿਆ ਸੀ। ਵਿੱਤੀ ਖੁਦਮੁਖਤਿਆਰੀ ਲਈ ਰਾਜ ਵਿਧਾਨ ਸਭਾਵਾਂ ਦੀਆਂ ਚਿੰਤਾਵਾਂ ਬਾਰੇ ਗੱਲ ਕਰਦੇ ਹੋਏ, ਸ਼੍ਰੀ ਬਿਰਲਾ ਨੇ ਰਾਏ ਦਿੱਤੀ ਕਿ ਵਿੱਤੀ ਖੁਦਮੁਖਤਿਆਰੀ ਰਾਜ ਵਿਧਾਨ ਸਭਾ ਦੀ ਕੁਸ਼ਲਤਾ ਨੂੰ ਵਧਾਏਗੀ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਮੁੱਦੇ 'ਤੇ ਹਿਤਧਾਰਕਾਂ ਵਿਚਾਲੇ ਵਿਆਪਕ ਚਰਚਾ ਦਾ ਸੱਦਾ ਦਿੱਤਾ। ਸਦਨ ਵਿੱਚ ਫਲਦਾਇਕ ਬਹਿਸਾਂ ਅਤੇ ਵਿਚਾਰ-ਵਟਾਂਦਰੇ 'ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਬਿਰਲਾ ਨੇ ਵਿਧਾਨ ਸਭਾ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਨਾਲ ਜੁੜਨ, ਉਨ੍ਹਾਂ ਦੀਆਂ ਚਿੰਤਾਵਾਂ ਨੂੰ ਸਮਝਣ ਅਤੇ ਉਨ੍ਹਾਂ ਨੂੰ ਸਦਨ ਵਿੱਚ ਉਠਾਉਣ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਮੈਂਬਰਾਂ ਲਈ ਰਾਜ ਦੇ ਨੇਤਾ ਬਣਨ ਲਈ ਢੁਕਵਾਂ ਮੰਚ ਹੈ। ਇਹ ਨੋਟ ਕਰਦੇ ਹੋਏ ਕਿ ਮੈਂਬਰਾਂ ਨੂੰ ਨਿਯਮਾਂ ਦੇ ਦਾਇਰੇ ਵਿੱਚ ਸਦਨ ਵਿੱਚ ਮੁੱਦਿਆਂ ਨੂੰ ਉਠਾਉਣਾ ਚਾਹੀਦਾ ਹੈ, ਸ਼੍ਰੀ ਬਿਰਲਾ ਨੇ ਹਰਿਆਣਾ ਵਿਧਾਨ ਸਭਾ ਦੇ ਪਹਿਲੀ ਵਾਰ ਚੁਣੇ ਗਏ ਵਿਧਾਇਕਾਂ ਨੂੰ ਨਿਯਮਾਂ ਅਤੇ ਪ੍ਰਕਿਰਿਆਵਾਂ ਦਾ ਚੰਗੀ ਤਰ੍ਹਾਂ ਅਧਿਐਨ ਕਰਨ ਦੀ ਸਲਾਹ ਦਿੱਤੀ ਤਾਂ ਜੋ ਉਹ ਲੋਕਾਂ ਦੇ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾ ਸਕਣ। ਉਨ੍ਹਾਂ ਨੇ ਮੈਂਬਰਾਂ ਨੂੰ ਸਦਨ ਦੀ ਕਾਰਵਾਈ ਵਿੱਚ ਯੋਜਨਾਬੱਧ ਵਿਘਨ ਪਾਉਣ ਤੋਂ ਬਚਣ ਦੀ ਤਾਕੀਦ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਵਿਧਾਨ ਸਭਾਵਾਂ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦੀ ਸਮੀਖਿਆ ਕਰਨ ਵਿੱਚ ਜਿੰਨੀਆਂ ਪ੍ਰਭਾਵਸ਼ਾਲੀ ਹੋਣਗੀਆਂ, ਸ਼ਾਸਨ ਓਨਾ ਹੀ ਪਾਰਦਰਸ਼ੀ ਹੋਵੇਗਾ ਅਤੇ ਕਾਰਜਪਾਲਕਾ ਓਨੀ ਹੀ ਜਵਾਬਦੇਹ ਹੋਵੇਗੀ। ਇਹ ਨੋਟ ਕਰਦੇ ਹੋਏ ਕਿ ਮੌਜੂਦਾ ਯੁੱਗ ਟੈਕਨੋਲੋਜੀ ਅਤੇ ਨਵੀਨਤਾਵਾਂ ਦਾ ਯੁੱਗ ਹੈ, ਸਪੀਕਰ ਨੇ ਕਾਨੂੰਨ ਨਿਰਮਾਤਾਵਾਂ ਵਲੋਂ ਉਨ੍ਹਾਂ ਦੀ ਭਾਗੀਦਾਰੀ ਨੂੰ ਵਧੇਰੇ ਪ੍ਰਭਾਵਸ਼ਾਲੀ ਅਤੇ ਫਲਦਾਇਕ ਬਣਾਉਣ ਲਈ ਟੈਕਨੋਲੋਜੀਆਂ ਦੀ ਵਰਤੋਂ ਕਰਨ ਦਾ ਸੱਦਾ ਦਿੱਤਾ। ਸ਼੍ਰੀ ਬਿਰਲਾ ਨੇ ਕਿਹਾ ਕਿ ਸਭ ਤੋਂ ਵਧੀਆ ਵਿਧਾਇਕ ਉਹ ਹੁੰਦਾ ਹੈ, ਜੋ ਵਿਧਾਨ ਸਭਾ ਵਿੱਚ ਅਰਥਪੂਰਨ ਚਰਚਾਵਾਂ ਵਿੱਚ ਸ਼ਾਮਲ ਹੁੰਦਾ ਹੈ; ਵਿਆਪਕ ਅਧਿਐਨ ਦੇ ਆਧਾਰ 'ਤੇ ਮੁੱਦਿਆਂ 'ਤੇ ਚਰਚਾ ਕਰਦਾ ਹੈ ਅਤੇ ਯੁੱਗ ਦੀ ਨਵੀਨਤਾ ਵਿੱਚ ਟੈਕਨੋਲੋਜੀ ਦੀ ਵਰਤੋਂ ਕਰਦਾ ਹੈ। ਉਨ੍ਹਾਂ ਨੇ ਨਵੇਂ ਚੁਣੇ ਗਏ ਵਿਧਾਇਕਾਂ ਨੂੰ ਪ੍ਰਭਾਵਸ਼ਾਲੀ ਚਰਚਾ ਅਤੇ ਸੰਵਾਦ ਰਾਹੀਂ ਸਦਨ ਦੀਆਂ ਪ੍ਰਕਿਰਿਆਵਾਂ ਦੀ ਮੁਕੰਮਲ ਵਰਤੋਂ ਕਰਕੇ ਸਭ ਤੋਂ ਵਧੀਆ ਵਿਧਾਇਕ ਬਣਨ ਅਤੇ ਲੋਕਾਂ ਦੀਆਂ ਆਸਾਂ ਨੂੰ ਪੂਰਾ ਕਰਨ ਲਈ ਉਤਸ਼ਾਹਿਤ ਕੀਤਾ। ਹਰਿਆਣਾ ਅਤੇ ਹਰਿਆਣਾ ਵਿਧਾਨ ਸਭਾ ਦੇ ਯੋਗਦਾਨ 'ਤੇ ਬੋਲਦੇ ਹੋਏ, ਸ਼੍ਰੀ ਬਿਰਲਾ ਨੇ ਕਿਹਾ ਕਿ ਹਰਿਆਣਾ ਨੇ ਦੇਸ਼ ਦੇ ਆਰਥਿਕ ਅਤੇ ਸਮਾਜਿਕ ਸਸ਼ਕਤੀਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਹਰਿਆਣਾ ਵਿਧਾਨ ਸਭਾ ਦੇ ਸ਼ਾਨਦਾਰ ਇਤਿਹਾਸ ਨੂੰ ਧਿਆਨ ਵਿੱਚ ਰੱਖਦੇ ਹੋਏ, ਉਨ੍ਹਾਂ ਨੇ ਕਾਰਜਪਾਲਕਾ ਦੀ ਜਵਾਬਦੇਹੀ ਨੂੰ ਯਕੀਨੀ ਬਣਾਉਣ ਅਤੇ ਰਾਜ ਦੇ ਲੋਕਾਂ ਦੀਆਂ ਉਮੀਦਾਂ ਅਤੇ ਆਸਾਂ ਨੂੰ ਪੂਰਾ ਕਰਨ ਦੇ ਇੱਕ ਪ੍ਰਭਾਵਸ਼ਾਲੀ ਮੰਚ ਵਜੋਂ ਹਰਿਆਣਾ ਵਿਧਾਨ ਸਭਾ ਦੇ ਕੰਮਕਾਜ ਦੀ ਸ਼ਲਾਘਾ ਕੀਤੀ। ਇਸ ਮੌਕੇ 'ਤੇ, ਸ਼੍ਰੀ ਬਿਰਲਾ ਨੇ ਹਰਿਆਣਾ ਵਿਧਾਨ ਸਭਾ ਦੇ ਮੈਂਬਰਾਂ ਦੀ ਅਗਵਾਈ ਵਿੱਚ ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹੀ। ਹਰਿਆਣਾ ਵਿਧਾਨ ਸਭਾ ਦੇ ਸਪੀਕਰ ਸ਼੍ਰੀ ਹਰਵਿੰਦਰ ਕਲਿਆਣ ਨੇ ਸਵਾਗਤੀ ਭਾਸ਼ਣ ਦਿੱਤਾ। ਇਸ ਮੌਕੇ 'ਤੇ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਵਿਸ਼ੇਸ਼ ਸਭਾ ਨੂੰ ਸੰਬੋਧਨ ਕੀਤਾ। ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ, ਸ਼੍ਰੀ ਸਤੀਸ਼ ਮਹਾਨਾ ਨੇ ਵੀ ਇਸ ਮੌਕੇ 'ਤੇ ਭਾਸ਼ਣ ਦਿੱਤਾ। ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਡਾ. ਕ੍ਰਿਸ਼ਨ ਲਾਲ ਮਿੱਢਾ ਨੇ ਧੰਨਵਾਦ ਮਤਾ ਪੇਸ਼ ਕੀਤਾ। ਸ਼੍ਰੀ ਬਿਰਲਾ ਦਾ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ; ਹਰਿਆਣਾ ਵਿਧਾਨ ਸਭਾ ਦੇ ਸਪੀਕਰ ਸ਼੍ਰੀ ਹਰਵਿੰਦਰ ਕਲਿਆਣ ਅਤੇ ਹੋਰ ਪਤਵੰਤਿਆਂ ਨੇ ਹਰਿਆਣਾ ਵਿਧਾਨ ਸਭਾ ਵਿੱਚ ਨਿੱਘਾ ਸਵਾਗਤ ਕੀਤਾ। ਵਿਧਾਨ ਸਭਾ ਕੰਪਲੈਕਸ ਵਿੱਚ ਪਹੁੰਚਣ 'ਤੇ ਸ਼੍ਰੀ ਬਿਰਲਾ ਨੂੰ ਗਾਰਡ ਆਫ਼ ਆਨਰ ਵੀ ਦਿੱਤਾ ਗਿਆ।
***
ਏਐੱਮ
(Release ID: 2103410)
Visitor Counter : 19