ਕਾਨੂੰਨ ਤੇ ਨਿਆਂ ਮੰਤਰਾਲਾ
ਉਪ-ਰਾਸ਼ਟਰਪਤੀ ਨੇ ਭਾਰਤ ਦੇ ਗਣਤੰਤਰ ਵਜੋਂ 75ਵੇਂ ਸਾਲ ਦੇ ਜਸ਼ਨਾਂ ਸਬੰਧੀ ਸਰਬ ਭਾਰਤੀ ਅਭਿਆਨ 'ਹਮਾਰਾ ਸੰਵਿਧਾਨ, ਹਮਾਰਾ ਸਨਮਾਨ' ਦਾ ਉਦਘਾਟਨ ਕੀਤਾ
ਭਾਰਤ ਦੇ ਉਭਾਰ ਨੂੰ ਰੋਕਿਆ ਨਹੀਂ ਜਾ ਸਕਦਾ : ਉਪ ਰਾਸ਼ਟਰਪਤੀ
ਕਾਨੂੰਨੀ ਸੇਵਾਵਾਂ ਦੀ ਪਹੁੰਚ ਨੂੰ ਆਖਰੀ ਮੀਲ ਤੱਕ ਵਧਾਉਣ ਅਤੇ ਵਿਸਥਾਰ ਲਈ ਉਪ-ਰਾਸ਼ਟਰਪਤੀ ਵਲੋਂ ਨਿਆਏ ਸੇਤੂ ਦੀ ਸ਼ੁਰੂਆਤ
ਹਮਾਰਾ ਸੰਵਿਧਾਨ ਹਮਾਰਾ ਸਨਮਾਨ ਮੁਹਿੰਮ ਦੇ ਤਹਿਤ, ਹਾਸ਼ੀਏ 'ਤੇ ਰਹਿ ਗਏ ਭਾਈਚਾਰਿਆਂ ਨੂੰ ਨਿਆਂ ਤੱਕ ਪਹੁੰਚ ਪ੍ਰਦਾਨ ਕਰਨ ਲਈ ਕਾਨੂੰਨੀ ਤੌਰ 'ਤੇ ਸਸ਼ਕਤ ਕਰਨ ਦੇ ਯਤਨ ਕੀਤੇ ਜਾਂਦੇ ਹਨ: ਸ਼੍ਰੀ ਅਰਜੁਨ ਰਾਮ ਮੇਘਵਾਲ
ਨਿਆਂ ਤੱਕ ਪਹੁੰਚ ਅਧਾਰਤ ਯੋਜਨਾ 'ਨਿਆਂ ਦੀ ਸੰਪੂਰਨ ਪਹੁੰਚ ਲਈ ਨਵੀਨਤਾ ਹੱਲਾਂ ਨੂੰ ਡਿਜ਼ਾਈਨ ਕਰਨਾ' (ਦਿਸ਼ਾ) ਦਾ ਪ੍ਰਾਪਤੀ ਕਿਤਾਬਚਾ ਜਾਰੀ
ਭਾਸ਼ਿਨੀ ਅਤੇ ਇਗਨੂ ਨੇ ਨਿਆਂ ਵਿਭਾਗ ਨਾਲ ਆਪਣੇ ਸਹਿਯੋਗ ਨੂੰ ਰਸਮੀ ਰੂਪ ਦਿੱਤਾ
प्रविष्टि तिथि:
24 JAN 2024 7:02PM by PIB Chandigarh
ਭਾਰਤ ਦੇ ਗਣਤੰਤਰ ਵਜੋਂ 75ਵੇਂ ਸਾਲ ਦੇ ਜਸ਼ਨਾਂ ਨੂੰ ਮਨਾਉਣ ਲਈ, ਸਾਲ ਭਰ ਚੱਲਣ ਵਾਲੇ ਸਰਬ ਭਾਰਤੀ ਅਭਿਆਨ 'ਹਮਾਰਾ ਸੰਵਿਧਾਨ, ਹਮਾਰਾ ਸਨਮਾਨ' ਦਾ ਉਦਘਾਟਨ ਅੱਜ ਭਾਰਤ ਦੇ ਉਪ-ਰਾਸ਼ਟਰਪਤੀ, ਸ਼੍ਰੀ ਜਗਦੀਪ ਧਨਖੜ ਨੇ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ ਵਿਖੇ ਕੀਤਾ। ਇਸ ਮੁਹਿੰਮ ਦਾ ਉਦੇਸ਼ ਭਾਰਤ ਦੇ ਸੰਵਿਧਾਨ ਵਿੱਚ ਦਰਜ ਸਿਧਾਂਤਾਂ ਪ੍ਰਤੀ ਸਾਡੀ ਸਮੂਹਿਕ ਵਚਨਬੱਧਤਾ ਦੀ ਪੁਸ਼ਟੀ ਕਰਨਾ ਅਤੇ ਸਾਡੇ ਰਾਸ਼ਟਰ ਨੂੰ ਬੰਨ੍ਹਣ ਵਾਲੀਆਂ ਸਾਂਝੀਆਂ ਕਦਰਾਂ-ਕੀਮਤਾਂ ਦਾ ਜਸ਼ਨ ਮਨਾਉਣਾ ਹੈ। ਇਸ ਦੇਸ਼ ਵਿਆਪੀ ਪਹਿਲਕਦਮੀ ਨੇ ਸੰਵਿਧਾਨਕ ਢਾਂਚੇ ਵਿੱਚ ਦਰਸਾਏ ਆਦਰਸ਼ਾਂ ਨੂੰ ਬਰਕਰਾਰ ਰੱਖਣ ਲਈ ਮਾਣ ਅਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਦੀ ਕਲਪਨਾ ਕੀਤੀ ਹੈ। ਇਹ ਹਰ ਇੱਕ ਨਾਗਰਿਕ ਨੂੰ ਵੱਖ-ਵੱਖ ਤਰੀਕਿਆਂ ਨਾਲ ਹਿੱਸਾ ਲੈਣ ਦਾ ਮੌਕਾ ਵੀ ਦੇਵੇਗਾ, ਉਨ੍ਹਾਂ ਨੂੰ ਸਾਡੀ ਲੋਕਤੰਤਰੀ ਯਾਤਰਾ ਵਿਚ ਸਾਰਥਕ ਤਰੀਕੇ ਨਾਲ ਯੋਗਦਾਨ ਪਾਉਣ ਲਈ ਸ਼ਕਤੀ ਪ੍ਰਦਾਨ ਕਰੇਗਾ।
ਇਸ ਮੌਕੇ ਨੂੰ ਯਾਦਗਾਰ ਬਣਾਉਣ ਲਈ, ਉਪ-ਰਾਸ਼ਟਰਪਤੀ ਨੇ ਇੱਕ ਬੂਟਾ ਲਗਾਇਆ ਅਤੇ ਡਾ: ਭੀਮ ਰਾਓ ਅੰਬੇਡਕਰ ਦੀ ਪ੍ਰਤਿਮਾ ਅੱਗੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਤੋਂ ਬਾਅਦ ਭਾਰਤ ਦੇ ਅਟਾਰਨੀ ਜਨਰਲ, ਕਾਨੂੰਨ ਅਤੇ ਨਿਆਂ ਰਾਜ ਮੰਤਰੀ (ਸੁਤੰਤਰ ਕਾਰਜਭਾਰ) ਸ਼੍ਰੀ ਅਰਜੁਨ ਰਾਮ ਮੇਘਵਾਲ ਅਤੇ ਨਿਆਂ ਵਿਭਾਗ ਦੇ ਸਕੱਤਰ ਨੇ ਸੰਬੋਧਨ ਕੀਤਾ।
ਆਪਣੇ ਸੰਬੋਧਨ ਵਿੱਚ ਉਪ ਰਾਸ਼ਟਰਪਤੀ ਨੇ ਯਾਦ ਦਿਵਾਇਆ ਕਿ ਅਸੀਂ ਗਣਤੰਤਰ ਦੇ ਰੂਪ ਵਿੱਚ ਭਾਰਤ ਦੇ 75ਵੇਂ ਸਾਲ ਵਿੱਚ ਪ੍ਰਵੇਸ਼ ਕਰ ਰਹੇ ਹਾਂ ਅਤੇ ਉਪ-ਮਹਾਦੀਪ ਵਿੱਚ ਭਾਰਤ ਦੇ ਵਿਕਾਸ ਦੇ ਗਵਾਹ ਹਾਂ। ਉਨ੍ਹਾਂ ਕਿਹਾ, "ਭਾਰਤ ਦਾ ਉਭਾਰ ਰੋਕਿਆ ਨਹੀਂ ਜਾ ਸਕਦਾ, ਆਓ ਅਸੀਂ ਇਸ ਦੇ ਵਿਕਾਸ ਦੀ ਪ੍ਰਮਾਣੂ ਗਤੀ, ਰਾਕੇਟ ਗਤੀ ਵਿੱਚ ਯੋਗਦਾਨ ਪਾਈਏ"। ਉਪ ਰਾਸ਼ਟਰਪਤੀ ਨੇ ਕਿਹਾ ਕਿ ਸਾਨੂੰ ਆਪਣੇ ਸੰਵਿਧਾਨ ਨੂੰ ਪੜ੍ਹਨਾ ਅਤੇ ਸਮਝਣਾ ਚਾਹੀਦਾ ਹੈ ਅਤੇ ਖਾਸ ਤੌਰ 'ਤੇ ਰਾਸ਼ਟਰ ਨਿਰਮਾਣ ਵਿੱਚ ਸਾਡੇ ਬੁਨਿਆਦੀ ਫਰਜ਼ਾਂ ਨੂੰ ਸਮਝਣਾ ਚਾਹੀਦਾ ਹੈ।
ਇਸ ਮੌਕੇ ਬੋਲਦਿਆਂ ਕਾਨੂੰਨ ਅਤੇ ਨਿਆਂ ਰਾਜ ਮੰਤਰੀ (ਸੁਤੰਤਰ ਕਾਰਜਭਾਰ) ਸ਼੍ਰੀ ਅਰਜੁਨ ਰਾਮ ਮੇਘਵਾਲ ਨੇ ਸੰਵਿਧਾਨਕ ਇਤਿਹਾਸ ਵਿੱਚ 24 ਜਨਵਰੀ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਹਮਾਰਾ ਸੰਵਿਧਾਨ ਹਮਾਰਾ ਸਨਮਾਨ ਅਭਿਆਨ ਤਹਿਤ ਹਾਸ਼ੀਏ 'ਤੇ ਰਹਿ ਗਏ ਭਾਈਚਾਰਿਆਂ ਨੂੰ ਕਾਨੂੰਨੀ ਤੌਰ 'ਤੇ ਸਸ਼ਕਤ ਬਣਾਉਣ ਲਈ ਯਤਨ ਕੀਤੇ ਜਾਂਦੇ ਹਨ ਤਾਂ ਜੋ ਉਹ ਆਪਣੇ ਅਧਿਕਾਰਾਂ ਦਾ ਦਾਅਵਾ ਕਰ ਸਕਣ ਅਤੇ ਨਿਆਂ ਪ੍ਰਾਪਤ ਕਰ ਸਕਣ। ਉਨ੍ਹਾਂ ਅੱਗੇ ਦੱਸਿਆ ਕਿ ਭਾਰਤੀ ਲੋਕਤੰਤਰ ਦੇ ਤਿੰਨ ਮਹੱਤਵਪੂਰਨ ਅੰਗ ਸੰਵਿਧਾਨ ਤੋਂ ਆਪਣੀ ਸ਼ਕਤੀ ਪ੍ਰਾਪਤ ਕਰਦੇ ਹਨ। ਸਾਡਾ ਸੰਵਿਧਾਨ ਇੱਕੋ ਸਮੇਂ ਸਖ਼ਤ ਅਤੇ ਲਚਕਦਾਰ ਹੈ।
ਭਾਰਤ ਦੇ ਅਟਾਰਨੀ ਜਨਰਲ ਸ਼੍ਰੀ ਆਰ ਵੈਂਕਟਾਰਮਣੀ ਨੇ ਕਿਹਾ, "ਸੰਵਿਧਾਨ ਨੂੰ ਇੱਕ ਜੀਵਤ ਦਸਤਾਵੇਜ਼ ਬਣਾਉਣ ਲਈ ਬਾਬਾ ਸਾਹਿਬ ਅੰਬੇਡਕਰ ਦੀਆਂ ਸਭ ਤੋਂ ਡੂੰਘੀਆਂ ਭਾਵਨਾਵਾਂ ਸਨ, ਮੈਨੂੰ ਲੱਗਦਾ ਹੈ ਕਿ ਸਾਨੂੰ ਸਾਰਿਆਂ ਨੂੰ ਆਪਣੇ ਸੰਵਿਧਾਨ ਨੂੰ ਪੜ੍ਹ ਕੇ ਇਸ ਨੂੰ ਵਿਚਾਰਨਾ ਚਾਹੀਦਾ ਹੈ।"
ਸਕੱਤਰ (ਨਿਆਂ ਵਿਭਾਗ) ਸ਼੍ਰੀ ਐੱਸ.ਕੇ.ਜੀ. ਰਹਾਤੇ ਨੇ 'ਹਮਾਰਾ ਸੰਵਿਧਾਨ, ਹਮਾਰਾ ਸਨਮਾਨ' ਮੁਹਿੰਮ ਦੀ ਰੂਪ ਰੇਖਾ ਉਲੀਕੀ, ਜਿਸ ਨੇ ਨਾਗਰਿਕਾਂ ਨੂੰ ਸੰਵਿਧਾਨ, ਕਾਨੂੰਨੀ ਅਧਿਕਾਰਾਂ ਅਤੇ ਕਰਤੱਵਾਂ ਬਾਰੇ ਜਾਗਰੂਕ ਕਰਨ ਦੇ ਆਪਣੇ ਟੀਚੇ 'ਤੇ ਜ਼ੋਰ ਦਿੱਤਾ। ਇਸ ਪਹਿਲਕਦਮੀ ਦਾ ਉਦੇਸ਼ ਨਾਗਰਿਕਾਂ ਨੂੰ 2047 ਤੱਕ ਵਿਕਸਤ ਭਾਰਤ ਦੇ ਨਿਰਮਾਣ ਵਿੱਚ ਅਰਥਪੂਰਨ ਯੋਗਦਾਨ ਪਾਉਣ ਲਈ ਸਮਰੱਥ ਬਣਾਉਣਾ ਹੈ।
ਉਨ੍ਹਾਂ ਅੱਗੇ 'ਸਬਕੋ ਨਿਆਏ - ਹਰ ਘਰ ਨਿਆਏ' ਮੁਹਿੰਮ ਦੇ ਮੁੱਖ ਭਾਗਾਂ ਦੀ ਵਿਆਖਿਆ ਕੀਤੀ ਜਿਸਦਾ ਉਦੇਸ਼ ਆਮ ਸੇਵਾ ਕੇਂਦਰਾਂ ਦੇ ਗ੍ਰਾਮ ਪੱਧਰੀ ਉੱਦਮੀਆਂ ਦੁਆਰਾ ਪਿੰਡ ਵਾਸੀਆਂ ਨੂੰ ਜੋੜਨਾ ਹੈ ਅਤੇ ਉਨ੍ਹਾਂ ਨੂੰ 'ਸਬਕੋ ਨਿਆਏ' ਦਾ ਸੰਕਲਪ ਲੈਣ ਲਈ ਉਤਸ਼ਾਹਿਤ ਕਰਨਾ ਹੈ; 'ਨਿਆਏ ਸਹਾਇਕ' ਅਭਿਲਾਸ਼ੀ ਬਲਾਕਾਂ ਅਤੇ ਜ਼ਿਲ੍ਹਿਆਂ ਵਿੱਚ ਉਨ੍ਹਾਂ ਦੇ ਦਰਵਾਜ਼ੇ 'ਤੇ ਜਨਤਾ ਨੂੰ ਵੱਖ-ਵੱਖ ਨਾਗਰਿਕ-ਕੇਂਦ੍ਰਿਤ ਕਾਨੂੰਨੀ ਸੇਵਾਵਾਂ ਬਾਰੇ ਜਾਗਰੂਕਤਾ ਫੈਲਾਉਣਗੇ। ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਪੱਧਰ 'ਤੇ, ਨਿਆਏ ਸੇਵਾ ਮੇਲਾ ਆਯੋਜਿਤ ਕੀਤਾ ਜਾਵੇਗਾ ਜੋ ਵਿਅਕਤੀਆਂ ਲਈ ਵੱਖ-ਵੱਖ ਕਾਨੂੰਨੀ ਅਤੇ ਸਰਕਾਰ ਦੀਆਂ ਹੋਰ ਸੇਵਾਵਾਂ ਅਤੇ ਸਕੀਮਾਂ ਬਾਰੇ ਮਾਰਗਦਰਸ਼ਨ, ਜਾਣਕਾਰੀ ਅਤੇ ਸਹਾਇਤਾ ਪ੍ਰਾਪਤ ਕਰਨ ਲਈ ਪਲੇਟਫਾਰਮ ਵਜੋਂ ਕੰਮ ਕਰੇਗਾ।
ਸ਼੍ਰੀ ਰਹਾਤੇ ਨੇ ਨਵ ਭਾਰਤ ਨਵ ਸੰਕਲਪ ਬਾਰੇ ਜਾਣਕਾਰੀ ਦਿੱਤੀ, ਜਿਸਦਾ ਉਦੇਸ਼ ਪੰਚ ਪ੍ਰਣ ਸੰਕਲਪ ਪੜ੍ਹ ਕੇ ਲੋਕਾਂ ਨੂੰ ਪੰਚ ਪ੍ਰਣ ਦੇ ਸੰਕਲਪਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕਰਨਾ ਹੈ। ਨਾਗਰਿਕਾਂ ਨੂੰ ਪੰਚ ਪ੍ਰਣ ਰੰਗੋਤਸਵ (ਪੋਸਟਰ ਮੇਕਿੰਗ ਮੁਕਾਬਲੇ), ਪੰਚ ਪ੍ਰਣ ਅਨੁਭਵ (ਰੀਲ/ਵੀਡੀਓ ਮੇਕਿੰਗ ਮੁਕਾਬਲਾ) ਵਿੱਚ ਭਾਗ ਲੈ ਕੇ ਆਪਣੀ ਪ੍ਰਤਿਭਾ ਅਤੇ ਰਚਨਾਤਮਕਤਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲੇਗਾ। ਨਾਗਰਿਕਾਂ ਨੂੰ ਸੰਵਿਧਾਨ ਬਾਰੇ ਆਪਣੇ ਗਿਆਨ ਨੂੰ ਦਿਲਚਸਪ ਤਰੀਕੇ ਨਾਲ ਪਰਖਣ ਦਾ ਮੌਕਾ ਵੀ ਮਿਲੇਗਾ। ਗਤੀਵਿਧੀਆਂ ਮਾਈ ਗੌਵ ਪਲੇਟਫਾਰਮ 'ਤੇ ਹੋਸਟ ਕੀਤੀਆਂ ਜਾਣਗੀਆਂ। ਤੀਜੀ ਗਤੀਵਿਧੀ ਵਿਧੀ ਜਾਗ੍ਰਿਤੀ ਅਭਿਆਨ ਦਾ ਉਦੇਸ਼ ਪ੍ਰੋ ਬੋਨੋ ਕਲੱਬ ਸਕੀਮ ਤਹਿਤ ਲਾਅ ਕਾਲਜਾਂ ਵਲੋਂ ਅਪਣਾਏ ਗਏ ਪਿੰਡਾਂ ਵਿੱਚ ਪੰਚ ਪ੍ਰਣ ਦਾ ਸੁਨੇਹਾ ਪਹੁੰਚਾਉਣ ਲਈ ਵਿਦਿਆਰਥੀਆਂ ਨੂੰ ਸ਼ਾਮਲ ਕਰਨਾ ਹੈ। ਇਸ ਦਾ ਉਦੇਸ਼ ਬਹੁਤ ਹੀ ਦਿਲਚਸਪ, ਮਨੋਰੰਜਕ ਅਤੇ ਯਾਦਗਾਰੀ ਤਰੀਕੇ ਨਾਲ ਅਧਿਕਾਰਾਂ ਦੀਆਂ ਜ਼ਿੰਮੇਵਾਰੀਆਂ ਅਤੇ ਹੱਕਾਂ ਦੀ ਕਾਨੂੰਨੀ ਜਾਣਕਾਰੀ ਦਾ ਪ੍ਰਸਾਰ ਕਰਨਾ ਹੈ। ਇਸ ਦਾ ਉਦੇਸ਼ ਗ੍ਰਾਮ ਵਿਧੀ ਚੇਤਨਾ, ਵੰਚਿਤ ਵਰਗ ਸਨਮਾਨ ਅਤੇ ਨਾਰੀ ਭਾਗੀਦਾਰੀ ਪਹਿਲਕਦਮੀਆਂ ਰਾਹੀਂ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਛੋਹਣਾ ਵੀ ਹੈ।
ਸਮਾਗਮ ਦੇ ਦੌਰਾਨ, ਉਪ-ਰਾਸ਼ਟਰਪਤੀ ਵਲੋਂ ਨਿਆਏ ਸੇਤੂ ਦੀ ਸ਼ੁਰੂਆਤ ਕੀਤੀ ਗਈ ਸੀ ਜੋ ਇੱਕ ਮਹੱਤਵਪੂਰਨ ਅਤੇ ਬਦਲਾਅ ਪੂਰਨ ਕਦਮ ਹੈ, ਜਿਸਦਾ ਉਦੇਸ਼ ਕਾਨੂੰਨੀ ਸੇਵਾਵਾਂ ਦੀ ਪਹੁੰਚ ਨੂੰ ਆਖਰੀ ਮੀਲ ਤੱਕ ਵਧਾਉਣਾ ਅਤੇ ਵਿਸਥਾਰ ਕਰਨਾ ਹੈ। ਇਹ ਕਾਨੂੰਨੀ ਜਾਣਕਾਰੀ, ਕਾਨੂੰਨੀ ਸਲਾਹ ਅਤੇ ਕਾਨੂੰਨੀ ਸਹਾਇਤਾ ਲਈ ਇੱਕ ਏਕੀਕ੍ਰਿਤ ਕਾਨੂੰਨੀ ਇੰਟਰਫੇਸ ਪ੍ਰਦਾਨ ਕਰੇਗਾ ਅਤੇ ਇਸ ਤਰ੍ਹਾਂ ਇੱਕ ਹੋਰ ਸਮਾਵੇਸ਼ੀ ਅਤੇ ਨਿਆਂਪੂਰਨ ਸਮਾਜ ਨੂੰ ਸਮਰੱਥ ਕਰੇਗਾ।
ਸਮਾਗਮ ਵਿੱਚ ਨਿਆਂ ਤੱਕ ਪਹੁੰਚ 'ਤੇ 'ਨਿਆਂ ਲਈ ਸੰਪੂਰਨ ਪਹੁੰਚ ਲਈ ਨਵੀਨਤਾਕਾਰੀ ਹੱਲਾਂ ਨੂੰ ਡਿਜ਼ਾਈਨ ਕਰਨਾ' (ਦਿਸ਼ਾ ) ਬਾਰੇ ਯੋਜਨਾ ਦਾ ਪ੍ਰਾਪਤੀ ਕਿਤਾਬਚਾ ਵੀ ਜਾਰੀ ਕੀਤਾ ਗਿਆ। ਦਿਸ਼ਾ ਸਕੀਮ ਦੇ ਤਹਿਤ ਟੈਲੀ ਲਾਅ ਪ੍ਰੋਗਰਾਮ ਨੇ ਦੇਸ਼ ਦੇ 36 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸਥਿਤ 2.5 ਲੱਖ ਕਾਮਨ ਸਰਵਿਸ ਸੈਂਟਰਾਂ (ਸੀਐੱਸਸੀ) ਰਾਹੀਂ ਟੈਲੀ-ਲਾਅ ਸਿਟੀਜ਼ਨਜ਼ ਮੋਬਾਈਲ ਐਪ ਦੀ ਵਰਤੋਂ ਰਾਹੀਂ 67 ਲੱਖ+ ਨਾਗਰਿਕਾਂ ਨੂੰ ਪ੍ਰੀ-ਲਿਟੀਗੇਸ਼ਨ ਮਸ਼ਵਰੇ ਲਈ ਜੋੜਿਆ ਹੈ। ਨਿਆਏ ਬੰਧੂ (ਪ੍ਰੋ ਬੋਨੋ ਲੀਗਲ ਸਰਵਿਸਿਜ਼) ਪ੍ਰੋਗਰਾਮ ਦਾ ਉਦੇਸ਼ ਪ੍ਰੋ ਬੋਨੋ ਲੀਗਲ ਸੇਵਾਵਾਂ ਪ੍ਰੋਗਰਾਮ ਲਈ ਵਿਕੇਂਦਰੀਕਰਣ ਅਤੇ ਇੱਕ ਡਿਸਪੈਂਸੇਸ਼ਨ ਫਰੇਮਵਰਕ ਬਣਾਉਣਾ ਹੈ। ਇਸ ਨੇ 24 ਬਾਰ ਕੌਂਸਲਾਂ ਵਿੱਚ 10,000+ ਪ੍ਰੋਬੋਨੋ ਐਡਵੋਕੇਟਾਂ ਦਾ ਇੱਕ ਨੈਟਵਰਕ ਬਣਾਇਆ ਹੈ, 25 ਹਾਈ ਕੋਰਟਾਂ ਵਿੱਚ ਨਿਆਏ ਬੰਧੂ ਪੈਨਲ ਬਣਾਏ ਹਨ ਅਤੇ ਦੇਸ਼ ਦੇ 89 ਲਾਅ ਸਕੂਲਾਂ ਵਿੱਚ ਪ੍ਰੋ ਬੋਨੋ ਕਲੱਬਾਂ ਦਾ ਗਠਨ ਕੀਤਾ ਹੈ। ਇਸ ਤੋਂ ਇਲਾਵਾ, ਦੇਸ਼ ਭਰ ਵਿੱਚ 14 ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਸਹਿਯੋਗ ਨਾਲ ਲਾਗੂ ਕੀਤੇ ਜਾ ਰਹੇ ਵੈਬੀਨਾਰਾਂ ਅਤੇ ਕਾਨੂੰਨੀ ਸਾਖਰਤਾ ਪ੍ਰੋਗਰਾਮਾਂ ਰਾਹੀਂ 7 ਲੱਖ ਤੋਂ ਵੱਧ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਕਾਨੂੰਨੀ ਅਧਿਕਾਰਾਂ ਅਤੇ ਕਰਤੱਵਾਂ ਅਤੇ ਅਧਿਕਾਰਾਂ ਬਾਰੇ ਜਾਗਰੂਕ ਕੀਤਾ ਗਿਆ ਹੈ।
ਇਸ ਦੇ ਨਾਲ ਹੀ, ਸਮਾਗਮ ਵਿੱਚ ਨਿਆਂ ਵਿਭਾਗ ਨਾਲ ਆਪਣੇ ਸਹਿਯੋਗ ਨੂੰ ਰਸਮੀ ਰੂਪ ਦੇਣ ਲਈ ਭਾਸ਼ਿਨੀ ਅਤੇ ਇਗਨੂ ਦੇ ਪ੍ਰਤੀਨਿਧੀਆਂ ਨੂੰ ਵੀ ਸ਼ਾਮਲ ਕੀਤਾ ਗਿਆ। ਭਾਸ਼ਿਨੀ ਨਾਲ ਭਾਈਵਾਲੀ ਨਿਆਂ ਤੱਕ ਪਹੁੰਚ ਵਿੱਚ ਭਾਸ਼ਾ ਦੀਆਂ ਰੁਕਾਵਟਾਂ ਨੂੰ ਦੂਰ ਕਰੇਗੀ। ਭਾਸ਼ਿਨੀ ਦੇ ਹੱਲ ਪਹਿਲਾਂ ਹੀ ਨਿਆਏ ਸੇਤੂ - ਕਾਨੂੰਨੀ ਸੇਵਾਵਾਂ ਦੀ ਟੈਲੀ ਸਹੂਲਤ ਵਿੱਚ ਸ਼ਾਮਲ ਕੀਤੇ ਗਏ ਹਨ। ਇਗਨੂ ਨਾਲ ਸਾਂਝੇਦਾਰੀ ਪੈਰਾਲੀਗਲਾਂ ਲਈ ਕਾਨੂੰਨ ਦੇ ਵਿਭਿੰਨ ਖੇਤਰਾਂ ਵਿੱਚ ਪ੍ਰਮਾਣੀਕਰਣ ਪ੍ਰਾਪਤ ਕਰਨ, ਉਨ੍ਹਾਂ ਦੇ ਵਿਦਿਅਕ ਮੌਕਿਆਂ ਨੂੰ ਵਧਾਉਣ ਅਤੇ ਕਾਨੂੰਨੀ ਸਹਾਇਤਾ ਅਤੇ ਸਹਾਇਤਾ ਦੇ ਵੱਖ-ਵੱਖ ਖੇਤਰਾਂ ਵਿੱਚ ਉਨ੍ਹਾਂ ਦੇ ਹੁਨਰ ਅਤੇ ਰੁਜ਼ਗਾਰ ਯੋਗਤਾ ਨੂੰ ਵਧਾਉਣ ਦਾ ਮੌਕਾ ਖੋਲ੍ਹੇਗੀ।
ਇਸ ਸਮਾਗਮ ਵਿੱਚ ਪ੍ਰੋ ਬੋਨੋ ਲਾਅ ਕਾਲਜਾਂ ਦੇ 650+ ਵਿਦਿਆਰਥੀ ਅਤੇ ਫੈਕਲਟੀ, ਦੇਸ਼ ਭਰ ਦੇ ਕਾਮਨ ਸਰਵਿਸ ਸੈਂਟਰਾਂ ਦੇ ਟੈਲੀ-ਲਾਅ ਕਾਰਜਕਰਤਾ ਅਤੇ ਹੋਰ ਲੋਕ ਸ਼ਾਮਲ ਹੋਏ। ਭਾਰਤ ਸਰਕਾਰ ਦੇ ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਨਿਆਂ ਵਿਭਾਗ ਵਲੋਂ 'ਹਮਾਰਾ ਸੰਵਿਧਾਨ, ਹਮਾਰਾ ਸਨਮਾਨ' ਮੁਹਿੰਮ ਚਲਾਈ ਜਾ ਰਹੀ ਹੈ।
****
ਐੱਸਐੱਸ/ਟੀਐੱਫਕੇ
(रिलीज़ आईडी: 2000353)
आगंतुक पटल : 130