ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav

ਨੈਸ਼ਨਲ ਇੰਸਟੀਟਿਊਟ ਆਵੑ ਸੋਸ਼ਲ ਡਿਫੈਂਸ (ਐੱਨਆਈਐੱਸਡੀ) ਵਿਖੇ 'ਔਟਿਜ਼ਮ ਕਨਕਲੇਵ' ਦਾ ਆਯੋਜਨ ਕੀਤਾ ਗਿਆ

Posted On: 31 MAY 2023 6:51PM by PIB Chandigarh

ਔਟਿਜ਼ਮ, ਸੇਰੇਬ੍ਰਲ ਪਾਲਸੀ, ਬੌਧਿਕ ਅਪੰਗਤਾ ਅਤੇ ਬਹੁ-ਅਯੋਗਤਾ ਵਾਲੇ ਵਿਅਕਤੀਆਂ ਦੀ ਭਲਾਈ ਲਈ ਨੈਸ਼ਨਲ ਟਰੱਸਟ, ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ, ਭਾਰਤ ਸਰਕਾਰ ਦੇ ਅਪਾਹਜ ਵਿਅਕਤੀਆਂ (ਦਿਵਿਆਂਗਜਨ) ਦੇ ਸਸ਼ਕਤੀਕਰਣ ਵਿਭਾਗ ਦੇ ਅਧੀਨ ਇੱਕ ਕਾਨੂੰਨੀ ਸੰਸਥਾ, ਨੇ ਨੈਸ਼ਨਲ ਇੰਸਟੀਟਿਊਟ ਆਵੑ ਸੋਸ਼ਲ ਡਿਫੈਂਸ (ਐੱਨਆਈਐੱਸਡੀ), ਦਵਾਰਕਾ, ਨਵੀਂ ਦਿੱਲੀ ਵਿਖੇ 30 ਮਈ 2023 ਨੂੰ 'ਔਟਿਜ਼ਮ ਕਨਕਲੇਵ' ਦਾ ਆਯੋਜਨ ਕੀਤਾ, ਜਿਸ ਵਿੱਚ, ਵਿਭਿੰਨ ਮਾਹਿਰਾਂ, ਪ੍ਰੋਫਸ਼ਨਲਸ, ਰੋਲ ਮੋਡਲਾਂ ਅਤੇ ਔਟਿਜ਼ਮ ਪ੍ਰਭਾਵਿਤ ਵਿਅਕਤੀਆਂ ਦੇ ਮਾਪਿਆਂ ਨੇ ਭਾਗ ਲਿਆ। ਕਨਕਲੇਵ ਦਾ ਉਦਘਾਟਨ ਸ਼੍ਰੀ ਰਾਜੇਸ਼ ਅਗਰਵਾਲ, ਸਕੱਤਰ, ਅਪਾਹਜ ਵਿਅਕਤੀਆਂ (ਦਿਵਿਆਂਗਜਨ) ਦੇ ਸਸ਼ਕਤੀਕਰਣ ਵਿਭਾਗ ਦੁਆਰਾ ਕੀਤਾ ਗਿਆ ਅਤੇ ਇਸ ਵਿੱਚ ਡਾ. ਸ਼ੈਫਾਲੀ ਗੁਲਾਟੀ, ਮੁਖੀ, ਚਾਈਲਡ ਨਿਊਰੋਲੋਜੀ ਵਿਭਾਗ, ਏਮਜ਼, ਦਿੱਲੀ, ਡਾ. ਨਿਮੇਸ਼ ਦੇਸਾਈ, ਸੀਨੀਅਰ ਸਲਾਹਕਾਰ ਮਨੋਵਿਗਿਆਨੀ ਅਤੇ ਸਾਬਕਾ ਮੁਖੀ ਆਈਬੀਐੱਚਏਐੱਸ, ਦਿੱਲੀ, ਸੁਸ਼੍ਰੀ ਮੈਰੀ ਬਰੂਆ, ਐਕਸ਼ਨ ਫਾਰ ਔਟਿਜ਼ਮ ਆਦਿ ਨੇ ਭਾਗ ਲਿਆ। ਇਸ ਸੰਮੇਲਨ ਵਿੱਚ 120 ਤੋਂ ਵੱਧ ਪ੍ਰੋਫਸ਼ਨਲਾਂ, ਔਟਿਜ਼ਮ ਵਾਲੇ ਵਿਅਕਤੀਆਂ ਦੇ ਮਾਤਾ-ਪਿਤਾ ਅਤੇ ਮਾਹਿਰਾਂ ਨੇ ਵੀ ਭਾਗ ਲਿਆ।

 

ਸਕੱਤਰ, ਡੀਈਪੀਡਬਲਿਊਡੀ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਕਿਹਾ ਕਿ ਜਾਗਰੂਕਤਾ, ਪਹੁੰਚਯੋਗਤਾ ਅਤੇ ਸਮਰੱਥਾ 3 ਕਾਰਕ ਹਨ ਜਿਨ੍ਹਾਂ 'ਤੇ ਸਾਨੂੰ ਦਿਵਯਾਂਗਜਨ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਲਈ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਇਸ ਸੈਕਟਰ ਵਿੱਚ ਕੰਮ ਕਰ ਰਹੇ ਡੀਈਪੀਡਬਲਿਊਡੀ ਦੇ ਸਾਰੇ ਵਿਭਾਗਾਂ ਵਿੱਚ ਤਾਲਮੇਲ ਸਥਾਪਿਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ "ਸਾਡੇ ਤੋਂ ਬਿਨਾਂ, ਸਾਡੇ ਬਾਰੇ ਕੁਝ ਨਹੀਂ" ਵਾਕੰਸ਼ ਦਿਵਯਾਂਗਜਨ ਲਈ ਸ਼ੁਰੂ ਹੋਣ ਵਾਲੀ ਕਿਸੇ ਵੀ ਪਹਿਲ ਲਈ ਬਹੁਤ ਢੁਕਵਾਂ ਹੈ ਕਿਉਂਕਿ ਉਹ ਸਹੀ ਵਿਅਕਤੀ ਹਨ ਜੋ ਸਾਨੂੰ ਉਨ੍ਹਾਂ ਦੀ ਜ਼ਰੂਰਤ ਬਾਰੇ ਜਾਣਕਾਰੀ ਪ੍ਰਦਾਨ ਕਰ ਸਕਦੇ ਹਨ।

 

ਕਨਕਲੇਵ ਦੀ ਖਾਸ ਗੱਲ ਸ਼੍ਰੀ ਤਰੁਣ ਪਾਲ ਮੈਥਿਊ, ਇੱਕ ਗੈਰ-ਮੌਖਿਕ ਕਿਸ਼ੋਰ ਔਟਿਜ਼ਮ, ਟਾਈਪਰ-ਕਮਿਊਨੀਕੇਟਰ ਅਤੇ ਸੁਤੰਤਰ ਚਿੰਤਕ, ਅਤੇ ਸੁਸ਼੍ਰੀ ਰਕਸ਼ਿਤਾ ਸ਼ੇਖਰ, ਔਟਿਜ਼ਮ ਵਾਲੀ ਵਿਅਕਤੀ ਅਤੇ ਪਰਪਲ ਅੰਬੈਸਡਰ ਦੁਆਰਾ ਦਿੱਤਾ ਗਿਆ ਭਾਸ਼ਣ ਸੀ। ਸ਼੍ਰੀ ਤਰੁਣ ਪਾਲ ਨੇ ਲਿਖਤੀ ਰੂਪ ਵਿੱਚ ਆਪਣੇ ਵਿਚਾਰ ਪ੍ਰਗਟ ਕੀਤੇ ਜਦਕਿ ਸੁਸ਼੍ਰੀ ਰਕਸ਼ਿਤਾ ਸ਼ੇਖਰ ਨੇ ਕਿਹਾ ਕਿ ਉਨ੍ਹਾਂ ਨੇ ਔਟਿਜ਼ਮ ਵਾਲੇ ਕਈ ਵਿਅਕਤੀਆਂ ਦੇ ਵਿਚਾਰ ਇਕੱਠੇ ਕਰਕੇ ਆਪਣਾ ਭਾਸ਼ਣ ਤਿਆਰ ਕੀਤਾ ਹੈ।

 

ਡਾ. ਸ਼ੈਫਾਲੀ ਗੁਲਾਟੀ, ਮੁਖੀ, ਚਾਈਲਡ ਨਿਊਰੋਲੋਜੀ ਵਿਭਾਗ, ਏਮਜ਼ ਦਿੱਲੀ ਨੇ ਔਟਿਜ਼ਮ ਵਿੱਚ ਹੋ ਰਹੀਆਂ ਵਿਭਿੰਨ ਗਲੋਬਲ ਖੋਜਾਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਔਟਿਜ਼ਮ ਨਾਲ ਪੀੜ੍ਹਿਤ ਵਿਅਕਤੀਆਂ ਦੀ ਦੇਖਭਾਲ਼ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਮਾਪਿਆਂ ਦਾ ਵੀ ਧਿਆਨ ਰੱਖਣ ਦੀ ਲੋੜ ਹੈ, ਜੋ ਅਕਸਰ ਆਪਣੇ ਬੱਚਿਆਂ ਦੀ ਦੇਖਭਾਲ਼ ਕਰਦੇ ਹੋਏ ਨਿਊਰੋਲੋਜੀਕਲ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ।

 

ਡਾ. ਨਿਮੇਸ਼ ਦੇਸਾਈ, ਸਲਾਹਕਾਰ ਮਨੋਵਿਗਿਆਨੀ ਅਤੇ ਸਾਬਕਾ ਡਾਇਰੈਕਟਰ, ਆਈਐੱਚਬੀਏਐੱਸ ਦਿੱਲੀ ਨੇ ਔਟਿਜ਼ਮ ਪੀੜਿਤ ਵਿਅਕਤੀਆਂ ਨਾਲ ਕੰਮ ਕਰਨ ਬਾਰੇ ਆਪਣਾ ਲੰਮਾ ਤਜਰਬਾ ਸਾਂਝਾ ਕੀਤਾ ਅਤੇ ਕਿਹਾ ਕਿ ਸਮਾਜ ਅਤੇ ਭਾਈਚਾਰੇ ਨੂੰ ਇਨ੍ਹਾਂ ਲੋਕਾਂ ਬਾਰੇ ਸਕਾਰਾਤਮਕ ਸੋਚ ਵਿਕਸਿਤ ਕਰਨ ਲਈ ਜਾਗਰੂਕ ਕਰਨ ਦੀ ਲੋੜ ਹੈ ਤਾਂ ਜੋ ਇਹ ਲੋਕ ਸਮਾਜ ਨਾਲ ਜੁੜ ਸਕਣ। ਸੁਸ਼੍ਰੀ ਮੈਰੀ ਬਰੂਆ, ਡਾਇਰੈਕਟਰ, ਐਕਸ਼ਨ ਫਾਰ ਔਟਿਜ਼ਮ, ਦਿੱਲੀ ਨੇ ਇਸ ਮੁੱਦੇ 'ਤੇ ਕਮਿਊਨਿਟੀ ਜਾਗਰੂਕਤਾ ਦੀ ਲੋੜ 'ਤੇ ਜ਼ੋਰ ਦਿੱਤਾ। ਕਰਨਲ (ਡਾ.) ਅਪਰਾਜਿਤਾ ਗੁਪਤਾ, ਐਸੋਸੀਏਟ ਪ੍ਰੋਫੈਸਰ, ਆਰਮੀ ਹਸਪਤਾਲ ਦਿੱਲੀ ਨੇ ਕਿਹਾ ਕਿ ਔਟਿਜ਼ਮ ਵਾਲੇ ਵਿਅਕਤੀਆਂ ਵਿੱਚ ਛੁਪੀ ਪ੍ਰਤਿਭਾ ਹੁੰਦੀ ਹੈ ਅਤੇ ਸਾਨੂੰ ਸਾਰਿਆਂ ਨੂੰ ਉਨ੍ਹਾਂ ਦੀ ਪਹਿਚਾਣ ਕਰਨ ਦੀ ਲੋੜ ਹੈ। 

 

ਹੋਰ ਬੁਲਾਰਿਆਂ ਨੇ ਵੀ ਇਸੇ ਤਰ੍ਹਾਂ ਦੇ ਵਿਚਾਰ ਪ੍ਰਗਟ ਕੀਤੇ ਅਤੇ ਹਾਜ਼ਰੀਨ ਨੂੰ ਔਟਿਜ਼ਮ ਪੀੜਿਤ ਵਿਅਕਤੀਆਂ ਦੀਆਂ ਵਿਸ਼ੇਸ਼ ਵਿਸ਼ੇਸ਼ਤਾਵਾਂ ਬਾਰੇ ਸਮਾਜ ਨੂੰ ਜਾਗਰੂਕ ਕਰਨ ਦੀ ਬੇਨਤੀ ਕੀਤੀ। ਮਾਹਿਰਾਂ ਨੇ ਇਹ ਵੀ ਕਿਹਾ ਕਿ ਇਨ੍ਹਾਂ ਵਿਅਕਤੀਆਂ ਦੇ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਨੂੰ ਘਰ ਤੋਂ ਬਾਹਰ ਲਿਜਾਣ ਵਿੱਚ ਸੰਕੋਚ ਨਹੀਂ ਕਰਨਾ ਚਾਹੀਦਾ ਅਤੇ ਉਨ੍ਹਾਂ ਨੂੰ ਆਪਣੇ ਸਾਥੀਆਂ ਅਤੇ ਸਮਾਜ ਵਿੱਚ ਆਪਣੇ ਆਪ ਨੂੰ ਜੋੜਨ ਲਈ ਟ੍ਰੇਨਿੰਗ ਦਿੱਤੀ ਜਾਣੀ ਚਾਹੀਦੀ ਹੈ।

 

  **********

 

ਐੱਮਜੀ/ ਪੀਡੀ


(Release ID: 1929080) Visitor Counter : 161


Read this release in: English , Urdu , Hindi