ਰੇਲ ਮੰਤਰਾਲਾ
ਭਾਰਤੀ ਰੇਲਵੇ ਨੇ ਬੰਗਲਾਦੇਸ਼ ਨੂੰ 20 ਬੌਡ ਗੇਜ ਇੰਜਣ ਸੌਂਪੇ
Posted On:
23 MAY 2023 5:43PM by PIB Chandigarh
ਭਾਰਤ ਅਤੇ ਬੰਗਲਾਦੇਸ਼ ਦੇ ਦਰਮਿਆਨ ਆਪਸੀ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੀ ਦਿਸ਼ਾ ਵਿੱਚ ਅੱਜ ਰੇਲਵੇ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਨਵੀਂ ਦਿੱਲੀ ਦੇ ਰੇਲਵੇ ਭਵਨ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਵਰਚੂਅਲ ਰੂਪ ਨਾਲ 20 ਬੌਡ ਗੇਜ (ਬੀਜੀ) ਇੰਜਣਾਂ ਨੂੰ ਬੰਗਲਾਦੇਸ਼ ਲਈ ਰਵਾਨਾ ਕੀਤਾ। ਬੰਗਲਾਦੇਸ਼ ਦੀ ਤਰਫੋਂ ਰੇਲਵੇ ਮੰਤਰੀ ਮੁਹੰਮਦ ਨੁਰੂਲ ਇਸਲਾਮ ਸੁਜਾਨ ਵੀ ਵਰਚੁਅਲੀ ਇਸ ਸਮਾਗਮ ਵਿੱਚ ਸ਼ਾਮਲ ਹੋਏ। ਇਸ ਪ੍ਰੋਗਰਾਮ ਵਿੱਚ ਰੇਲਵੇ ਬੋਰਡ ਮੈਂਬਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼੍ਰੀ ਏ.ਕੇ. ਲੋਹਾਟੀ, ਬੋਰਡ ਦੇ ਮੈਂਬਰਾਂ, ਰੇਲਵੇ ਬੋਰਡ ਦੇ ਸੀਨੀਅਰ ਅਧਿਕਾਰੀਆਂ ਅਤੇ ਬੰਗਲਾਦੇਸ਼ ਦੇ ਡੈਲੀਗੇਟਸ ਨੇ ਹਿੱਸਾ ਲਿਆ।
ਭਾਰਤ ਸਰਕਾਰ ਤੋਂ ਅਨੁਦਾਨ ਸਹਾਇਤਾ (ਗ੍ਰਾਂਟ) ਦੇ ਤਹਿਤ ਇਨ੍ਹਾਂ ਡੀਜ਼ਲ ਇੰਜਣਾਂ ਦਾ ਸੌਂਪਿਆ ਜਾਣਾ ਅਕਤੂਬਰ, 2019 ਵਿੱਚ ਬੰਗਲਾਦੇਸ਼ੀ ਦੇ ਮਾਣਯੋਗ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਭਾਰਤ ਯਾਤਰਾ ਦੇ ਦੌਰਾ ਕੀਤੀ ਗਈ ਇੱਕ ਮਹੱਤਵਪੂਰਨ ਪ੍ਰਤੀਬੱਧਤਾ ਨੂੰ ਪੂਰਾ ਕਰਦਾ ਹੈ। ਬੰਗਲਾ ਦੇਸ਼ ਰੇਲਵੇ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਭਾਰਤੀ ਪੱਖ ਨੇ ਇੰਜਣਾਂ ਨੂੰ ਉਪਯੋਗੀ ਰੂਪ ਵਿੱਚ ਸੋਧਿਆ ਹੈ। ਇਹ ਇੰਜਣ ਬੰਗਲਾਦੇਸ਼ ਵਿੱਚ ਯਾਤਰੀਆਂ ਦੀ ਵੱਡੀ ਸੰਖਿਆ ਅਤੇ ਮਾਲ ਗੱਡੀ ਦੇ ਸੰਚਾਲਨ ਦੀ ਵਧਦੀ ਮਾਤਰਾ ਨੂੰ ਸੰਭਾਲਣ ਵਿੱਚ ਮਦਦ ਕਰਨਗੇ।
ਇਸ ਮੌਕੇ ‘ਤੇ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਕਿਹਾ ਕਿ, ‘‘ਬੰਗਲਾਦੇਸ਼ ਦੇ ਨਾਲ ਭਾਰਤ ਦੇ ਸਬੰਧ ਸੱਭਿਅਤਾਗਤ, ਸੱਭਿਆਚਾਰਕ, ਸਮਾਜਿਕ ਅਤੇ ਆਰਥਿਕ ਹਨ। ਦੋਵੇਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਖੇਤਰਾਂ ਵਿੱਚ ਦੁਵੱਲੇ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਸਰਗਰਮ ਭੂਮਿਕਾ ਨਿਭਾ ਰਹੇ ਹਨ। ਭਾਰਤੀ ਰੇਲਵੇ ਸੀਮਾ ਪਾਰ ਰੇਲਵੇ ਸੰਪਰਕ ਨੂੰ ਬਿਹਤਰ ਬਣਾਉਣ ਅਤੇ ਮਜ਼ਬੂਤ ਕਰਨ ਤੇ ਦੋਵਾਂ ਦੇਸ਼ਾਂ ਦੇ ਦਰਮਿਆਨ ਵਪਾਰ ਵਿੱਚ ਸੁਧਾਰ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਹੁਣ ਤੱਕ, ਗੇਡਾ-ਦਰਸਾਨਾ, ਬੇਨਾਪੋਲ-ਪੈਟ੍ਰਾਪੋਲ, ਸਿੰਘਾਬਾਦ-ਰੋਹਨਪੁਰ, ਰਾਧਿਕਾਪੁਰ-ਬਿਰੋਲ ਅਤੇ ਹਲਦੀਬਾੜੀ-ਚਿਲਹਾਟੀ ‘ਤੇ ਪੰਜ ਬੌਡ ਗੇਜ ਕਨੈਕਟਿਵਿਟੀ ਜਾਰੀ ਹਨ। ਦੋ ਹੋਰ ਸੀਮਾ ਪਾਰ ਰੇਲਵੇ ਸੰਪਰਕਾਂ, ਅਖੌਰਾ-ਅਗਰਤਨਾ ਅਤੇ ਮਹਿਹਾਸਨ-ਸ਼ਾਹਬਾਜਪੁਰ ‘ਤੇ ਕੰਮ ਪ੍ਰਗਤੀ ‘ਤੇ ਹੈ ਅਤੇ ਛੇਤੀ ਹੀ ਪੂਰਾ ਹੋਣ ਅਤੇ ਸ਼ੁਰੂ ਹੋਣ ਦੀ ਸੰਭਾਵਨਾ ਹੈ।
ਬੰਗਲਾਦੇਸ਼ ਦੇ ਰੇਲਵੇ ਮੰਤਰੀ ਮੁਹੰਮਦ ਨੁਰੂਲ ਇਸਲਾਮ ਸੁਜਾਨ ਨੇ ਵਰਚੁਅਲੀ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ‘‘ਮੈਂ ਭਾਰਤ ਸਰਕਾਰ ਦੇ ਸਮਰਥਨ ਲਈ ਉਨ੍ਹਾਂ ਦਾ ਧੰਨਵਾਦ ਵਿਅਕਤ ਕਰਦਾ ਹਾਂ। ਇਸ ਤੋਂ ਪਹਿਲਾਂ ਜੂਨ 2020 ਵਿੱਚ ਭਾਰਤ ਸਰਕਾਰ ਨੇ ਅਨੁਦਾਨ (ਗ੍ਰਾਂਟ) ਦੇ ਰੂਪ ਵਿੱਚ ਬੰਗਲਾਦੇਸ਼ ਨੂੰ 10 ਇੰਜਣ ਪ੍ਰਦਾਨ ਕੀਤੇ ਸਨ। ਬੌਡ ਗੇਜ ਇੰਜਣ ਪ੍ਰਦਾਨ ਕਰਨ ਲਈ ਅਸੀਂ ਭਾਰਤ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਇੰਜਣਾਂ ਦੀ ਸਪਲਾਈ ਨਾਲ ਮਾਲ ਗੱਡੀ ਅਤੇ ਯਾਤਰੀ ਗੱਡੀ ਦੋਵਾਂ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲੇਗੀ। ਸਾਨੂੰ ਉਮੀਦ ਹੈ ਕਿ ਰੇਲਵੇ ਖੇਤਰ ਵਿੱਚ ਦੋਵਾਂ ਦੇਸ਼ਾਂ ਦੇ ਦਰਮਿਆਨ ਮੌਜੂਦਾ ਸਹਿਯੋਗ ਦਿਨ-ਪ੍ਰਤੀਦਿਨ ਵਧੇਗਾ।
ਲੋਕਾਂ ਦੇ ਦਰਮਿਆਨ ਸੰਪਰਕ ਵਧਾਉਣ ਲਈ ਵਰਤਮਾਨ ਸਮੇਂ ਭਾਰਤ ਅਤੇ ਬੰਗਲਾਦੇਸ਼ ਦੇ ਦਰਮਿਆਨ ਤਿੰਨ ਜੋੜੀ ਯਾਤਰੀ ਰੇਲਗੱਡੀਆਂ ਕੋਲਕਾਤਾ-ਢਾਕਾ ਮੈਤ੍ਰੀ ਐਕਸਪ੍ਰੈੱਸ, ਕੋਲਕਾਤਾ-ਖੁਲਨਾ ਬੰਧਨ ਐਕਸਪ੍ਰੈੱਸ ਅਤੇ ਨਿਊ ਜਲਪਾਈਗੁੜੀ-ਢਾਕਾ ਮਿਤਾਲੀ ਐਕਸਪ੍ਰੈੱਸ ਚਲ ਰਹੀਆਂ ਹਨ। ਰੇਲਵੇ ਦੇ ਜ਼ਰੀਏ ਦੋਵਾਂ ਦੇਸ਼ਾਂ ਦੇ ਦਰਮਿਆਨ ਵਪਾਰ ਵਿੱਚ ਹਰ ਮਹੀਨੇ ਵਾਧਾ ਹੋ ਰਿਹਾ ਹੈ।
ਦੋਵਾਂ ਦੇਸ਼ਾਂ ਦੇ ਦਰਮਿਆਨ ਲਗਭਗ 100 ਮਾਲਗੱਡੀਆਂ ਚੱਲ ਰਹੀਆਂ ਹਨ। ਪਿਛਲੇ ਵਿੱਤੀ ਵਰ੍ਹੇ ਵਿੱਚ ਲਗਭਗ 2.66 ਮੀਟ੍ਰਿਕ ਟਨ ਮਾਲ ਬੰਗਲਾਦੇਸ਼ ਭੇਜਿਆ ਗਿਆ ਸੀ। ਭਾਰਤ ਤੋਂ ਬੰਗਲਾਦੇਸ਼ ਵਿੱਚ ਨਿਰਯਾਤ ਕੀਤੀਆਂ ਜਾਣ ਵਾਲੀਆਂ ਵਸਤਾਂ ਵਿੱਚ ਸਟੋਨ, ਡੀਓਸੀ, ਖੁਰਾਕੀ ਪਦਾਰਥ, ਚਾਈਨਾ ਕਲੇਅ, ਜਿਪਸਮ, ਮੱਕਾ, ਪਿਆਜ਼ ਅਤੇ ਹੋਰ ਜ਼ਰੂਰੀ ਵਸਤਾਂ ਸ਼ਾਮਲ ਹਨ। ਸੰਨ 2020 ਤੋਂ ਪਾਰਸਲ ਕੰਟੇਨਰ ਅਤੇ ਨਿਊ ਮੋਡੀਫਾਈਡ ਗੁਡਸ (ਐੱਨਐੱਮਜੀ) ਰੈਕ ਸੰਚਾਲਿਤ ਕਰਨ ਦੀ ਇਜ਼ਾਜਤ ਦਿੱਤੀ ਗਈ ਹੈ। ਇਸ ਦੇ ਜ਼ਰੀਏ ਆਮ ਤੌਰ ‘ਤੇ ਖੇਤੀ ਉਤਪਾਦਾਂ, ਕੱਪੜਿਆਂ, ਤਿਆਰ ਮਾਲ, ਹਲਕੇ ਵਣਜ ਵਾਹਨਾਂ ਅਤੇ ਟ੍ਰੈਕਟਰਾਂ ਨੂੰ ਭੇਜਿਆ ਜਾਂਦਾ ਹੈ। ਜਿਓ-ਸਿੰਥੈਟਿਕ ਬੈਗ ਭੇਜੇ ਜਾਣ ਦੀ ਪ੍ਰਕਿਰਿਆ ਹੁਣੇ ਸ਼ੁਰੂ ਕੀਤੀ ਗਈ ਹੈ ਅਤੇ ਗੁਜਰਾਤ ਤੋਂ 3 ਪਾਰਸਲ ਰੇਲਗੱਡੀਆਂ ਬੰਗਲਾਦੇਸ਼ ਭੇਜੀਆਂ ਗਈਆਂ ਹਨ।
ਬੰਗਲਾਦੇਸ਼ ਵਿੱਚ ਰੇਲਵੇ ਸੁਧਾਰ ਲਈ ਭਾਰਤ ਦੀ ਪ੍ਰਤੀਬੱਧਤਾ ਦੇ ਅਨੁਰੂਪ, ਜੁਲਾਈ 2020 ਵਿੱਚ ਗ੍ਰਾਂਟ ਦੇ ਅਧਾਰ ‘ਤੇ 10 ਬੌਡ ਗੇਜ ਡੀਜ਼ਲ ਇੰਜਣ ਬੰਗਲਾਦੇਸ਼ ਨੂੰ ਸੌਂਪੇ ਗਏ ਸਨ। ਬੰਗਲਾਦੇਸ਼ ਨੇ ਦੱਸਿਆ ਹੈ ਕਿ ਇਹ ਇੰਜਣ ਬਿਹਤਰ ਕੰਮ ਕਰ ਰਹੇ ਹਨ ਅਤੇ ਬੰਗਲਾਦੇਸ਼ ਵਿੱਚ ਸੁਚਾਰੂ ਰੇਲ ਟ੍ਰਾਂਸਪੋਰਟ ਵਿੱਚ ਬਿਹਤਰੀਨ ਯੋਗਦਾਨ ਦੇ ਰਹੇ ਹਨ।
***
ਵਾਈਬੀ/ਪੀਐੱਸ/ਏਕੇ
(Release ID: 1927185)
Visitor Counter : 119