ਕਿਰਤ ਤੇ ਰੋਜ਼ਗਾਰ ਮੰਤਰਾਲਾ
ਕਿਰਤ ਅਤੇ ਰੁਜ਼ਗਾਰ, ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੁਪੇਂਦਰ ਯਾਦਵ ਅਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫੜਨਵੀਸ ਨੇ ਮਹਾਰਾਸ਼ਟਰ ਦੇ ਅਸੰਗਠਿਤ ਖੇਤਰ ਦੇ ਮਜ਼ਦੂਰਾਂ ਅਤੇ ਗਿਗ ਵਰਕਰਾਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕੀਤੀ
ਕੇਂਦਰੀ ਕਿਰਤ ਮੰਤਰੀ ਅਤੇ ਉਪ ਮੁੱਖ ਮੰਤਰੀ ਨੇ ਮੁੰਬਈ ਵਿਖੇ ਸੰਗਠਿਤ ਖੇਤਰ ਅਤੇ ਰੁਜ਼ਗਾਰਦਾਤਾ ਐਸੋਸੀਏਸ਼ਨ ਦੇ ਵਰਕਰਾਂ ਨਾਲ ਉਨ੍ਹਾਂ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਮੀਟਿੰਗ ਕੀਤੀ
ਕੇਂਦਰੀ ਕਿਰਤ ਮੰਤਰੀ ਵਲੋਂ "ਬੀਮਿਤ ਵਿਅਕਤੀਆਂ ਦੇ ਵਾਰਸਾਂ" ਲਈ ਸਰਟੀਫਿਕੇਟ ਜਾਰੀ ਕਰਨ ਲਈ ਔਨਲਾਈਨ ਐਪਲੀਕੇਸ਼ਨ ਦੀ ਸ਼ੁਰੂਆਤ
ਸ਼੍ਰੀ ਭੁਪੇਂਦਰ ਯਾਦਵ ਦੀ ਪ੍ਰਧਾਨਗੀ ਹੇਠ ਪੱਛਮੀ ਜ਼ੋਨ ਅਤੇ ਮਹਾਰਾਸ਼ਟਰ ਵਿੱਚ ਈਐੱਸਆਈ ਸਕੀਮ ਦੀ ਸਮੀਖਿਆ ਮੀਟਿੰਗ ਹੋਈ
ਕੇਂਦਰੀ ਕਿਰਤ ਮੰਤਰੀ ਦੀ ਪ੍ਰਧਾਨਗੀ ਹੇਠ ਈਪੀਐੱਫਓ ਮਹਾਰਾਸ਼ਟਰ ਦੀ ਸਮੀਖਿਆ ਮੀਟਿੰਗ ਹੋਈ
Posted On:
22 MAY 2023 7:39PM by PIB Chandigarh
ਕਿਰਤ ਅਤੇ ਰੁਜ਼ਗਾਰ, ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੁਪੇਂਦਰ ਯਾਦਵ ਅਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫੜਨਵੀਸ ਨੇ 22.05.2023 ਨੂੰ ਮੁੰਬਈ ਵਿਖੇ ਅਸੰਗਠਿਤ ਖੇਤਰ ਦੇ ਮਜ਼ਦੂਰਾਂ ਅਤੇ ਮਹਾਰਾਸ਼ਟਰ ਦੇ ਗਿਗ ਵਰਕਰਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਦੋਵਾਂ ਪਤਵੰਤਿਆਂ ਨੇ ਮਜ਼ਦੂਰਾਂ ਅਤੇ ਮਾਲਕਾਂ ਦੇ ਨੁਮਾਇੰਦਿਆਂ ਵੱਲੋਂ ਉਠਾਏ ਮੁੱਦਿਆਂ ਨੂੰ ਧੀਰਜ ਨਾਲ ਸੁਣਿਆ।
ਮਹਾਰਾਸ਼ਟਰ ਸਰਕਾਰ ਦੇ ਕਿਰਤ ਮੰਤਰੀ ਡਾ: ਸੁਰੇਸ਼ ਖ਼ਰੇ, ਸੰਸਦ ਮੈਂਬਰ ਸ਼੍ਰੀ ਮਨੋਜ ਕੋਟਕ, ਸੰਸਦ ਮੈਂਬਰ ਸ਼੍ਰੀ ਗੋਪਾਲ ਸ਼ੈਟੀ, ਸੰਸਦ ਮੈਂਬਰ ਸ਼੍ਰੀ ਰਾਹੁਲ ਸ਼ੇਵਾਲੇ, ਵਿਧਾਨ ਸਭਾ ਮੈਂਬਰ ਸ਼੍ਰੀਮਤੀ ਮਾਧੁਰੀ ਮਿਸਲ, ਭਾਰਤ ਸਰਕਾਰ ਦੇ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੇ ਸਕੱਤਰ ਸ਼੍ਰੀਮਤੀ ਆਰਤੀ ਆਹੂਜਾ, ਈਐੱਸਆਈਸੀ ਦੇ ਡੀਜੀ ਡਾ. ਰਾਜੇਂਦਰ ਕੁਮਾਰ, ਈਪੀਐੱਫਓ ਦੇ ਸੀਪੀਐੱਫਸੀ ਸ਼੍ਰੀਮਤੀ ਨੀਲਮ ਸ਼ਮੀ ਰਾਓ, ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੇ ਐੱਸਐੱਲਈਏ ਸ਼੍ਰੀ ਅਲੋਕ ਚੰਦਰਾ ਅਤੇ ਗੈਰ-ਸੰਗਠਿਤ ਖੇਤਰ ਦੇ ਨੁਮਾਇੰਦੇ, ਗਿਗ ਵਰਕਰ, ਟਰੇਡ ਯੂਨੀਅਨਾਂ ਅਤੇ ਰੁਜ਼ਗਾਰਦਾਤਾ ਐਸੋਸੀਏਸ਼ਨਾਂ ਨੇ ਵੀ ਮੀਟਿੰਗ ਵਿੱਚ ਸ਼ਿਰਕਤ ਕੀਤੀ।
ਕੇਂਦਰੀ ਕਿਰਤ ਮੰਤਰੀ ਨੇ ਅਸੰਗਠਿਤ ਖੇਤਰ ਦੇ ਨੁਮਾਇੰਦਿਆਂ ਅਤੇ ਮਜ਼ਦੂਰਾਂ ਨੂੰ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੀਆਂ ਅਸੰਗਠਿਤ ਖੇਤਰ ਲਈ ਵੱਖ-ਵੱਖ ਸਮਾਜਿਕ ਸੁਰੱਖਿਆ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਜਿਵੇਂ ਪੀਐੱਮ-ਐੱਸਵਾਈਐੱਮ, ਈ-ਸ਼੍ਰਮ ਆਦਿ। ਉਨ੍ਹਾਂ ਨੁਮਾਇੰਦਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਈ-ਸ਼੍ਰਮ ਪੋਰਟਲ 'ਤੇ ਆਪਣੀ ਰਜਿਸਟ੍ਰੇਸ਼ਨ ਲਈ ਹੋਰ ਵਰਕਰਾਂ ਨੂੰ ਉਤਸ਼ਾਹਿਤ ਕਰਨ।
ਇਸ ਤੋਂ ਬਾਅਦ ਕੇਂਦਰੀ ਕਿਰਤ ਮੰਤਰੀ ਦੀ ਪ੍ਰਧਾਨਗੀ ਹੇਠ ਮਹਾਰਾਸ਼ਟਰ ਰਾਜ ਵਿੱਚ ਸੰਗਠਿਤ ਖੇਤਰ ਦੇ ਮਜ਼ਦੂਰਾਂ ਨਾਲ ਸਬੰਧਤ ਮੁੱਦਿਆਂ 'ਤੇ ਚਰਚਾ ਕਰਨ ਲਈ ਹੋਈ ਇੱਕ ਵੱਖਰੀ ਮੀਟਿੰਗ ਵਿੱਚ ਉਪ ਮੁੱਖ ਮੰਤਰੀ ਨੇ ਮਹਾਰਾਸ਼ਟਰ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। 12 ਈਐੱਸਆਈਐੱਸ ਹਸਪਤਾਲਾਂ ਵਿੱਚ ਘੱਟ ਬੈੱਡਾਂ ਦੀ ਸੰਭਾਵਨਾ ਨੂੰ ਦੇਖਦੇ ਹੋਏ, ਉਨ੍ਹਾਂ ਇੱਕ ਮਹੀਨੇ ਦੇ ਅੰਦਰ-ਅੰਦਰ ਇਨ੍ਹਾਂ ਈਐੱਸਆਈਐੱਸ ਹਸਪਤਾਲਾਂ ਨੂੰ ਈਐੱਸਆਈਸੀ ਵਿੱਚ ਤਬਦੀਲ ਕਰਨ ਦੇ ਨਿਰਦੇਸ਼ ਦਿੱਤੇ। ਇੱਕ ਵਾਰ ਸ਼ਾਮਲ ਹੋਣ ਤੋਂ ਬਾਅਦ ਇਹ ਹਸਪਤਾਲ ਸਿੱਧੇ ਈਐੱਸਆਈਸੀ ਦੁਆਰਾ ਚਲਾਏ ਜਾਣਗੇ। ਉਨ੍ਹਾਂ ਨੇ 05 ਨਵੇਂ ਹਸਪਤਾਲਾਂ ਅਤੇ 41 ਨਵੀਆਂ ਡਿਸਪੈਂਸਰੀਆਂ ਦੀ ਉਸਾਰੀ ਲਈ ਈਐੱਸਆਈਸੀ ਨੂੰ ਜ਼ਮੀਨ ਅਲਾਟ ਕਰਨ ਲਈ ਜ਼ਰੂਰੀ ਹਦਾਇਤਾਂ ਵੀ ਜਾਰੀ ਕੀਤੀਆਂ।
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਨੇ ਕਿਰਤ ਅਤੇ ਰੁਜ਼ਗਾਰ, ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨਾਲ ਮਹਾਰਾਸ਼ਟਰ ਰਾਜ ਦੇ ਵਾਤਾਵਰਣ ਅਤੇ ਜੰਗਲਾਤ ਵਿਭਾਗ ਨਾਲ ਸਬੰਧਤ ਵੱਖ-ਵੱਖ ਮੁੱਦਿਆਂ 'ਤੇ ਵੀ ਚਰਚਾ ਕੀਤੀ।
ਕੇਂਦਰੀ ਕਿਰਤ ਮੰਤਰੀ ਨੇ “ਬੀਮਿਤ ਵਿਅਕਤੀਆਂ ਦੇ ਵਾਰਸਾਂ” ਲਈ ਸਰਟੀਫਿਕੇਟ ਜਾਰੀ ਕਰਨ ਲਈ ਔਨਲਾਈਨ ਐਪਲੀਕੇਸ਼ਨ ਵੀ ਲਾਂਚ ਕੀਤੀ। ਹੁਣ ਆਈਪੀਜ਼ ਦੇ ਵਾਰਸਾਂ ਨੂੰ ਸਰਟੀਫਿਕੇਟ ਪ੍ਰਾਪਤ ਕਰਨ ਲਈ ਵਿਅਕਤੀਗਤ ਤੌਰ 'ਤੇ ਅਰਜ਼ੀ ਦੇਣ ਲਈ ਈਐੱਸਆਈਸੀ ਦਫ਼ਤਰਾਂ ਵਿੱਚ ਜਾਣ ਦੀ ਲੋੜ ਨਹੀਂ ਹੈ। 'ਵਾਰਡ ਆਫ਼ ਆਈਪੀ' ਲਈ ਅਰਜ਼ੀ ਫੇਸਲੈੱਸ ਤਰੀਕੇ ਨਾਲ ਐਪਲੀਕੇਸ਼ਨ ਰਾਹੀਂ ਔਨਲਾਈਨ ਦਿੱਤੀ ਜਾ ਸਕਦੀ ਹੈ ਅਤੇ ਘਰੋਂ ਤਸਦੀਕ ਕਰਨ ਤੋਂ ਬਾਅਦ ਇਸ ਨੂੰ ਉਥੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਈਐੱਸਆਈਸੀ ਅਤੇ ਕੁਝ ਸਰਕਾਰਾਂ ਦੁਆਰਾ ਚਲਾਏ ਜਾ ਰਹੇ 08 ਮੈਡੀਕਲ ਕਾਲਜਾਂ ਵਿੱਚ ਪ੍ਰਤੀ ਸਾਲ 437 ਐੱਮਬੀਬੀਐੱਸ ਸੀਟਾਂ ਆਈਪੀਜ਼ ਦੇ ਵਾਰਸਾਂ ਲਈ ਰਾਖਵੀਆਂ ਹਨ।
ਇਸ ਤੋਂ ਪਹਿਲਾਂ ਕੇਂਦਰੀ ਕਿਰਤ ਮੰਤਰੀ ਨੇ ਇੱਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜਿਸ ਵਿੱਚ ਪੱਛਮੀ ਜ਼ੋਨ ਵਿੱਚ ਈਐੱਸਆਈ ਸਕੀਮ ਦੇ ਕੰਮਕਾਜ, ਮਹਾਰਾਸ਼ਟਰ ਵਿੱਚ ਈਐੱਸਆਈਐੱਸ ਵਿੱਚ ਧਨਵੰਤਰੀ ਮਾਡਿਊਲ ਨੂੰ ਲਾਗੂ ਕਰਨਾ, ਈਐੱਸਆਈ ਸਕੀਮ ਨੂੰ ਲਾਗੂ ਕਰਨਾ, ਮਹਾਰਾਸ਼ਟਰ ਵਿੱਚ ਈਐੱਸਆਈਸੀ ਹਸਪਤਾਲਾਂ ਵਿੱਚ ਰੈਫਰਲ ਦਾ ਵਿਸ਼ਲੇਸ਼ਣ, ਮਹਾਰਾਸ਼ਟਰ ਰਾਜ ਦੇ ਮੁੱਖ ਮੁੱਦੇ ਅਤੇ ਪੱਛਮੀ ਜ਼ੋਨ ਦੇ ਉਸਾਰੀ ਪ੍ਰੋਜੈਕਟਾਂ 'ਤੇ ਚਰਚਾ ਕੀਤੀ ਗਈ ਅਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਕੇਂਦਰੀ ਕਿਰਤ ਮੰਤਰੀ ਨੇ ਈਪੀਐੱਫਓ, ਮਹਾਰਾਸ਼ਟਰ ਦੀ ਇੱਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਵੀ ਕੀਤੀ ਜਿਸ ਵਿੱਚ ਈਪੀਐੱਫਓ ਦੇ ਕੰਮਕਾਜ, ਉਸਾਰੀ ਪ੍ਰੋਜੈਕਟਾਂ ਅਤੇ ਵੱਡੇ ਦਫਤਰਾਂ ਦੇ ਤਰਕਸੰਗਤੀਕਰਨ ਦੀ ਸਮੀਖਿਆ ਕੀਤੀ ਗਈ।
*****
ਐੱਮਜੇਪੀਐੱਸ
(Release ID: 1928470)