ਵਿੱਤ ਮੰਤਰਾਲਾ
azadi ka amrit mahotsav

ਐੱਨਪੀਐੱਸ ਵਾਤਸਲਯ ਯੋਜਨਾ ਦੀ ਹੋਈ ਸ਼ੁਰੂਆਤ

Posted On: 18 SEP 2024 5:06PM by PIB Chandigarh

ਐੱਨਪੀਐੱਸ ਵਾਤਸਲਯ ਦੇ ਨਾਮ ਹੇਠ ਕੰਟਰੀਬਿਊਟਰੀ ਪੈਨਸ਼ਨ ਸਕੀਮ ਜੋ ਪੀਐੱਫਆਰਡੀਏ ਵੱਲੋਂ ਨਿਯੰਤ੍ਰਿਤ ਅਤੇ ਸੰਚਾਲਿਤ ਕੀਤੀ ਜਾਂਦੀ ਹੈ, ਨੂੰ ਅੱਜ ਵਿੱਤ ਮੰਤਰੀ, ਭਾਰਤ ਸਰਕਾਰ,  ਸ਼੍ਰੀਮਤੀ ਨਿਰਮਲਾ ਸੀਤਾਰਮਨ ਵੱਲੋਂ ਲਾਂਚ ਕੀਤਾ ਗਿਆ।  ਲਾਂਚਿੰਗ ਦਾ ਸਿੱਧਾ ਪ੍ਰਸਾਰਣ ਅੱਜ ਲੀਡ ਬੈਂਕ ਦਫ਼ਤਰ, ਪਟਿਆਲਾ ਵੱਲੋਂ ਸਰਕਾਰੀ ਮੈਰੀਟੋਰੀਅਸ ਸਕੂਲ, ਪਟਿਆਲਾ ਵਿਖੇ ਕੀਤਾ ਗਿਆ।  ਇਸ ਮੌਕੇ ਸਟੇਟ ਬੈਂਕ ਆਫ ਇੰਡੀਆ ਦੇ ਖੇਤਰੀ ਮੈਨੇਜਰ ਪ੍ਰਵੀਨ ਪ੍ਰਸਾਦ ਸਮੇਤ ਸਟੇਟ ਲੈਵਲ ਬੈਂਕਰਜ਼ ਕਮੇਟੀ (ਐੱਸ.ਐੱਲ.ਬੀ.ਸੀ.), ਪੰਜਾਬ ਦੇ ਅਧਿਕਾਰੀ ਹਾਜ਼ਰ ਸਨ।

 

ਇਸ ਮੌਕੇ 'ਤੇ ਸ਼੍ਰੀ ਪਰਵੀਨ ਪ੍ਰਸਾਦ ਨੇ ਦੱਸਿਆ ਕਿ ਇਹ ਯੋਜਨਾ ਪੈਨਸ਼ਨ ਪ੍ਰਾਪਤ ਸਮਾਜ ਦੀ ਸਿਰਜਣਾ ਦੇ ਅੰਤਮ ਉਦੇਸ਼ ਨਾਲ ਬੱਚਿਆਂ ਦੇ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀ ਗਈ ਹੈ।  ਉਨ੍ਹਾਂ ਅੱਗੇ ਦੱਸਿਆ ਕਿ 18 ਸਾਲ ਤੱਕ ਦੇ ਸਾਰੇ ਨਾਬਾਲਗ ਨਾਗਰਿਕ ਇਸ ਸਕੀਮ ਵਿੱਚ ਸ਼ਾਮਲ ਹੋ ਸਕਦੇ ਹਨ।  ਖ਼ਾਤਾ ਖੋਲ੍ਹਣ ਲਈ ਘੱਟੋ-ਘੱਟ ਯੋਗਦਾਨ ਰੁਪਏ 1,000/- ਹੈ।  ਨਾਬਾਲਗ ਇਸ ਸਕੀਮ ਦੇ ਇਕੱਲੇ ਲਾਭਪਾਤਰੀ ਹੋਣਗੇ ਅਤੇ ਮਾਪੇ/ਸਰਪ੍ਰਸਤ ਨਾਬਾਲਗਾਂ ਦੇ ਨਾਮ 'ਤੇ ਖ਼ਾਤਾ ਖੋਲ੍ਹ ਸਕਦੇ ਹਨ ਅਤੇ ਯੋਗਦਾਨ ਪਾ ਸਕਦੇ ਹਨ।  ਉਨ੍ਹਾਂ ਕਿਹਾ ਕਿ ਨਾਬਾਲਗ ਖਾਤਾਧਾਰਕ ਵੱਲੋਂ 18 ਸਾਲ ਦੀ ਉਮਰ ਪੂਰੀ ਹੋਣ 'ਤੇ ਨਿਯਮਤ ਐੱਨਪੀਐੱਸ ਖ਼ਾਤੇ ਵਿੱਚ ਨਿਰਵਿਘਨ ਰੂਪਾਂਤਰਨ ਕੀਤਾ ਜਾਵੇਗਾ।  ਉਨ੍ਹਾਂ ਇਹ ਵੀ ਦੱਸਿਆ ਕਿ ਖ਼ਾਤਾ ਧਾਰਕ ਵੱਲੋਂ ਵੱਧ ਤੋਂ ਵੱਧ ਯੋਗਦਾਨ ਦੀ ਕੋਈ ਹੱਦ ਨਹੀਂ ਹੋਵੇਗੀ।

 

ਲੀਡ ਬੈਂਕ ਮੈਨੇਜਰ ਰਾਜੀਵ ਸਰਹਿੰਦੀ ਨੇ ਦੱਸਿਆ ਕਿ ਇਸ ਮੌਕੇ ਬੱਚਿਆਂ ਲਈ ਆਨਲਾਈਨ ਕਠਪੁਤਲੀ ਅਤੇ ਮੈਜਿਕ ਸ਼ੋਅ ਦੇ ਨਾਲ-ਨਾਲ ਕੁਇਜ਼ ਦਾ ਵੀ ਪ੍ਰਬੰਧ ਕੀਤਾ ਗਿਆ ਸੀ।  ਉਨ੍ਹਾਂ ਦੱਸਿਆ ਕਿ ਸਰਕਾਰੀ ਮੈਰੀਟੋਰੀਅਸ ਸਕੂਲ, ਪਟਿਆਲਾ ਦੇ ਸਹਿਯੋਗ ਨਾਲ ਪ੍ਰਿੰਸੀਪਲ ਸ਼੍ਰੀਮਤੀ ਦੀਪ ਮਾਲਾ ਅਤੇ ਵਾਈਸ ਪ੍ਰਿੰਸੀਪਲ ਗਗਨ ਬਾਂਸਲ ਦੀ ਯੋਗ ਅਗਵਾਈ ਵਿੱਚ ਨੁੱਕੜ ਨਾਟਕ ਦਾ ਵੀ ਆਯੋਜਨ ਕੀਤਾ ਗਿਆ, ਜਿਸ ਵਿੱਚ ਲੀਡ ਬੈਂਕ ਆਫਿਸ ਵੱਲੋਂ ਬੱਚਿਆਂ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡੀਡੀਐੱਮ ਨਬਾਰਡ ਪਰਵਿੰਦਰ ਕੌਰ ਨਾਗਰਾ ਨੇ ਹਾਜ਼ਰ ਬੱਚਿਆਂ ਨੂੰ ਮਿਠਾਈਆਂ ਅਤੇ ਤੋਹਫ਼ੇ ਵੰਡੇ।

 

ਇਸ ਮੌਕੇ ਐੱਸ.ਬੀ.ਆਈ ਦੇ ਮ੍ਰਿਤੁੰਜਯ ਕੁਮਾਰ ਸਿੰਘ, ਜਸਵਿੰਦਰ ਸ਼ਰਮਾ, ਸ਼ਬਨਮ, ਕੰਵਲਜੀਤ ਸਿੰਘ ਅਤੇ ਅਮਰੀਕ ਸਿੰਘ ਸ਼ਾਮਲ ਸਨ।

**********

ਵਿਕਰਮ


(Release ID: 2056104)
Read this release in: English