ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਸ਼੍ਰੀ ਨਰਾਇਣ ਰਾਣੇ ਨੇ 77ਵੇਂ ਸੁਤੰਤਰਤਾ ਦਿਵਸ 'ਤੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵਲੋਂ ਵਿਸ਼ਵਕਰਮਾ ਯੋਜਨਾ ਦੇ ਐਲਾਨ ਦੀ ਸ਼ਲਾਘਾ ਕੀਤੀ


ਸ਼੍ਰੀ ਰਾਣੇ ਨੇ ਕਿਹਾ ਕਿ ਇਹ ਯੋਜਨਾ ਆਪਣੇ ਹੱਥਾਂ ਨਾਲ ਸੰਦਾਂ ਦੀ ਵਰਤੋਂ ਕਰਦੇ ਹੋਏ ਕੰਮ ਕਰਦੇ ਵਿਸ਼ਵਕਰਮਿਆਂ ਨੂੰ ਸਮਰਥਨ ਦੇਵੇਗੀ, ਜੋ ਵਿਸ਼ਵਕਰਮਾ ਜਯੰਤੀ 'ਤੇ 13000-15000 ਕਰੋੜ ਰੁਪਏ ਦੀ ਸ਼ੁਰੂਆਤੀ ਅਲਾਟਮੈਂਟ ਨਾਲ ਸ਼ੁਰੂ ਕੀਤੀ ਜਾਵੇਗੀ

Posted On: 15 AUG 2023 4:02PM by PIB Chandigarh

ਕੇਂਦਰੀ ਐੱਮਐੱਸਐੱਮਈ ਮੰਤਰੀ ਸ਼੍ਰੀ ਨਰਾਇਣ ਰਾਣੇ ਨੇ 77ਵੇਂ ਸੁਤੰਤਰਤਾ ਦਿਵਸ ਸਮਾਰੋਹ 'ਤੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵਲੋਂ ਵਿਸ਼ਵਕਰਮਾ ਯੋਜਨਾ ਦੇ ਐਲਾਨ ਦੀ ਸ਼ਲਾਘਾ ਕੀਤੀ।

ਦੇਸ਼ ਭਰ ਤੋਂ ਅੱਜ ਨਵੀਂ ਦਿੱਲੀ ਸਥਿਤ ਉਨ੍ਹਾਂ ਦੇ ਨਿਵਾਸ 'ਤੇ 77ਵੇਂ ਸੁਤੰਤਰਤਾ ਦਿਵਸ ਸਮਾਗਮ ਦੇ ਗਵਾਹ ਬਣਨ ਲਈ ਆਏ 49 ਖਾਦੀ ਕਾਰੀਗਰਾਂ ਅਤੇ 57 ਕਾਰੀਗਰਾਂ (ਵਿਸ਼ਵਕਰਮਿਆਂ) ਅਤੇ ਉਨ੍ਹਾਂ ਦੇ ਜੀਵਨ ਸਾਥੀਆਂ ਦੀ ਮੇਜ਼ਬਾਨੀ ਕਰਦੇ ਹੋਏ, ਉਨ੍ਹਾਂ ਕਿਹਾ ਕਿ ਇਹ ਯੋਜਨਾ ਉਨ੍ਹਾਂ ਵਿਸ਼ਵਕਰਮਿਆਂ ਨੂੰ ਸਮਰਥਨ ਦੇਵੇਗੀ, ਜੋ ਆਪਣੇ ਹੱਥੀਂ ਸੰਦਾਂ ਨਾਲ ਕੰਮ ਕਰਦੇ ਹਨ ਅਤੇ ਇਹ ਯੋਜਨਾ ਵਿਸ਼ਵਕਰਮਾ ਜਯੰਤੀ 'ਤੇ 13000 - 15000 ਕਰੋੜ ਰੁਪਏ ਦੀ ਸ਼ੁਰੂਆਤੀ ਅਲਾਟਮੈਂਟ ਨਾਲ ਸ਼ੁਰੂ ਕੀਤੀ ਜਾਵੇਗੀ।

ਸ਼੍ਰੀ ਰਾਣੇ ਨੇ ਇਹ ਵੀ ਭਰੋਸਾ ਪ੍ਰਗਟ ਕੀਤਾ ਕਿ ਭਾਰਤ ਸਰਕਾਰ ਦੇ ਸਹਿਯੋਗ ਨਾਲ ਕਾਰੀਗਰ ਆਪਣੇ ਖੁਦ ਦੇ ਉਦਯੋਗ ਸਥਾਪਤ ਕਰਨ ਦੇ ਯੋਗ ਹੋਣਗੇ ਅਤੇ ਆਪਣੇ ਉਤਪਾਦਨ ਅਤੇ ਆਮਦਨ ਵਿੱਚ ਵਾਧਾ ਕਰਨਗੇ।

ਇਸ ਮੌਕੇ 'ਤੇ ਬੋਲਦਿਆਂ, ਐੱਮਐੱਸਐੱਮਈ ਰਾਜ ਮੰਤਰੀ ਸ਼੍ਰੀ ਭਾਨੂਪ੍ਰਤਾਪ ਸਿੰਘ ਵਰਮਾ ਨੇ ਰਾਸ਼ਟਰ ਨਿਰਮਾਣ ਵਿੱਚ ਕਾਰੀਗਰਾਂ ਦੇ ਅਥਾਹ ਯੋਗਦਾਨ ਨੂੰ ਸਵੀਕਾਰ ਕੀਤਾ ਅਤੇ ਉਨ੍ਹਾਂ ਨੂੰ ਐੱਮਐੱਸਐੱਮਈ ਮੰਤਰਾਲੇ ਵੱਲੋਂ ਲਗਾਤਾਰ ਸਮਰਥਨ ਦੇਣ ਦਾ ਭਰੋਸਾ ਦਿੱਤਾ।

ਇਹ ਕਾਰੀਗਰ ਉਨ੍ਹਾਂ 1800 ਵਿਸ਼ੇਸ਼ ਮਹਿਮਾਨਾਂ ਵਿੱਚੋਂ ਹਨ, ਜਿਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਲਾਲ ਕਿਲ੍ਹੇ, ਨਵੀਂ ਦਿੱਲੀ ਵਿਖੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਕੌਮੀ ਝੰਡਾ ਲਹਿਰਾਉਣ ਦੀ ਰਸਮ ਲਈ ਸੱਦਾ ਦਿੱਤਾ ਗਿਆ ਹੈ।

ਗੱਲਬਾਤ ਦੌਰਾਨ, ਕਾਰੀਗਰਾਂ ਨੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਭਾਰਤ ਸਰਕਾਰ ਦਾ ਉਨ੍ਹਾਂ ਨੂੰ ਇਸ ਇਤਿਹਾਸਕ ਸੁਤੰਤਰਤਾ ਦਿਵਸ ਸਮਾਗਮ ਦਾ ਹਿੱਸਾ ਬਣਨ ਦਾ ਮੌਕਾ ਪ੍ਰਦਾਨ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਇਹ ਵੀ ਉਮੀਦ ਪ੍ਰਗਟਾਈ ਕਿ ਐੱਮਐੱਸਐੱਮਈ ਮੰਤਰਾਲਾ ਵੱਖ-ਵੱਖ ਪਹਿਲਕਦਮੀਆਂ ਨਾਲ ਉਨ੍ਹਾਂ ਦਾ ਸਮਰਥਨ ਕਰਨਾ ਜਾਰੀ ਰੱਖੇਗਾ ਅਤੇ ਦੇਸ਼ ਦੇ ਵਿਕਾਸ ਵਿੱਚ ਸਮੂਹਿਕ ਤੌਰ 'ਤੇ ਯੋਗਦਾਨ ਪਾਉਣ ਵਿੱਚ ਉਨ੍ਹਾਂ ਦੀ ਮਦਦ ਕਰੇਗਾ।

******

ਐੱਮਜੇਪੀਐੱਸ 



(Release ID: 1949906) Visitor Counter : 70


Read this release in: English , Urdu , Hindi