ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ

ਏਮਜ਼ ਦੇ ਨਵੀਂ ਦਿੱਲੀ ਕੈਂਪਸ ਦੇ ਸੋਲਰਾਈਜ਼ੇਸ਼ਨ ਲਈ ਆਈਆਰਈਡੀਏ ਅਤੇ ਏਮਜ਼ ਵਿਚਾਲੇ ਭਾਈਵਾਲੀ


ਏਮਜ਼ ਨਵੀਂ ਦਿੱਲੀ ਵਿਖੇ 9 ਕਿਲੋਵਾਟ ਛੱਤ ਵਾਲੇ ਸੋਲਰ ਪਲਾਂਟ ਦਾ ਉਦਘਾਟਨ ਕੀਤਾ ਗਿਆ

Posted On: 01 AUG 2023 6:50PM by PIB Chandigarh

ਇੰਡੀਅਨ ਰੀਨਿਊਏਬਲ ਐਨਰਜੀ ਡਿਵੈਲਪਮੈਂਟ ਏਜੰਸੀ ਲਿਮਿਟੇਡ (ਆਈਆਰਈਡੀਏ) ਅਤੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼, ਨਵੀਂ ਦਿੱਲੀ (ਏਮਜ਼) ਨੇ ਅੱਜ 1 ਅਗਸਤ, 2023 ਨੂੰ ਸੌਰ ਊਰਜਾ ਨਾਲ ਸੰਚਾਲਿਤ ਅਦਾਰੇ ਵਿੱਚ ਬਦਲਣ ਲਈ ਏਮਜ਼ ਨਵੀਂ ਦਿੱਲੀ ਕੈਂਪਸ ਦੇ ਤਕਨੀਕੀ ਮੁਲਾਂਕਣ ਦੀ ਸ਼ੁਰੂਆਤ ਕਰਨ ਲਈ ਇੱਕ ਸਮਝੌਤਾ ਪੱਤਰ (ਐੱਮਓਯੂ) 'ਤੇ ਹਸਤਾਖਰ ਕੀਤੇ ਹਨ।

ਇਸਦੇ ਲਈ, ਆਈਆਰਈਡੀਏ ਏਮਜ਼ ਕੈਂਪਸ ਦਾ ਤਕਨੀਕੀ-ਵਪਾਰਕ ਮੁਲਾਂਕਣ ਕਰੇਗਾ। ਐੱਮਓਯੂ ਵਿੱਚ ਦਿੱਤੇ ਗਏ ਮੁਲਾਂਕਣ ਵਿੱਚ ਵਿੱਤੀ ਮਾਡਲ ਬਣਾਉਣਾ, ਪੂਰਵ-ਵਿਵਹਾਰਕਤਾ ਅਧਿਐਨ ਕਰਨਾ, ਵਿਸਥਾਰਤ  ਪ੍ਰੋਜੈਕਟ ਰਿਪੋਰਟ (ਡੀਪੀਆਰ) ਤਿਆਰ ਕਰਨਾ, ਪ੍ਰੋਜੈਕਟ ਵਿਕਾਸ ਨਾਲ ਸਬੰਧਤ ਤਕਨੀਕੀ ਅਤੇ ਵਪਾਰਕ ਪਹਿਲੂਆਂ ਦੇ ਵਿਸ਼ਲੇਸ਼ਣ ਵਿੱਚ ਸਹਾਇਤਾ ਕਰਨਾ, ਵਪਾਰਕ ਅਤੇ ਠੇਕੇ ਦੇ ਪ੍ਰਬੰਧਾਂ ਨੂੰ ਅੰਤਿਮ ਰੂਪ ਦੇਣਾ ਅਤੇ ਪ੍ਰਦਰਸ਼ਨ ਸੂਚਕਾਂ ਨੂੰ ਪਰਿਭਾਸ਼ਿਤ ਕਰਨਾ ਸ਼ਾਮਲ ਹੈ। 

ਇਸ ਸਾਂਝੇਦਾਰੀ ਵਿੱਚ ਸ਼ਾਮਲ ਹੋ ਕੇ ਅਤੇ ਸੌਰ ਊਰਜਾ ਪ੍ਰੋਜੈਕਟਾਂ ਨੂੰ ਲਾਗੂ ਕਰਕੇ, ਏਮਜ਼ ਦਾ ਉਦੇਸ਼ ਆਈਆਰਈਡੀਏ ਦੀ ਮਦਦ ਨਾਲ ਕਾਰਬਨ ਫੁੱਟਪ੍ਰਿੰਟ ਨੂੰ ਘੱਟ ਤੋਂ ਘੱਟ ਕਰਦੇ ਹੋਏ ਆਪਣੇ ਬਿਜਲੀ ਖਰਚੇ ਨੂੰ ਮਹੱਤਵਪੂਰਨ ਤੌਰ 'ਤੇ ਘਟਾਉਣਾ ਹੈ।

ਏਮਜ਼, ਨਵੀਂ ਦਿੱਲੀ ਵਿਖੇ ਆਈਆਰਈਡੀਏ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ (ਸੀਐੱਮਡੀ), ਸ਼੍ਰੀ ਪ੍ਰਦੀਪ ਕੁਮਾਰ ਦਾਸ ਅਤੇ ਏਮਜ਼ ਦੇ ਡਾਇਰੈਕਟਰ ਡਾ. ਐੱਮ ਸ਼੍ਰੀਨਿਵਾਸ ਵਲੋਂ ਦੋਵਾਂ ਸੰਸਥਾਵਾਂ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਸਹਿਮਤੀ ਪੱਤਰ 'ਤੇ ਹਸਤਾਖਰ ਕੀਤੇ ਗਏ।

ਏਮਜ਼ ਨੇ ਆਪਣੇ ਨਵੀਂ ਦਿੱਲੀ ਕੈਂਪਸ ਵਿੱਚ ਇੱਕ 9 ਕਿਲੋਵਾਟ ਦਾ ਰੂਫਟਾਪ ਸੋਲਰ ਪਲਾਂਟ ਲਗਾਇਆ ਹੈ, ਜਿਸਨੂੰ ਅੱਜ ਸੀਐੱਮਡੀ, ਆਈਆਰਈਡੀਏ ਅਤੇ ਡਾਇਰੈਕਟਰ, ਏਮਜ਼ ਦੁਆਰਾ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ ਹੈ। ਨਵੀਂ ਅਤੇ ਅਖੁੱਟ ਊਰਜਾ ਅਤੇ ਰਸਾਇਣ ਤੇ ਖਾਦਾਂ ਬਾਰੇ ਕੇਂਦਰੀ ਰਾਜ ਮੰਤਰੀ ਸ਼੍ਰੀ ਭਗਵੰਤ ਖੁਬਾ ਸਰੀਰਕ ਤੌਰ 'ਤੇ ਮੌਜੂਦ ਨਹੀਂ ਹੋ ਸਕੇ ਪਰ ਉਨ੍ਹਾਂ ਨੇ ਸਮਝੌਤਾ ਦਸਤਖਤ ਅਤੇ ਸੋਲਰ ਪਲਾਂਟ ਦੇ ਉਦਘਾਟਨ ਸਮਾਰੋਹ ਲਈ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ।

ਸਾਂਝੇਦਾਰੀ ਬਾਰੇ ਬੋਲਦੇ ਹੋਏ ਸੀਐੱਮਡੀ, ਆਈਆਰਈਡੀਏ ਨੇ ਕਿਹਾ: "ਇੱਕ ਟਿਕਾਊ ਭਵਿੱਖ ਲਈ ਮੈਡੀਕਲ ਸੰਸਥਾ ਦੀ ਵਚਨਬੱਧਤਾ ਦੇ ਨਾਲ ਅਖੁੱਟ ਊਰਜਾ ਵਿੱਚ ਸਾਡੀ ਮੁਹਾਰਤ ਨੂੰ ਇਕਸਾਰ ਕਰਦੇ ਹੋਏ ਅਸੀਂ ਏਮਜ਼ ਨਾਲ ਜੁੜ ਕੇ ਖੁਸ਼ ਹਾਂ। ਇਹ ਸਾਂਝਾ ਯਤਨ ਸਵੱਛ ਅਤੇ ਟਿਕਾਊ ਅਭਿਆਸਾਂ ਨੂੰ ਅਪਣਾਉਣ ਦੇ ਵਧ ਰਹੇ ਮਹੱਤਵ ਨੂੰ ਦਰਸਾਉਂਦਾ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਦੇਸ਼ ਭਰ ਦੀਆਂ ਹੋਰ ਸੰਸਥਾਵਾਂ ਲਈ ਇੱਕ ਨਮੂਨੇ ਵਜੋਂ ਕੰਮ ਕਰੇਗਾ। ਇਕੱਠੇ ਮਿਲ ਕੇ, ਅਸੀਂ ਸਵੱਛ ਊਰਜਾ ਦੇ ਹੱਲਾਂ ਰਾਹੀਂ ਆਰਥਿਕ ਬੱਚਤ ਕਰਦੇ ਹੋਏ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਿਹਤਮੰਦ ਵਾਤਾਵਰਣ ਬਣਾ ਸਕਦੇ ਹਾਂ। ਏਮਜ਼ ਦੀ ਇਹ ਮਹੱਤਵਪੂਰਨ ਪਹਿਲਕਦਮੀ ਦੇਸ਼ ਭਰ ਵਿੱਚ ਅਖੁੱਟ ਊਰਜਾ ਅਤੇ ਡੀਕਾਰਬੋਨਾਈਜ਼ੇਸ਼ਨ ਦੇ ਮਹੱਤਵ ਬਾਰੇ ਵਿਆਪਕ ਜਾਗਰੂਕਤਾ ਪੈਦਾ ਕਰਨ ਦੀ ਸਮਰੱਥਾ ਰੱਖਦੀ ਹੈ।”

************

ਪੀਆਈਬੀ ਦਿੱਲੀ | ਏਐੱਮ/ ਡੀਜੇਐੱਮ



(Release ID: 1946283) Visitor Counter : 90


Read this release in: English , Urdu , Hindi