ਕਿਰਤ ਤੇ ਰੋਜ਼ਗਾਰ ਮੰਤਰਾਲਾ
ਕਿਰਤ ਅਤੇ ਰੋਜ਼ਗਾਰ ਮੰਤਰਾਲੇ ਅਤੇ ਐਮੇਜ਼ੋਨ ਨੇ ਕੇਂਦਰੀ ਮੰਤਰੀਆਂ ਡਾ. ਮਨਸੁਖ ਮਾਂਡਵਿਯਾ ਅਤੇ ਸ਼੍ਰੀਮਤੀ ਸ਼ੋਭਾ ਕਰੰਦਲਾਜੇ ਦੀ ਮੌਜੂਦਗੀ ਵਿੱਚ ਸਹਿਮਤੀ ਪੱਤਰ ’ਤੇ ਹਸਤਾਖਰ ਕੀਤੇ
ਐੱਨਸੀਐੱਸ ਪੋਰਟਲ ਵੱਖੋ ਵੱਖ ਖੇਤਰਾਂ ਅਤੇ ਉਦਯੋਗਾਂ ਵਿੱਚ ਰੋਜ਼ਗਾਰ ਦੇ ਮੌਕਿਆਂ ਤੱਕ ਪਹੁੰਚਣ ਦੇ ਲਈ ਇੱਕ ਵਨ-ਸਟਾਪ ਪਲੇਟਫਾਰਮ ਦੇ ਰੂਪ ਵਿੱਚ ਵਿਕਸਤ ਹੋ ਰਿਹਾ ਹੈ: ਡਾ: ਮਾਂਡਵਿਯਾ
ਐਮੇਜ਼ੋਨ ਐੱਨਸੀਐੱਸ ਪੋਰਟਲ ’ਤੇ ਰੋਜ਼ਗਾਰ ਸੰਬੰਧੀ ਅਸਾਮੀਆਂ ਨੂੰ ਪੋਸਟ ਕਰੇਗਾ ਅਤੇ ਇਸਦੇ ਰਾਹੀਂ ਭਰਤੀ ਕਰੇਗਾ
ਮਾਡਲ ਕੈਰੀਅਰ ਕੇਂਦਰਾਂ ’ਤੇ ਰੋਜ਼ਗਾਰ ਮੇਲੇ ਆਯੋਜਿਤ ਕੀਤੇ ਜਾਣਗੇ, ਜਿਸ ਨਾਲ਼ ਰੋਜ਼ਗਾਰ ਦੇ ਇੱਛੁਕ ਨੌਜਵਾਨਾਂ ਨੂੰ ਸਿੱਧੇ ਐਮੇਜ਼ੋਨ ਦੀਆਂ ਭਰਤੀ ਟੀਮਾਂ ਨਾਲ ਜੋੜਿਆ ਜਾ ਸਕੇਗਾ
ਐੱਨਸੀਐੱਸ ਪੋਰਟਲ ਦੇ ਮਾਧਿਅਮ ਨਾਲ਼ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਮੌਕਿਆਂ ਨੂੰ ਉਤਸ਼ਾਹਿਤ ਕਰਨ ਨੂੰ ਲੈ ਕੇ ਭਾਈਵਾਲੀ ਕਾਇਮ ਹੋਣ ਨਾਲ਼ ਵੱਖੋ ਵੱਖ ਖੇਤਰਾਂ ਵਿੱਚ ਸਮਾਵੇਸ਼ੀ ਕਾਰਜਬਲ ਨੂੰ ਹੁਲਾਰਾ ਮਿਲੇਗਾ
Posted On:
26 SEP 2024 5:30PM by PIB Chandigarh
ਕਿਰਤ ਅਤੇ ਰੋਜ਼ਗਾਰ ਮੰਤਰਾਲੇ ਅਤੇ ਐਮੇਜ਼ੋਨ ਨੇ ਅੱਜ ਨਵੀਂ ਦਿੱਲੀ ਵਿੱਚ ਇੱਕ ਸਹਿਮਤੀ ਪੱਤਰ (ਐੱਮਓਯੂ) ’ਤੇ ਹਸਤਾਖਰ ਕੀਤੇ। ਇਹ ਭਾਰਤ ਵਿੱਚ ਸੌਖਿਆਂ ਰੋਜ਼ਗਾਰ ਪ੍ਰਾਪਤੀ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ। ਕਿਰਤ ਤੇ ਰੋਜ਼ਗਾਰ ਅਤੇ ਯੁਵਾ ਮਾਮਲੇ ਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵਿਯਾ ਅਤੇ ਕੇਂਦਰੀ ਕਿਰਤ ਤੇ ਰੋਜ਼ਗਾਰ ਅਤੇ ਸੂਖਮ, ਲਘੂ ਅਤੇ ਮੱਧਮ ਉਦਯੋਗ ਰਾਜ ਮੰਤਰੀ ਸ਼੍ਰੀਮਤੀ ਸ਼ੋਭਾ ਕਰੰਦਲਾਜੇ ਦੀ ਮੌਜੂਦਗੀ ਵਿੱਚ ਸਹਿਮਤੀ ਪੱਤਰ ’ਤੇ ਹਸਤਾਖਰ ਕੀਤੇ ਗਏ। ਸਮਝੌਤੇ ਦੇ ਤਹਿਤ ਰੋਜ਼ਗਾਰ ਦੇ ਮੌਕਿਆਂ ਨੂੰ ਉਤਸ਼ਾਹਿਤ ਕਰਨ ਲਈ ਰਾਸ਼ਟਰੀ ਕਰੀਅਰ ਸੇਵਾ (ਐੱਨਸੀਐੱਸ) ਪੋਰਟਲ ਦਾ ਲਾਭ ਉਠਾਉਣ ਦੀ ਸਾਂਝੀ ਪ੍ਰਤੀਬੱਧਤਾ ’ਤੇ ਚਾਨਣਾ ਪਾਇਆ ਗਿਆ।
ਡਾ. ਮਾਂਡਵਿਯਾ ਨੇ ਮੌਜੂਦ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ, “ਐੱਨਸੀਐੱਸ ਪੋਰਟਲ ਵੱਖੋ ਵੱਖ ਖੇਤਰਾਂ ਅਤੇ ਉਦਯੋਗਾਂ ਵਿੱਚ ਰੋਜ਼ਗਾਰ ਦੇ ਮੌਕਿਆਂ ਤੱਕ ਪਹੁੰਚਣ ਦੇ ਲਈ ਇੱਕ ਵਨ-ਸਟਾਪ ਪਲੇਟਫਾਰਮ ਦੇ ਰੂਪ ਵਿੱਚ ਵਿਕਸਿਤ ਹੋ ਰਿਹਾ ਹੈ, ਰੋਜ਼ਗਾਰ ਪਾਉਣ ਦੇ ਇੱਛੁਕ ਨੌਜਵਾਨਾਂ ਦੇ ਲਈ ਇਹ ਪੋਰਟਲ ਇੱਕ ਗੇਮ-ਚੇਂਜਰ ਹੈ, ਜੋ ਉਨ੍ਹਾਂ ਨੂੰ ਰੋਜ਼ਗਾਰ ਸੰਬੰਧੀ ਵੱਖੋ ਵੱਖ ਤਰ੍ਹਾਂ ਦੀਆਂ ਸੇਵਾਵਾਂ ਇੱਕ ਹੀ ਛੱਤ ਦੇ ਹੇਠਾਂ ਪ੍ਰਦਾਨ ਕਰਦਾ ਹੈ। ਐਮੇਜ਼ੋਨ ਦੇ ਨਾਲ ਸਾਡੀ ਭਾਈਵਾਲੀ ਦੇ ਜ਼ਰੀਏ, ਅਸੀਂ ਭਾਰਤ ਦੇ ਨੌਜਵਾਨਾਂ ਦੇ ਲਈ ਰੋਜ਼ਗਾਰ ਤੱਕ ਪਹੁੰਚ ਦਾ ਵਿਸਥਾਰ ਕਰ ਰਹੇ ਹਾਂ ਅਤੇ ਉਨ੍ਹਾਂ ਨੂੰ ਆਪਣੇ ਲਈ ਢੁੱਕਵਾਂ ਰੋਜ਼ਗਾਰ ਲੱਭਣ ਦੇ ਨਾਲ਼ ਮੌਕੇ ਅਤੇ ਤਰੱਕੀ ਭਰਪੂਰ ਭਵਿੱਖ ਦਾ ਨਿਰਮਾਣ ਕਰਨ ਦੇ ਲਈ ਸਸ਼ਕਤ ਬਣਾ ਰਹੇ ਹਾਂ।”
ਨੈਸ਼ਨਲ ਕਰੀਅਰ ਸਰਵਿਸ ਪੋਰਟਲ ਦੇ ਅੱਪਗ੍ਰੇਡੇਸ਼ਨ ਬਾਰੇ ਚਰਚਾ ਕਰਦੇ ਹੋਏ, ਡਾ. ਮਾਂਡਵਿਯਾ ਨੇ ਕਿਹਾ, “ਅਸੀਂ ਐੱਨਸੀਐੱਸ ਪੋਰਟਲ ਨੂੰ ਅੱਪਗ੍ਰੇਡ ਕਰਨ ਦੀ ਪ੍ਰਕਿਰਿਆ ਵਿੱਚ ਹਾਂ। ਇੱਕ ਉੱਨਤ ਪਲੇਟਫਾਰਮ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੀਆਂ ਨਵੀਨਤਮ ਤਕਨੀਕਾਂ ਦੀ ਵਰਤੋਂ ਕਰਕੇ ਰੋਜ਼ਗਾਰ ਦੇ ਇੱਛੁਕ ਲੋਕਾਂ, ਰੋਜ਼ਗਾਰਦਾਤਾਵਾਂ ਅਤੇ ਹਿੱਤਧਾਰਕਾਂ ਦੇ ਲਈ ਵਧੇਰੇ ਉਪਯੋਗਕਰਤਾ-ਅਨੁਕੂਲ ਇੰਟਰਫੇਸ ਪ੍ਰਦਾਨ ਕਰੇਗਾ।”
ਕੇਂਦਰੀ ਮੰਤਰੀ ਸ਼੍ਰੀਮਤੀ ਕਰੰਦਲਾਜੇ ਨੇ ਕਿਹਾ, “ਨੈਸ਼ਨਲ ਕਰੀਅਰ ਸਰਵਿਸ ਪੋਰਟਲ – ਇੱਕ ਸ਼ਕਤੀਸ਼ਾਲੀ ਮਾਧਿਅਮ ਹੈ, ਜੋ ਭਾਰਤ ਦੇ ਵਿਵਿਧ ਪ੍ਰਤਿਭਾ ਪੂਲ ਦੇ ਨਾਲ-ਨਾਲ ਵੱਖੋ ਵੱਖ ਖੇਤਰਾਂ ਵਿੱਚ ਮੌਕੇ ਪ੍ਰਦਾਨ ਕਰੇਗਾ। ਇਹ ਪੋਰਟਲ ਜਦੋਂ ਐਮੇਜ਼ੋਨ ਵਰਗੇ ਈਕੋਸਿਸਟਮ ਨਾਲ ਜੁੜਿਆ ਹੋਵੇਗਾ ਤਾਂ ਹੁਨਰ ਵਿਕਾਸ ਨੂੰ ਹੁਲਾਰਾ ਮਿਲੇਗਾ, ਅਤੇ ਵਿਅਕਤੀਆਂ ਨੂੰ ਸਸ਼ਕਤ ਬਣਾਉਣ ਦੇ ਨਾਲ਼ ਹੀ ਆਰਥਿਕ ਵਿਕਾਸ ਅਤੇ ਰੋਜ਼ਗਾਰ ਸਿਰਜਣਾ ਨੂੰ ਵੀ ਹੁਲਾਰਾ ਮਿਲੇਗਾ। ਐੱਨਸੀਐੱਸ ਜਿਹੇ ਕੇਂਦਰੀ ਪਲੇਟਫਾਰਮ ਦੇ ਨਾਲ਼ ਜੋੜੇ ਜਾਣ ਨਾਲ਼ ਰੋਜ਼ਗਾਰ ਪ੍ਰਾਪਤੀ ਦਾ ਖ਼ਰਚ ਅਤੇ ਸਮਾਂ ਘੱਟ ਹੋ ਜਾਵੇਗਾ ਅਤੇ ਪ੍ਰਮਾਣਿਤ ਪੇਸ਼ੇਵਰਾਂ ਦੀ ਭਰਤੀ ਸੁਚਾਰੂ ਹੋ ਜਾਵੇਗੀ। ਇਹ ਆਰਥਿਕ ਸਮਾਵੇਸ਼ ਲਈ ਇੱਕ ਰਾਹ ਹੈ।”
ਸਮਝੌਤੇ ਦੇ ਮੁੱਖ ਨੁਕਤੇ
ਸਮਝੌਤਾ ਸ਼ੁਰੂ ਵਿੱਚ ਦੋ ਸਾਲਾਂ ਦੀ ਮਿਆਦ ਲਈ ਨਿਰਧਾਰਤ ਕੀਤਾ ਗਿਆ ਹੈ। ਇਸ ਸਮਝੌਤੇ ਦੇ ਤਹਿਤ, ਅਮੇਜ਼ੋਨ ਅਤੇ ਅਮੇਜ਼ੋਨ ਲਈ ਭਰਤੀ ਕਰਨ ਵਾਲੀਆਂ ਇਸਦੀਆਂ ਥਰਡ ਪਾਰਟੀਆਂ ਸਟਾਫਿੰਗ ਏਜੰਸੀਆਂ ਨਿਯਮਿਤ ਰੂਪ ਨਾਲ਼ ਐੱਨਸੀਐੱਸ ਪੋਰਟਲ ’ਤੇ ਰੋਜ਼ਗਾਰ ਸੰਬੰਧੀ ਅਸਾਮੀਆਂ ਨੂੰ ਪੋਸਟ ਕਰਨਗੀਆਂ ਅਤੇ ਇਸਦੇ ਮਾਧਿਅਮ ਰਾਹੀਂ ਭਰਤੀ ਕਰਨਗੀਆਂ। ਇਸ ਸਹਿਯੋਗ ਦੇ ਤਹਿਤ, ਮਾਡਲ ਕਰੀਅਰ ਸੈਂਟਰ (ਐੱਮਸੀਸੀ) ਵਿੱਚ ਰੋਜ਼ਗਾਰ ਮੇਲਿਆਂ ਦਾ ਆਯੋਜਨ ਵੀ ਸ਼ਾਮਲ ਹੈ, ਜਿੱਥੇ ਰੋਜ਼ਗਾਰ ਦੇ ਇੱਛੁਕ ਲੋਕਾਂ ਨੂੰ ਐਮੇਜ਼ੋਨ ਦੀਆਂ ਭਰਤੀ ਟੀਮਾਂ ਦੇ ਨਾਲ ਸਿੱਧੇ ਤੌਰ ’ਤੇ ਗੱਲਬਾਤ ਕਰਨ ਦਾ ਮੌਕਾ ਮਿਲੇਗਾ।
ਇਸ ਸਹਿਮਤੀ ਪੱਤਰ ਦਾ ਇੱਕ ਮੁੱਖ ਪਹਿਲੂ ਸਮਾਵੇਸ਼ ਵੱਲ ਧਿਆਨ ਕੇਂਦਰਿਤ ਕਰਨਾ ਹੈ। ਇਹ ਭਾਈਵਾਲੀ ਤਰਜੀਹ ਦੇ ਤੌਰ ’ਤੇ ਮਹਿਲਾਵਾਂ ਅਤੇ ਦਿਵਯਾਂਗ ਉਮੀਦਵਾਰਾਂ ਦੇ ਲਈ ਰੋਜ਼ਗਾਰ ਦੇ ਮੌਕਿਆਂ ਨੂੰ ਉਤਸ਼ਾਹਿਤ ਕਰਦੀ ਹੈ, ਤਾ ਜੋ ਰੋਜ਼ਗਾਰ ਤੱਕ ਇੱਕ ਬਰਾਬਰ ਪਹੁੰਚ ਸੁਨਿਸ਼ਚਿਤ ਹੋ ਸਕੇ। ਇਸ ਸੰਯੁਕਤ ਪਹਿਲਕਦਮੀ ਦਾ ਉਦੇਸ਼ ਵੱਖੋ ਵੱਖ ਪਿਛੋਕੜ ਦੇ ਵਿਅਕਤੀਆਂ ਨੂੰ ਸਸ਼ਕਤ ਬਣਾ ਕੇ ਵਧੇਰੇ ਸਮਾਵੇਸ਼ੀ ਕਾਰਜਬਲ ਤਿਆਰ ਕਰਨਾ ਹੈ।
ਐੱਨਸੀਐੱਸ ਪੋਰਟਲ ਨਾਲ਼ ਰੋਜ਼ਗਾਰ ਪ੍ਰਾਪਤੀ ਦੇ ਇੱਛੁਕ ਲੋਕਾਂ ਨੂੰ ਲਾਭ
ਐੱਨਸੀਐੱਸ ਪੋਰਟਲ ਦੀ ਵਰਤੋਂ ਕਰਨ ਨਾਲ ਰੋਜ਼ਗਾਰ ਪਾਉਣ ਦੇ ਇੱਛੁਕ ਲੋਕਾਂ ਦੀ ਅਨੇਕਾਂ ਤਰ੍ਹਾਂ ਦੇ ਮੌਕਿਆਂ ਤੱਕ ਪਹੁੰਚ ਕਾਇਮ ਹੋਵੇਗੀ। ਖਾਸ ਤੌਰ ’ਤੇ, ਉਨ੍ਹਾਂ ਦੀ ਪਹੁੰਚ ਐਮੇਜ਼ੋਨ ਤੱਕ ਹੋ ਪਾਵੇਗੀ, ਜੋ ਸਭ ਤੋਂ ਵੱਡੀਆਂ ਗਲੋਬਲ ਈ-ਕਾਮਰਸ ਕੰਪਨੀਆਂ ਵਿੱਚੋਂ ਇੱਕ ਹੈ। ਸਹਿਮਤੀ ਪੱਤਰ ਲੌਜਿਸਟਿਕਸ, ਟੈਕਨੋਲੋਜੀ ਅਤੇ ਗਾਹਕ ਸੇਵਾ ਜਿਹੇ ਖੇਤਰਾਂ ਵਿੱਚ ਸਥਾਨਕ ਭਰਤੀ ਦੀ ਸਹੂਲਤ ਪ੍ਰਦਾਨ ਕਰਦਾ ਹੈ। ਇਹ ਨਾ ਸਿਰਫ਼ ਰੋਜ਼ਗਾਰ ਪ੍ਰਦਾਨ ਕਰਦਾ ਹੈ, ਬਲਕਿ ਇੱਕ ਨਾਮਵਰ ਬ੍ਰਾਂਡ ਦੇ ਨਾਲ ਕੰਮ ਕਰਕੇ ਕਰੀਅਰ ਵਿੱਚ ਤਰੱਕੀ ਦੇ ਮੌਕੇ ਵੀ ਪ੍ਰਦਾਨ ਕਰਦਾ ਹੈ। ਇਹ ਸਮਝੌਤਾ ਇਸ ਗੱਲ ਨੂੰ ਸੁਨਿਸ਼ਚਿਤ ਕਰਦਾ ਹੈ ਕਿ ਭਾਰਤ ਦੇ ਵਿਭਿੰਨ ਹਿੱਸਿਆਂ ਤੋਂ ਰੋਜ਼ਗਾਰ ਪ੍ਰਾਪਤੀ ਦੇ ਇੱਛੁਕ ਲੋਕਾਂ ਨੂੰ ਵੱਖੋ ਵੱਖ ਤਰ੍ਹਾਂ ਦੇ ਰੋਜ਼ਗਾਰ ਨਾਲ ਜੋੜਿਆ ਜਾ ਸਕੇ ਅਤੇ ਉਨ੍ਹਾਂ ਦਾ ਉੱਜਵਲ ਭਵਿੱਖ ਸੁਨਿਸ਼ਚਿਤ ਹੋ ਸਕੇ।
ਐਮੇਜ਼ੋਨ ਨੂੰ ਲਾਭ
ਇਸ ਸਮਝੌਤੇ ਰਾਹੀਂ, ਐਮੇਜ਼ੋਨ ਅਤੇ ਇਸਦੀਆਂ ਥਰਡ ਪਾਰਟੀਆਂ ਸਟਾਫਿੰਗ ਏਜੰਸੀਆਂ ਐੱਨਸੀਐੱਸ ਪੋਰਟਲ ਤੋਂ ਮਹਿਲਾਵਾਂ ਅਤੇ ਦਿਵਯਾਂਗ ਵਿਅਕਤੀਆਂ ਸਣੇ ਵੱਖੋ ਵੱਖ ਪ੍ਰਤਿਭਾ ਪੂਲ ਦੀ ਵਰਤੋਂ ਕਰਨਗੀਆਂ। ਮੰਤਰਾਲਾ ਡੇਟਾਬੇਸ ਦੇ ਏਕੀਕਰਣ ਨੂੰ ਸਮਰੱਥ ਕਰਕੇ, ਇੱਕ ਕੁਸ਼ਲ ਟੈਕਨੋਲੋਜੀ ਇੰਟਰਫੇਸ ਦੇ ਮਾਧਿਅਮ ਨਾਲ਼ ਐਮੇਜ਼ੋਨ ਨੂੰ ਉਮੀਦਵਾਰਾਂ ਤੱਕ ਸੌਖੀ ਪਹੁੰਚ ਪ੍ਰਦਾਨ ਕਰਕੇ ਇਸਦਾ ਸਮਰਥਨ ਕਰੇਗਾ। ਇਸ ਤੋਂ ਇਲਾਵਾ, ਮੰਤਰਾਲਾ ਦੇਸ਼ ਭਰ ਵਿੱਚ ਰੋਜ਼ਗਾਰ ਮੇਲੇ ਆਯੋਜਿਤ ਕਰਨ ਵਿੱਚ ਐਮੇਜ਼ੋਨ ਦੀ ਮਦਦ ਕਰੇਗਾ। ਇਸ ਨਾਲ਼ ਸੰਭਾਵੀ ਕਰਮਚਾਰੀਆਂ ਨਾਲ ਸੰਪਰਕ ਸੁਨਿਸ਼ਚਿਤ ਹੋਵੇਗਾ। ਇਹ ਐਮੇਜ਼ੋਨ ਨੂੰ ਇੱਕ ਵਿਵਿਧ ਅਤੇ ਸਮਾਵੇਸ਼ੀ ਕਾਰਜਬਲ ਨੂੰ ਉਤਸ਼ਾਹਿਤ ਕਰਦੇ ਹੋਏ ਸਟਾਫਿੰਗ ਸੰਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਸਮਰੱਥ ਕਰੇਗਾ।
ਐੱਨਸੀਐੱਸ ਪੋਰਟਲ: ਰੋਜ਼ਗਾਰ ਸੇਵਾਵਾਂ ਵਿੱਚ ਇੱਕ ਵੱਡੀ ਤਬਦੀਲੀ
ਜੁਲਾਈ 2015 ਤੋਂ ਕਾਰਜਸ਼ੀਲ ਰਾਸ਼ਟਰੀ ਕਰੀਅਰ ਸੇਵਾ (ਐੱਨਸੀਐੱਸ) ਪੋਰਟਲ ਰੋਜ਼ਗਾਰ ਦੇ ਮਾਮਲੇ ਵਿੱਚ ਇੱਕ ਬਦਲਾਅ ਪੂਰਨ ਮੰਚ ਰਿਹਾ ਹੈ। ਕਿਰਤ ਅਤੇ ਰੋਜ਼ਗਾਰ ਮੰਤਰਾਲੇ ਵੱਲੋਂ ਪ੍ਰਬੰਧਿਤ, ਇਹ ਰੋਜ਼ਗਾਰ ਦੀ ਖੋਜ, ਕਰੀਅਰ ਸੰਬੰਧੀ ਸਲਾਹ, ਪੇਸ਼ੇਵਰ ਮਾਰਗਦਰਸ਼ਨ ਅਤੇ ਹੁਨਰ ਵਿਕਾਸ ਦੇ ਸਰੋਤਾਂ ਸਣੇ ਕਈ ਤਰ੍ਹਾਂ ਦੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ। ਇਹ ਪੋਰਟਲ ਰੋਜ਼ਗਾਰ ਪ੍ਰਾਪਤੀ ਦੇ ਇੱਛੁਕ ਲੋਕਾਂ, ਰੋਜ਼ਗਾਰਦਾਤਾਵਾਂ ਅਤੇ ਵਿਦਿਅਕ ਅਦਾਰਿਆਂ ਸਣੇ ਲੱਖਾਂ ਉਪਯੋਗਕਰਤਾਵਾਂ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ।
ਇਸ ਸਾਲ, ਐੱਨਸੀਐੱਸ ਪੋਰਟਲ ਨੇ ਇੱਕ ਹੀ ਦਿਨ ਵਿੱਚ 20 ਲੱਖ ਸਰਗਰਮ ਖਾਲੀ ਅਸਾਮੀਆਂ ਦਾ ਮੀਲ ਪੱਥਰ ਪਾਰ ਕਰ ਲਿਆ, ਆਮ ਤੌਰ ’ਤੇ ਪੋਰਟਲ ’ਤੇ ਔਸਤਨ 15-18 ਲੱਖ ਰੋਜ਼ਗਾਰ ਦੇ ਮੌਕੇ ਸੂਚੀਬੱਧ ਹਨ। ਮੌਜੂਦਾ ਸਮੇਂ ਵਿੱਚ, ਇਸ ਪਲੇਟਫਾਰਮ ’ਤੇ 60 ਲੱਖ ਤੋਂ ਵੱਧ ਸਰਗਰਮ ਰੋਜ਼ਗਾਰ ਦੇ ਇੱਛੁਕ ਲੋਕ ਅਤੇ 33.50 ਲੱਖ ਸਰਗਰਮ ਰੋਜ਼ਗਾਰਦਾਤਾ ਹਨ, ਜੋ ਇਸਨੂੰ ਪ੍ਰਤਿਭਾ ਅਤੇ ਮੌਕਿਆਂ ਦੇ ਵਿਚਕਾਰ ਪਾੜੇ ਨੂੰ ਪੂਰਾ ਕਰਨ ਲਈ ਇੱਕ ਅਹਿਮ ਉਪਕਰਣ ਬਣਾਉਂਦੇ ਹਨ।
28 ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਰੋਜ਼ਗਾਰ ਪੋਰਟਲਾਂ ਅਤੇ ਕਈ ਨਿੱਜੀ ਰੋਜ਼ਗਾਰ ਪੋਰਟਲਾਂ ਨਾਲ ਏਕੀਕ੍ਰਿਤ, ਐੱਨਸੀਐੱਸ ਪੋਰਟਲ ਆਪਣੇ ਡੇਟਾਬੇਸ ਨੂੰ ਪੂਰਾ ਕਰਨ ਦੇ ਨਾਲ ਨਾਲ ਰੋਜ਼ਗਾਰ ਪਾਉਣ ਦੇ ਇੱਛੁਕ ਲੋਕਾਂ ਨੂੰ ਸਮੁੱਚੇ ਰੋਜ਼ਗਾਰ ਨਾਲ ਲਗਾਤਾਰ ਜੋੜਦਾ ਹੈ। ਰੋਜ਼ਗਾਰ ਤੱਕ ਪਹੁੰਚ ਅਤੇ ਕਰੀਅਰ ਵਿਕਾਸ ਵਿੱਚ ਇਸਦੇ ਯੋਗਦਾਨ ਨੇ ਇਸਨੂੰ ਭਾਰਤ ਦੇ ਕਾਰਜਬਲ ਦੇ ਲਈ ਇੱਕ ਅਹਿਮ ਸਰੋਤ ਬਣਾ ਦਿੱਤਾ ਹੈ।
************
ਹਿਮਾਂਸ਼ੂ ਪਾਠਕ
(Release ID: 2060287)
Visitor Counter : 36