ਸੈਰ ਸਪਾਟਾ ਮੰਤਰਾਲਾ

ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਨੇ ਸੰਯੁਕਤ ਰਾਸ਼ਟਰ ਵਿਸ਼ਵ ਟੂਰਿਜ਼ਮ ਸੰਗਠਨ (ਯੂਐੱਨਡਬਲਿਊਟੀਓ) ਦੇ ਸਹਿਯੋਗ ਨਾਲ ਅੱਜ ਜੀ20 ਟੂਰਿਜ਼ਮ ਅਤੇ ਐੱਸਡੀਜੀ ਡੈਸ਼ਬੋਰਡ ਦਾ ਉਦਘਾਟਨ ਕੀਤਾ


ਟੂਰਿਜ਼ਮ ਅਤੇ ਸੱਭਿਆਚਾਰਕ ਅਤੇ ਉੱਤਰ ਪੂਰਬੀ ਖੇਤਰ ਵਿਕਾਸ ਮੰਤਰੀ, ਸ਼੍ਰੀ ਜੀ ਕਿਸ਼ਨ ਰੈੱਡੀ ਨੇ ਇੱਕ ਵਰਚੁਅਲ ਸਮਾਰੋਹ ਦੌਰਾਨ ਡੈਸ਼ਬੋਰਡ ਦਾ ਉਦਘਾਟਨ ਕੀਤਾ

Posted On: 05 SEP 2023 7:24PM by PIB Chandigarh

ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਦੇ ਅਧੀਨ ਅਤੇ ਯੂਐੱਨਡਬਲਿਊਟੀਓ ਦੇ ਮਾਹਿਰਾਂ ਦੀ ਗਿਆਨਵਰਧਕ ਸਾਂਝੇਦਾਰੀ ਦੇ ਨਾਲ ਵਿਕਸਿਤ ਕੀਤਾ ਗਿਆ ਇਹ ਡੈਸ਼ਬੋਰਡ ਸਸਟੇਨੇਬਲ ਟੂਰਿਜ਼ਮ ਲਈ ਭਾਰਤ ਦੀ ਪ੍ਰਤੀਬੱਧਤਾ ਦਾ ਇੱਕ ਪ੍ਰਮਾਣ ਹੈ। ਇਹ ਜੀ20 ਦੇਸ਼ਾਂ ਦੀ ਸਰਵੋਤਮ ਕਾਰਜ ਪ੍ਰਣਾਲੀਆਂ, ਕੇਸ ਸਟਡੀਜ਼ ਅਤੇ ਅੰਤਰਦ੍ਰਿਸ਼ਟੀ ਨੂੰ ਪ੍ਰਦਰਸ਼ਿਤ ਕਰਦਾ ਹੈ। ਇਸ ਨੂੰ ਸਾਰੇ ਸਸਟੇਨੇਬਲ ਡਿਵੈਲਪਮੈਂਟ ਟੀਚਿਆਂ (ਐੱਸਡੀਜੀ) ਨੂੰ ਹਾਸਲ ਕਰਨ ਲਈ ਤਿਆਰ ਕੀਤਾ ਗਿਆ ਹੈ। ਐੱਸਡੀਜੀ ਡੈਸ਼ਬੋਰਡ ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਦੀ ਇੱਕ ਸਥਾਈ ਵਿਰਾਸਤ ਹੈ, ਜੋ ਦੁਨੀਆ ਭਰ ਦੀ ਟੂਰਿਜ਼ਮ ਇੰਡਸਟਰੀ ਵਿੱਚ ਗਲੋਬਲ ਸਹਿਯੋਗ ਅਤੇ ਸਸਟੇਨੇਬਲ ਡਿਵੈਲਪਮੈਂਟ ਦੇ ਪ੍ਰਤੀ ਇਸ ਦੇ ਸਮਰਪਣ ਨੂੰ ਪ੍ਰਦਰਸ਼ਿਤ ਕਰਦੀ ਹੈ।

ਜੀ20 ਟੂਰਿਜ਼ਮ ਅਤੇ ਐੱਸਡੀਜੀ ਡੈਸ਼ਬੋਰਡ ਇੱਕ ਵਿਆਪਕ ਔਨਲਾਈਨ ਜਨਤਕ ਪਲੈਟਫਾਰਮ ਵਜੋਂ ਕੰਮ ਕਰਦਾ ਹੈ, ਜਿਸ ਵਿੱਚ ਜੀ20 ਟੂਰਿਜ਼ਮ ਵਰਕਿੰਗ ਗਰੁੱਪ ਦਾ ਸੰਪੂਰਣ ਸਮੂਹਿਕ ਗਿਆਨ ਸ਼ਾਮਲ ਹੁੰਦਾ ਹੈ। ਇਹ ਗੋਆ ਰੋਡਮੈਪ, ਸਰਵੇਖਣ ਨਤੀਜੇ, ਕੇਸ ਸਟਡੀਜ਼ ਅਤੇ ਜੀ20 ਦੇਸ਼ਾਂ ਦੀ ਸਰਵੋਤਮ ਕਾਰਜ ਪ੍ਰਣਾਲੀਆਂ ਨੂੰ ਇਕਸਾਰ ਕਰਦਾ ਹੈ। ਐੱਸਡੀਜੀ ਡੈਸ਼ਬੋਰਡ ਸਥਾਈ ਟੂਰਿਜ਼ਮ ਕਾਰਜ ਪ੍ਰਣਾਲੀਆਂ ਵਿੱਚ ਨਿਰੀਖਣ ਅਧਾਰਿਤ ਅੰਤਰ ਦ੍ਰਿਸ਼ਟੀ ਪ੍ਰਦਾਨ ਕਰਦਾ ਹੈ ਅਤੇ ਗਿਆਨ ਦੇ ਆਦਾਨ-ਪ੍ਰਦਾਨ, ਸਹਿਯੋਗ ਅਤੇ ਵਿਕਾਸ ਦੇ ਲਈ ਇੱਕ ਪਲੈਟਫਾਰਮ ਵੀ ਉਪਲਬਧ ਕਰਵਾਉਂਦਾ ਹੈ।

ਵਰਚੁਅਲ ਲਾਂਚ ਵਿੱਚ ਜੀ20 ਮੈਂਬਰ ਰਾਸ਼ਟਰਾਂ, ਸੱਦੇ ਗਏ ਦੇਸ਼ਾਂ, ਅੰਤਰਰਾਸ਼ਟਰੀ ਸੰਗਠਨਾਂ ਅਤੇ ਭਾਰਤ ਦੇ ਵਿਭਿੰਨ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਉਦਯੋਗਿਕ ਹਿਤਧਾਰਕਾਂ ਨੇ ਵੀ ਹਿੱਸਾ ਲਿਆ।

ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਵਿੱਚ ਵਧੀਕ ਸਕੱਤਰ ਦੀ ਸ਼ੁਰੂਆਤੀ ਟਿੱਪਣੀ ਦੇ ਨਾਲ ਇਸ ਪ੍ਰੋਗਰਾਮ ਦੀ ਸ਼ੁਰੂਆਤ ਹੋਈ। ਉਨ੍ਹਾਂ ਨੇ ਜੀ20 ਟੂਰਿਜ਼ਮ ਅਤੇ ਐੱਸਡੀਜੀ ਡੈਸ਼ਬੋਰਡ ਦੇ ਮਹੱਤਵ ‘ਤੇ ਚਾਨਣਾ ਪਾਇਆ।

ਵਧੀਕ ਸਕੱਤਰ ਨੇ ਵਿਸ਼ੇਸ਼ ਤੌਰ ‘ਤੇ ਜ਼ਿਕਰ ਕਰਦੇ ਹੋਏ ਕਿਹਾ ਕਿ ਡੈਸ਼ਬੋਰਡ ਨੂੰ ਭਾਰਤ ਦੇ ਵਿਕਾਸ ਦੇ ਲਈ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਵਿੱਚ ਦੇਸ਼ ਨੂੰ ਸਮਾਵੇਸ਼ੀ, ਮਹੱਤਵਆਕਾਂਖੀ ਅਤੇ ਉਤਸ਼ਾਹੀ ਬਣਾਉਣ ਦੇ ਉਦੇਸ਼ ਨਾਲ ਵਿਕਸਿਤ ਕੀਤਾ ਗਿਆ ਹੈ। ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਨਾਲ ਇੱਕ ਵਿਰਾਸਤ ਤਿਆਰ ਕਰਨ ਲਈ ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਨੇ ਸੰਯੁਕਤ ਰਾਸ਼ਟਰ ਵਿਸ਼ਵ ਟੂਰਿਜ਼ਮ ਸੰਗਠਨ (ਯੂਐੱਨਡਬਲਿਊਟੀਓ) ਦੇ ਨਾਲ ਸਾਂਝੇਦਾਰੀ ਵਿੱਚ ਜੀ20 ਟੂਰਿਜ਼ਮ ਅਤੇ ਐੱਸਡੀਜੀ ਡੈਸ਼ਬੋਰਡ ਨੂੰ ਤਿਆਰ ਕੀਤਾ ਹੈ।

ਯੂਐੱਨਡਬਲਿਊਟੀਓ ਦੇ ਇੱਕ ਸੰਬੋਧਨ ਵਿੱਚ ਕਿਹਾ ਗਿਆ ਹੈ ਕਿ ਜੀ20 ਦੇਸ਼ ਦੁਨੀਆ ਭਰ ਵਿੱਚ 70% ਤੋਂ ਵੱਧ ਟੂਰਿਜ਼ਮ ਖੇਤਰ ਦਾ ਪ੍ਰਤੀਨਿਧੀਤਵ ਕਰਦੇ ਹਨ। ਉਨ੍ਹਾਂ ਦੀ ਅਗਵਾਈ ਇਸ ਸੈਕਟਰ ਦੇ ਰੂਪਾਂਤਰ ਵਿੱਚ ਨਿਰਣਾਇਕ ਹੈ। ਜੀ20 ਟੂਰਿਜ਼ਮ ਅਤੇ ਐੱਸਡੀਜੀ ਡੈਸ਼ਬੋਰਡ ਜੀ20 ਟੂਰਿਜ਼ਮ ਵਰਕਿੰਗ ਗਰੁੱਪ ਦਾ ਇੱਕ ਨਤੀਜਾ ਹੈ ਅਤੇ ਇਹ ਸਾਰਿਆਂ ਲਈ ਇੱਕ ਸੰਦਰਭ ਉਪਕਰਣ ਦੀ ਤਰ੍ਹਾਂ ਕੰਮ ਕਰਦਾ ਹੈ। ਯੂਐੱਨਡਬਲਿਊਟੀਓ ਨੇ ਕਿਹਾ ਕਿ ਉਹ ਇਸ ਨੂੰ ਸੰਭਵ ਬਣਾਉਣ ਲਈ ਭਾਰਤ ਦੇ ਟੂਰਿਜ਼ਮ ਮੰਤਰਾਲੇ ਦੇ ਨਾਲ ਸਹਿਯੋਗੀ ਬਣ ਕੇ ਬਹੁਤ ਖੁਸ਼ ਹੈ।

ਪ੍ਰੋਗਰਾਮ ਦਾ ਮੁੱਖ ਆਕਰਸ਼ਨ ਟੂਰਿਜ਼ਮ ਅਤੇ ਸੱਭਿਆਚਾਰਕ ਅਤੇ ਉੱਤਰ-ਪੂਰਬੀ ਵਿਕਾਸ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਦੁਆਰਾ ਇੱਕ ਲਾਂਚ ਵੀਡੀਓ ਦੇ ਨਾਲ ਡੈਸ਼ਬੋਰਡ ਦੀ ਸ਼ੁਰੂਆਤ ਸੀ। ਇਸ ਵੀਡੀਓ ਵਿੱਚ ਜੀ20 ਦੇ ਟੂਰਿਜ਼ਮ ਵਰਕਿੰਗ ਗਰੁੱਪ ਦੀ ਵਿਸ਼ੇਸ਼ਤਾਵਾਂ ਦੀਆਂ ਮੁੱਖ ਗੱਲਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ।

ਕੇਂਦਰੀ ਟੂਰਿਜ਼ਮ ਮੰਤਰੀ, ਸ਼੍ਰੀ ਜੀ ਕਿਸ਼ਨ ਰੈੱਡੀ ਨੇ ਆਪਣੇ ਸੰਬੋਧਨ ਦੌਰਾਨ ਇਸ ਪਹਿਲ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਕੇਂਦਰੀ ਮੰਤਰੀ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ‘ਜੀ20 ਟੂਰਿਜ਼ਮ ਅਤੇ ਐੱਸਡੀਜੀ ਡੈਸ਼ਬੋਰਡ ਸਾਡੇ ਦੇਸ਼ ਦੀ ਡਿਜੀਟਲ ਪ੍ਰਗਤੀ ਦਾ ਇੱਕ ਪ੍ਰਮਾਣ ਹੈ। ਉਨ੍ਹਾਂ ਨੇ ਕਿਹਾ ਕਿ ਇਹ ਗਲੋਬਲ ਪੱਧਰ ‘ਤੇ ਸਾਰੇ ਜਨਤਕ ਅਤੇ ਨਿਜੀ ਹਿਤਧਾਰਕਾਂ ਦੇ ਲਈ ਗਿਆਨ ਦੇ ਪ੍ਰਤੀਕ ਵਜੋਂ ਕੰਮ ਕਰਦਾ ਹੈ। ਸ਼੍ਰੀ ਜੀ ਕਿਸ਼ਨ ਰੈੱਡੀ ਨੇ ਕਿਹਾ ਕਿ ਇਹ ਗਿਆਨ ਦਾ ਕੋਸ਼ ਪ੍ਰਦਾਨ ਕਰਦਾ ਹੈ ਅਤੇ ਸਰਵੋਤਮ ਕਾਰਜ ਪ੍ਰਣਾਲੀਆਂ ਨੂੰ ਪ੍ਰਦਰਸ਼ਿਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪਹਿਲ ਦਾ ਉਦੇਸ਼ ਟੂਰਿਜ਼ਮ ਉਦਯੋਗ ਨੂੰ ਅਧਿਕ ਸਥਿਰਤਾ, ਲਚਕੀਲੇਪਨ ਅਤੇ ਸਮਾਵੇਸ਼ੀ ਦੇ ਨਾਲ ਅੱਗੇ ਵੱਲ ਲਿਜਾਣਾ ਹੈ।

ਭਾਰਤ ਦੇ ਟੂਰਿਜ਼ਮ ਅਤੇ ਪੋਰਟ, ਸ਼ਿਪਿੰਗ ਅਤੇ ਵਾਟਰਵੇਅਜ਼ ਰਾਜ ਮੰਤਰੀ, ਸ਼੍ਰੀ ਸ਼੍ਰੀਪਦ ਯੇਸੋ ਨਾਇਕ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਜੀ20 ਟੂਰਿਜ਼ਮ ਅਤੇ ਐੱਸਡੀਜੀ ਡੈਸ਼ਬੋਰਡ ਭਾਰਤ ਦੀ ਵਿਕਾਸ ਯਾਤਰਾ ਦਾ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਨੇ ਕਿਹਾ ਕਿ ਇਹ ਟੂਰਿਜ਼ਮ ਖੇਤਰ ਦੀ ਬਿਹਤਰੀ ਲਈ ਡਿਜੀਟਲਾਈਜ਼ੇਸ਼ਨ ਦੇ ਲਾਭਾਂ ਦਾ ਉਪਯੋਗ ਕਰਨ ਅਤੇ ਸੰਯੁਕਤ ਰਾਸ਼ਟਰ ਟਿਕਾਊ ਵਿਕਾਸ ਲਕਸ਼ 2030 ਨੂੰ ਪ੍ਰਾਪਤ ਕਰਨ ਦੀ ਸਾਡੀ ਪ੍ਰਤੀਬੱਧਤਾ ਦੇ ਨਾਲ ਪੂਰੀ ਤਰ੍ਹਾਂ ਨਾਲ ਮੇਲ ਖਾਂਦਾ ਹੈ।

ਗੋਆ ਦੇ ਟੂਰਿਜ਼ਮ ਮੰਤਰੀ ਸ਼੍ਰੀ ਰੋਹਨ ਖਾਂਟੇ, ਭਾਰਤ-ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ ਦੇ ਕੰਟਰੀ ਹੈੱਡ ਅਧਿਕਾਰੀ ਸ਼੍ਰੀ ਅਤੁਲ ਬਾਗਈ, ਗੁਜਰਾਤ ਅਤੇ ਜੰਮੂ-ਕਸ਼ਮੀਰ ਰਾਜ ਸਰਕਾਰਾਂ ਦੇ ਟੂਰਿਜ਼ਮ ਸਕੱਤਰ ਅਤੇ ਕਈ ਉਦਯੋਗਪਤੀਆਂ ਅਤੇ ਉਦਯੋਗ ਹਿੱਤਧਾਰਕਾਂ ਨੇ ਵੀ ਪ੍ਰੋਗਰਾਮ ਦੌਰਾਨ ਇਸ ਪਹਿਲ ‘ਤੇ ਗਲੋਬਲ ਪਰਿਪੇਖ ਵਿੱਚ ਆਪਣੇ ਵਿਚਾਰ ਪੇਸ਼ ਕੀਤੇ।

ਜੀ20 ਟੂਰਿਜ਼ਮ ਅਤੇ ਐੱਸਡੀਜੀ ਡੈਸ਼ਬੋਰਡ ਬੜੀ ਤੇਜ਼ੀ ਨਾਲ ਪਰਿਵਰਤਿਤ ਹੋ ਰਹੇ ਅੱਜ ਦੇ ਗਲੋਬਲ ਟੂਰਿਜ਼ਮ ਲੈਂਡਸਕੇਪ ਵਿੱਚ ਇੱਕ ਸਹਿਯੋਗੀ ਗਿਆਨ-ਸਾਂਝਾਕਰਣ ਪਲੈਟਫਾਰਮ ਵਜੋਂ ਕੰਮ ਕਰੇਗਾ, ਜੋ ਵਿਸ਼ਵ ਭਾਈਚਾਰੇ ਨੂੰ ਅਧਿਕ ਟਿਕਾਊ, ਲਚਕੀਲਾ ਅਤੇ ਸਮਾਵੇਸ਼ੀ ਟੂਰਿਜ਼ਮ ਸੰਚਾਲਿਤ ਕਰਨ ਦੀ ਦਿਸ਼ਾ ਵਿੱਚ ਮਾਰਗਦਰਸ਼ਨ ਪ੍ਰਦਾਨ ਕਰੇਗਾ। ਡੈਸ਼ਬੋਰਡ ਦੀ ਸ਼ੁਰੂਆਤ ਸਸਟੇਨੇਬਲ ਡਿਵੈਲਪਮੈਂਟ ਗੋਲਜ਼ ਨੂੰ ਹਾਸਲ ਕਰਨ ਦੀ ਦਿਸ਼ਾ ਵਿੱਚ ਇੱਕ ਮਹਤਵਪੂਰਨ ਮੀਲ ਪੱਥਰ ਹੈ ਅਤੇ ਇਹ ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਦੇ ਅਧੀਨ ਵਿਸ਼ਵ ਭਾਈਚਾਰੇ ਦੀ ਸਮੂਹਿਕ ਪ੍ਰਤੀਬੱਧਤਾ ਨੂੰ ਵੀ ਪ੍ਰਦਰਸ਼ਿਤ ਕਰਦਾ ਹੈ।

*****

ਐੱਸਕੇ



(Release ID: 1955192) Visitor Counter : 76


Read this release in: English , Urdu , Hindi