ਰੇਲ ਮੰਤਰਾਲਾ
ਮਨੁੱਖੀ ਤਸਕਰੀ ਦੇ ਵਿਰੁੱਧ ਰੇਲਵੇ ਸੁਰੱਖਿਆ ਬਲ ਅਤੇ ਰਾਸ਼ਟਰੀ ਮਹਿਲਾ ਆਯੋਗ ਇਕਜੁੱਟ
Posted On:
19 MAR 2024 9:00PM by PIB Chandigarh
ਮਨੁੱਖੀ ਤਸਕਰੀ ਨਾਲ ਨਿਪਟਣ ਲਈ ਰਾਸ਼ਟਰੀ ਮਹਿਲਾ ਆਯੋਗ (ਐੱਨਸੀਡਬਲਿਊ) ਨੇ ਅੱਜ ਰੇਲਵੇ ਸੁਰੱਖਿਆ ਬਲ (ਰੇਲਵੇ ਪ੍ਰੋਟਕਸ਼ਨ ਫੋਰਸ- RPF) ਦੇ ਨਾਲ ਇੱਕ ਮਹੱਤਵਪੂਰਨ ਸਹਿਮਤੀ ਪੱਤਰ (MoU) ‘ਤੇ ਹਸਤਾਖਰ ਕੀਤੇ। ਇਸ ਸਹਿਯੋਗਾਤਮਕ ਪ੍ਰਯਾਸ ਦੇ ਜ਼ਰੀਏ, ਦੋਵੇਂ ਸੰਗਠਨਾਂ ਨੇ ਇੰਡੀਅਨ ਰੇਲਵੇ ਨੈੱਟਵਰਕ ਦੇ ਅੰਦਰ ਮਹਿਲਾ ਤਸਕਰੀ ਦੀਆਂ ਸਮੱਸਿਆਵਾਂ ਨੂੰ ਪ੍ਰਭਾਵੀ ਢੰਗ ਨਾਲ ਨਜਿੱਠਣ ਲਈ ਆਰਪੀਐੱਫ ਅਧਿਕਾਰੀਆਂ ਨੂੰ ਟ੍ਰੇਨਿੰਗ ਦੇਣ ਅਤੇ ਸੰਵੇਦਨਸ਼ੀਲ ਬਣਾਉਣ ਦਾ ਸੰਕਲਪ ਲਿਆ।
ਰਾਸ਼ਟਰੀ ਮਹਿਲਾ ਆਯੋਗ ਅਤੇ ਰੇਲਵੇ ਸੁਰੱਖਿਆ ਬਲ ਨੇ ਮਿਲ ਕੇ ਪੂਰੇ ਭਾਰਤ ਵਿੱਚ ਮਨੁੱਖੀ ਤਸਕਰੀ ਨਾਲ ਨਿਪਟਣ ਦੀਆਂ ਕੋਸ਼ਿਸ਼ਾਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਇਤਿਹਾਸਕ ਸਹਿਮਤੀ ਪੱਤਰ (MoU) ਦਾ ਐਲਾਨ ਕੀਤਾ। ਸਹਿਮਤੀ ਪੱਤਰ ‘ਤੇ ਰਾਸ਼ਟਰੀ ਮਹਿਲਾ ਆਯੋਗ ਦੇ ਸੰਯੁਕਤ ਸਕੱਤਰ ਏ. ਅਸ਼ੋਲੀ ਚਲਾਇ (A Asholi Chalai) ਅਤੇ ਰੇਲਵੇ ਸੁਰੱਖਿਆ ਬਲ ਦੇ ਇੰਸਪੈਕਟਰ ਜਨਰਲ ਸਰਵਪ੍ਰਿਯਾ ਮਯੰਕ (Sarvapriya Mayank) ਨੇ ਹਸਤਾਖਰ ਕੀਤੇ। ਇਹ ਵਿਸ਼ੇਸ਼ ਤੌਰ ‘ਤੇ ਭਾਰਤੀ ਰੇਲਵੇ ਦੇ ਵਿਆਪਕ ਨੈੱਟਵਰਕ ਦੇ ਅੰਦਰ ਮਨੁੱਖੀ ਤਸਕਰੀ ਦੇ ਗੰਭੀਰ ਮੁੱਦਿਆਂ ਨਾਲ ਨਿਪਟਣ ਲਈ ਦੋਵੇਂ ਸੰਗਠਨਾਂ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦਾ ਹੈ।
ਇਸ ਪਹਿਲ ਵਿੱਚ ਹੈਰਾਨੀਜਨਕ ਅੰਕੜੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਦੱਸਿਆ ਗਿਆ ਹੈ ਕਿ ਤਸਕਰੀ ਦੀਆਂ ਸ਼ਿਕਾਰ 70 ਪ੍ਰਤੀਸ਼ਤ ਮਹਿਲਾਵਾਂ ਹਨ, ਇਹ ਇਸ ਸਥਿਤੀ ‘ਤੇ ਤੁਰੰਤ ਕਾਰਵਾਈ ਦੀ ਮੰਗ ਕਰਦੇ ਹਨ। ਰਾਸ਼ਟਰੀ ਮਹਿਲਾ ਆਯੋਗ ਨੇ 2 ਅਪ੍ਰੈਲ, 2022 ਨੂੰ ਮਨੁੱਖੀ ਤਸਕਰੀ ਵਿਰੋਧੀ ਸੈੱਲ ਦੀ ਸਥਾਪਨਾ ਕੀਤੀ। ਆਯੋਗ ਪਹਿਲਾਂ ਤੋਂ ਹੀ ਮਹਿਲਾਵਾਂ ਦੀ ਤਸਕਰੀ ਨਾਲ ਨਿਪਟਣ ਲਈ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ) ਦੇ ਨਾਲ ਕੰਮ ਕਰ ਰਿਹਾ ਹੈ।
ਰਾਸ਼ਟਰੀ ਮਹਿਲਾ ਆਯੋਗ ਦੀ ਚੇਅਰਪਰਸਨ ਸ਼੍ਰੀਮਤੀ ਰੇਖਾ ਸ਼ਰਮਾ ਨੇ ਕਿਹਾ ਕਿ ਮਹਿਲਾਵਾਂ ਅਤੇ ਯੁਵਾ ਲੜਕੀਆਂ ਨੂੰ ਤਸਕਰੀ ਤੋਂ ਖ਼ਤਰਾ ਹੈ। 65,000 ਕਿਲੋਮੀਟਰ ਅਤੇ 7500 ਸਟੇਸ਼ਨਾਂ ਤੱਕ ਫੈਲਿਆ ਭਾਰਤੀ ਰੇਲਵੇ ਦਾ ਵਿਸ਼ਾਲ ਰੇਲਵੇ ਨੈੱਟਵਰਕ, ਬਦਕਿਸਮਤੀ ਨਾਲ, ਤਸਕਰਾਂ ਦੇ ਲਈ ਇੱਕ ਜ਼ਰੀਏ ਦੇ ਰੂਪ ਵਿੱਚ ਕੰਮ ਕਰਦਾ ਹੈ। ਰੇਲਵੇ ਸਟੇਸ਼ਨਾਂ ‘ਤੇ ਤੈਨਾਤ ਆਰਪੀਐੱਫ ਪ੍ਰਸੋਨਲ ਮਨੁੱਖੀ ਤਸਕਰੀ ਨੂੰ ਰੋਕਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਮਹਿਲਾਵਾਂ ਦੇ ਵਿਰੁੱਧ ਅਪਰਾਧਾਂ ਨੂੰ ਰੋਕਣ ਅਤੇ ਔਰਤਾਂ ਵਿਰੁੱਧ ਅਪਰਾਧਾਂ ਨੂੰ ਹੱਲ ਕਰਨ ਲਈ ਕਮਿਸ਼ਨ ਦੀਆਂ ਅੱਖਾਂ ਅਤੇ ਕੰਨਾਂ ਵਜੋਂ ਕੰਮ ਕਰ ਸਕਦੇ ਹਨ।
ਸਹਿਮਤੀ ਪੱਤਰ ਦੇ ਮੁੱਖ ਉਦੇਸ਼ਾਂ ਵਿੱਚ ਮਨੁੱਖੀ ਤਸਕਰੀ ਨੂੰ ਰੋਕਣ ਅਤੇ ਤਸਕਰੀ ਦੀਆਂ ਸ਼ਿਕਾਰ ਮਹਿਲਾਵਾਂ ਨੂੰ ਬਚਾਉਣ ਦੇ ਲਈ ਸਹਿਯੋਗਾਤਮਕ ਪ੍ਰਯਾਸ ਸ਼ਾਮਲ ਹਨ। ਇਸ ਵਿੱਚ ਮਨੁੱਖੀ ਤਸਕਰੀ ਦੀਆਂ ਘਟਨਾਵਾਂ ਦੇ ਪ੍ਰਤੀ ਜਾਗਰੂਕਤਾ ਵਧਾਉਣ ਅਤੇ ਤੁਰੰਤ ਪ੍ਰਤੀਕਿਰਿਆ ਦੇਣ ਲਈ ਆਰਪੀਐੱਫ ਕਰਮੀਆਂ ਲਈ ਸੰਵੇਦੀਕਰਣ ਵਰਕਸ਼ਾਪਸ ਅਤੇ ਟ੍ਰੇਨਿੰਗ ਸੈਸ਼ਨ ਆਯੋਜਿਤ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ, ਫ੍ਰੰਟਲਾਇਨ ਰੇਲਵੇ ਕਰਮਚਾਰੀਆਂ ਅਤੇ ਆਮ ਜਨਤਾ ਨੂੰ ਮਨੁੱਖੀ ਤਸਕਰੀ ਦੇ ਲੱਛਣਾਂ ਬਾਰੇ ਸਿੱਖਿਅਤ ਕਰਨ ਲਈ ਜਾਗਰੂਕਤਾ ਅਭਿਆਨ ਸ਼ੁਰੂ ਕੀਤਾ ਜਾਏਗਾ।
ਸਹਿਮਤੀ ਪੱਤਰ ਦੇ ਤਹਿਤ, ਆਰਪੀਐੱਫ ਕਰਮੀਆਂ ਨੂੰ ਨਿਰੰਤਰ ਸੰਵੇਦਨਸ਼ੀਲਤਾ ਅਤੇ ਟ੍ਰੇਨਿੰਗ ਪ੍ਰਾਪਤ ਹੋਵੇਗੀ, ਜਿਸ ਨਾਲ ਉਹ ਸ਼ੱਕੀ ਗਤੀਵਿਧੀਆਂ ਦੀ ਪਹਿਚਾਣ ਕਰ ਸਕਣਗੇ ਅਤੇ ਪ੍ਰਭਾਵੀ ਢੰਗ ਨਾਲ ਇਨ੍ਹਾਂ ਮਾਮਲਿਆਂ ਦੀ ਰਿਪੋਰਟ ਕਰ ਸਕਣਗੇ। ਇਸ ਦਾ ਉਦੇਸ਼ ਆਰਪੀਐੱਫ ਕਰਮੀਆਂ ਦੀਆਂ ਸਮਰੱਥਾਵਾਂ ਨੂੰ ਵਧਾਉਣਾ ਹੈ, ਜਿਸ ਨਾਲ ਉਹ ਮਨੁੱਖੀ ਤਸਕਰੀ ਦੇ ਵਿਰੁੱਧ ਸੁਰੱਖਿਆ ਦੀ ਇੱਕ ਵਾਧੂ ਪਰਤ ਦੇ ਰੂਪ ਵਿੱਚ ਕੰਮ ਕਰ ਸਕਣ।
ਰੇਲਵੇ ਦੇ ਜ਼ਰੀਏ ਮਹਿਲਾਵਾਂ ਅਤੇ ਲੜਕੀਆਂ ਦੀ ਤਸਕਰੀ ਨੂੰ ਰੋਕਣ ਦੇ ਉਦੇਸ਼ ਨਾਲ ਆਰਪੀਐੱਫ ਦੇ ਪ੍ਰਯਾਸਾਂ ਬਾਰੇ ਜਾਣਕਾਰੀ ਦਿੰਦੇ ਹੋਏ ਆਰਪੀਐੱਫ ਦੇ ਡਾਇਰੈਕਟਰ ਜਨਰਲ ਸ਼੍ਰੀ ਮਨੋਜ ਯਾਦਵ ਨੇ ਉਮੀਦ ਜਤਾਈ ਕਿ ਇਸ ਕੋਸ਼ਿਸ਼ ਨਾਲ ਮਹਿਲਾਵਾਂ ਦੇ ਵਿਰੁੱਧ ਅਪਰਾਧ ਨਾਲ ਨਿਪਟਣ ਵਿੱਚ ਆਰਪੀਐੱਫ ਦੀ ਸਮਰੱਥਾ ਨੂੰ ਹੁਲਾਰਾ ਮਿਲੇਗਾ।
ਰਾਸ਼ਟਰੀ ਮਹਿਲਾ ਆਯੋਗ ਅਤੇ ਰੇਲਵੇ ਸੁਰੱਖਿਆ ਬਲ ਦੇ ਦਰਮਿਆਨ ਇਹ ਸਾਂਝੇਦਾਰੀ ਮਨੁੱਖੀ ਤਸਕਰੀ ਨਾਲ ਨਿਪਟਣ ਅਤੇ ਭਾਰਤ ਦੇ ਰੇਲਵੇ ਨੈੱਟਵਰਕ ਵਿੱਚ ਮਹਿਲਾਵਾਂ ਦੀ ਸੁਰੱਖਿਆ ਦੀਆਂ ਸਮੂਹਿਕ ਕੋਸ਼ਿਸ਼ਾਂ ਵਿੱਚ ਇੱਕ ਅਹਿਮ ਕਦਮ ਦਾ ਪ੍ਰਤੀਕ ਹੈ।
******
ਵਾਈਬੀ/ਐੱਸਕੇ
(Release ID: 2016103)
Visitor Counter : 61