ਰੇਲ ਮੰਤਰਾਲਾ
ਐੱਲਟੀਸੀ ਯਾਤਰਾ ਭਾਰਤ ਭਰ ਦੇ ਸਰਕਾਰੀ ਕਰਮਚਾਰੀਆਂ ਲਈ ਆਸਾਨ ਬਣਾ ਦਿੱਤੀ ਗਈ ਹੈ
ਸਰਕਾਰੀ ਕਰਮਚਾਰੀ ਹੁਣ ਛੁੱਟੀ ਯਾਤਰਾ ਰਿਆਇਤ (ਐੱਲਟੀਸੀ) ਦੇ ਤਹਿਤ 385 ਪ੍ਰੀਮੀਅਮ ਟ੍ਰੇਨਾਂ ਵਿੱਚ ਵਿਸ਼ਵ ਪੱਧਰੀ ਯਾਤਰਾ ਦਾ ਆਨੰਦ ਲੈ ਸਕਦੇ ਹਨ, ਜਿਸ ਵਿੱਚ 136 ਵੰਦੇ ਭਾਰਤ, 8 ਤੇਜਸ ਅਤੇ 97 ਹਮਸਫ਼ਰ ਐਕਸਪ੍ਰੈੱਸ ਸ਼ਾਮਲ ਹਨ
Posted On:
17 JAN 2025 6:56PM by PIB Chandigarh
ਸਾਰੇ ਵਰਗਾਂ ਦੇ ਸਰਕਾਰੀ ਕਰਮਚਾਰੀ ਹੁਣ ਆਪਣੀ ਛੁੱਟੀ ਯਾਤਰਾ ਰਿਆਇਤ, ਐੱਲਟੀਸੀ ਦਾ ਲਾਭ ਉਠਾਉਂਦੇ ਹੋਏ, ਅਤਿ-ਆਧੁਨਿਕ ਵੰਦੇ ਭਾਰਤ, ਤੇਜਸ ਅਤੇ ਹਮਸਫ਼ਰ ਐਕਸਪ੍ਰੈੱਸ ਟ੍ਰੇਨਾਂ ਵਿੱਚ ਵਿਸ਼ਵ ਪੱਧਰੀ ਯਾਤਰਾ ਦਾ ਅਨੁਭਵ ਪ੍ਰਾਪਤ ਕਰ ਸਕਦੇ ਹਨ। ਭਾਰਤ ਸਰਕਾਰ ਦੇ ਕਰਮਚਾਰੀ ਅਤੇ ਟ੍ਰੇਨਿੰਗ ਵਿਭਾਗ ਨੇ ਕਈ ਵਿਭਾਗਾਂ ਦੀਆਂ ਵੱਖ-ਵੱਖ ਬੇਨਤੀਆਂ 'ਤੇ ਵਿਚਾਰ ਕਰਨ ਤੋਂ ਬਾਅਦ ਇਨ੍ਹਾਂ ਵਿਸ਼ਵ ਪੱਧਰੀ ਟ੍ਰੇਨਾਂ ਵਿੱਚ ਆਪਣੇ ਗ੍ਰਹਿ ਸ਼ਹਿਰ ਦੇ ਨਾਲ-ਨਾਲ ਭਾਰਤ ਵਿੱਚ ਕਿਤੇ ਵੀ ਐੱਲਟੀਸੀ ਉਦੇਸ਼ ਲਈ ਰੇਲ ਯਾਤਰਾ ਦੀ ਮਨਜ਼ੂਰੀ ਦਿੱਤੀ ਹੈ।
ਸਾਰੇ ਸਰਕਾਰੀ ਕਰਮਚਾਰੀਆਂ ਲਈ ਆਲੀਸ਼ਾਨ ਯਾਤਰਾ
ਇਸ ਫੈਸਲੇ ਨਾਲ, ਸਾਰੇ ਕੇਂਦਰੀ ਸਰਕਾਰੀ ਕਰਮਚਾਰੀ ਹੁਣ ਆਪਣੀ ਛੁੱਟੀ ਯਾਤਰਾ ਰਿਆਇਤ, ਐੱਲਟੀਸੀ ਦੀ ਵਰਤੋਂ ਕਰਦੇ ਹੋਏ 241 ਵਾਧੂ ਟ੍ਰੇਨਾਂ ਦੀਆਂ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ। ਉਹ ਹੁਣ 136 ਵੰਦੇ ਭਾਰਤ, 97 ਹਮਸਫ਼ਰ ਅਤੇ 8 ਤੇਜਸ ਐਕਸਪ੍ਰੈੱਸ ਟ੍ਰੇਨਾਂ ਵਿੱਚ ਯਾਤਰਾ ਕਰ ਸਕਦੇ ਹਨ। ਸਰਕਾਰੀ ਕਰਮਚਾਰੀ ਪਹਿਲਾਂ ਹੀ ਰਾਜਧਾਨੀ, ਸ਼ਤਾਬਦੀ ਅਤੇ ਦੁਰੰਤੋ ਸੀਰੀਜ਼ ਦੀਆਂ 144 ਮੌਜੂਦਾ ਆਧੁਨਿਕ ਟ੍ਰੇਨਾਂ ਵਿੱਚ ਆਲੀਸ਼ਾਨ ਏਸੀ ਯਾਤਰਾ ਦਾ ਲਾਭ ਲੈ ਰਹੇ ਸਨ। ਇਸ ਫੈਸਲੇ ਨਾਲ, ਦੇਸ਼ ਦੇ ਸਾਰੇ ਖੇਤਰਾਂ ਵਿੱਚ ਕੁੱਲ 385 ਟ੍ਰੇਨਾਂ ਹੋਣਗੀਆਂ ਜਿੱਥੇ ਉਹ ਚਲ ਰਹੀਆਂ ਹਨ, ਜਿਨ੍ਹਾਂ ਵਿੱਚ ਸਰਕਾਰੀ ਕਰਮਚਾਰੀਆਂ ਵਲੋਂ ਐੱਲਟੀਸੀ ਯਾਤਰਾ ਲਈ ਟਿਕਟਾਂ ਬੁੱਕ ਕੀਤੀਆਂ ਜਾ ਸਕਦੀਆਂ ਹਨ।
ਵੰਦੇ ਭਾਰਤ, ਤੇਜਸ ਅਤੇ ਸ਼ਤਾਬਦੀ ਐਕਸਪ੍ਰੈੱਸ ਟ੍ਰੇਨਾਂ ਵਿੱਚ ਛੋਟੀ ਅਤੇ ਦਰਮਿਆਨੀ ਦੂਰੀ ਦੀ ਰੇਲ ਯਾਤਰਾ ਵਿੱਚ, ਕਰਮਚਾਰੀ ਪੱਧਰ 11 ਤੱਕ ਚੇਅਰ ਕਾਰ ਯਾਤਰਾ ਦਾ ਲਾਭ ਲੈ ਸਕਦੇ ਹਨ। ਪੱਧਰ 12 ਅਤੇ ਇਸ ਤੋਂ ਉੱਪਰ ਦੇ ਕਰਮਚਾਰੀ ਇਨ੍ਹਾਂ ਟ੍ਰੇਨਾਂ ਵਿੱਚ ਐਗਜ਼ੀਕਿਊਟਿਵ ਚੇਅਰ ਕਾਰ ਯਾਤਰਾ ਦੇ ਹੱਕਦਾਰ ਹਨ। ਲੰਬੀ ਦੂਰੀ ਦੀ ਯਾਤਰਾ ਲਈ, ਜਿੱਥੇ ਕੋਚਾਂ ਵਿੱਚ ਬਰਥ ਹਨ ਭਾਵ ਰਾਜਧਾਨੀ ਕਿਸਮ ਦੀਆਂ ਆਲੀਸ਼ਾਨ ਟ੍ਰੇਨਾਂ, ਪੱਧਰ 12 ਅਤੇ ਇਸ ਤੋਂ ਉੱਪਰ ਦੇ ਕਰਮਚਾਰੀ ਏਸੀ 2nd ਕਲਾਸ ਦੀ ਯਾਤਰਾ ਦਾ ਲਾਭ ਲੈ ਸਕਦੇ ਹਨ। ਲੈਵਲ 6 ਤੋਂ 11 ਤੱਕ, ਕਰਮਚਾਰੀ ਏਸੀ 2nd ਕਲਾਸ ਦੀ ਯਾਤਰਾ ਦਾ ਲਾਭ ਲੈ ਸਕਦੇ ਹਨ ਜਦਕਿ ਬਾਕੀ ਸਾਰੇ ਜਿਵੇਂ ਕਿ ਪੱਧਰ 5 ਅਤੇ ਇਸ ਤੋਂ ਹੇਠਾਂ ਵਾਲੇ ਆਪਣੇ ਐੱਲਟੀਸੀ ਦੌਰਾਨ ਏਸੀ 3rd ਕਲਾਸ ਦੀ ਯਾਤਰਾ ਦਾ ਲਾਭ ਲੈ ਸਕਦੇ ਹਨ।
ਐੱਲਟੀਸੀ: ਸਰਕਾਰੀ ਕਰਮਚਾਰੀਆਂ ਲਈ ਭਾਰਤ ਘੁੰਮਣ ਲਈ ਰਿਆਇਤੀ ਯਾਤਰਾ
ਐੱਲਟੀਸੀ (ਲੀਵ ਟ੍ਰੈਵਲ ਕਨਸੈਸ਼ਨ) ਸਰਕਾਰੀ ਕਰਮਚਾਰੀਆਂ ਨੂੰ ਪ੍ਰਦਾਨ ਕੀਤੀ ਜਾਣ ਵਾਲੀ ਇੱਕ ਰਿਆਇਤੀ ਯਾਤਰਾ ਸੁਵਿਧਾ ਹੈ, ਜੋ ਉਨ੍ਹਾਂ ਨੂੰ ਚਾਰ ਸਾਲਾਂ ਦੇ ਅਰਸੇ ਦੌਰਾਨ ਆਪਣੇ ਹੋਮ ਟਾਊਨ ਜਾਂ ਭਾਰਤ ਵਿੱਚ ਕਿਸੇ ਵੀ ਸਥਾਨ 'ਤੇ ਜਾਣ ਦੀ ਇਜਾਜ਼ਤ ਦਿੰਦੀ ਹੈ। ਕਰਮਚਾਰੀ ਦੋ ਸਾਲਾਂ ਦੇ ਬਲਾਕ ਵਿੱਚ ਦੋ ਵਾਰ ਹੋਮ ਟਾਊਨ ਐੱਲਟੀਸੀ ਦਾ ਲਾਭ ਲੈ ਸਕਦੇ ਹਨ, ਜਾਂ ਉਹ ਇਸਦੀ ਵਰਤੋਂ ਇੱਕ ਵਾਰ ਆਪਣੇ ਹੋਮ ਟਾਊਨ ਜਾਣ ਲਈ ਅਤੇ ਇੱਕ ਵਾਰ ਚਾਰ ਸਾਲਾਂ ਦੇ ਬਲਾਕ ਦੌਰਾਨ ਭਾਰਤ ਵਿੱਚ ਕਿਸੇ ਵੀ ਸਥਾਨ 'ਤੇ ਜਾਣ ਲਈ ਕਰ ਸਕਦੇ ਹਨ।
****
ਡੀਟੀ/ਕੇਐੱਸ/ਐੱਸਕੇ
(Release ID: 2094077)