ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ ਦਿੱਲੀ ਵਿੱਚ ਕੇਂਦਰ ਸਰਕਾਰ ਦੇ ਹਸਪਤਾਲਾਂ ਵਿੱਚ ਨਵੀਆਂ ਸਿਹਤ ਸੁਵਿਧਾਵਾਂ ਦਾ ਉਦਘਾਟਨ ਕੀਤਾ


ਸੰਪੂਰਨ ਸਿਹਤ ਦ੍ਰਿਸ਼ਟੀਕੋਣ ਸਮੇਂ ਦੀ ਮੰਗ ਹੈ। ਵਰਤਮਾਨ ਅਤੇ ਭਵਿੱਖ ਦੇ ਡਾਕਟਰਾਂ ਦੇ ਰੂਪ ਵਿੱਚ, ਸਾਨੂੰ ਸੰਪੂਰਨ ਸਿਹਤ ਦਾ ਆਪਣਾ ਦ੍ਰਿਸ਼ਟੀਕੋਣ ਰੋਗਾਂ ਅਤੇ ਬਿਮਾਰੀਆਂ ਨੂੰ ਦੂਰ ਰੱਖਣ ਦੀ ਦਿਸ਼ਾ ਵਿੱਚ ਕੇਂਦ੍ਰਿਤ ਕਰਨਾ ਚਾਹੀਦਾ ਹੈ ਅਤੇ ਏਕੀਕ੍ਰਿਤ ਦ੍ਰਿਸ਼ਟੀਕੋਣ ਬਿਮਾਰੀਆਂ ਨੂੰ ਦੂਰ ਰੱਖਣ ਲਈ ਸੰਪੂਰਨ ਸਿਹਤ ਦੇ ਪ੍ਰਚਾਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ: ਡਾ. ਮਾਂਡਵੀਯਾ

ਸਰਕਾਰ ਸਿਹਤ ਸੇਵਾਵਾਂ ਵਿੱਚ ਸਮਾਨਤਾ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ, ਆਯੁਸ਼ਮਾਨ ਭਾਰਤ ਜਿਹੀਆਂ ਪਹਿਲਾਂ ਰਾਹੀਂ ਉਨ੍ਹਾਂ ਨੂੰ ਕਿਫਾਇਤੀ ਅਤੇ ਪਹੁੰਚਯੋਗ ਬਣਾਉਣ ਦਾ ਪ੍ਰਯਾਸ ਕਰ ਰਹੀ ਹੈ”

“10 ਸਾਲਾਂ ਤੋਂ ਵੀ ਘੱਟ ਸਮੇਂ ਵਿੱਚ ਐੱਮਬੀਬੀਐੱਸ, ਪੀਜੀ ਅਤੇ ਨਰਸਿੰਗ ਸੀਟਾਂ ਦੀ ਸੰਖਿਆ ਵਿੱਚ ਬੇਮਿਸਾਲ ਵਾਧਾ ਹੋਇਆ ਹੈ”

“ਭਾਰਤ ਦੀਆਂ ਮੈਡੀਕਲ ਅਤੇ ਸਿਹਤ ਸੰਭਾਲ਼ ਸੇਵਾਵਾਂ ਸਾਡੀਆਂ ਸਰਹੱਦਾਂ ਤੋਂ ਪਰੇ, ਪੂਰੀ ਦੁਨੀਆ ਤੱਕ ਫੈਲੀਆਂ ਹੋਈਆਂ ਹਨ। ਇਹ ਪ੍ਰਤੀਬੱਧਤਾ ‘ਵਸੁਧੈਵ ਕੁਟੁੰਬਕਮ’ ਦੇ ਸਾਡੇ ਦਰਸ਼ਨ ‘ਤੇ ਅਧਾਰਿਤ ਹੈ

Posted On: 08 JAN 2024 6:40PM by PIB Chandigarh

 “ਸੰਪੂਰਨ ਸਿਹਤ ਦ੍ਰਿਸ਼ਟੀਕੋਣ ਸਮੇਂ ਦੀ ਮੰਗ ਹੈ। ਵਰਤਮਾਨ ਅਤੇ ਭਵਿੱਖ ਦੇ ਡਾਕਟਰਾਂ ਦੇ ਰੂਪ ਵਿੱਚ, ਸਾਨੂੰ ਸੰਪੂਰਨ ਸਿਹਤ ਦਾ ਆਪਣਾ ਦ੍ਰਿਸ਼ਟੀਕੋਣ ਰੋਗਾਂ ਅਤੇ ਬਿਮਾਰੀਆਂ ਨੂੰ ਦੂਰ ਰੱਖਣ ਦੀ ਦਿਸ਼ਾ ਵਿੱਚ ਕੇਂਦ੍ਰਿਤ ਕਰਨਾ ਚਾਹੀਦਾ ਹੈ ਅਤੇ ਏਕੀਕ੍ਰਿਤ ਦ੍ਰਿਸ਼ਟੀਕੋਣ ਬਿਮਾਰੀਆਂ ਨੂੰ ਦੂਰ ਰੱਖਣ ਲਈ ਸੰਪੂਰਨ ਸਿਹਤ ਦੇ ਪ੍ਰਚਾਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।”

ਇਹ ਗੱਲ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ ਅੱਜ ਲੇਡੀ ਹਾਰਡਿੰਗ ਕ੍ਰਿਪਲਾਨੀ ਹਸਪਤਾਲ, ਨਿਊ ਹੋਸਟਲ ਬਲਾਕ, ਅਟਲ ਬਿਹਾਰੀ ਵਾਜਪੇਈ ਇੰਸਟੀਟਿਊਟ ਆਵ੍ ਮੈਡੀਕਲ ਰਿਸਰਚ (ਏਬੀਵੀਆਈਐੱਮਐੱਸ) ਅਤੇ ਡਾ. ਆਰਐੱਮਐੱਲ ਹਸਪਤਾਲ, ਸਪੋਰਟਸ ਇੰਜੂਰੀ ਸੈਂਟਰ, ਵਰਧਮਾਨ ਮਹਾਵੀਰ ਮੈਡੀਕਲ ਕਾਲਜ (ਵੀਐੱਮਐੱਮਸੀ) ਅਤੇ ਸਫ਼ਦਰਜੰਗ ਹਸਪਤਾਲ ਅਤੇ ਅਕਦਾਮਿਕ ਬਲਾਕ ਅਤੇ ਨਿਊ ਹੋਸਟਲ ਬਲਾਕ, ਰਾਜਕੁਮਾਰੀ ਅੰਮ੍ਰਿਤ ਕੌਰ ਕਾਲਜ ਆਵ੍ ਨਰਸਿੰਗ ਵਿੱਚ ਐਕਸੀਡੈਂਟ ਅਤੇ ਐਮਰਜੈਂਸੀ ਬਲਾਕ ਦਾ ਉਦਘਾਟਨ ਕਰਦੇ ਹੋਏ ਕਹੀ।

ਸਾਰਿਆਂ ਲਈ ਸਿਹਤ ਸੁਨਿਸ਼ਚਿਤ ਕਰਨ ਦੇ ਸਰਕਾਰ ਦੇ ਵਾਅਦੇ ਦੇ ਪ੍ਰਤੀ ਸਮਰਪਣ ਦਿਖਾਉਂਦੇ ਹੋਏ, ਕੇਂਦਰੀ ਸਿਹਤ ਮੰਤਰੀ ਨੇ ਕਿਹਾ, “ਸਾਡੇ ਮਾਣਯੋਗ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਵਿੱਚ ਦੇਸ਼ ਵਿੱਚ ਸਿਹਤ ਖੇਤਰ ਦੀ ਗਤੀਸ਼ੀਲਤਾ ਤੇਜ਼ੀ ਨਾਲ ਬਦਲ ਰਹੀ ਹੈ।” ਉਨ੍ਹਾਂ ਨੇ ਕਿਹਾ, “ਸਾਡਾ ਟੀਚਾ ਨਿਵਾਰਕ ਸਿਹਤ ਸੰਭਾਲ਼ ਅਤੇ ਆਧੁਨਿਕ ਮੈਡੀਕਲ ਸੁਵਿਧਾਵਾਂ ਦੇ ਦਰਮਿਆਨ ਤਾਲਮੇਲ ਦੇ ਨਾਲ ਸਿਹਤ ਖੇਤਰ ਵਿੱਚ ਸਮੁੱਚੇ ਤੌਰ ‘ਤੇ ਕੰਮ ਕਰਨਾ ਹੈ।

 “ਡਾ. ਮਾਂਡਵੀਯਾ ਨੇ ਚੁੱਕੇ ਹੋਏ ਕਦਮਾਂ ਦੀ ਸ਼ਲਾਘਾ ਕੀਤੀ ਅਤੇ ਦੇਸ਼ ਦੇ ਦੂਰ-ਦੁਰਾਡੇ ਦੇ ਇਲਾਕਿਆਂ ਤੱਕ ਸਿਹਤ ਸੇਵਾਵਾਂ ਦੀ ਪਹੁੰਚ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ, “ਸਰਕਾਰ ਸਿਹਤ ਸੇਵਾਵਾਂ ਵਿੱਚ ਸਮਾਨਤਾ ਨੂੰ ਹੁਲਾਰਾ ਦੇਣ ਲਈ ਲਗਾਤਾਰ ਕੰਮ ਕਰ ਰਹੀ ਹੈ, ਆਯੁਸ਼ਮਾਨ ਭਾਰਤ ਜਿਹੀ ਪਹਿਲ ਰਾਹੀਂ ਉਨ੍ਹਾਂ ਨੂੰ ਕਿਫਾਇਤੀ ਅਤੇ ਪਹੁੰਚਯੋਗ ਬਣਾਉਣ ਦਾ ਪ੍ਰਯਾਸ ਕਰ ਰਹੀ ਹੈ।”

ਡਾ. ਮਾਂਡਵੀਯਾ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਸਰਕਾਰ ਨੇ ਦੇਸ਼ ਵਿੱਚ ਸਿਹਤ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਲਈ ਕਈ ਕਦਮ ਚੁੱਕੇ ਹਨ। ਗ਼ਰੀਬਾਂ ਦੇ ਲਈ ਇਲਾਜ ਦੀ ਲਾਗਤ ਘੱਟ ਕਰਨ ਦੇ ਨਾਲ-ਨਾਲ ਡਾਕਟਰਾਂ ਦੀ ਸੰਖਿਆ ਵੀ ਤੇਜ਼ੀ ਨਾਲ ਵਧਾਉਣ ਦਾ ਪ੍ਰਯਾਸ ਕੀਤਾ ਜਾ ਰਿਹਾ ਹੈ। ਪਿਛਲੇ 9 ਵਰ੍ਹਿਆਂ ਵਿੱਚ ਮੈਡੀਕਲ ਕਾਲਜਾਂ ਦੀ ਸੰਖਿਆ ਦੁੱਗਣੀ ਤੋਂ ਵਧ ਹੋ ਗਈ ਹੈ। ਇਸ ਤਰ੍ਹਾਂ, 10 ਸਾਲ ਤੋਂ ਵੀ ਘੱਟ ਸਮੇਂ ਵਿੱਚ ਐੱਮਬੀਬੀਐੱਸ, ਪੀਜੀ ਅਤੇ ਨਰਸਿੰਗ ਸੀਟਾਂ ਦੀ ਸੰਖਿਆ ਵਿੱਚ ਬੇਮਿਸਾਲ ਵਾਧਾ ਹੋਇਆ ਹੈ।”

ਜਾਗਰੂਕਤਾ ਵਧਾਉਣ ਅਤੇ ਅੰਤਿਮ ਮੀਲ ਤੱਕ ਸਿਹਤ ਸੇਵਾਵਾਂ ਦੀ ਡਿਲੀਵਰੀ ਸੁਨਿਸ਼ਚਿਤ ਕਰਨ ਲਈ ਸਰਕਾਰ ਦੀ ਪ੍ਰਤੀਬੱਧਤਾ ਅਤੇ ਸੰਕਲਪ ਨੂੰ ਉਜਾਗਰ ਕਰਦੇ ਹੋਏ, ਡਾ. ਮਾਂਡਵੀਯਾ ਨੇ ਕਿਹਾ, “ਕਈ ਦੇਸ਼ਾਂ ਤੋਂ ਵੱਖ, ਭਾਰਤ ਵਿੱਚ ਚਾਰ ਪੱਧਰੀ ਸਿਹਤ ਸੰਭਾਲ਼ ਪ੍ਰਣਾਲੀ ਹੈ ਜੋ ਜ਼ਮੀਨੀ ਪੱਧਰ ਤੋਂ ਪ੍ਰਾਇਮਰੀ, ਸੈਕੰਡਰੀ ਤੋਂ ਤੀਜੇ ਦਰਜੇ ਤੱਕ ਕੰਮ ਕਰਦੀ ਹੈ, ਜਿਸ ਵਿੱਚ ਗ੍ਰਾਮੀਣ ਅਤੇ ਸ਼ਹਿਰੀ ਖੇਤਰਾਂ ਵਿੱਚ ਆਯੁਸ਼ਮਾਨ ਆਰੋਗਯ ਮੰਦਿਰ ਜਿਹੇ ਸੰਸਥਾਨ ਸਥਾਪਿਤ ਕੀਤੇ ਗਏ ਹਨ।

ਉਹ ਖੁਦ ਵਿਆਪਕ ਸਿਹਤ ਸੇਵਾਵਾਂ ਦੀ ਮੇਜ਼ਬਾਨੀ ਕਰਦੇ ਹਨ ਅਤੇ ਆਪਣੇ ਸਬੰਧਿਤ ਸਥਾਨਾਂ ‘ਤੇ ਵੰਚਿਤ ਲੋਕਾਂ ਨੂੰ ਸੈਕੰਡਰੀ ਅਤੇ ਤੀਜੇ ਪੱਧਰ ਦੇ ਸਲਾਹ-ਮਸ਼ਵਰੇ ਨਾਲ ਜੋੜਨ ਦਾ ਕੰਮ ਵੀ ਕਰਦੇ ਹਨ, ਜਿਸ ਨਾਲ ਮਰੀਜ਼ ਦੇ ਸਮੇਂ ਅਤੇ ਪੈਸੇ ਦੀ ਬਚਤ ਹੁੰਦੀ ਹੈ ਅਤੇ ਸਸਤੀ ਦਰਾਂ ‘ਤੇ ਆਸਾਨੀ ਨਾਲ ਸੇਵਾਵਾਂ ਅਤੇ ਦੇਖਭਾਲ ਪ੍ਰਦਾਨ ਕੀਤੀਆਂ ਜਾਂਦੀਆਂ ਹਨ।”

ਦੁਨੀਆ ਵਿੱਚ ਸਿਹਤ ਸੇਵਾਵਾਂ ਵਿੱਚ ਭਾਰਤ ਦੇ ਯੋਗਦਾਨ ਅਤੇ ਪ੍ਰਚਾਰ ‘ਤੇ ਜ਼ੋਰ ਦਿੰਦੇ ਹੋਏ, ਡਾ. ਮਾਂਡਵੀਯਾ ਨੇ ਕਿਹਾ, “ ਭਾਰਤ ਦੀ ਮੈਡੀਕਲ ਅਤੇ ਸਿਹਤ ਸੇਵਾਵਾਂ ਸਾਡੀਆਂ ਸਰਹੱਦਾਂ ਤੋਂ ਪਰੇ, ਪੂਰੀ ਦੁਨੀਆ ਤੱਕ ਫੈਲੀਆਂ ਹੋਈਆਂ ਹਨ। ਇਹ ਪ੍ਰਤੀਬੱਧਤਾ ‘ਵਸੁਧੈਵ ਕੁਟੁੰਬਕਮ’ ਦੇ ਸਾਡੇ ਦਰਸ਼ਨ ‘ਤੇ ਅਧਾਰਿਤ ਹੈ। ਡਾ. ਮਾਂਡਵੀਯਾ ਨੇ ਅੱਗੇ ਕਿਹਾ, “ਇੱਕ ਰਾਸ਼ਟਰ ਦੇ ਰੂਪ ਵਿੱਚ, ਅਸੀਂ ਖੋਜ ਅਤੇ ਵਿਕਾਸ ਅਤੇ ਹੀਲ ਇਨ ਇੰਡੀਆ, ਹੀਲ ਬਾਏ ਇੰਡੀਆ ਜਿਹੀਆਂ ਪਹਿਲਾਂ ਨੂੰ ਪ੍ਰਾਥਮਿਕਤਾ ਦੇਣ ਦਾ ਪ੍ਰਯਾਸ ਕਰਦੇ ਹਾਂ।”

ਇਸ ਪ੍ਰੋਗਰਾਮ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀਆਂ ਸਿਹਤ ਸੇਵਾਵਾਂ ਦੇ ਡਾਇਰੈਕਟਰ ਡਾ. ਅਤੁਲ ਗੋਇਲ, ਲੇਡੀ ਹਾਰਡਿੰਗ ਮੈਡੀਕਲ ਕਾਲਜ ਦੇ ਡਾਇਰੈਕਟਰ ਡਾ. ਸੁਭਾਸ਼ ਗਿਰੀ, ਸੀਨੀਅਰ ਸਰਕਾਰੀ ਅਧਿਕਾਰੀ, ਉੱਘੇ ਪਤਵੰਤੇ, ਫੈਕਲਟੀ ਮੈਂਬਰ ਅਤੇ ਲੇਡੀ ਹਾਰਡਿੰਗ ਮੈਡੀਕਲ ਕਾਲਜ, ਅਟਲ ਬਿਹਾਰੀ ਵਾਜਪੇਈ ਇੰਸਟੀਟਿਊਟ ਆਵ੍ ਮੈਡੀਕਲ ਰਿਸਰਚ ਐਂਡ ਆਰਐੱਮਐੱਲ ਹਸਪਤਾਲ, ਸਫ਼ਦਰਜੰਗ ਹਸਪਤਾਲ, ਵਰਧਮਾਨ ਮਹਾਵੀਰ ਮੈਡੀਕਲ ਕਾਲਜ ਅਤੇ ਰਾਜਕੁਮਾਰੀ ਅੰਮ੍ਰਿਤ ਕੌਰ ਕਾਲਜ ਆਵ੍ ਨਰਸਿੰਗ ਦੇ ਵਿਦਿਆਰਥੀ ਮੌਜੂਦ ਸਨ।

************

ਐੱਮਵੀ



(Release ID: 1994559) Visitor Counter : 61


Read this release in: English , Urdu , Hindi