ਰੱਖਿਆ ਮੰਤਰਾਲਾ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 19ਵੀਆਂ ਏਸ਼ਿਆਈ ਖੇਡਾਂ ਵਿੱਚ ਮੈਡਲ ਜਿੱਤਣ ਵਾਲੇ ਹਥਿਆਰਬੰਦ ਬਲਾਂ ਦੇ ਜਵਾਨਾਂ ਨੂੰ ਨਕਦ ਇਨਾਮ ਦੇਣ ਦਾ ਐਲਾਨ ਕੀਤਾ
ਗੋਲਡ ਮੈਡਲ ਜੇਤੂਆਂ ਨੂੰ 25 ਲੱਖ ਰੁਪਏ; ਸਿਲਵਰ ਮੈਡਲ ਜਿੱਤਣ ਵਾਲਿਆਂ ਨੂੰ 15 ਲੱਖ ਰੁਪਏ ਅਤੇ ਕਾਂਸੀ ਦਾ ਮੈਡਲ ਜਿੱਤਣ ਵਾਲਿਆਂ ਨੂੰ 10 ਲੱਖ ਰੁਪਏ ਦਿੱਤੇ ਜਾਣਗੇ
ਮੈਡਲ ਅਤੇ ਪ੍ਰਦਰਸ਼ਨ ਦੇਸ਼ ਦੇ ਕਈ ਨੌਜਵਾਨਾਂ ਨੂੰ ਪ੍ਰੇਰਿਤ ਕਰਨਗੇ: ਸ਼੍ਰੀ ਰਾਜਨਾਥ ਸਿੰਘ
Posted On:
17 OCT 2023 5:31PM by PIB Chandigarh
ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਚੀਨ ਦੇ ਹਾਂਗਝੂ ਵਿੱਚ ਹਾਲ ਹੀ ਵਿੱਚ ਸਮਾਪਤ ਹੋਈਆਂ 19ਵੀਆਂ ਏਸ਼ਿਆਈ ਖੇਡਾਂ ਵਿੱਚ ਭਾਗ ਲੈਣ ਵਾਲੇ ਹਥਿਆਰਬੰਦ ਬਲਾਂ ਦੇ ਮੈਡਲ ਜੇਤੂਆਂ, ਭਾਗੀਦਾਰਾਂ ਅਤੇ ਸਹਿਯੋਗੀ ਸਟਾਫ਼ ਨੂੰ 17 ਅਕਤੂਬਰ, 2023 ਨੂੰ ਸਨਮਾਨਿਤ ਕੀਤਾ। ਰੱਖਿਆ ਮੰਤਰੀ ਨੇ ਨਵੀਂ ਦਿੱਲੀ ਵਿੱਚ ਹੋਏ ਸਨਮਾਨ ਸਮਾਰੋਹ ਵਿੱਚ ਭਾਗ ਲੈਣ ਵਾਲੇ ਕੁੱਲ 76 ਖਿਡਾਰੀਆਂ ਅਤੇ ਸਟਾਫ਼ ਨਾਲ ਗੱਲਬਾਤ ਕੀਤੀ ਅਤੇ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਵਧਾਈ ਦਿੱਤੀ।
ਰੱਖਿਆ ਮੰਤਰੀ ਵੱਲੋਂ ਸਨਮਾਨਿਤ ਕੀਤੇ ਗਏ ਕਰਮਚਾਰੀਆਂ ਦੀ ਸੂਚੀ ਦੇਖਣ ਲਈ ਇੱਥੇ ਕਲਿੱਕ ਕਰੋ
ਰੱਖਿਆ ਮੰਤਰਾਲੇ ਦੀ ਨੁਮਾਇੰਦਗੀ ਕਰਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਥਿਆਰਬੰਦ ਬਲਾਂ ਦੇ ਉਨ੍ਹਾਂ ਜਵਾਨਾਂ ਨੂੰ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ, ਜਿਨ੍ਹਾਂ ਨੇ 16 ਵਿਅਕਤੀਗਤ ਮੈਡਲ (3 ਗੋਲਡ, 6 ਸਿਲਵਰ ਅਤੇ 7 ਕਾਂਸੀ ਦੇ ਮੈਡਲ) ਅਤੇ ਅੱਠ ਟੀਮ ਮੈਡਲ (2 ਗੋਲਡ, 3 ਸਿਲਵਰ ਅਤੇ 3 ਕਾਂਸੀ ਦੇ ਮੈਡਲ) ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ ਅਤੇ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਵਿਚ ਇੱਕ ਵਾਰ ਫਿਰ ਆਪਣੀ ਕਾਬਲੀਅਤ ਸਾਬਤ ਕੀਤੀ ਹੈ। ਰੱਖਿਆ ਮੰਤਰਾਲੇ ਵੱਲੋਂ ਗੋਲਡ ਮੈਡਲ ਜੇਤੂਆਂ ਨੂੰ 25 ਲੱਖ ਰੁਪਏ; ਸਿਲਵਰ ਮੈਡਲ ਜਿੱਤਣ ਵਾਲੇ ਨੂੰ 15 ਲੱਖ ਰੁਪਏ ਅਤੇ ਕਾਂਸੀ ਦਾ ਮੈਡਲ ਜਿੱਤਣ ਵਾਲੇ ਨੂੰ 10 ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। 23 ਸਤੰਬਰ ਤੋਂ 8 ਅਕਤੂਬਰ, 2023 ਤੱਕ ਹੋਈਆਂ 19ਵੀਆਂ ਏਸ਼ਿਆਈ ਖੇਡਾਂ ਵਿੱਚ ਤਿੰਨ ਮਹਿਲਾ ਅਥਲੀਟਾਂ ਸਮੇਤ 88 ਸੈਨਿਕਾਂ ਦੀ ਇੱਕ ਟੁਕੜੀ ਨੇ 18 ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਭਾਗ ਲਿਆ ਸੀ।
ਆਪਣੇ ਸੰਬੋਧਨ ਦੌਰਾਨ ਰੱਖਿਆ ਮੰਤਰੀ ਨੇ ਸਾਰੇ ਅਥਲੀਟਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਆਪਣਾ ਸਰਬੋਤਮ ਪ੍ਰਦਰਸ਼ਨ ਕੀਤਾ ਪਰ ਮੈਡਲ ਹਾਸਲ ਨਹੀਂ ਕਰ ਸਕੇ। ਸ਼੍ਰੀ ਰਾਜਨਾਥ ਸਿੰਘ ਨੇ ਫਲਾਇੰਗ ਸਿੱਖ ਮਿਲਖਾ ਸਿੰਘ ਦੀ ਉਦਾਹਰਣ ਦਿੱਤੀ, ਜੋ 1960 ਦੇ ਰੋਮ ਓਲੰਪਿਕ ਵਿੱਚ 400 ਮੀਟਰ ਦੌੜ ਵਿੱਚ ਬਹੁਤ ਘੱਟ ਫ਼ਰਕ ਨਾਲ ਮੈਡਲ ਤੋਂ ਖੁੰਝ ਗਏ ਸਨ, ਪਰ ਫਿਰ ਵੀ ਭਾਰਤੀ ਅਥਲੈਟਿਕਸ ਲਈ ਇੱਕ ਮਾਰਗ ਦਰਸ਼ਕ ਵਜੋਂ ਉੱਭਰੇ ਸਨ। ਉਨ੍ਹਾਂ ਕਿਹਾ ਕਿ ਮਿਲਖਾ ਸਿੰਘ ਅੱਜ ਵੀ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਹਨ।
ਸ਼੍ਰੀ ਰਾਜਨਾਥ ਸਿੰਘ ਨੇ ਵਿਸ਼ਵਾਸ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਮੈਡਲ ਅਤੇ ਪ੍ਰਦਰਸ਼ਨ ਦੇਸ਼ ਦੇ ਸਾਰੇ ਨੌਜਵਾਨਾਂ ਨੂੰ ਖੇਡਾਂ ਦੇ ਖੇਤਰ ਵਿੱਚ ਅੱਗੇ ਆਉਣ ਲਈ ਪ੍ਰੇਰਿਤ ਕਰਨਗੇ। ਉਨ੍ਹਾਂ ਖਿਡਾਰੀਆਂ ਨੂੰ ਕਿਹਾ ਕਿ ਤੁਸੀਂ ਸਿਰਫ਼ ਇੱਕ ਮੈਡਲ ਦੀ ਹੀ ਪ੍ਰਤੀਨਿਧਤਾ ਨਹੀਂ ਕਰ ਰਹੇ ਹੋ, ਸਗੋਂ ਤੁਸੀਂ ਭਾਰਤੀ ਸਮਾਜ ਦੀ ਉੱਤਮਤਾ ਦੀ ਕਹਾਣੀ ਦੀ ਮਿਸਾਲ ਵੀ ਪੇਸ਼ ਕਰ ਰਹੇ ਹੋ। ਰੱਖਿਆ ਮੰਤਰੀ ਨੇ ਕਿਹਾ ਕਿ ਤੁਸੀਂ ਸਾਰੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਦਾ ਵੱਡਾ ਜ਼ਰੀਆ ਹੋ।
ਰੱਖਿਆ ਮੰਤਰੀ ਨੇ ਹਥਿਆਰਬੰਦ ਬਲਾਂ ਦੇ ਜਵਾਨਾਂ ਦੀ ਹਮੇਸ਼ਾ ਮੈਡਲ ਜਿੱਤਣ ਅਤੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਜੇਤੂ ਬਣਨ ਲਈ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜੰਗ ਦਾ ਮੈਦਾਨ ਹੋਵੇ ਜਾਂ ਖੇਡ ਦਾ ਮੈਦਾਨ, ਇਕ ਸਿਪਾਹੀ ਹਮੇਸ਼ਾ ਹੀ ਲਗਨ, ਅਨੁਸ਼ਾਸਨ, ਸਖ਼ਤ ਮਿਹਨਤ ਅਤੇ ਦੇਸ਼ ਲਈ ਕੁਝ ਕਰਨ ਦੀ ਇੱਛਾ ਨਾਲ ਹਮੇਸ਼ਾ ਸ਼ਾਨਦਾਰ ਪ੍ਰਦਰਸ਼ਨ ਕਰਦਾ ਹੈ। ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਸਾਰੇ ਗੁਣ ਸਾਨੂੰ ਖੇਡ ਮੁਕਾਬਲਿਆਂ ਵਿੱਚ ਮੈਡਲ ਜਿੱਤਣ ਵਿੱਚ ਮਦਦ ਕਰਦੇ ਹਨ। ਉਨ੍ਹਾਂ ਕਿਹਾ ਕਿ ਇੱਕ ਸਿਪਾਹੀ ਦੇ ਅੰਦਰ ਇੱਕ ਖਿਡਾਰੀ ਹੁੰਦਾ ਹੈ ਅਤੇ ਇੱਕ ਖਿਡਾਰੀ ਦੇ ਅੰਦਰ ਇੱਕ ਸਿਪਾਹੀ ਛੁਪਿਆ ਹੁੰਦਾ ਹੈ।
ਸ਼੍ਰੀ ਰਾਜਨਾਥ ਸਿੰਘ ਨੇ ਇਹ ਵੀ ਕਿਹਾ ਕਿ ਭਾਰਤੀ ਐਥਲੀਟਾਂ ਦਾ ਪ੍ਰਦਰਸ਼ਨ ਵਿਸ਼ਵ ਪੱਧਰ 'ਤੇ ਤੇਜ਼ੀ ਨਾਲ ਵਧ ਰਹੇ ਅਤੇ ਸ਼ਕਤੀਸ਼ਾਲੀ 'ਨਿਊ ਇੰਡੀਆ' ਦੀ ਉੱਭਰਦੀ ਤਸਵੀਰ ਨੂੰ ਦਰਸਾਉਂਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕਈ ਅਧਿਐਨਾਂ ਤੋਂ ਇਹ ਵੀ ਪਤਾ ਚਲਦਾ ਹੈ ਕਿ ਕਿਸੇ ਵੀ ਦੇਸ਼ ਦੀ ਖੇਡਾਂ ਦੀ ਤਰੱਕੀ ਉਸ ਦੇਸ਼ ਦੀ ਆਰਥਿਕ ਖੁਸ਼ਹਾਲੀ ਦੇ ਕੁਝ ਹੱਦ ਤੱਕ ਅਨੁਪਾਤੀ ਹੁੰਦੀ ਹੈ। ਇਸ ਸੰਦਰਭ ਵਿੱਚ ਜਿਵੇਂ-ਜਿਵੇਂ ਭਾਰਤ ਆਰਥਿਕ ਤੌਰ 'ਤੇ ਮਜ਼ਬੂਤ ਰਾਸ਼ਟਰ ਬਣ ਰਿਹਾ ਹੈ, ਤਿਵੇਂ-ਤਿਵੇਂ ਹਰ ਖੇਤਰ ਵਿੱਚ ਸਾਡੇ ਤਗਮੇ ਵੀ ਵੱਧ ਰਹੇ ਹਨ।
ਰੱਖਿਆ ਮੰਤਰੀ ਨੇ ਇਸ ਤੱਥ 'ਤੇ ਜ਼ੋਰ ਦਿੱਤਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਅੰਦੇਸ਼ੀ ਅਗਵਾਈ ਹੇਠ ਭਾਰਤ ਰੱਖਿਆ, ਬੁਨਿਆਦੀ ਢਾਂਚਾ, ਸਿਹਤ ਅਤੇ ਸਿੱਖਿਆ ਵਰਗੇ ਹਰ ਖੇਤਰ ਵਿੱਚ ਵਿਕਾਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਵਿਸ਼ਵ ਬੈਂਕ ਹੋਵੇ ਜਾਂ ਕੌਮਾਂਤਰੀ ਮੁਦਰਾ ਫੰਡ, ਅੱਜ ਹਰ ਪਾਸੇ ਭਾਰਤ ਦੀ ਵਿਕਾਸ ਯਾਤਰਾ ਦੀ ਚਰਚਾ ਹੋ ਰਹੀ ਹੈ। ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਹਾਲ ਹੀ ਵਿੱਚ ਅਮਰੀਕੀ ਵਿੱਤੀ ਕੰਪਨੀ ਜੇਪੀ ਮੋਰਗਨ ਚੇਜ ਨੇ 'ਸਰਕਾਰੀ ਬਾਂਡ ਇੰਡੈੱਕਸ - ਉੱਭਰਦੇ ਬਜ਼ਾਰ' ਜਾਰੀ ਕੀਤਾ ਹੈ, ਜੋ ਨਿਵੇਸ਼ਕਾਂ ਦਾ ਮਾਰਗਦਰਸ਼ਨ ਕਰਦਾ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਭਾਰਤ ਨੂੰ ਪਹਿਲੀ ਵਾਰ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਇਹ ਸਾਡੇ ਦੇਸ਼ ਦੀ ਵਧ ਰਹੀ ਆਰਥਿਕ ਤਾਕਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਹੁਣ ਸਭ ਤੋਂ ਉੱਤਮ ਬਣਨ ਦੀ ਇੱਛਾ ਹੈ; ਯਾਨੀ ਦੇਸ਼ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਲਈ ਸਰਬੋਤਮ ਸਿਰਜਣ ਦੀ ਦ੍ਰਿਸ਼ਟੀ ਅਤੇ ਕਾਰਜ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅੱਜ ਦੁਨੀਆ ਭਾਰਤ ਦੇ ਵਿਕਾਸ ਦੀ ਦਾਸਤਾਂ ਦੀ ਗਵਾਹ ਬਣ ਰਹੀ ਹੈ।
ਸ਼੍ਰੀ ਰਾਜਨਾਥ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਭਾਰਤ ਵਿੱਚ ਖੇਡ ਸਭਿਆਚਾਰ ਨੂੰ ਵਿਕਸਿਤ ਕਰਨ ਦੇ ਉਦੇਸ਼ ਨਾਲ ਅਣਥੱਕ ਕੋਸ਼ਿਸ਼ਾਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਅਸੀਂ ਫਿਟ ਇੰਡੀਆ ਅਤੇ ਖੇਲੋ ਇੰਡੀਆ ਵਰਗੀਆਂ ਮੁਹਿੰਮਾਂ ਰਾਹੀਂ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਜਾਗਰੂਕਤਾ ਵਧਾਉਣ ਦਾ ਕੰਮ ਕੀਤਾ ਹੈ; ਉੱਥੇ ਦੂਜੇ ਪਾਸੇ, ਟਾਰਗੇਟ ਓਲੰਪਿਕ ਪੋਡੀਅਮ ਸਕੀਮ ਦੇ ਜ਼ਰੀਏ, ਅਸੀਂ ਓਲੰਪਿਕਸ ਵਿੱਚ ਭਾਰਤ ਦੀ ਮੈਡਲ ਗਿਣਤੀ ਨੂੰ ਵਧਾਉਣ ਲਈ ਵਚਨਬੱਧ ਹਾਂ। ਰੱਖਿਆ ਮੰਤਰੀ ਨੇ ਕਿਹਾ ਕਿ ਅੱਜ ਸਾਡਾ ਦੇਸ਼ 2036 ਵਿੱਚ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਯਤਨ ਕਰ ਰਿਹਾ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਸਾਡੇ ਦੇਸ਼ ਦੇ ਐਥਲੀਟ ਸਰਕਾਰ ਦੇ ਸਹਿਯੋਗ ਨਾਲ ਆਪਣੀ ਮਿਹਨਤ, ਲਗਨ ਅਤੇ ਜਨੂਨ ਨਾਲ ਆਉਣ ਵਾਲੇ ਸਮੇਂ ਵਿੱਚ ਭਾਰਤ ਨੂੰ ਤਮਗਾ ਸੂਚੀ ਵਿੱਚ ਸਿਖਰ 'ਤੇ ਲੈ ਜਾਣਗੇ।
ਸਨਮਾਨ ਸਮਾਰੋਹ ਵਿੱਚ ਚੀਫ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ, ਆਰਮੀ ਚੀਫ ਜਨਰਲ ਮਨੋਜ ਪਾਂਡੇ, ਏਅਰ ਫੋਰਸ ਚੀਫ ਏਅਰ ਚੀਫ ਮਾਰਸ਼ਲ ਵੀ.ਆਰ. ਚੌਧਰੀ ਅਤੇ ਜਲ ਸੈਨਾ ਦੇ ਵਾਈਸ ਚੀਫ਼ ਵਾਈਸ ਐਡਮਿਰਲ ਸੰਜੇ ਜਸਜੀਤ ਸਿੰਘ ਅਤੇ ਸਬੰਧਤ ਸੇਵਾਵਾਂ ਦੇ ਖੇਡ ਕੰਟਰੋਲ ਬੋਰਡ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
*******
ਐੱਮਜੀ/ਐੱਮਐੱਸ/ਏਆਰ/ਐੱਨਕੇ/ਐੱਸਐੱਸ
(Release ID: 1968705)
Visitor Counter : 97