ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ ਰਾਸ਼ਟਰਪਤੀ ਨੇ ਕਿਹਾ - ਭਾਰਤ ਦੇ ਵਿਸ਼ਵ ਉਭਾਰ ਲਈ ਰਾਸ਼ਟਰਵਾਦ ਲੀਡਰਸ਼ਿਪ ਦਾ ਆਧਾਰ ਹੋਣਾ ਚਾਹੀਦਾ ਹੈ


ਉਪ ਰਾਸ਼ਟਰਪਤੀ ਨੇ ਚੇਤਾਵਨੀ ਦਿੱਤੀ - ਲੀਡਰਸ਼ਿਪ ਪ੍ਰੋਗਰਾਮਾਂ ਦੀ ਆੜ ਵਿੱਚ ਗ਼ਲਤ ਵਿਚਾਰਧਾਰਾ ਨੂੰ ਅੱਗੇ ਵਧਾਉਣ ਤੋਂ ਸਾਵਧਾਨ ਰਹੋ

ਉਪ ਰਾਸ਼ਟਰਪਤੀ ਨੇ ਤਾਕੀਦ ਕੀਤੀ - ਨੌਜਵਾਨਾਂ ਨੂੰ ਆਰਥਿਕ ਰਾਸ਼ਟਰਵਾਦ ਦਾ ਸਮਰਥਨ ਕਰਨਾ ਚਾਹੀਦਾ ਹੈ

ਉਪ ਰਾਸ਼ਟਰਪਤੀ ਨੇ ਜ਼ੋਰ ਦਿੰਦਿਆਂ ਕਿਹਾ - ਭਾਰਤ ਨੂੰ ਅਗਲੀ ਪੀੜ੍ਹੀ ਦੇ ਲੀਡਰਾਂ ਦੀ ਜ਼ਰੂਰਤ ਹੈ ਜੋ ਨਵੀਨਤਾ ਅਤੇ ਬਦਲਾਅ ਲਿਆ ਸਕਦੇ ਹਨ

ਉਪ ਰਾਸ਼ਟਰਪਤੀ ਨੇ ਉਜਾਗਰ ਕੀਤਾ - ਭਾਰਤੀ ਮਾਨਵ ਸੰਸਾਧਨ ਗਲੋਬਲ ਚਰਚਾ ਉੱਤੇ ਹਾਵੀ ਹੋ ਰਿਹਾ ਹੈ

ਉਪ ਰਾਸ਼ਟਰਪਤੀ ਨੇ ਕਿਹਾ - ਭਾਰਤ ਦੀ ਸਦੀ ਸਰਦਾਰੀ ਜਾਂ ਦਬਦਬੇ ਦੀ ਨਹੀਂ, ਸਗੋਂ ਵਿਸ਼ਵ-ਵਿਆਪੀ ਲੋਕ ਭਲਾਈ ਦੀ ਇੱਛੁਕ ਹੈ

Posted On: 18 OCT 2024 7:01PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਨੇ ਅੱਜ ਕਿਹਾ ਕਿ ਲੀਡਰਸ਼ਿਪ ਦਾ ਰਾਸ਼ਟਰਵਾਦ ਨਾਲ ਡੂੰਘਾ ਸਬੰਧ ਹੋਣਾ ਚਾਹੀਦਾ ਹੈ ਅਤੇ ਰਾਸ਼ਟਰ ਦੀ ਬਿਹਤਰ ਸੇਵਾ ਲਈ ਰਾਸ਼ਟਰ ਨੂੰ ਕੇਂਦਰ ਵਿੱਚ ਰੱਖਣਾ ਚਾਹੀਦਾ ਹੈ। ਉਪ ਰਾਸ਼ਟਰਪਤੀ ਨੇ ਭਾਰਤ ਵਿੱਚ ਖੋਜ, ਭਾਰਤ ਵਿੱਚ ਨਵੀਨਤਾ ਅਤੇ ਭਾਰਤ ਵਿੱਚ ਡਿਜ਼ਾਈਨ ਦਾ ਪ੍ਰਸਤਾਵ ਕੀਤਾ। ਉਨ੍ਹਾਂ ਕਿਹਾ ਕਿ ਆਰਥਿਕ ਰਾਸ਼ਟਰਵਾਦ ਸਾਡੇ ਵਿਕਾਸ ਦਾ ਧੁਰਾ ਹੈ। ਭਾਰਤੀ ਕੱਚੇ ਮਾਲ ਦੇ ਨਿਰਯਾਤ ਦੀ ਮਾਤਰਾ 'ਤੇ ਚਿੰਤਾ ਜ਼ਾਹਿਰ ਕਰਦੇ ਹੋਏ ਉਨ੍ਹਾਂ ਨੇ ਸਟੇਕਹੋਲਡਰਾਂ ਨੂੰ ਤਾਕੀਦ ਕੀਤੀ ਕਿ ਉਹ ਸਾਡੇ ਕੱਚੇ ਮਾਲ ਨੂੰ ਬਿਨਾਂ ਮੁੱਲ ਵਾਧੇ ਦੇ ਨਿਰਯਾਤ ਨਾ ਕਰਨ ਸੰਬੰਧੀ ਆਰਥਿਕ ਨੈਤਿਕਤਾ ਵਿਕਸਿਤ ਕਰਨ।

ਮੋਹਾਲੀ ਵਿਖੇ ਇੰਡੀਅਨ ਸਕੂਲ ਆਫ ਬਿਜ਼ਨਸ ਲੀਡਰਸ਼ਿਪ ਸਮਿਟ 2024 ਨੂੰ ਸੰਬੋਧਨ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ, ਵਿਸ਼ਵ ਵਿੱਚ ਭਾਰਤ ਦੇ ਉਭਾਰ ਦਾ ਅਰਥ ਵਿਸ਼ਵ ਸ਼ਾਂਤੀ, ਵਿਸ਼ਵ ਸਥਿਰਤਾ ਅਤੇ ਵਿਸ਼ਵ-ਵਿਆਪੀ ਸਦਭਾਵਨਾ ਹੋਵੇਗਾ। ਉਨ੍ਹਾਂ ਨੇ ਇਹ ਵੀ ਰੇਖਾਂਕਿਤ ਕੀਤਾ ਕਿ ਭਾਰਤ ਦੀ ਸਦੀ ਸਰਦਾਰੀ ਜਾਂ ਦਬਦਬੇ ਦੀ ਨਹੀਂ ਬਲਕਿ ਵਿਸ਼ਵ-ਵਿਆਪੀ ਭਲਾਈ ਦੀ ਇੱਛਾ ਹੈ। ਭਾਰਤ ਦੀ ਸਦੀ ਵਿੱਚ ਲੀਡਰਸ਼ਿਪ 'ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਅਗਲੀ ਪੀੜ੍ਹੀ ਦੇ ਲੀਡਰਾਂ ਦੀ ਜ਼ਰੂਰਤ ਹੈ ਜੋ ਨਵੀਨਤਾ ਅਤੇ ਬਦਲਾਅ ਨੂੰ ਅੱਗੇ ਵਧਾ ਸਕਦੇ ਹਨ। ਉਨ੍ਹਾਂ ਨੇ ਅਜਿਹੇ ਲੀਡਰ ਪੈਦਾ ਕਰਨ 'ਤੇ ਵੀ ਜ਼ੋਰ ਦਿੱਤਾ ਜੋ ਭਾਰਤੀ ਅਤੇ ਗਲੋਬਲ ਸਮੱਸਿਆਵਾਂ ਲਈ ਭਾਰਤੀ ਹੱਲ ਲੱਭਣ ਅਤੇ ਹਰ ਰੋਜ਼ ਭਾਰਤੀਆਂ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਲਈ ਸਾਂਝੇਦਾਰੀ ਬਣਾਉਣ 'ਤੇ ਜ਼ੋਰ ਦੇਣ।

ਪ੍ਰੇਰਣਾ ਦੇ ਖ਼ਤਰਿਆਂ ਨੂੰ ਉਜਾਗਰ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਇਸ ਦੀ ਤੁਲਨਾ "ਸ਼ੂਗਰ ਦੇ ਮਰੀਜ਼ ਨੂੰ ਸਖਤ ਸ਼ੂਗਰ ਦੇਣ" ਨਾਲ ਕੀਤੀ ਅਤੇ ਕਿਹਾ ਕਿ ਇਹ ਸਿਰਫ ਉਨ੍ਹਾਂ ਦੀ ਜ਼ਿੰਦਗੀ ਨੂੰ ਸੌਖਾ ਕਰਕੇ ਬਾਹਰੋਂ ਦੇਸ਼ ਦੇ ਦੁਸ਼ਮਣ ਪੈਦਾ ਕਰ ਰਿਹਾ ਹੈ। ਉਨ੍ਹਾਂ ਨੇ ਨੌਜਵਾਨ ਲੀਡਰਾਂ ਨੂੰ ਫੈਲੋਸ਼ਿਪਾਂ, ਵਿਜ਼ਿਟਿੰਗ ਪ੍ਰੋਗਰਾਮਾਂ ਅਤੇ ਯੂਨੀਵਰਸਿਟੀਆਂ ਨਾਲ ਜੋੜ ਕੇ ਤਿਆਰ ਕੀਤੇ ਜਾਣ ਦੇ ਵਧ ਰਹੇ ਰੁਝਾਨ ਦੇ ਖਿਲਾਫ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦਾ ਬ੍ਰੇਨਵਾਸ਼ ਕੀਤਾ ਜਾਂਦਾ ਹੈ, ਉਨ੍ਹਾਂ ਨੂੰ ਕਿਸੇ ਖ਼ਾਸ ਵਿਸ਼ਵਾਸਾਂ ਨੂੰ ਸਵੀਕਾਰ ਕਰਨ ਲਈ ਮਜਬੂਰ ਕਰਨ ਲਈ ਉਪਦੇਸ਼ ਦਿੱਤੇ ਜਾਂਦੇ ਹਨ।

ਸ਼੍ਰੀ ਧਨਖੜ ਨੇ ਲੀਡਰਸ਼ਿਪ ਟ੍ਰੇਨਿੰਗ ਵਿੱਚ ਰਾਸ਼ਟਰਵਾਦ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ ਅਤੇ ਸੰਸਥਾਵਾਂ ਨੂੰ ਇਸ ਨੂੰ ਲੀਡਰਸ਼ਿਪ ਪ੍ਰੋਗਰਾਮਾਂ ਦੇ ਇੱਕ ਮੁੱਖ ਹਿੱਸੇ ਵਜੋਂ ਸ਼ਾਮਲ ਕਰਨ ਦੀ ਤਾਕੀਦ ਕੀਤੀ।

ਰਾਸ਼ਟਰਵਾਦ ਨੂੰ ਲੀਡਰਸ਼ਿਪ ਪਾਠਕ੍ਰਮ ਦਾ ਹਿੱਸਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਅਸਲ ਵਿੱਚ ਇਹ ਸਭ ਤੋਂ ਪ੍ਰਮੁੱਖ ਪਾਠਕ੍ਰਮ ਹੈ। ਰਾਸ਼ਟਰਵਾਦ ਪ੍ਰਤੀ ਵਚਨਬੱਧ ਵਿਅਕਤੀ ਇਨ੍ਹਾਂ ਚਾਲਾਂ ਨੂੰ ਨਾਕਾਮ ਕਰਨ ਦੇ ਸਮਰੱਥ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਦਾ ਹਿੱਸਾ ਬਣ ਕੇ ਵੀ ਉਹ ਆਪਣੀ ਰੀੜ੍ਹ 'ਤੇ ਖੜ੍ਹਾ ਹੋ ਸਕੇਗਾ ਅਤੇ ਇਸ ਤਰ੍ਹਾਂ ਅਜਿਹੀਆਂ ਤਾਕਤਾਂ ਨੂੰ ਬੇਅਸਰ ਕਰ ਸਕੇਗਾ।

ਜ਼ਮੀਨੀ ਪੱਧਰ ਦੀ ਲੀਡਰਸ਼ਿਪ ਦੀ ਮਹੱਤਤਾ ਨੂੰ ਸੰਬੋਧਨ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਜ਼ੋਰ ਦਿੱਤਾ ਕਿ ਭਾਰਤ ਇਕਲੌਤਾ ਅਜਿਹਾ ਦੇਸ਼ ਹੈ, ਜਿਸਦਾ ਸੰਵਿਧਾਨਕ ਤੌਰ 'ਤੇ ਢਾਂਚਾਗਤ ਲੋਕਤੰਤਰ ਪਿੰਡ ਅਤੇ ਨਗਰਪਾਲਿਕਾ ਪੱਧਰ ਤੱਕ ਫੈਲਿਆ ਹੋਇਆ ਹੈ। ਉਨ੍ਹਾਂ ਕਿਹਾ, "ਸਾਡੇ ਕੋਲ ਹੁਣ ਪਿੰਡ ਪੱਧਰ 'ਤੇ ਸੰਵਿਧਾਨਕ ਤੌਰ 'ਤੇ ਢਾਂਚਾਗਤ ਲੀਡਰਸ਼ਿਪ ਹੈ, ਕਿਉਂਕਿ ਭਾਰਤ ਹੀ ਇਕ ਅਜਿਹਾ ਦੇਸ਼ ਹੈ ਜਿੱਥੇ ਸੰਵਿਧਾਨਕ ਤੌਰ 'ਤੇ ਢਾਂਚਾਗਤ ਲੋਕਤੰਤਰ ਪਿੰਡ ਪੱਧਰ 'ਤੇ, ਮਿਉਂਸਿਪਲ ਪੱਧਰ 'ਤੇ ਨਿਰਮਿਤ ਹੈ। ਜ਼ਿਆਦਾਤਰ ਦੇਸ਼ਾਂ ਵਿੱਚ ਰਾਜ ਅਤੇ ਕੇਂਦਰੀ ਪੱਧਰ 'ਤੇ ਵਿਧਾਨ ਸਭਾਵਾਂ ਹਨ। 

ਸ੍ਰੀ ਧਨਖੜ ਨੇ ਕਿਹਾ ਕਿ ਭਾਰਤੀ ਪ੍ਰਤਿਭਾ ਵਿਸ਼ਵ ਪੱਧਰ 'ਤੇ ਤੇਜ਼ੀ ਨਾਲ ਪ੍ਰਸੰਗਿਕ ਹੁੰਦੀ ਜਾ ਰਹੀ ਹੈ ਅਤੇ ਜਦੋਂ ਕਾਰਪੋਰੇਟ ਨੇਤਾਵਾਂ ਦੀ ਗੱਲ ਆਉਂਦੀ ਹੈ ਤਾਂ ਭਾਰਤੀ ਮਾਨਵ ਸੰਸਾਧਨ ਗਲੋਬਲ ਚਰਚਾ 'ਤੇ ਹਾਵੀ ਹੋ ਰਿਹਾ ਹੈ। 

ਉਨ੍ਹਾਂ ਨੇ ਪਿਛਲੇ ਦਹਾਕੇ ਵਿੱਚ ਭਾਰਤ ਵਿੱਚ ਆਈਆਂ ਤਬਦੀਲੀਆਂ ਨੂੰ ਉਜਾਗਰ ਕਰਦਿਆਂ ਕਿਹਾ, 8% ਵਿਕਾਸ ਸੰਭਾਵਨਾ ਦੇ ਨਾਲ 4 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣ ਗਈ, ਚਾਰ ਨਵੇਂ ਹਵਾਈ ਅੱਡਿਆਂ ਦੇ ਨਾਲ ਬੁਨਿਆਦੀ ਢਾਂਚੇ ਦਾ ਵਿਸਥਾਰ ਹੋਇਆ, ਹਰ ਸਾਲ ਇੱਕ ਮੈਟਰੋ ਸਿਸਟਮ ਦਾ ਨਿਰਮਾਣ ਹੋਇਆ, ਸਭ ਤੋਂ ਘੱਟ ਸਮੇਂ ਵਿੱਚ 500 ਮਿਲੀਅਨ ਬੈਂਕ ਖਾਤੇ ਖੋਲ੍ਹੇ ਗਏ, ਹਰ ਮਹੀਨੇ 6.5 ਬਿਲੀਅਨ ਡਿਜੀਟਲ ਲੈਣ-ਦੇਣ ਹੋਏ।


ਸ਼੍ਰੀ ਧਨਖੜ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਸ਼ਾਸਨ ਸਿਰਫ ਪਾਰਦਰਸ਼ਤਾ ਅਤੇ ਜਵਾਬਦੇਹੀ ਦੇ ਸਿਧਾਂਤਾਂ ਦੁਆਰਾ ਨਿਰਧਾਰਤ ਕੀਤਾ ਜਾਂਦਾ ਹੈ ਅਤੇ ਨੌਜਵਾਨਾਂ ਕੋਲ ਹੁਣ ਇੱਕ ਅਜਿਹਾ ਈਕੋਸਿਸਟਮ ਹੈ ਜਿੱਥੇ ਉਹ ਆਪਣੀ ਪ੍ਰਤਿਭਾ ਦਾ ਪੂਰੀ ਤਰ੍ਹਾਂ ਲਾਭ ਉਠਾ ਸਕਦੇ ਹਨ ਕਿਉਂਕਿ ਸੱਤਾ ਦੇ ਗਲਿਆਰੇ ਭ੍ਰਿਸ਼ਟ ਤੱਤਾਂ ਤੋਂ ਪੂਰੀ ਤਰ੍ਹਾਂ ਮੁਕਤ ਹੋ ਚੁੱਕੇ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਲੀਡਰ-ਇਨ-ਮੇਕਿੰਗ ਦੱਸਦਿਆਂ ਉਨ੍ਹਾਂ ਨੂੰ ਪੂਰੀ ਤਨਦੇਹੀ ਨਾਲ ਦੇਸ਼ ਦੀ ਸੇਵਾ ਕਰਨ ਅਤੇ ਦੇਸ਼ ਲਈ ਆਰਥਿਕ ਰਾਸ਼ਟਰਵਾਦ ਦੇ ਦੂਤ ਬਣਨ ਲਈ ਪ੍ਰੇਰਿਤ ਕੀਤਾ। 

ਇਸ ਮੌਕੇ 'ਤੇ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ, ਭਾਰਤੀ ਇੰਟਰਪ੍ਰਾਈਜਿਜ਼ ਦੇ ਵਾਈਸ ਚੇਅਰਮੈਨ ਸ਼੍ਰੀ ਰਾਕੇਸ਼ ਭਾਰਤੀ ਮਿੱਤਲ, ਇੰਡੀਅਨ ਸਕੂਲ ਆਫ ਬਿਜ਼ਨਸ ਦੇ ਡੀਨ ਸ਼੍ਰੀ ਮਦਨ ਪਿਲੁਤਲਾ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ। 

 

***   ***   ***   ***   

ਜੇਕੇ/ਆਰਸੀ/ਐੱਸਐੱਮ


(Release ID: 2068860) Visitor Counter : 45


Read this release in: English , Urdu , Hindi