ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਐੱਸਸੀ-ਐੱਸਟੀ ਉੱਦਮੀਆਂ ਲਈ ਜਾਲੌਨ, ਉੱਤਰ ਪ੍ਰਦੇਸ਼ ਵਿੱਚ ਰਾਸ਼ਟਰੀ ਐੱਸਸੀ-ਐੱਸਟੀ ਹੱਬ ਮੈਗਾ ਕਨਕਲੇਵ ਦਾ ਆਯੋਜਨ
Posted On:
22 NOV 2023 5:00PM by PIB Chandigarh
ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ (ਐੱਮਐੱਸਐੱਮਈ) ਨੇ ਅੱਜ ਜਾਲੌਨ, ਉੱਤਰ ਪ੍ਰਦੇਸ਼ ਵਿੱਚ ਰਾਸ਼ਟਰੀ ਐੱਸਸੀ-ਐੱਸਟੀ ਹੱਬ ਅਤੇ ਮੰਤਰਾਲੇ ਦੀਆਂ ਹੋਰ ਯੋਜਨਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਉੱਦਮਤਾ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਇੱਕ ਵੱਡੀ ਕਾਨਫਰੰਸ ਦਾ ਆਯੋਜਨ ਕੀਤਾ। ਇਸ ਮੌਕੇ ਕੇਂਦਰੀ ਐੱਮਐੱਸਐੱਮਈ ਰਾਜ ਮੰਤਰੀ ਸ਼੍ਰੀ ਭਾਨੂ ਪ੍ਰਤਾਪ ਸਿੰਘ ਵਰਮਾ, ਉੱਤਰ ਪ੍ਰਦੇਸ਼ ਸਰਕਾਰ ਦੇ ਸਮਾਜ ਭਲਾਈ, ਅਨੁਸੂਚਿਤ ਜਾਤੀ ਅਤੇ ਜਨਜਾਤੀ ਭਲਾਈ ਰਾਜ ਮੰਤਰੀ ਸ਼੍ਰੀ ਸੰਜੀਵ ਕੁਮਾਰ ਗੋਂਡ, ਵਿਧਾਇਕ ਸ਼੍ਰੀ ਗੌਰੀ ਸ਼ੰਕਰ ਵਰਮਾ, ਸੰਯੁਕਤ ਸਕੱਤਰ-ਐੱਸਐੱਮਈ ਐੱਮਐੱਸਐੱਮਈ ਮੰਤਰਾਲਾ ਸ਼੍ਰੀਮਤੀ ਮਰਸੀ ਅਪਾਓ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਸੰਮੇਲਨ ਦਾ ਆਯੋਜਨ ਬਹਾਦਰ ਮਹਿਲਾ ਝਲਕਾਰੀ ਬਾਈ ਦੀ ਯਾਦ ਵਿੱਚ ਝਲਕਾਰੀ ਬਾਈ ਦੀ ਜਯੰਤੀ ਮੌਕੇ ਕਰਵਾਇਆ ਗਿਆ । ਝਲਕਾਰੀ ਬਾਈ ਇੱਕ ਮਹਾਨ ਸੁਤੰਤਰਤਾ ਸੈਨਾਨੀ ਸੀ, ਜਿਨ੍ਹਾਂ ਝਾਂਸੀ ਦੀ ਰਾਣੀ ਦੇ ਨਾਲ ਸੁਤੰਤਰਤਾ ਸੰਗਰਾਮ ਵਿੱਚ ਹਿੱਸਾ ਲਿਆ ਸੀ। ਜਾਲੌਨ ਅਤੇ ਆਸ-ਪਾਸ ਦੇ ਖੇਤਰਾਂ ਦੇ 800 ਤੋਂ ਵੱਧ ਐੱਸਸੀ-ਐੱਸਟੀ ਅਭਿਲਾਸ਼ੀ ਅਤੇ ਮੌਜੂਦਾ ਉੱਦਮੀਆਂ ਨੇ ਪ੍ਰੋਗਰਾਮ ਵਿੱਚ ਹਿੱਸਾ ਲਿਆ।
ਪ੍ਰੋਗਰਾਮ ਦੌਰਾਨ ਕੇਂਦਰੀ ਰਾਜ ਮੰਤਰੀ ਸ਼੍ਰੀ ਭਾਨੂ ਪ੍ਰਤਾਪ ਸਿੰਘ ਵਰਮਾ ਵੱਲੋਂ ਨੈਸ਼ਨਲ ਐੱਸਸੀ-ਐੱਸਟੀ ਹੱਬ ਦਫ਼ਤਰ (ਐੱਨਐੱਸਐੱਸਐੱਚਓ) ਜਾਲੌਨ ਦਾ ਉਦਘਾਟਨ ਵੀ ਕੀਤਾ ਗਿਆ। ਕਾਨਫਰੰਸ ਨੇ ਅਭਿਲਾਸ਼ੀ/ਮੌਜੂਦਾ ਉੱਦਮੀਆਂ ਨੂੰ ਕਾਨਫਰੰਸ ਦੌਰਾਨ ਆਯੋਜਿਤ ਵੱਖ-ਵੱਖ ਸੈਸ਼ਨਾਂ ਰਾਹੀਂ ਕੇਂਦਰ ਅਤੇ ਰਾਜ ਸਰਕਾਰ ਦੇ ਵਿਭਾਗਾਂ, ਕੇਂਦਰੀ ਜਨਤਕ ਖੇਤਰ ਦੇ ਅਦਾਰਿਆਂ ਅਤੇ ਉਦਯੋਗ ਸੰਘਾਂ ਨਾਲ ਗੱਲਬਾਤ ਕਰਨ ਲਈ ਇੱਕ ਮੰਚ ਵੀ ਪ੍ਰਦਾਨ ਕੀਤਾ।
ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੀ ਸੰਜੀਵ ਕੁਮਾਰ ਗੋਂਡ ਨੇ ਉੱਦਮਤਾ ਦੀ ਮਹੱਤਤਾ ਅਤੇ ਰਾਜ ਦੀ ਐੱਸਸੀ-ਐੱਸਟੀ ਆਬਾਦੀ ਦੇ ਸਮਾਜਿਕ-ਆਰਥਿਕ, ਵਿਦਿਅਕ ਅਤੇ ਵਿੱਤੀ ਉੱਨਤੀ ਲਈ ਕੀਤੇ ਗਏ ਵੱਖ-ਵੱਖ ਪਹਿਲਕਦਮੀਆਂ ਬਾਰੇ ਦੱਸਿਆ। ਉਨ੍ਹਾਂ ਨੇ ਸੂਬੇ ਦੀ ਆਰਥਿਕਤਾ ਨੂੰ ਇੱਕ ਟ੍ਰਿਲੀਅਨ ਡਾਲਰ ਤੱਕ ਲਿਜਾਣ ਦੇ ਮੁੱਖ ਮੰਤਰੀ ਦੇ ਸੰਕਲਪ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ।
ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੀ ਭਾਨੂ ਪ੍ਰਤਾਪ ਸਿੰਘ ਵਰਮਾ ਨੇ ਦੇਸ਼ ਦੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਅਤੇ ਭਾਰਤ ਤੋਂ ਕੁੱਲ ਨਿਰਯਾਤ ਵਿੱਚ ਇਸ ਦੇ ਯੋਗਦਾਨ ਦੇ ਮੱਦੇਨਜ਼ਰ ਭਾਰਤੀ ਅਰਥਵਿਵਸਥਾ ਵਿੱਚ ਐੱਮਐੱਸਐੱਮਈ ਸੈਕਟਰ ਦੀ ਭੂਮਿਕਾ ਨੂੰ ਮਹੱਤਵਪੂਰਨ ਦੱਸਿਆ। ਕੇਂਦਰੀ ਮੰਤਰੀ ਨੇ ਕਿਹਾ ਕਿ ਐੱਮਐੱਸਐੱਮਈ ਨਾ ਸਿਰਫ਼ ਵੱਡੇ ਪੱਧਰ 'ਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਦੇ ਹਨ ਸਗੋਂ ਪੇਂਡੂ ਅਤੇ ਪਛੜੇ ਖੇਤਰਾਂ ਵਿੱਚ ਉਦਯੋਗੀਕਰਨ ਨੂੰ ਉਤਸ਼ਾਹਿਤ ਕਰਨ ਵਿੱਚ ਵੀ ਮਦਦ ਕਰਦੇ ਹਨ। ਉਨ੍ਹਾਂ ਨੇ ਐੱਮਐੱਸਐੱਮਈ ਸੈਕਟਰ ਨੂੰ ਸਸ਼ਕਤ ਬਣਾਉਣ ਲਈ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਤੋਂ ਪੈਦਾ ਹੋਣ ਵਾਲੀਆਂ ਸੰਭਾਵਨਾਵਾਂ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ਕਾਨਫਰੰਸ ਰਾਹੀਂ ਸੂਬੇ ਦੇ ਅਨੁਸੂਚਿਤ ਜਾਤੀ/ਜਨਜਾਤੀ ਉੱਦਮੀ ਨਵੇਂ ਤਰੀਕੇ, ਵਪਾਰਕ ਮੌਕਿਆਂ ਦੀ ਖੋਜ ਕਰ ਸਕਣਗੇ ਅਤੇ ਇਨ੍ਹਾਂ ਸਕੀਮਾਂ ਦੀ ਵੱਧ ਤੋਂ ਵੱਧ ਫਾਇਦਾ ਲੈਣਗੇ।
ਇਸ ਮੌਕੇ 'ਤੇ ਬੋਲਦੇ ਹੋਏ, ਐੱਮਐੱਸਐੱਮਈ ਮੰਤਰਾਲੇ ਦੀ ਸੰਯੁਕਤ ਸਕੱਤਰ ਕੁਮਾਰੀ ਮਰਸੀ ਅਪਾਓ ਨੇ ਮੰਤਰਾਲੇ ਦੀਆਂ ਹੋਰ ਵੱਡੀਆਂ ਯੋਜਨਾਵਾਂ ਦੇ ਨਾਲ ਐੱਸਸੀ-ਐੱਸਟੀ ਉੱਦਮੀਆਂ ਲਈ ਰਾਸ਼ਟਰੀ ਐੱਸਸੀ-ਐੱਸਟੀ ਹੱਬ ਯੋਜਨਾ ਦੇ ਤਹਿਤ ਲਾਗੂ ਕੀਤੀਆਂ ਗਈਆਂ ਵੱਖ-ਵੱਖ ਪਹਿਲਕਦਮੀਆਂ ਬਾਰੇ ਦੱਸਿਆ। ਉਨ੍ਹਾਂ ਨੇ ਕਾਨਫਰੰਸ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਭਾਗੀਦਾਰਾਂ ਨੂੰ ਐੱਮਐੱਸਐੱਮਈ ਮੰਤਰਾਲੇ ਦੀਆਂ ਵੱਖ-ਵੱਖ ਸਕੀਮਾਂ ਤਹਿਤ ਉਪਲਬਧ ਸਹੂਲਤਾਂ ਦਾ ਲਾਭ ਲੈਣ ਦੀ ਅਪੀਲ ਕੀਤੀ।
ਵਿਧਾਇਕ, ਸ਼੍ਰੀ ਗੌਰੀ ਸ਼ੰਕਰ ਵਰਮਾ ਨੇ ਓਰਾਈ, ਜਾਲੌਨ ਵਿਖੇ ਐੱਨਐੱਸਐੱਸਐੱਚ ਦਫਤਰ ਦੇ ਉਦਘਾਟਨ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਦਫ਼ਤਰ ਦੇ ਖੁੱਲਣ ਨਾਲ ਐੱਸਸੀ-ਐੱਸਟੀ ਨੌਜਵਾਨਾਂ ਨੂੰ ਉੱਦਮਤਾ ਦੇ ਰਾਹ 'ਤੇ ਅੱਗੇ ਵਧਣ ਵਿੱਚ ਮਦਦ ਮਿਲੇਗੀ ਅਤੇ ਮੌਜੂਦਾ ਉਦਯੋਗਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ। ਉਨ੍ਹਾਂ ਨੇ ਭਾਗੀਦਾਰਾਂ ਨੂੰ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਤਹਿਤ ਮਿਲ ਰਹੀਆਂ ਸਹੂਲਤਾਂ ਦਾ ਲਾਭ ਉਠਾਉਣ ਦੀ ਅਪੀਲ ਕੀਤੀ ਅਤੇ ਉਨ੍ਹਾਂ ਨੂੰ ਰੁਜ਼ਗਾਰ ਪ੍ਰਾਪਤੀ ਦੀ ਬਜਾਏ ਰੁਜ਼ਗਾਰ ਦੇਣ ਵਾਲੇ ਬਣਨ 'ਤੇ ਜ਼ੋਰ ਦਿੱਤਾ।
ਮੌਜੂਦਾ ਐੱਸਸੀ-ਐੱਸਟੀ ਉੱਦਮੀਆਂ ਅਤੇ ਚਾਹਵਾਨ ਭਾਗੀਦਾਰਾਂ ਲਈ ਚਰਚਾ ਅਤੇ ਗੱਲਬਾਤ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨ ਲਈ ਕੇਂਦਰੀ ਜਨਤਕ ਖੇਤਰ ਦੇ ਅਦਾਰਿਆਂ (ਸੀਪੀਐੱਸਈ), ਬੈਂਕਾਂ ਅਤੇ ਉਧਾਰ ਦੇਣ ਵਾਲੀਆਂ ਵਿੱਤੀ ਸੰਸਥਾਵਾਂ ਨਾਲ ਇੱਕ ਵਿਸ਼ੇਸ਼ ਤਕਨੀਕੀ ਸੈਸ਼ਨ ਵੀ ਆਯੋਜਿਤ ਕੀਤਾ ਗਿਆ ਸੀ। ਇਸ ਦੌਰਾਨ ਦਕਸ਼ਾਂਚਲ ਬਿਜਲੀ ਵੰਡ ਨਿਗਮ ਲਿਮਿਟੇਡ (ਡੀਵੀਵੀਐੱਨਐੱਲ), ਨਿਊਕਲੀਅਰ ਪਾਵਰ ਕਾਰਪੋਰੇਸ਼ਨ ਆਫ ਇੰਡੀਆ ਲਿਮਿਟੇਡ (ਐੱਨਪੀਸੀਆਈਐੱਲ), ਉੱਤਰੀ ਮੱਧ ਰੇਲਵੇ, ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ, ਭਾਰਤ ਹੈਵੀ ਇਲੈਕਟ੍ਰੀਕਲਜ਼ ਲਿਮਿਟਡ, ਗੇਲ ਇੰਡੀਆ ਲਿਮਟਿਡ, ਬੁੰਦੇਲਖੰਡ ਸੋਲਰ ਐਨਰਜੀ ਲਿਮਿਟੇਡ (ਬੀਐੱਸਯੂਐੱਲ), ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ਜਿਹੇ ਕੇਂਦਰੀ ਜਨਤਕ ਖੇਤਰ ਦੇ ਅਦਾਰਿਆਂ ਨੇ ਵਿਕਰੇਤਾਵਾਂ ਨੂੰ ਉਨ੍ਹਾਂ ਦੇ ਕੰਮਕਾਜ ਵਿੱਚ ਸ਼ਾਮਲ ਕਰਨ ਦੀ ਪ੍ਰਕਿਰਿਆ ਬਾਰੇ ਇੱਕ ਪੇਸ਼ਕਾਰੀ ਦਿੱਤੀ ਅਤੇ ਐੱਸਸੀ-ਐੱਸਟੀ ਮਲਕੀਅਤ ਵਾਲੇ ਛੋਟੇ ਅਤੇ ਦਰਮਿਆਨੇ ਉਦਯੋਗਾਂ ਤੋਂ ਖਰੀਦੇ ਜਾਣ ਵਾਲੇ ਉਤਪਾਦਾਂ/ਸੇਵਾਵਾਂ ਬਾਰੇ ਵੀ ਦੱਸਿਆ। ਸਿਡਬੀ, ਇਫ਼ਕੀ, ਵੈਂਚਰ ਕੈਪੀਟਲ ਫੰਡ ਅਤੇ ਇੰਡੀਅਨ ਬੈਂਕ ਵਰਗੀਆਂ ਵਿੱਤੀ ਸੰਸਥਾਵਾਂ ਨੇ ਵੀ ਪ੍ਰੋਗਰਾਮ ਵਿੱਚ ਹਿੱਸਾ ਲਿਆ ਅਤੇ ਐੱਮਐੱਸਐੱਮਈ ਸੈਕਟਰ ਨਾਲ ਸਬੰਧਤ ਵੱਖ-ਵੱਖ ਕਰਜ਼ਾ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਹੋਰ ਸਰਕਾਰੀ ਏਜੰਸੀਆਂ ਜਿਵੇਂ ਕਿ ਜੈੱਮ ਅਤੇ ਯੂਪੀਐੱਸਐੱਫਡੀਸੀ ਨੇ ਵੀ ਇਸ ਸਮਾਗਮ ਵਿੱਚ ਹਿੱਸਾ ਲਿਆ ਅਤੇ ਐੱਮਐੱਸਐੱਮਈ ਦੀ ਸਹੂਲਤ ਲਈ ਆਪਣੀਆਂ ਸਕੀਮਾਂ ਬਾਰੇ ਦੱਸਿਆ। ਪ੍ਰੋਗਰਾਮ ਵਿੱਚ, ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਅਤੇ ਐੱਸਸੀ-ਐੱਸਟੀ ਐੱਮਐੱਸਈ ਭਾਗੀਦਾਰਾਂ ਲਈ ਐਂਟਰਪ੍ਰਾਈਜ਼ ਰਜਿਸਟ੍ਰੇਸ਼ਨ ਲਈ ਸੀਐੱਸਸੀ ਜਾਲੌਨ ਦਾ ਹੈਲਪ ਡੈਸਕ ਵੀ ਸਥਾਪਿਤ ਕੀਤਾ ਗਿਆ ਸੀ, ਜਿਸ ਵਿੱਚ ਮੌਕੇ 'ਤੇ ਹੀ ਰਜਿਸਟ੍ਰੇਸ਼ਨ ਦੀ ਸਹੂਲਤ ਪ੍ਰਦਾਨ ਕੀਤੀ ਗਈ ਸੀ।
*** *** ***
ਐੱਨਐੱਸਕੇ
(Release ID: 1980386)