ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
azadi ka amrit mahotsav

ਕੇਂਦਰੀ ਬਿਜਲੀ ਅਤੇ ਨਵੀਂ ਅਤੇ ਅਖੁੱਟ ਊਰਜਾ ਮੰਤਰੀ ਆਰ ਕੇ ਸਿੰਘ ਭਲਕੇ ਨਵੀਂ ਦਿੱਲੀ ਵਿੱਚ ਗ੍ਰੀਨ ਹਾਈਡ੍ਰੋਜਨ (ਆਈਸੀਜੀਐੱਚ 2023) 'ਤੇ ਅੰਤਰਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਕਰਨਗੇ


3-ਦਿਨਾ ਕਾਨਫਰੰਸ ਵਿੱਚ ਗ੍ਰੀਨ ਹਾਈਡ੍ਰੋਜਨ ਈਕੋਸਿਸਟਮ ਦੀ ਸਥਾਪਨਾ ਅਤੇ ਗ੍ਰੀਨ ਹਾਈਡ੍ਰੋਜਨ ਨਾਲ ਡੀਕਾਰਬੋਨਾਈਜ਼ੇਸ਼ਨ ਲਈ ਆਲਮੀ ਟੀਚਿਆਂ ਦੀ ਪ੍ਰਾਪਤੀ ਨੂੰ ਪ੍ਰੇਰਿਤ ਕੀਤਾ ਜਾਵੇਗਾ

Posted On: 04 JUL 2023 6:39PM by PIB Chandigarh

ਭਾਰਤ ਸਰਕਾਰ 5 ਤੋਂ 7 ਜੁਲਾਈ 2023 ਦੇ ਦੌਰਾਨ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਗ੍ਰੀਨ ਹਾਈਡ੍ਰੋਜਨ (ਆਈਸੀਜੀਐੱਚ-2023) 'ਤੇ ਇੱਕ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਕਰ ਰਹੀ ਹੈ, ਜਿਸ ਵਿੱਚ ਵਿਸ਼ਵ ਵਿਗਿਆਨਕ, ਨੀਤੀ, ਅਕਾਦਮਿਕ ਅਤੇ ਉਦਯੋਗਿਕ ਆਗੂਆਂ ਨੂੰ ਸਮੁੱਚੀ ਗ੍ਰੀਨ ਹਾਈਡ੍ਰੋਜਨ ਮੁੱਲ ਲੜੀ ਵਿੱਚ ਹਾਲ ਹੀ ਦੀਆਂ ਤਰੱਕੀਆਂ ਅਤੇ ਉੱਭਰ ਰਹੀਆਂ ਤਕਨਾਲੌਜੀਆਂ 'ਤੇ ਚਰਚਾ ਕਰਨ ਲਈ ਇੱਕ ਮੰਚ 'ਤੇ ਇਕੱਠਾ ਕੀਤਾ ਜਾ ਰਿਹਾ ਹੈ। ਇਹ ਕਾਨਫਰੰਸ ਸੈਕਟਰ ਦੇ ਹਿਤਧਾਰਕਾਂ ਨੂੰ ਸੈਕਟਰ ਵਿੱਚ ਵਿਕਸਤ ਹੋ ਰਹੇ ਗ੍ਰੀਨ ਹਾਈਡ੍ਰੋਜਨ ਲੈਂਡਸਕੇਪ ਅਤੇ ਨਵੀਨਤਾ-ਸੰਚਾਲਿਤ ਹੱਲਾਂ ਦੀ ਪੜਚੋਲ ਕਰਨ ਦੇ ਯੋਗ ਬਣਾਏਗੀ ਅਤੇ ਇਸ ਤਰ੍ਹਾਂ ਸੈਕਟਰ ਦੇ ਸਥਿਰਤਾ ਈਕੋਸਿਸਟਮ ਨੂੰ ਮਜ਼ਬੂਤ ਕਰੇਗੀ।

ਇਹ ਕਾਨਫਰੰਸ ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਵਲੋਂ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ, ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ ਅਤੇ ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦਫ਼ਤਰ ਦੀ ਭਾਈਵਾਲੀ ਵਿੱਚ ਭਾਰਤੀ ਉਦਯੋਗ ਸੰਘ (ਸੀਆਈਆਈ) ਦੇ ਸਹਿਯੋਗ ਨਾਲ ਆਯੋਜਿਤ ਕੀਤੀ ਜਾ ਰਹੀ ਹੈ। 

ਕੇਂਦਰੀ ਬਿਜਲੀ ਅਤੇ ਨਵੀਂ ਤੇ ਅਖੁੱਟ ਊਰਜਾ ਮੰਤਰੀ ਸ਼੍ਰੀ ਆਰ ਕੇ ਸਿੰਘ ਕੱਲ੍ਹ, 5 ਜੁਲਾਈ, 2023 ਨੂੰ ਨਵੀਂ ਦਿੱਲੀ ਵਿੱਚ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ ਦੀ ਮੌਜੂਦਗੀ ਵਿੱਚ ਕਾਨਫਰੰਸ ਦਾ ਉਦਘਾਟਨ ਕਰਨਗੇ। ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਸ਼੍ਰੀ ਹਰਦੀਪ ਪੁਰੀ ਅਤੇ ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ; ਕਰਮਚਾਰੀ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨਾਂ; ਪਰਮਾਣੂ ਊਰਜਾ ਅਤੇ ਪੁਲਾੜ ਮੰਤਰੀ ਡਾ. ਜਿਤੇਂਦਰ ਸਿੰਘ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਨਗੇ।

ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਪ੍ਰੋ: ਅਜੈ ਕੇ ਸੂਦ; ਸਕੱਤਰ, ਨਵੀਂ ਅਤੇ ਅਖੁੱਟ ਊਰਜਾ ਮੰਤਰਾਲਾ ਸ਼੍ਰੀ ਭੁਪਿੰਦਰ ਐੱਸ ਭੱਲਾ; ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਸਕੱਤਰ ਡਾ. ਅਤੁਲ ਕੁਮਾਰ ਤਿਵਾੜੀ; ਬਿਜਲੀ ਮੰਤਰੀ ਦੇ ਸਕੱਤਰ ਸ਼੍ਰੀ ਪੰਕਜ ਅਗਰਵਾਲ; ਡਾਇਰੈਕਟਰ ਜਨਰਲ, ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ (ਸੀਐੱਸਆਈਆਰ) ਅਤੇ ਸਕੱਤਰ, ਵਿਗਿਆਨਕ ਅਤੇ ਉਦਯੋਗਿਕ ਸੰਪਰਕ ਵਿਭਾਗ (ਡੀਐੱਸਆਈਆਰ), ਡਾ. ਐੱਨ ਕਲਾਸੇਲਵੀ; ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰਾਲੇ ਦੇ ਸਕੱਤਰ ਸ਼੍ਰੀ ਟੀ ਕੇ ਰਾਮਚੰਦਰਨ; ਅਤੇ ਸਟੀਲ ਮੰਤਰਾਲੇ ਦੇ ਸਕੱਤਰ ਸ਼੍ਰੀ ਨਗੇਂਦਰ ਨਾਥ ਸਿਨਹਾ ਤੇ ਕੁਝ ਸੀਨੀਅਰ ਅਧਿਕਾਰੀ ਕਾਨਫਰੰਸ ਨੂੰ ਸੰਬੋਧਨ ਕਰਨਗੇ।

ਕਾਨਫਰੰਸ ਦਾ ਉਦੇਸ਼ ਇਹ ਪਤਾ ਲਗਾਉਣਾ ਹੈ ਕਿ ਅਸੀਂ ਗ੍ਰੀਨ ਹਾਈਡ੍ਰੋਜਨ ਈਕੋਸਿਸਟਮ ਕਿਵੇਂ ਸਥਾਪਿਤ ਕਰ ਸਕਦੇ ਹਾਂ ਅਤੇ ਕਿਸ ਤਰ੍ਹਾਂ ਗ੍ਰੀਨ ਹਾਈਡ੍ਰੋਜਨ ਨਾਲ ਡੀਕਾਰਬੋਨਾਈਜ਼ੇਸ਼ਨ ਲਈ ਗਲੋਬਲ ਟੀਚਿਆਂ ਨੂੰ ਪੂਰਾ ਕਰਨ ਲਈ ਇੱਕ ਪ੍ਰਣਾਲੀਗਤ ਪਹੁੰਚ ਨੂੰ ਉਤਸ਼ਾਹਿਤ ਕਰ ਸਕਦੇ ਹਾਂ। ਹਾਈਡ੍ਰੋਜਨ ਉਤਪਾਦਨ, ਸਟੋਰੇਜ, ਡਿਸਟ੍ਰੀਬਿਊਸ਼ਨ ਅਤੇ ਡਾਊਨਸਟ੍ਰੀਮ ਐਪਲੀਕੇਸ਼ਨਾਂ 'ਤੇ ਡੋਮੇਨ-ਵਿਸ਼ੇਸ਼ ਖੋਜ ਪਰਸਪਰ ਪ੍ਰਭਾਵ ਤੋਂ ਇਲਾਵਾ, ਇਹ ਕਾਨਫਰੰਸ ਇਸ ਖੇਤਰ ਵਿੱਚ ਗ੍ਰੀਨ ਵਿੱਤ, ਮਨੁੱਖੀ ਸਰੋਤ ਦੇ ਹੁਨਰ ਨੂੰ ਵਧਾਉਣ ਅਤੇ ਸਟਾਰਟਅੱਪ ਪਹਿਲਕਦਮੀਆਂ ਬਾਰੇ ਵੀ ਚਰਚਾ ਕਰੇਗੀ। ਇਹ ਕਾਨਫਰੰਸ ਸੈਕਟਰ ਵਿੱਚ ਅੰਤਰਰਾਸ਼ਟਰੀ ਸਰਬੋਤਮ ਅਭਿਆਸਾਂ ਨੂੰ ਸਾਂਝਾ ਕਰਨ ਅਤੇ ਸਿੱਖਣ ਦੇ ਯੋਗ ਬਣਾਏਗੀ।

https://icgh.in  ਇਸ ਵੈੱਬਸਾਈਟ 'ਤੇ ਕਾਨਫਰੰਸ ਦੇਖੀ ਜਾ ਸਕਦੀ ਹੈ। ਕਾਨਫਰੰਸ 'ਤੇ ਇੱਕ ਸੰਖੇਪ ਪੇਸ਼ਕਾਰੀ ਵੀ ਇੱਥੇ ਦੇਖੀ ਜਾ ਸਕਦੀ ਹੈ। ਇਸਦੇ ਨਾਲ ਈ ਕਾਨਫਰੰਸ ਕਿਤਾਬਚਾ ਅਤੇ ਕਾਨਫਰੰਸ ਫਲਾਇਰ ਇੱਥੇ ਦੇਖਿਆ ਜਾ ਸਕਦਾ ਹੈ।

ਕਾਨਫਰੰਸ ਵਿੱਚ ਆਯੋਜਿਤ ਵੱਖ-ਵੱਖ ਪੂਰਣ ਵਾਰਤਾਵਾਂ, ਮਾਹਰ ਪੈਨਲ ਵਿਚਾਰ-ਵਟਾਂਦਰੇ ਅਤੇ ਤਕਨੀਕੀ ਵਿਚਾਰ-ਵਟਾਂਦਰੇ ਸਾਲ 2070 ਤੱਕ ਭਾਰਤ ਦੇ ਨੈੱਟ ਜ਼ੀਰੋ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਨ ਲਈ ਭਾਰਤ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਨੈਸ਼ਨਲ ਗ੍ਰੀਨ ਹਾਈਡ੍ਰੋਜਨ ਮਿਸ਼ਨ ਵਿੱਚ ਸ਼ਾਮਲ ਉਦੇਸ਼ਾਂ ਦੇ ਅਨੁਸਾਰ, ਉਦਯੋਗ ਅਤੇ ਖੋਜ ਭਾਈਚਾਰਿਆਂ ਦੇ ਘਰੇਲੂ ਅਤੇ ਅੰਤਰਰਾਸ਼ਟਰੀ ਭਾਗੀਦਾਰਾਂ ਨੂੰ ਇਨ੍ਹਾਂ ਰਾਸ਼ਟਰੀ ਅਤੇ ਆਲਮੀ ਤਰਜੀਹਾਂ ਵਿੱਚ ਡੂੰਘਾਈ ਨਾਲ ਵਾਚਣ ਦਾ ਮੌਕਾ ਪ੍ਰਦਾਨ ਕਰਨਗੇ।

25 ਸੈਸ਼ਨਾਂ ਵਿੱਚ ਵੱਖ-ਵੱਖ ਮਹਾਦੀਪਾਂ ਤੋਂ ਮਾਹਰ ਇਕੱਠੇ ਹੋਣਗੇ

ਤਿੰਨ-ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਗ੍ਰੀਨ ਹਾਈਡ੍ਰੋਜਨ ਈਕੋਸਿਸਟਮ ਦੀ ਸਥਾਪਨਾ ਦੇ ਉਦੇਸ਼ ਨਾਲ ਡੂੰਘੀ ਚਰਚਾ ਵਾਲੇ 25 ਸੈਸ਼ਨ ਹੋਣਗੇ। ਇਸ ਵਿੱਚ ਅਮਰੀਕਾ, ਜਾਪਾਨ, ਜਰਮਨੀ, ਸਵਿਟਜ਼ਰਲੈਂਡ, ਅਫ਼ਰੀਕਾ ਸਮੇਤ ਹੋਰ ਦੇਸ਼ਾਂ ਦੇ ਮਾਹਰ ਭਾਰਤ ਦੇ ਉੱਚ ਸਰਕਾਰੀ ਅਧਿਕਾਰੀਆਂ, ਵਿਗਿਆਨੀਆਂ, ਉਦਯੋਗਾਂ ਅਤੇ ਹੋਰ ਹਿਤਧਾਰਕਾਂ ਨਾਲ ਆਪਣੇ ਦ੍ਰਿਸ਼ਟੀਕੋਣ ਸਾਂਝੇ ਕਰਨਗੇ, ਤਾਂ ਜੋ ਡੀਕਾਰਬੋਨਾਈਜ਼ੇਸ਼ਨ ਲਈ ਸਭ ਤੋਂ ਵਧੀਆ ਮਾਰਗ ਨੂੰ ਪਰਿਭਾਸ਼ਿਤ ਕੀਤਾ ਜਾ ਸਕੇ।

ਇਸ ਕਾਨਫਰੰਸ ਨੇ ਸਾਰੇ ਹਿਤਧਾਰਕਾਂ ਦੀ ਵਿਆਪਕ ਦਿਲਚਸਪੀ ਨੂੰ ਆਕਰਸ਼ਿਤ ਕੀਤਾ ਹੈ। ਇਸ ਵਿੱਚ ਡੈਮੋ, ਪੀਐੱਸਯੂ, ਪ੍ਰਾਈਵੇਟ ਕੰਪਨੀਆਂ ਅਤੇ ਸਟਾਰਟਅੱਪਸ ਵਲੋਂ ਪ੍ਰੋਟੋਟਾਈਪ ਨਾਲ ਹੀ ਬੀ 2 ਬੀ ਅਤੇ ਬੀ 2 ਜੀ ਮੀਟਿੰਗਾਂ ਹੋਣਗੀਆਂ।

ਉਦਯੋਗ ਦੀ ਨੁਮਾਇੰਦਗੀ ਸੈਕਟਰ ਕਪਤਾਨਾਂ ਅਤੇ ਆਈਓਸੀ, ਆਰਈਈ; ਐੱਨਟੀਪੀਸੀ; ਟੋਇਟਾ ਕਿਰਲੋਸਕਰ, ਮਿਤਸੁਈ ਓਐੱਸਕੇ ਲਾਈਨਜ਼, ਲਾਰਸਨ ਅਤੇ ਟੂਬਰੋ; ਈਵੋਨਿਕ; ਐੱਚਏਐੱਲ ਆਫਸ਼ੋਰ ਲਿਮਿਟਡ; ਅਸ਼ੋਕ ਲੇਲੈਂਡ; ਟੋਇਟਾ-ਕਿਰੋਸਕਰ; ਕੇਪੀਆਈਟੀ ਪੁਣੇ; ਟਾਟਾ ਪਾਵਰ; ਹੀਰੋ ਫਿਊਚਰ ਐਨਰਜੀਜ਼ ਅਤੇ ਰੀਨਿਊ ਅਤੇ ਹੋਰਾਂ ਦੇ ਸੀਨੀਅਰ ਅਧਿਕਾਰੀਆਂ ਵਲੋਂ ਕੀਤੀ ਜਾਵੇਗੀ।

ਚੋਟੀ ਦੇ ਖੋਜ ਅਤੇ ਵਿਗਿਆਨਕ ਭਾਈਚਾਰੇ ਦੀ ਨੁਮਾਇੰਦਗੀ ਰਾਸ਼ਟਰੀ ਰਸਾਇਣਕ ਪ੍ਰਯੋਗਸ਼ਾਲਾ, ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ (ਆਈਆਈਐੱਸਸੀ), ਬੈਂਗਲੁਰੂ; ਨੈਸ਼ਨਲ ਕੈਮੀਕਲ ਲੈਬਾਰਟਰੀ (ਐੱਨਸੀਐੱਲ), ਪੁਣੇ; ਆਈਆਈਟੀ ਖੜਗਪੁਰ; ਆਈਆਈਟੀ ਬੰਬੇ; ਆਈਆਈਟੀ, ਮਦਰਾਸ ਅਤੇ ਹੋਰਾਂ ਵਲੋਂ ਕੀਤੀ ਜਾਵੇਗੀ। ਸਿਖਰਲੇ ਰੈਗੂਲੇਟਰੀ ਅਤੇ ਮਿਆਰੀ ਦ੍ਰਿਸ਼ਟੀਕੋਣਾਂ ਨੂੰ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਵਲੋਂ ਪੇਸ਼ ਕੀਤਾ ਜਾਵੇਗਾ।

ਕਾਨਫਰੰਸ ਵਿੱਚ ਡੈਮੋ, ਪੀਐੱਸਯੂ, ਪ੍ਰਾਈਵੇਟ ਕੰਪਨੀਆਂ ਅਤੇ ਸਟਾਰਟਅੱਪਸ ਦੇ ਪ੍ਰੋਟੋਟਾਈਪ ਦੇ ਨਾਲ-ਨਾਲ ਬੀ 2 ਬੀ ਅਤੇ ਬੀ 2 ਜੀ ਮੀਟਿੰਗਾਂ ਵੀ ਹੋਣਗੀਆਂ।

ਕਾਨਫਰੰਸ ਦੇ ਸ਼ੁਰੂਆਤੀ ਦਿਨ ਹਾਈਡ੍ਰੋਜਨ ਉਤਪਾਦਨ-ਇਲੈਕਟ੍ਰੋਲਾਈਸਿਸ ਅਤੇ ਬਾਇਓ-ਪਾਥਵੇਅਜ਼; ਹਾਈਡ੍ਰੋਜਨ ਸਟੋਰੇਜ, ਡਿਸਟ੍ਰੀਬਿਊਸ਼ਨ ਅਤੇ ਰੀਫਿਊਲਿੰਗ; ਹਾਈਡ੍ਰੋਜਨ ਐਨਰਜੀ ਈਕੋਸਿਸਟਮ ਅਤੇ ਅਸੈਸਮੈਂਟ; ਬਾਲਣ ਸੈੱਲ ਅਤੇ ਇਲੈਕਟ੍ਰੋਲਾਈਜ਼ਰ: ਮੁੱਖ ਸਮੱਗਰੀ ਅਤੇ ਹਿੱਸੇ; ਹਾਈਡ੍ਰੋਜਨ ਉਤਪਾਦਨ - ਥਰਮੋਕੈਮੀਕਲ ਨਿਊਕਲੀਅਰ ਅਤੇ ਹੋਰ; ਗਤੀਸ਼ੀਲਤਾ ਵਿੱਚ ਹਾਈਡਰੋਜਨ; ਏਕੀਕ੍ਰਿਤ ਹਾਈਡ੍ਰੋਜਨ ਸਿਸਟਮ; ਉਦਯੋਗਾਂ ਵਿੱਚ ਹਾਈਡਰੋਜਨ 'ਤੇ ਸੈਸ਼ਨ ਹੋਣਗੇ ਅਤੇ ਵਿਘਨਕਾਰੀ ਵਿਗਿਆਨ ਅਤੇ ਤਕਨਾਲੋਜੀ 'ਤੇ ਇੱਕ ਪੈਨਲ ਚਰਚਾ ਹੋਵੇਗੀ।

6 ਜੁਲਾਈ ਨੂੰ ਕਾਨਫਰੰਸ ਦੇ ਦੂਜੇ ਦਿਨ, ਦੋ ਪੂਰਨ ਲੈਕਚਰ ਹੋਣਗੇ, ਗ੍ਰੀਨ ਹਾਈਡ੍ਰੋਜਨ ਦੀ ਭੂਮਿਕਾ 'ਤੇ ਇੱਕ ਜਪਾਨੀ ਅਤੇ ਦੂਸਰਾ ਇੱਕ ਆਸਟਰੇਲੀਆਈ ਦ੍ਰਿਸ਼ਟੀਕੋਣ ਪੇਸ਼ ਕਰੇਗਾ। ਪਾਈਪਲਾਈਨ ਇਨਫਰਾ ਅਤੇ ਅਨੁਕੂਲਤਾ; ਹਾਈਡ੍ਰੋਜਨ ਆਰਥਿਕਤਾ - ਲੌਜਿਸਟਿਕਸ ਅਤੇ ਬੁਨਿਆਦੀ ਢਾਂਚਾ; ਕੋਡ, ਮਿਆਰ ਅਤੇ ਨਿਯਮ; ਹਾਈਡ੍ਰੋਜਨ ਘਾਟੀਆਂ/ਹੱਬ/ਕਲੱਸਟਰ; ਹਾਈਡ੍ਰੋਜਨ ਵਿੱਚ ਸਟਾਰਟ-ਅੱਪ; ਹਾਈਡ੍ਰੋਜਨ ਰਣਨੀਤੀਆਂ ਅਤੇ ਨੀਤੀਆਂ; ਗ੍ਰੀਨ ਫਾਈਨੈਂਸਿੰਗ; ਖੋਜ ਅਤੇ ਵਿਕਾਸ ਈਕੋਸਿਸਟਮ ਨੂੰ ਮਜ਼ਬੂਤ ਕਰਨ  'ਤੇ ਤਕਨੀਕੀ ਸੈਸ਼ਨ ਹੋਣਗੇ। ਦਿਨ ਦਾ ਅੰਤ ਗ੍ਰੀਨ ਹਾਈਡ੍ਰੋਜਨ ਉਤਪਾਦਨ ਨਾਲ ਜੁੜੇ ਕਾਰਬਨ ਨਿਕਾਸ 'ਤੇ ਪੈਨਲ ਚਰਚਾ ਨਾਲ ਹੋਵੇਗਾ।

ਅੰਤਰਰਾਸ਼ਟਰੀ ਕਾਨਫਰੰਸ ਦੇ ਤੀਜੇ ਅਤੇ ਆਖ਼ਰੀ ਦਿਨ ਵਿੱਚ ਇੱਕ ਯੂਰਪੀ ਦ੍ਰਿਸ਼ਟੀਕੋਣ ਅਤੇ ਉਦਯੋਗ ਦੇ ਪ੍ਰਮੁੱਖ ਹਿੱਸੇਦਾਰਾਂ ਵਿੱਚ ਇੱਕ ਪੈਨਲ ਚਰਚਾ ਪੇਸ਼ ਕਰਨ ਵਾਲਾ ਇੱਕ ਪੂਰਣ ਭਾਸ਼ਣ ਪੇਸ਼ ਕੀਤਾ ਜਾਵੇਗਾ। ਕਾਨਫਰੰਸ ਸਮਾਪਤੀ ਸੈਸ਼ਨ ਨਾਲ ਖ਼ਤਮ ਹੋਵੇਗੀ।

ਨੈਸ਼ਨਲ ਗ੍ਰੀਨ ਹਾਈਡ੍ਰੋਜਨ ਮਿਸ਼ਨ

ਨੈਸ਼ਨਲ ਗ੍ਰੀਨ ਹਾਈਡ੍ਰੋਜਨ ਮਿਸ਼ਨ ਭਾਰਤ ਸਰਕਾਰ ਵਲੋਂ 4 ਜਨਵਰੀ 2023 ਨੂੰ ਆਪਣੀ ਡੀਕਾਰਬੋਨਾਈਜ਼ੇਸ਼ਨ ਰਣਨੀਤੀ ਦੇ ਹਿੱਸੇ ਵਜੋਂ ਸ਼ੁਰੂ ਕੀਤਾ ਗਿਆ ਸੀ। ਮਿਸ਼ਨ ਗ੍ਰੀਨ ਹਾਈਡ੍ਰੋਜਨ ਵਿੱਚ ਖੋਜ ਅਤੇ ਵਿਕਾਸ 'ਤੇ ਮਹੱਤਵਪੂਰਨ ਜ਼ੋਰ ਦਿੰਦਾ ਹੈ ਅਤੇ ਇਸਦਾ ਉਦੇਸ਼ ਭਾਰਤ ਨੂੰ ਗ੍ਰੀਨ ਹਾਈਡ੍ਰੋਜਨ ਉਤਪਾਦਨ, ਉਪਯੋਗਤਾ ਅਤੇ ਨਿਰਯਾਤ ਦਾ ਇੱਕ ਆਲਮੀ ਧੁਰਾ ਬਣਾਉਣਾ ਹੈ। ਮਿਸ਼ਨ ਦੇਸ਼ ਵਿੱਚ ਇੱਕ ਮਜ਼ਬੂਤ ਗ੍ਰੀਨ ਹਾਈਡ੍ਰੋਜਨ ਈਕੋਸਿਸਟਮ ਨੂੰ ਵਿਕਸਤ ਕਰਨ ਲਈ ਨੀਤੀਆਂ ਅਤੇ ਤਕਨਾਲੋਜੀ ਵਿੱਚ ਵੱਡੇ ਦਖਲ ਸ਼ੁਰੂ ਕਰੇਗਾ। ਇਹ ਮੰਗ ਪੈਦਾ ਕਰਕੇ, ਸਪਲਾਈ ਪੱਖ ਨੂੰ ਮਜ਼ਬੂਤ ਕਰਕੇ ਅਤੇ ਨੀਤੀ ਅਤੇ ਰੈਗੂਲੇਟਰੀ ਢਾਂਚੇ, ਨਵੀਨਤਾ ਅਤੇ ਸਮਰੱਥਾ 'ਤੇ ਧਿਆਨ ਕੇਂਦਰਤ ਕਰਕੇ ਅਜਿਹਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਮਿਸ਼ਨ ਸੈਕਟਰ ਵਿੱਚ ਨਿੱਜੀ ਨਿਵੇਸ਼ ਨੂੰ ਉਤਸ਼ਾਹਿਤ ਕਰੇਗਾ ਅਤੇ ਤੇਜ਼ੀ ਨਾਲ ਸਕੇਲ-ਅੱਪ, ਤਕਨਾਲੋਜੀ ਵਿਕਾਸ, ਮਿਆਰ ਅਤੇ ਰੈਗੂਲੇਟਰੀ ਫਰੇਮਵਰਕ ਸਥਾਪਤ ਕਰਨ ਅਤੇ ਤੇਜ਼ੀ ਨਾਲ ਲਾਗਤ ਘਟਾਉਣ ਨੂੰ ਸਮਰੱਥ ਕਰੇਗਾ। ਗ੍ਰੀਨ ਹਾਈਡ੍ਰੋਜਨ ਵਿੱਚ ਖੋਜ ਅਤੇ ਵਿਕਾਸ ਨਾ ਸਿਰਫ਼ ਟਿਕਾਊ ਊਰਜਾ ਹੱਲਾਂ ਨੂੰ ਉਤਸ਼ਾਹਿਤ ਕਰਦਾ ਹੈ, ਸਗੋਂ ਭਾਰਤ ਦੇ ਸਵੱਛ ਊਰਜਾ ਖੇਤਰ ਵਿੱਚ ਰੋਜ਼ਗਾਰ ਸਿਰਜਣ ਅਤੇ ਆਰਥਿਕ ਵਿਕਾਸ ਦੇ ਮੌਕੇ ਵੀ ਖੋਲ੍ਹਦਾ ਹੈ। ਖੋਜ ਅਤੇ ਵਿਕਾਸ ਨੂੰ ਤਰਜੀਹ ਦੇ ਕੇ, ਭਾਰਤ ਗ੍ਰੀਨ ਹਾਈਡ੍ਰੋਜਨ ਤਕਨਾਲੋਜੀ ਵਿੱਚ ਇੱਕ ਆਲਮੀ ਨੇਤਾ ਬਣਨ ਲਈ ਤਿਆਰ ਹੈ ਅਤੇ ਇੱਕ ਸਵੱਛ ਅਤੇ ਹਰੇ-ਭਰੇ ਭਵਿੱਖ ਲਈ ਰਾਹ ਪੱਧਰਾ ਕਰਦਾ ਹੈ।

************

ਪੀਆਈਬੀ ਦਿੱਲੀ | ਏਐੱਮ / ਡੀਜੇਐੱਮ 


(Release ID: 1938848) Visitor Counter : 114


Read this release in: English , Urdu , Hindi