ਖਾਣ ਮੰਤਰਾਲਾ

ਖਣਨ ਮੰਤਰਾਲੇ ਨੇ ਆਫਸ਼ੋਰ ਮਾਈਨਿੰਗ 'ਤੇ ਵਰਕਸ਼ਾਪ ਦਾ ਆਯੋਜਨ ਕੀਤਾ

Posted On: 15 MAY 2024 7:45PM by PIB Chandigarh

ਖਣਨ ਮੰਤਰਾਲੇ ਨੇ ਅੱਜ ਨਵੀਂ ਦਿੱਲੀ ਵਿਖੇ ਆਫਸ਼ੋਰ ਮਾਈਨਿੰਗ 'ਤੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਮੌਕੇ ਖਣਨ ਮੰਤਰਾਲੇ ਦੇ ਸਕੱਤਰ ਸ਼੍ਰੀ ਵੀ ਐੱਲ ਕਾਂਥਾ ਰਾਓ; ਭੂ-ਵਿਗਿਆਨ ਮੰਤਰਾਲੇ ਦੇ ਸਕੱਤਰ ਡਾ. ਐੱਮ ਰਵੀਚੰਦਰਨ ਅਤੇ ਖਣਨ ਮੰਤਰਾਲੇ ਦੇ ਵਧੀਕ ਸਕੱਤਰ ਸ਼੍ਰੀ ਸੰਜੇ ਲੋਹੀਆ ਸ਼ਾਮਲ ਹੋਏ। ਕੇਂਦਰ ਸਰਕਾਰ ਦੇ ਹੋਰ ਮੰਤਰਾਲਿਆਂ ਅਤੇ ਵਿਭਾਗਾਂ ਦੇ ਅਧਿਕਾਰੀਆਂ ਅਤੇ ਵੱਖ-ਵੱਖ ਰਾਜ ਸਰਕਾਰਾਂ, ਸਰਕਾਰੀ ਸੰਸਥਾਵਾਂ, ਪੀਐੱਸਯੂ, ਮਾਈਨਿੰਗ ਕੰਪਨੀਆਂ, ਸੰਭਾਵੀ ਬੋਲੀਕਾਰਾਂ ਅਤੇ ਉਦਯੋਗ ਸੰਘਾਂ ਦੇ ਮੈਂਬਰਾਂ ਨੇ ਵੀ ਵਰਕਸ਼ਾਪ ਵਿੱਚ ਸ਼ਿਰਕਤ ਕੀਤੀ।

ਖਣਨ ਮੰਤਰਾਲੇ ਦੇ ਸਕੱਤਰ ਸ਼੍ਰੀ ਵੀ ਐੱਲ ਕਾਂਥਾ ਰਾਓ ਨੇ ਆਪਣੇ ਮੁੱਖ ਭਾਸ਼ਣ ਵਿੱਚ ਉਦਯੋਗਿਕ ਵਿਕਾਸ, ਰੁਜ਼ਗਾਰ ਪੈਦਾ ਕਰਨ ਅਤੇ ਊਰਜਾ ਸੁਰੱਖਿਆ ਪ੍ਰਦਾਨ ਕਰਕੇ ਦੇਸ਼ ਲਈ ਰਣਨੀਤਕ ਲਾਭ ਪੈਦਾ ਕਰਨ ਵਿੱਚ ਆਫਸ਼ੋਰ ਮਾਈਨਿੰਗ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਹ ਵੀ ਭਰੋਸਾ ਦਿਵਾਇਆ ਕਿ ਆਫਸ਼ੋਰ ਮਾਈਨਿੰਗ ਦਾ ਭਵਿੱਖ ਦਾ ਦ੍ਰਿਸ਼ਟੀਕੋਣ ਹਾਂ ਪੱਖੀ ਹੈ ਅਤੇ ਖਣਨ ਮੰਤਰਾਲਾ ਇਸ ਨਵੇਂ ਖੇਤਰ ਦੇ ਵਿਕਾਸ ਲਈ ਵੱਖ-ਵੱਖ ਰਣਨੀਤਕ ਪਹਿਲਕਦਮੀਆਂ ਕਰ ਰਿਹਾ ਹੈ। ਉਨ੍ਹਾਂ ਭਾਰਤ ਵਿੱਚ ਆਫਸ਼ੋਰ ਮਾਈਨਿੰਗ ਗਤੀਵਿਧੀਆਂ ਨੂੰ ਸ਼ੁਰੂ ਕਰਨ ਲਈ ਤਕਨਾਲੋਜੀ ਵਿਕਸਤ ਕਰਨ ਲਈ ਸਟਾਰਟ-ਅਪਸ ਅਤੇ ਪ੍ਰਾਈਵੇਟ ਕੰਪਨੀਆਂ ਨੂੰ ਵੀ ਉਤਸ਼ਾਹਿਤ ਕੀਤਾ ਅਤੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਮਾਈਨ ਮੰਤਰਾਲਾ ਤੇ ਪ੍ਰਿਥਵੀ ਵਿਗਿਆਨ ਮੰਤਰਾਲਾ ਅਜਿਹੀਆਂ ਪਹਿਲਕਦਮੀਆਂ ਲਈ ਫੰਡਿੰਗ ਦੀ ਸਹੂਲਤ ਦੇਵੇਗਾ। ਇਸ ਤੋਂ ਇਲਾਵਾ, ਉਨ੍ਹਾਂ ਨੇ ਭਾਰਤ ਵਿੱਚ ਵਪਾਰ ਕਰਨ ਵਿੱਚ ਸੌਖ ਅਤੇ ਆਫਸ਼ੋਰ ਮਾਈਨਿੰਗ ਸੈਕਟਰ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਖਰੜਾ ਨਿਯਮਾਂ 'ਤੇ ਉਦਯੋਗਿਕ ਸੰਸਥਾਵਾਂ ਦੇ ਹੋਰ ਸੁਝਾਵਾਂ ਅਤੇ ਫੀਡਬੈਕ ਦਾ ਸੁਆਗਤ ਕੀਤਾ। ਉਨ੍ਹਾਂ ਨੇ ਉਦਯੋਗ ਨੂੰ ਆਗਾਮੀ ਨਿਲਾਮੀ ਵਿੱਚ ਹਿੱਸਾ ਲੈਣ ਅਤੇ ਆਫਸ਼ੋਰ ਮਾਈਨਿੰਗ ਗਤੀਵਿਧੀਆਂ ਨੂੰ ਸ਼ੁਰੂ ਕਰਨ ਲਈ ਤਿਆਰੀ ਅਤੇ ਯੋਜਨਾ ਬਣਾਉਣ ਦੀ ਵੀ ਅਪੀਲ ਕੀਤੀ।

ਡਾ. ਐੱਮ ਰਵੀਚੰਦਰਨ, ਸਕੱਤਰ, ਭੂ-ਵਿਗਿਆਨ ਮੰਤਰਾਲੇ ਨੇ ਆਪਣੇ ਸੰਬੋਧਨ ਵਿੱਚ ਭਾਰਤ ਵਿੱਚ ਟਿਕਾਊ ਅਤੇ ਵਾਤਾਵਰਣ ਅਨੁਕੂਲ ਆਫਸ਼ੋਰ ਮਾਈਨਿੰਗ ਵਿਕਾਸ 'ਤੇ ਜ਼ੋਰ ਦਿੱਤਾ। ਉਨ੍ਹਾਂ ਭਾਰਤ ਦੀ ਸਮੁੰਦਰੀ ਸਮਰੱਥਾ ਨੂੰ ਵਰਤਣ ਲਈ ਤਕਨਾਲੋਜੀ ਦੇ ਵਿਕਾਸ ਦੇ ਮਹੱਤਵ ਨੂੰ ਉਜਾਗਰ ਕੀਤਾ ਅਤੇ ਭਾਰਤ ਨੂੰ ਆਫਸ਼ੋਰ ਮਾਈਨਿੰਗ ਵਿੱਚ ਮੋਹਰੀ ਬਣਾਉਣ ਲਈ ਉਦਯੋਗ ਦੇ ਹਿੱਸੇਦਾਰਾਂ ਤੋਂ ਸਹਿਯੋਗ, ਗਿਆਨ ਸਾਂਝਾ ਕਰਨ ਦੀ ਬੇਨਤੀ ਕੀਤੀ।  

ਖਣਨ ਮੰਤਰਾਲੇ ਦੇ ਅਧਿਕਾਰੀਆਂ ਨੇ ਆਫਸ਼ੋਰ ਏਰੀਆ ਮਿਨਰਲ (ਵਿਕਾਸ ਅਤੇ ਰੈਗੂਲੇਸ਼ਨ) ਐਕਟ, 2002 (ਓਏਐਮਡੀਆਰ ਐਕਟ) ਅਤੇ ਖਰੜਾ ਨਿਯਮਾਂ ਦੀ ਸੰਖੇਪ ਜਾਣਕਾਰੀ ਦਿੱਤੀ ਜੋ ਹਿੱਸੇਦਾਰਾਂ ਦੀ ਸਲਾਹ ਲਈ ਜਨਤਕ ਖੇਤਰ ਵਿੱਚ ਰੱਖੇ ਗਏ ਸਨ। ਤਿਆਰ ਕੀਤੇ ਗਏ ਖਰੜਾ ਨਿਯਮ ਮੰਤਰਾਲੇ ਦੀ ਵੈੱਬਸਾਈਟ (mines.gov.in) 'ਤੇ ਉਪਲਬਧ ਹਨ। ਮੰਤਰਾਲੇ ਨੇ ਇਹ ਵੀ ਦੱਸਿਆ ਕਿ ਚੂਨਾ-ਮਿੱਟੀ, ਪੌਲੀਮੈਟਲਿਕ ਨੋਡਿਊਲ (ਕੋਬਾਲਟ ਅਤੇ ਨਿੱਕਲ ਵਰਗੇ ਅਹਿਮ ਖਣਿਜਾਂ ਵਾਲੇ) ਅਤੇ ਨਿਰਮਾਣ ਰੇਤ ਦੀ ਮਾਈਨਿੰਗ ਲਈ ਭਾਰਤ ਦੇ ਵਿਸ਼ੇਸ਼ ਆਰਥਿਕ ਜ਼ੋਨ ਵਿੱਚ ਕੁਝ ਪਛਾਣੇ ਗਏ ਆਫਸ਼ੋਰ ਖਣਿਜ ਬਲਾਕਾਂ ਨੂੰ ਜਲਦੀ ਹੀ ਨਿਲਾਮੀ ਲਈ ਰੱਖਿਆ ਜਾਵੇਗਾ।

ਵਰਕਸ਼ਾਪ ਦੌਰਾਨ ਭਾਰਤ ਦੇ ਭੂ-ਵਿਗਿਆਨ ਸਰਵੇਖਣ, ਭੂ-ਵਿਗਿਆਨ ਮੰਤਰਾਲੇ, ਹਾਈਡ੍ਰੋਕਾਰਬਨ ਡਾਇਰੈਕਟੋਰੇਟ ਜਨਰਲ, ਨੈਸ਼ਨਲ ਇੰਸਟੀਚਿਊਟ ਆਫ਼ ਓਸ਼ਨੋਗ੍ਰਾਫ਼ੀ, ਗੋਆ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਓਸ਼ਨ ਟੈਕਨਾਲੋਜੀ, ਚੇਨਈ ਦੇ ਮਾਹਿਰਾਂ ਦੇ ਸੈਸ਼ਨ ਕਰਵਾਏ ਗਏ। 

ਘਰੇਲੂ ਅਤੇ ਅੰਤਰਰਾਸ਼ਟਰੀ ਹਿਤਧਾਰਕਾਂ ਨੇ ਵੀ ਵਰਕਸ਼ਾਪ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਆਫਸ਼ੋਰ ਖੋਜ ਅਤੇ ਮਾਈਨਿੰਗ, ਉਦਯੋਗ ਦੀਆਂ ਉਮੀਦਾਂ ਅਤੇ ਸੁਝਾਵਾਂ ਲਈ ਉਪਲਬਧ ਤਕਨਾਲੋਜੀ ਬਾਰੇ ਅਹਿਮ ਸੂਝ-ਬੂਝ ਪ੍ਰਦਾਨ ਕੀਤੀ। ਵਰਕਸ਼ਾਪ ਸਵਾਲਾਂ ਅਤੇ ਜਵਾਬਾਂ ਦੇ ਸੈਸ਼ਨ ਨਾਲ ਸਮਾਪਤ ਹੋਈ, ਜਿਸ ਵਿੱਚ ਖਣਨ ਮੰਤਰਾਲੇ ਦੇ ਵਧੀਕ ਸਕੱਤਰ ਨੇ ਵਰਕਸ਼ਾਪ ਵਿੱਚ ਸਰੀਰਕ ਅਤੇ ਵਰਚੁਅਲ ਤੌਰ 'ਤੇ ਹਾਜ਼ਰ ਹੋਏ ਵੱਖ-ਵੱਖ ਹਿਤਧਾਰਕਾਂ ਵਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੱਤੇ।

************

ਬੀਵਾਈ/ਐੱਸਟੀ



(Release ID: 2022074) Visitor Counter : 14


Read this release in: English , Urdu , Hindi , Tamil